ਲੇਵੀਆਂ 14:1-57
14 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
2 ਕਿਸੇ ਕੋੜ੍ਹੀ ਦੇ ਠੀਕ ਹੋਣ ਤੋਂ ਬਾਅਦ ਜਦੋਂ ਉਸ ਨੂੰ ਸ਼ੁੱਧ ਕਰਨ ਲਈ ਪੁਜਾਰੀ ਕੋਲ ਲਿਆਇਆ ਜਾਂਦਾ ਹੈ, ਤਾਂ ਇਸ ਨਿਯਮ ਦੀ ਪਾਲਣਾ ਕੀਤੀ ਜਾਵੇ।+
3 ਪੁਜਾਰੀ ਛਾਉਣੀ ਤੋਂ ਬਾਹਰ ਜਾ ਕੇ ਉਸ ਦੀ ਜਾਂਚ ਕਰੇ। ਜੇ ਕੋੜ੍ਹੀ ਆਪਣੇ ਕੋੜ੍ਹ ਤੋਂ ਠੀਕ ਹੋ ਗਿਆ ਹੈ,
4 ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਨ ਲਈ ਦੋ ਜੀਉਂਦੇ ਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਿਆਉਣ ਦਾ ਹੁਕਮ ਦੇਵੇ।+
5 ਫਿਰ ਪੁਜਾਰੀ ਹੁਕਮ ਦੇਵੇ ਕਿ ਇਕ ਪੰਛੀ ਨੂੰ ਤਾਜ਼ੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਉੱਪਰ ਮਾਰਿਆ ਜਾਵੇ।
6 ਪਰ ਉਹ ਜੀਉਂਦਾ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਵੇ ਅਤੇ ਇਨ੍ਹਾਂ ਸਾਰਿਆਂ ਨੂੰ ਇਕੱਠੇ ਉਸ ਪੰਛੀ ਦੇ ਖ਼ੂਨ ਵਿਚ ਡੋਬੇ ਜਿਸ ਨੂੰ ਤਾਜ਼ੇ ਪਾਣੀ ਉੱਪਰ ਮਾਰਿਆ ਗਿਆ ਹੈ।
7 ਫਿਰ ਪੁਜਾਰੀ ਕੋੜ੍ਹ ਤੋਂ ਸ਼ੁੱਧ ਹੋਣ ਲਈ ਆਏ ਆਦਮੀ ਉੱਤੇ ਸੱਤ ਵਾਰ ਖ਼ੂਨ ਛਿੜਕੇ ਅਤੇ ਉਸ ਨੂੰ ਸ਼ੁੱਧ ਕਰਾਰ ਦੇਵੇ। ਅਤੇ ਉਹ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ।+
8 “ਫਿਰ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰ ਰਿਹਾ ਹੈ, ਉਹ ਆਪਣੇ ਕੱਪੜੇ ਧੋਵੇ, ਉਸਤਰੇ ਨਾਲ ਆਪਣੇ ਸਾਰੇ ਵਾਲ਼ਾਂ ਦੀ ਹਜਾਮਤ ਕਰੇ ਤੇ ਪਾਣੀ ਵਿਚ ਨਹਾਵੇ ਅਤੇ ਉਹ ਸ਼ੁੱਧ ਹੋ ਜਾਵੇਗਾ। ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ, ਪਰ ਉਹ ਸੱਤ ਦਿਨ ਆਪਣੇ ਤੰਬੂ ਦੇ ਬਾਹਰ ਰਹੇ।
9 ਸੱਤਵੇਂ ਦਿਨ ਉਹ ਉਸਤਰੇ ਨਾਲ ਆਪਣੇ ਸਿਰ ਤੇ ਠੋਡੀ ਦੇ ਵਾਲ਼ਾਂ ਅਤੇ ਭਰਵੱਟਿਆਂ ਦੀ ਹਜਾਮਤ ਕਰੇ। ਸਾਰੇ ਵਾਲ਼ਾਂ ਦੀ ਹਜਾਮਤ ਕਰਨ ਤੋਂ ਬਾਅਦ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਵਿਚ ਨਹਾਵੇ ਅਤੇ ਉਹ ਸ਼ੁੱਧ ਹੋ ਜਾਵੇਗਾ।
