ਲੇਵੀਆਂ 25:1-55
25 ਸੀਨਈ ਪਹਾੜ ਉੱਤੇ ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ,+ ਤਾਂ ਦੇਸ਼ ਯਹੋਵਾਹ ਲਈ ਸਬਤ ਮਨਾਵੇ।+
3 ਤੁਸੀਂ ਛੇ ਸਾਲ ਆਪਣੇ ਖੇਤਾਂ ਵਿਚ ਬੀ ਬੀਜਣਾ ਅਤੇ ਛੇ ਸਾਲ ਆਪਣੀਆਂ ਅੰਗੂਰੀ ਵੇਲਾਂ ਛਾਂਗਣੀਆਂ ਅਤੇ ਤੁਸੀਂ ਜ਼ਮੀਨ ਦੀ ਪੈਦਾਵਾਰ ਇਕੱਠੀ ਕਰਨੀ।+
4 ਪਰ ਸੱਤਵਾਂ ਸਾਲ ਜ਼ਮੀਨ ਲਈ ਯਹੋਵਾਹ ਦਾ ਸਬਤ ਹੋਵੇਗਾ ਅਤੇ ਪੂਰੇ ਆਰਾਮ ਦਾ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਤੇ ਨਾ ਹੀ ਅੰਗੂਰੀ ਵੇਲਾਂ ਛਾਂਗਣੀਆਂ।
5 ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਡਿਗੇ ਦਾਣਿਆਂ ਤੋਂ ਜੋ ਕੁਝ ਵੀ ਆਪਣੇ ਆਪ ਉੱਗੇਗਾ, ਤੁਸੀਂ ਉਹ ਨਹੀਂ ਵੱਢਣਾ। ਤੁਸੀਂ ਅੰਗੂਰੀ ਵੇਲਾਂ, ਜਿਨ੍ਹਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉੱਤੇ ਲੱਗੇ ਅੰਗੂਰ ਇਕੱਠੇ ਨਹੀਂ ਕਰਨੇ। ਇਹ ਸਾਲ ਜ਼ਮੀਨ ਵਾਸਤੇ ਪੂਰੇ ਆਰਾਮ ਦਾ ਸਾਲ ਹੋਵੇਗਾ।
6 ਪਰ ਸਬਤ ਦੇ ਸਾਲ ਦੌਰਾਨ ਜ਼ਮੀਨ ਉੱਤੇ ਜੋ ਕੁਝ ਵੀ ਆਪਣੇ ਆਪ ਉੱਗੇਗਾ, ਤੁਸੀਂ ਉਸ ਨੂੰ ਖਾ ਸਕਦੇ ਹੋ; ਤੁਸੀਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਮਜ਼ਦੂਰ ਅਤੇ ਤੁਹਾਡੇ ਵਿਚ ਰਹਿੰਦੇ ਪਰਵਾਸੀ ਲੋਕ ਇਸ ਨੂੰ ਖਾ ਸਕਦੇ ਹਨ।
7 ਨਾਲੇ ਤੁਹਾਡੇ ਦੇਸ਼ ਦੇ ਪਾਲਤੂ ਪਸ਼ੂ ਅਤੇ ਜੰਗਲੀ ਜਾਨਵਰ ਇਸ ਨੂੰ ਖਾ ਸਕਦੇ ਹਨ। ਜ਼ਮੀਨ ਉੱਤੇ ਜੋ ਵੀ ਉੱਗੇਗਾ, ਉਸ ਨੂੰ ਖਾਣ ਦੀ ਇਜਾਜ਼ਤ ਹੈ।
8 “‘ਤੁਸੀਂ ਸੱਤ ਸਬਤਾਂ ਦੇ ਸਾਲ ਗਿਣਨੇ ਯਾਨੀ ਸੱਤ ਗੁਣਾ ਸੱਤ ਸਾਲ। ਸੱਤ ਸਬਤਾਂ ਦੇ ਸਾਲ 49 ਸਾਲ ਦੇ ਬਰਾਬਰ ਹੋਣਗੇ।
9 ਫਿਰ ਤੁਸੀਂ ਉਸ ਸਾਲ ਦੇ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਉੱਚੀ ਆਵਾਜ਼ ਵਿਚ ਨਰਸਿੰਗਾ ਵਜਾਉਣਾ। ਪਾਪ ਮਿਟਾਉਣ ਦੇ ਦਿਨ+ ਤੁਹਾਡੇ ਪੂਰੇ ਦੇਸ਼ ਵਿਚ ਨਰਸਿੰਗੇ ਦੀ ਆਵਾਜ਼ ਸੁਣਾਈ ਦੇਵੇ।
10 ਤੁਸੀਂ 50ਵੇਂ ਸਾਲ ਨੂੰ ਪਵਿੱਤਰ ਕਰਨਾ ਅਤੇ ਦੇਸ਼ ਦੇ ਸਾਰੇ ਵਾਸੀਆਂ ਲਈ ਆਜ਼ਾਦੀ ਦਾ ਐਲਾਨ ਕਰਨਾ।+ ਇਹ ਤੁਹਾਡੇ ਲਈ ਆਜ਼ਾਦੀ ਦਾ ਸਾਲ ਹੋਵੇਗਾ। ਜਿਸ ਦੀ ਜ਼ਮੀਨ-ਜਾਇਦਾਦ ਵਿੱਕ ਚੁੱਕੀ ਸੀ, ਉਹ ਉਸ ਨੂੰ ਵਾਪਸ ਮਿਲ ਜਾਵੇਗੀ ਅਤੇ ਜਿਸ ਨੂੰ ਗ਼ੁਲਾਮ ਦੇ ਤੌਰ ਤੇ ਵੇਚ ਦਿੱਤਾ ਗਿਆ ਸੀ, ਉਹ ਆਪਣੇ ਪਰਿਵਾਰ ਕੋਲ ਵਾਪਸ ਮੁੜ ਜਾਵੇਗਾ।+
