ਲੇਵੀਆਂ 21:1-24
21 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰਾਂ ਨੂੰ ਕਹਿ, ‘ਕੋਈ ਵੀ ਪੁਜਾਰੀ ਆਪਣੇ ਲੋਕਾਂ ਵਿਚ ਕਿਸੇ ਦੀ ਮੌਤ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ।+
2 ਪਰ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਤ ’ਤੇ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ ਜਿਨ੍ਹਾਂ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੈ, ਜਿਵੇਂ ਕਿ ਉਸ ਦੇ ਮਾਂ-ਪਿਉ, ਧੀ-ਪੁੱਤਰ ਜਾਂ ਭਰਾ।
3 ਉਹ ਆਪਣੀ ਭੈਣ ਦੀ ਮੌਤ ’ਤੇ ਵੀ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ ਜੇ ਉਹ ਕੁਆਰੀ ਹੈ, ਉਸ ਦੇ ਨੇੜੇ ਰਹਿੰਦੀ ਹੈ ਅਤੇ ਅਜੇ ਵਿਆਹੀ ਨਹੀਂ ਹੈ।
4 ਉਹ ਕਿਸੇ ਹੋਰ ਨਾਲ ਵਿਆਹੀ ਔਰਤ ਦੀ ਮੌਤ ’ਤੇ ਆਪਣੇ ਆਪ ਨੂੰ ਅਸ਼ੁੱਧ ਅਤੇ ਅਪਵਿੱਤਰ ਨਹੀਂ ਕਰ ਸਕਦਾ।
5 ਉਹ ਆਪਣੇ ਸਿਰ ਗੰਜੇ ਨਾ ਕਰਾਉਣ+ ਜਾਂ ਸਿਰਿਆਂ ਤੋਂ ਦਾੜ੍ਹੀ ਦੀ ਹਜਾਮਤ ਨਾ ਕਰਨ ਜਾਂ ਆਪਣੇ ਸਰੀਰ ਨੂੰ ਨਾ ਕੱਟਣ-ਵੱਢਣ।+
6 ਉਹ ਆਪਣੇ ਪਰਮੇਸ਼ੁਰ ਲਈ ਆਪਣੇ ਆਪ ਨੂੰ ਪਵਿੱਤਰ ਰੱਖਣ+ ਅਤੇ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰਨ+ ਕਿਉਂਕਿ ਉਹ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵੇ ਯਾਨੀ ਪਰਮੇਸ਼ੁਰ ਦਾ ਭੋਜਨ* ਪੇਸ਼ ਕਰਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।+
7 ਉਹ ਕਿਸੇ ਵੇਸਵਾ,+ ਤਲਾਕਸ਼ੁਦਾ ਜਾਂ ਕਿਸੇ ਅਜਿਹੀ ਔਰਤ ਨਾਲ ਵਿਆਹ ਨਹੀਂ ਕਰਾ ਸਕਦਾ ਜਿਸ ਨੂੰ ਕਿਸੇ ਹੋਰ ਆਦਮੀ ਨੇ ਅਸ਼ੁੱਧ ਕੀਤਾ ਹੈ+ ਕਿਉਂਕਿ ਪੁਜਾਰੀ ਆਪਣੇ ਪਰਮੇਸ਼ੁਰ ਲਈ ਪਵਿੱਤਰ ਹਨ।
8 ਤੂੰ ਪੁਜਾਰੀ ਨੂੰ ਪਵਿੱਤਰ ਕਰੀਂ+ ਕਿਉਂਕਿ ਉਹ ਤੇਰੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਦਾ ਹੈ। ਉਹ ਤੇਰੇ ਲਈ ਪਵਿੱਤਰ ਹੋਵੇ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਕਰ ਰਿਹਾ ਹੈ।+