10 “ਅੱਠਵੇਂ ਦਿਨ ਉਹ ਆਦਮੀ ਬਿਨਾਂ ਨੁਕਸ ਵਾਲੇ ਦੋ ਭੇਡੂ, ਬਿਨਾਂ ਨੁਕਸ ਵਾਲੀ ਇਕ ਸਾਲ ਦੀ ਲੇਲੀ,+ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਤਿੰਨ ਓਮਰ* ਮੈਦਾ+ ਅਤੇ ਇਕ ਲਾਗ* ਤੇਲ ਲਵੇ;+
11 ਅਤੇ ਜਿਹੜਾ ਪੁਜਾਰੀ ਉਸ ਆਦਮੀ ਨੂੰ ਸ਼ੁੱਧ ਕਰਾਰ ਦਿੰਦਾ ਹੈ, ਉਹ ਉਸ ਨੂੰ ਤੇ ਉਸ ਦੇ ਚੜ੍ਹਾਵਿਆਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਯਹੋਵਾਹ ਸਾਮ੍ਹਣੇ ਪੇਸ਼ ਕਰੇ।
12 ਫਿਰ ਪੁਜਾਰੀ ਦੋਸ਼-ਬਲ਼ੀ ਵਜੋਂ ਇਕ ਭੇਡੂ+ ਅਤੇ ਇਕ ਲਾਗ ਤੇਲ ਚੜ੍ਹਾਵੇ ਅਤੇ ਉਹ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+
13 ਇਸ ਤੋਂ ਬਾਅਦ ਉਹ ਭੇਡੂ ਨੂੰ ਪਵਿੱਤਰ ਸਥਾਨ ਵਿਚ ਉਸ ਜਗ੍ਹਾ ਵੱਢੇ ਜਿੱਥੇ ਆਮ ਤੌਰ ਤੇ ਪਾਪ-ਬਲ਼ੀ ਤੇ ਹੋਮ-ਬਲ਼ੀ ਦੇ ਜਾਨਵਰ ਵੱਢੇ ਜਾਂਦੇ ਹਨ+ ਕਿਉਂਕਿ ਪਾਪ-ਬਲ਼ੀ ਵਾਂਗ ਦੋਸ਼-ਬਲ਼ੀ ਵੀ ਪੁਜਾਰੀ ਦੀ ਹੁੰਦੀ ਹੈ।+ ਇਹ ਬਲ਼ੀ ਅੱਤ ਪਵਿੱਤਰ ਹੈ।+
14 “ਫਿਰ ਪੁਜਾਰੀ ਦੋਸ਼-ਬਲ਼ੀ ਦੇ ਜਾਨਵਰ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ।
15 ਇਸ ਤੋਂ ਬਾਅਦ ਪੁਜਾਰੀ ਇਕ ਲਾਗ ਤੇਲ+ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ।
16 ਫਿਰ ਪੁਜਾਰੀ ਖੱਬੇ ਹੱਥ ਦੀ ਤਲੀ ਉੱਤੇ ਪਾਏ ਤੇਲ ਵਿਚ ਆਪਣੇ ਸੱਜੇ ਹੱਥ ਦੀ ਉਂਗਲ ਡੋਬ ਕੇ ਯਹੋਵਾਹ ਅੱਗੇ ਸੱਤ ਵਾਰ ਤੇਲ ਛਿੜਕੇ।
17 ਫਿਰ ਪੁਜਾਰੀ ਤਲੀ ’ਤੇ ਬਚਿਆ ਤੇਲ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ ਜਿਨ੍ਹਾਂ ’ਤੇ ਦੋਸ਼-ਬਲ਼ੀ ਦੇ ਜਾਨਵਰ ਦਾ ਖ਼ੂਨ ਲਾਇਆ ਗਿਆ ਸੀ।
18 ਪੁਜਾਰੀ ਤਲੀ ’ਤੇ ਬਾਕੀ ਬਚਿਆ ਤੇਲ ਉਸ ਦੇ ਸਿਰ ਉੱਤੇ ਪਾਵੇ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ।+
19 “ਪੁਜਾਰੀ ਉਸ ਅਸ਼ੁੱਧ ਵਿਅਕਤੀ ਦੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਪਾਪ-ਬਲ਼ੀ ਦੇ ਜਾਨਵਰ ਨੂੰ ਵੱਢੇ+ ਤਾਂਕਿ ਉਹ ਸ਼ੁੱਧ ਹੋਵੇ। ਇਸ ਤੋਂ ਬਾਅਦ ਪੁਜਾਰੀ ਹੋਮ-ਬਲ਼ੀ ਦਾ ਜਾਨਵਰ ਵੱਢੇ।
20 ਪੁਜਾਰੀ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਵੇਦੀ ਉੱਤੇ ਹੋਮ-ਬਲ਼ੀ ਅਤੇ ਅਨਾਜ ਦਾ ਚੜ੍ਹਾਵਾ ਚੜ੍ਹਾਵੇ+ ਅਤੇ ਉਹ ਸ਼ੁੱਧ ਹੋ ਜਾਵੇਗਾ।+
21 “ਪਰ ਜੇ ਗ਼ਰੀਬ ਹੋਣ ਕਰਕੇ ਉਸ ਵਿਚ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ ਜੋ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਜਾਵੇਗਾ। ਨਾਲੇ ਉਹ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ* ਅਤੇ ਇਕ ਲਾਗ ਤੇਲ
22 ਅਤੇ ਆਪਣੀ ਗੁੰਜਾਇਸ਼ ਮੁਤਾਬਕ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ। ਇਕ ਨੂੰ ਪਾਪ-ਬਲ਼ੀ ਲਈ ਅਤੇ ਇਕ ਨੂੰ ਹੋਮ-ਬਲ਼ੀ ਲਈ ਚੜ੍ਹਾਇਆ ਜਾਵੇਗਾ।+
23 ਅੱਠਵੇਂ ਦਿਨ+ ਉਹ ਸ਼ੁੱਧ ਹੋਣ ਲਈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਯਹੋਵਾਹ ਸਾਮ੍ਹਣੇ ਇਹ ਸਭ ਕੁਝ ਪੁਜਾਰੀ ਨੂੰ ਦੇਵੇ।+
24 “ਪੁਜਾਰੀ ਦੋਸ਼-ਬਲ਼ੀ ਲਈ ਭੇਡੂ+ ਅਤੇ ਇਕ ਲਾਗ ਤੇਲ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਦੇ ਸਾਮ੍ਹਣੇ ਅੱਗੇ-ਪਿੱਛੇ ਹਿਲਾਏ।+
25 ਫਿਰ ਉਹ ਦੋਸ਼-ਬਲ਼ੀ ਦੇ ਭੇਡੂ ਨੂੰ ਵੱਢੇ ਅਤੇ ਦੋਸ਼-ਬਲ਼ੀ ਦੇ ਜਾਨਵਰ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ।+
26 ਪੁਜਾਰੀ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਕੁਝ ਤੇਲ ਪਾਵੇ+
27 ਫਿਰ ਪੁਜਾਰੀ ਖੱਬੇ ਹੱਥ ਦੀ ਤਲੀ ਉੱਤੇ ਪਾਏ ਤੇਲ ਵਿਚ ਆਪਣੇ ਸੱਜੇ ਹੱਥ ਦੀ ਉਂਗਲ ਡੋਬ ਕੇ ਯਹੋਵਾਹ ਅੱਗੇ ਸੱਤ ਵਾਰ ਤੇਲ ਛਿੜਕੇ।