9 “‘ਜੇ ਕਿਸੇ ਪੁਜਾਰੀ ਦੀ ਧੀ ਵੇਸਵਾ ਦਾ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰਦੀ ਹੈ, ਤਾਂ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦੀ ਹੈ। ਉਸ ਨੂੰ ਜਾਨੋਂ ਮਾਰ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+
10 “‘ਜਿਸ ਪੁਜਾਰੀ ਨੂੰ ਆਪਣੇ ਭਰਾਵਾਂ ਵਿੱਚੋਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਹੈ* ਅਤੇ ਜਿਸ ਦੇ ਸਿਰ ਉੱਤੇ ਪਵਿੱਤਰ ਤੇਲ ਪਾਇਆ ਗਿਆ ਹੈ+ ਤਾਂਕਿ ਉਹ ਪਵਿੱਤਰ ਲਿਬਾਸ ਪਾਵੇ,+ ਉਸ ਦੇ ਵਾਲ਼ ਖਿਲਰੇ ਨਾ ਰਹਿਣ ਤੇ ਉਹ ਆਪਣੇ ਕੱਪੜੇ ਨਾ ਪਾੜੇ।+
11 ਉਹ ਕਿਸੇ ਮਰੇ ਇਨਸਾਨ ਦੀ ਲਾਸ਼ ਕੋਲ ਨਾ ਜਾਵੇ;+ ਇੱਥੋਂ ਤਕ ਕਿ ਉਹ ਆਪਣੀ ਮਾਂ ਜਾਂ ਪਿਉ ਦੀ ਮੌਤ ’ਤੇ ਵੀ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ।
12 ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਉਹ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰੇ+ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਤੇਲ ਉਸ ਉੱਤੇ ਪਾਇਆ ਗਿਆ ਹੈ ਜੋ ਸਮਰਪਣ ਦੀ ਨਿਸ਼ਾਨੀ ਹੈ।+ ਮੈਂ ਯਹੋਵਾਹ ਹਾਂ।
13 “‘ਉਹ ਕੁਆਰੀ ਕੁੜੀ ਨਾਲ ਹੀ ਵਿਆਹ ਕਰਾਵੇ।+
14 ਉਹ ਕਿਸੇ ਵਿਧਵਾ, ਤਲਾਕਸ਼ੁਦਾ, ਵੇਸਵਾ ਜਾਂ ਅਜਿਹੀ ਔਰਤ ਨਾਲ ਵਿਆਹ ਨਾ ਕਰਾਵੇ ਜਿਸ ਨੂੰ ਕਿਸੇ ਹੋਰ ਆਦਮੀ ਨੇ ਅਸ਼ੁੱਧ ਕੀਤਾ ਹੈ; ਪਰ ਉਹ ਆਪਣੇ ਲੋਕਾਂ ਵਿੱਚੋਂ ਕਿਸੇ ਕੁਆਰੀ ਕੁੜੀ ਨੂੰ ਹੀ ਆਪਣੀ ਪਤਨੀ ਬਣਾਵੇ।
15 ਉਹ ਆਪਣੇ ਲੋਕਾਂ ਵਿਚ ਆਪਣੀ ਔਲਾਦ* ਨੂੰ ਅਸ਼ੁੱਧ ਨਾ ਕਰੇ+ ਕਿਉਂਕਿ ਮੈਂ ਯਹੋਵਾਹ ਹਾਂ ਅਤੇ ਉਸ ਨੂੰ ਪਵਿੱਤਰ ਕਰ ਰਿਹਾ ਹਾਂ।’”