28 ਫਿਰ ਪੁਜਾਰੀ ਤਲੀ ’ਤੇ ਬਚਿਆ ਤੇਲ ਉਸ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ ਜਿਨ੍ਹਾਂ ’ਤੇ ਦੋਸ਼-ਬਲ਼ੀ ਦੇ ਜਾਨਵਰ ਦਾ ਖ਼ੂਨ ਲਾਇਆ ਗਿਆ ਸੀ।
29 ਪੁਜਾਰੀ ਬਾਕੀ ਬਚਿਆ ਤੇਲ ਸ਼ੁੱਧ ਹੋਣ ਲਈ ਆਏ ਆਦਮੀ ਦੇ ਸਿਰ ਉੱਤੇ ਪਾਵੇ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ।
30 “ਪੁਜਾਰੀ ਦੋਵੇਂ ਘੁੱਗੀਆਂ ਜਾਂ ਕਬੂਤਰ ਦੇ ਦੋਵੇਂ ਬੱਚੇ ਚੜ੍ਹਾਵੇ, ਜੋ ਉਸ ਆਦਮੀ ਨੇ ਆਪਣੀ ਗੁੰਜਾਇਸ਼ ਮੁਤਾਬਕ ਲਿਆਂਦੇ ਹਨ,+
31 ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ ਚੜ੍ਹਾਵੇ।+ ਇਨ੍ਹਾਂ ਦੇ ਨਾਲ ਉਹ ਅਨਾਜ ਦਾ ਚੜ੍ਹਾਵਾ ਵੀ ਚੜ੍ਹਾਵੇ। ਪੁਜਾਰੀ ਯਹੋਵਾਹ ਅੱਗੇ ਉਸ ਵਿਅਕਤੀ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ ਜੋ ਸ਼ੁੱਧ ਹੋਣ ਲਈ ਆਇਆ ਹੈ।+
32 “ਇਹ ਨਿਯਮ ਉਸ ਆਦਮੀ ਲਈ ਹੈ ਜੋ ਕੋੜ੍ਹ ਤੋਂ ਠੀਕ ਹੋ ਗਿਆ ਹੈ, ਪਰ ਉਸ ਵਿਚ ਉਹ ਸਾਰੀਆਂ ਚੀਜ਼ਾਂ ਲਿਆਉਣ ਦੀ ਗੁੰਜਾਇਸ਼ ਨਹੀਂ ਹੈ ਜੋ ਉਸ ਨੂੰ ਸ਼ੁੱਧ ਹੋਣ ਲਈ ਚਾਹੀਦੀਆਂ ਹਨ।”
33 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ:
34 “ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ+ ਜਿਸ ਦਾ ਮੈਂ ਤੁਹਾਨੂੰ ਮਾਲਕ ਬਣਾਵਾਂਗਾ+ ਅਤੇ ਤੁਹਾਡੇ ਦੇਸ਼ ਵਿਚ ਕਿਸੇ ਘਰ ਨੂੰ ਮੈਂ ਕੋੜ੍ਹ ਦੀ ਬੀਮਾਰੀ ਲਾ ਦਿਆਂ,+
35 ਤਾਂ ਉਸ ਘਰ ਦਾ ਮਾਲਕ ਆ ਕੇ ਪੁਜਾਰੀ ਨੂੰ ਦੱਸੇ, ‘ਮੇਰੇ ਘਰ ਦੀਆਂ ਕੰਧਾਂ ਉੱਤੇ ਦਾਗ਼ ਦਿਖਾਈ ਦੇ ਰਹੇ ਹਨ ਜੋ ਦੇਖਣ ਨੂੰ ਕੋੜ੍ਹ ਵਰਗੇ ਲੱਗਦੇ ਹਨ।’
36 ਦਾਗ਼ਾਂ ਦੀ ਜਾਂਚ ਕਰਨ ਲਈ ਆਉਣ ਤੋਂ ਪਹਿਲਾਂ ਪੁਜਾਰੀ ਉਸ ਘਰ ਨੂੰ ਖਾਲੀ ਕਰਨ ਦਾ ਹੁਕਮ ਦੇਵੇ ਤਾਂਕਿ ਇਸ ਤਰ੍ਹਾਂ ਨਾ ਹੋਵੇ ਕਿ ਉਹ ਘਰ ਦੀ ਹਰ ਚੀਜ਼ ਨੂੰ ਅਸ਼ੁੱਧ ਕਰਾਰ ਦੇ ਦੇਵੇ। ਇਸ ਤੋਂ ਬਾਅਦ ਪੁਜਾਰੀ ਘਰ ਦੀ ਜਾਂਚ ਕਰਨ ਆਵੇ।
37 ਉਹ ਕੰਧਾਂ ਦੇ ਉਨ੍ਹਾਂ ਹਿੱਸਿਆਂ ਦੀ ਜਾਂਚ ਕਰੇ ਜਿੱਥੇ ਦਾਗ਼ ਪਏ ਹਨ ਅਤੇ ਜੇ ਕੰਧਾਂ ਉੱਤੇ ਪੀਲ਼ੇ-ਹਰੇ ਜਾਂ ਲਾਲ ਰੰਗ ਦੇ ਟੋਏ ਪਏ ਹੋਏ ਹਨ ਅਤੇ ਇਹ ਕੰਧ ਵਿਚ ਅੰਦਰ ਤਕ ਨਜ਼ਰ ਆਉਂਦੇ ਹਨ,
38 ਤਾਂ ਪੁਜਾਰੀ ਘਰ ਦੇ ਬਾਹਰਲੇ ਦਰਵਾਜ਼ੇ ’ਤੇ ਜਾਵੇ ਅਤੇ ਘਰ ਨੂੰ ਸੱਤ ਦਿਨ ਬੰਦ ਰੱਖਣ ਦਾ ਹੁਕਮ ਦੇਵੇ।+
39 “ਫਿਰ ਪੁਜਾਰੀ ਸੱਤਵੇਂ ਦਿਨ ਵਾਪਸ ਆ ਕੇ ਘਰ ਦੀ ਜਾਂਚ ਕਰੇ। ਜੇ ਦਾਗ਼ ਘਰ ਦੀਆਂ ਕੰਧਾਂ ਉੱਤੇ ਫੈਲ ਗਏ ਹਨ,
40 ਤਾਂ ਪੁਜਾਰੀ ਹੁਕਮ ਦੇਵੇ ਕਿ ਕੰਧਾਂ ਵਿੱਚੋਂ ਦਾਗ਼ਾਂ ਵਾਲੇ ਪੱਥਰ ਕੱਢ ਕੇ ਸ਼ਹਿਰੋਂ ਬਾਹਰ ਅਸ਼ੁੱਧ ਥਾਂ ’ਤੇ ਸੁੱਟ ਦਿੱਤੇ ਜਾਣ।
41 ਫਿਰ ਉਹ ਹੁਕਮ ਦੇਵੇ ਕਿ ਕੰਧਾਂ ’ਤੇ ਲਿੱਪਿਆ ਗਾਰਾ ਅਤੇ ਪੱਥਰਾਂ ਵਿਚਕਾਰ ਲਾਇਆ ਗਾਰਾ ਕੱਢ ਕੇ ਸ਼ਹਿਰੋਂ ਬਾਹਰ ਅਸ਼ੁੱਧ ਥਾਂ ’ਤੇ ਸੁੱਟ ਦਿੱਤਾ ਜਾਵੇ।
42 ਫਿਰ ਉਹ ਕੱਢੇ ਗਏ ਪੱਥਰਾਂ ਦੀ ਜਗ੍ਹਾ ਹੋਰ ਪੱਥਰ ਲਾਉਣ ਅਤੇ ਹੋਰ ਗਾਰਾ ਬਣਾ ਕੇ ਕੰਧਾਂ ਨੂੰ ਲਿੱਪਣ।
43 “ਪਰ ਜੇ ਦਾਗ਼ਾਂ ਵਾਲੇ ਪੱਥਰ ਕੱਢਣ ਅਤੇ ਘਰ ਦੀ ਦੁਬਾਰਾ ਲਿਪਾਈ ਕਰਨ ਤੋਂ ਬਾਅਦ ਵੀ ਦਾਗ਼ ਦੁਬਾਰਾ ਨਜ਼ਰ ਆਉਂਦੇ ਹਨ,
44 ਤਾਂ ਪੁਜਾਰੀ ਘਰ ਦੇ ਅੰਦਰ ਜਾ ਕੇ ਜਾਂਚ ਕਰੇ। ਜੇ ਦਾਗ਼ ਘਰ ਵਿਚ ਫੈਲ ਗਏ ਹਨ, ਤਾਂ ਘਰ ਨੂੰ ਕੋੜ੍ਹ ਦੀ ਗੰਭੀਰ ਬੀਮਾਰੀ+ ਹੋ ਗਈ ਹੈ। ਉਹ ਘਰ ਅਸ਼ੁੱਧ ਹੈ।
45 ਪੁਜਾਰੀ ਘਰ ਨੂੰ ਢਾਹ ਦੇਣ ਦਾ ਹੁਕਮ ਦੇਵੇ ਅਤੇ ਸਾਰੇ ਪੱਥਰ, ਘਰ ਵਿਚ ਲੱਗੀ ਲੱਕੜ ਅਤੇ ਸਾਰਾ ਗਾਰਾ ਸ਼ਹਿਰੋਂ ਬਾਹਰ ਲਿਜਾ ਕੇ ਅਸ਼ੁੱਧ ਥਾਂ ’ਤੇ ਸੁੱਟ ਦਿੱਤਾ ਜਾਵੇ।+
46 ਜਿਨ੍ਹਾਂ ਦਿਨਾਂ ਦੌਰਾਨ ਘਰ ਬੰਦ ਰੱਖਿਆ ਗਿਆ ਸੀ,+ ਉਨ੍ਹਾਂ ਦਿਨਾਂ ਦੌਰਾਨ ਜੇ ਕੋਈ ਇਕ ਦਿਨ ਵੀ ਉਸ ਘਰ ਵਿਚ ਜਾਂਦਾ ਹੈ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ+
47 ਅਤੇ ਜਿਹੜਾ ਉਸ ਘਰ ਵਿਚ ਲੇਟਦਾ ਹੈ ਜਾਂ ਰੋਟੀ ਖਾਂਦਾ ਹੈ, ਉਹ ਆਪਣੇ ਕੱਪੜੇ ਧੋਵੇ।