16 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
17 “ਹਾਰੂਨ ਨੂੰ ਕਹਿ, ‘ਜੇ ਤੇਰੀ ਔਲਾਦ* ਵਿੱਚੋਂ ਕਿਸੇ ਆਦਮੀ ਦੇ ਸਰੀਰ ਵਿਚ ਨੁਕਸ ਹੈ, ਤਾਂ ਉਹ ਕਦੀ ਵੀ ਆਪਣੇ ਪਰਮੇਸ਼ੁਰ ਨੂੰ ਭੋਜਨ ਪੇਸ਼ ਕਰਨ ਲਈ ਵੇਦੀ ਕੋਲ ਨਾ ਆਵੇ।
18 ਜੇ ਕਿਸੇ ਆਦਮੀ ਦੇ ਸਰੀਰ ਵਿਚ ਅਜਿਹਾ ਕੋਈ ਨੁਕਸ ਹੈ, ਤਾਂ ਉਹ ਵੇਦੀ ਕੋਲ ਨਾ ਆਵੇ: ਜਿਹੜਾ ਆਦਮੀ ਅੰਨ੍ਹਾ ਜਾਂ ਲੰਗੜਾ ਹੋਵੇ ਜਾਂ ਜਿਸ ਦੇ ਚਿਹਰੇ ਦਾ ਰੂਪ ਵਿਗੜਿਆ ਹੋਵੇ* ਜਾਂ ਇਕ ਅੰਗ ਦੂਜੇ ਨਾਲੋਂ ਲੰਬਾ ਹੋਵੇ,
19 ਜਿਸ ਦਾ ਹੱਥ ਜਾਂ ਪੈਰ ਟੁੱਟਾ ਹੋਵੇ
20 ਕੁੱਬਾ ਜਾਂ ਬੌਣਾ* ਹੋਵੇ ਜਾਂ ਜਿਸ ਦੀ ਅੱਖ ਵਿਚ ਨੁਕਸ ਹੋਵੇ ਜਾਂ ਜਿਸ ਨੂੰ ਚੰਬਲ ਜਾਂ ਦਾਦ ਹੋਵੇ ਜਾਂ ਜਿਸ ਦੇ ਅੰਡਕੋਸ਼ ਨੁਕਸਾਨੇ ਹੋਣ।+
21 ਜੇ ਪੁਜਾਰੀ ਹਾਰੂਨ ਦੀ ਔਲਾਦ* ਵਿੱਚੋਂ ਕਿਸੇ ਵਿਚ ਨੁਕਸ ਹੈ, ਤਾਂ ਉਹ ਅੱਗ ਵਿਚ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵੇ ਪੇਸ਼ ਕਰਨ ਲਈ ਵੇਦੀ ਕੋਲ ਨਾ ਆਵੇ। ਉਸ ਵਿਚ ਨੁਕਸ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਨ ਲਈ ਵੇਦੀ ਕੋਲ ਨਹੀਂ ਆ ਸਕਦਾ।
22 ਉਹ ਪਰਮੇਸ਼ੁਰ ਦਾ ਭੋਜਨ ਯਾਨੀ ਪਵਿੱਤਰ+ ਅਤੇ ਅੱਤ ਪਵਿੱਤਰ ਚੀਜ਼ਾਂ+ ਖਾ ਸਕਦਾ ਹੈ।
23 ਪਰ ਉਹ ਪਰਦੇ ਦੇ ਨੇੜੇ ਨਾ ਆਵੇ+ ਅਤੇ ਨਾ ਹੀ ਵੇਦੀ+ ਕੋਲ ਆਵੇ ਕਿਉਂਕਿ ਉਸ ਵਿਚ ਨੁਕਸ ਹੈ; ਉਹ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਨਾ ਕਰੇ+ ਕਿਉਂਕਿ ਮੈਂ ਯਹੋਵਾਹ ਹਾਂ ਅਤੇ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।’”+
24 ਇਸ ਲਈ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕੀਤੀ।
ਫੁਟਨੋਟ
^ ਯਾਨੀ, ਬਲ਼ੀਆਂ।
^ ਇਬ, “ਲਈ ਹੱਥ ਭਰਿਆ ਗਿਆ ਹੈ।”
^ ਇਬ, “ਬੀ।”
^ ਇਬ, “ਬੀ।”
^ ਇਬ, “ਨੱਕ ’ਤੇ ਚੀਰਾ ਹੋਵੇ।”
^ ਜਾਂ ਸੰਭਵ ਹੈ, “ਲਿੱਸਾ।”
^ ਇਬ, “ਬੀ।”