48 “ਪਰ ਜੇ ਪੁਜਾਰੀ ਆ ਕੇ ਦੇਖਦਾ ਹੈ ਕਿ ਦੁਬਾਰਾ ਲਿਪਾਈ ਕਰਨ ਤੋਂ ਬਾਅਦ ਦਾਗ਼ ਘਰ ਵਿਚ ਨਹੀਂ ਫੈਲੇ ਹਨ, ਤਾਂ ਪੁਜਾਰੀ ਘਰ ਨੂੰ ਸ਼ੁੱਧ ਕਰਾਰ ਦੇਵੇ ਕਿਉਂਕਿ ਦਾਗ਼ ਮਿਟ ਗਏ ਹਨ।
49 ਘਰ ਦੀ ਅਸ਼ੁੱਧਤਾ* ਦੂਰ ਕਰਨ ਲਈ ਉਹ ਦੋ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਵੇ।+
50 ਉਹ ਇਕ ਪੰਛੀ ਨੂੰ ਤਾਜ਼ੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਉੱਪਰ ਮਾਰੇ।
51 ਫਿਰ ਉਹ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜੀਉਂਦਾ ਪੰਛੀ ਲਵੇ ਅਤੇ ਇਨ੍ਹਾਂ ਸਾਰਿਆਂ ਨੂੰ ਇਕੱਠੇ ਉਸ ਪੰਛੀ ਦੇ ਖ਼ੂਨ ਵਿਚ ਡੋਬੇ ਜਿਸ ਨੂੰ ਤਾਜ਼ੇ ਪਾਣੀ ਉੱਪਰ ਮਾਰਿਆ ਗਿਆ ਹੈ ਅਤੇ ਉਹ ਘਰ ਵੱਲ ਸੱਤ ਵਾਰ ਖ਼ੂਨ ਛਿੜਕੇ।+
52 ਉਹ ਪੰਛੀ ਦੇ ਖ਼ੂਨ, ਤਾਜ਼ੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਨਾਲ ਘਰ ਦੀ ਅਸ਼ੁੱਧਤਾ* ਦੂਰ ਕਰੇ।
53 ਫਿਰ ਉਹ ਜੀਉਂਦੇ ਪੰਛੀ ਨੂੰ ਸ਼ਹਿਰੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ। ਇਸ ਤਰ੍ਹਾਂ ਉਹ ਘਰ ਦੀ ਅਸ਼ੁੱਧਤਾ ਦੂਰ ਕਰੇ ਅਤੇ ਘਰ ਸ਼ੁੱਧ ਹੋ ਜਾਵੇਗਾ।
54 “ਇਹ ਨਿਯਮ ਕੋੜ੍ਹ ਦੀ ਬੀਮਾਰੀ, ਸਿਰ ਜਾਂ ਦਾੜ੍ਹੀ ਦੀ ਬੀਮਾਰੀ,+
55 ਕੱਪੜੇ ਜਾਂ ਘਰ ਨੂੰ ਲੱਗੇ ਕੋੜ੍ਹ+ ਅਤੇ
56 ਕੋੜ੍ਹ ਕਰਕੇ ਪਈ ਸੋਜ, ਖਰੀਂਢ ਤੇ ਦਾਗ਼ਾਂ ਦੇ ਸੰਬੰਧ ਵਿਚ ਹੈ+
57 ਤਾਂਕਿ ਫ਼ੈਸਲਾ ਕੀਤਾ ਜਾ ਸਕੇ ਕਿ ਕੋਈ ਇਨਸਾਨ ਜਾਂ ਚੀਜ਼ ਕਦੋਂ ਅਸ਼ੁੱਧ ਹੁੰਦੀ ਹੈ ਅਤੇ ਕਦੋਂ ਸ਼ੁੱਧ ਹੁੰਦੀ ਹੈ।+ ਇਹ ਕੋੜ੍ਹ ਦੇ ਸੰਬੰਧ ਵਿਚ ਨਿਯਮ ਹੈ।”+
ਫੁਟਨੋਟ
^ ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਲਾਗ 0.31 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਦਾ ਪਾਪ।”
^ ਇਬ, “ਦਾ ਪਾਪ।”