11 ਤੁਹਾਡੇ ਲਈ 50ਵਾਂ ਸਾਲ ਆਜ਼ਾਦੀ ਦਾ ਸਾਲ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਅਤੇ ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਜੋ ਕੁਝ ਵੀ ਆਪਣੇ ਆਪ ਉੱਗੇਗਾ, ਉਹ ਤੁਸੀਂ ਨਹੀਂ ਵੱਢਣਾ। ਜਿਨ੍ਹਾਂ ਅੰਗੂਰੀ ਵੇਲਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉਨ੍ਹਾਂ ਉੱਤੇ ਆਪਣੇ ਆਪ ਲੱਗੇ ਅੰਗੂਰ ਤੁਸੀਂ ਇਕੱਠੇ ਨਹੀਂ ਕਰਨੇ।+
12 ਇਹ ਆਜ਼ਾਦੀ ਦਾ ਸਾਲ ਹੈ ਅਤੇ ਇਹ ਤੁਹਾਡੀਆਂ ਨਜ਼ਰਾਂ ਵਿਚ ਪਵਿੱਤਰ ਹੋਵੇ। ਤੁਸੀਂ ਉਹੀ ਖਾ ਸਕਦੇ ਹੋ ਜੋ ਜ਼ਮੀਨ ’ਤੇ ਆਪਣੇ ਆਪ ਉੱਗੇਗਾ।+
13 “‘ਆਜ਼ਾਦੀ ਦੇ ਸਾਲ ਦੌਰਾਨ ਤੁਹਾਨੂੰ ਹਰੇਕ ਨੂੰ ਆਪਣੀ ਜ਼ਮੀਨ-ਜਾਇਦਾਦ ਵਾਪਸ ਮਿਲ ਜਾਵੇਗੀ।+
14 ਜੇ ਤੁਸੀਂ ਆਪਣੇ ਗੁਆਂਢੀ ਨੂੰ ਕੁਝ ਵੇਚਦੇ ਹੋ ਜਾਂ ਉਸ ਤੋਂ ਕੁਝ ਖ਼ਰੀਦਦੇ ਹੋ, ਤਾਂ ਇਕ-ਦੂਜੇ ਦਾ ਫ਼ਾਇਦਾ ਨਾ ਉਠਾਓ।+
15 ਆਪਣੇ ਗੁਆਂਢੀ ਤੋਂ ਕੁਝ ਖ਼ਰੀਦਣ ਵੇਲੇ ਦੇਖੋ ਕਿ ਆਜ਼ਾਦੀ ਦੇ ਸਾਲ ਤੋਂ ਬਾਅਦ ਕਿੰਨੇ ਸਾਲ ਬੀਤ ਚੁੱਕੇ ਹਨ ਅਤੇ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ। ਗੁਆਂਢੀ ਤੁਹਾਨੂੰ ਕੁਝ ਵੇਚਣ ਤੋਂ ਪਹਿਲਾਂ ਦੇਖੇ ਕਿ ਆਜ਼ਾਦੀ ਦਾ ਸਾਲ ਆਉਣ ਵਿਚ ਕਿੰਨੇ ਸਾਲ ਬਾਕੀ ਰਹਿੰਦੇ ਹਨ ਜਿਨ੍ਹਾਂ ਦੌਰਾਨ ਫ਼ਸਲ ਵੱਢੀ ਜਾਵੇਗੀ। ਫਿਰ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+
16 ਜੇ ਅਜੇ ਕਈ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਵਧਾਵੇ, ਪਰ ਜੇ ਥੋੜ੍ਹੇ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਘਟਾਵੇ ਕਿਉਂਕਿ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ’ਤੇ ਜਿੰਨੀ ਵਾਰ ਫ਼ਸਲ ਹੋਵੇਗੀ, ਉਸ ਅਨੁਸਾਰ ਉਹ ਤੁਹਾਨੂੰ ਵੇਚ ਰਿਹਾ ਹੈ।
17 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਦਾ ਫ਼ਾਇਦਾ ਨਾ ਉਠਾਵੇ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨਣਾ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+
18 ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰ ਕੇ ਤੁਸੀਂ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੋਗੇ।+
19 ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਤੁਸੀਂ ਰੱਜ ਕੇ ਰੋਟੀ ਖਾਓਗੇ ਅਤੇ ਬਿਨਾਂ ਕਿਸੇ ਡਰ ਦੇ ਵੱਸੋਗੇ।+
20 “‘ਪਰ ਸ਼ਾਇਦ ਤੁਹਾਡੇ ਮਨ ਵਿਚ ਆਵੇ: “ਜੇ ਅਸੀਂ ਸੱਤਵੇਂ ਸਾਲ ਖੇਤਾਂ ਵਿਚ ਬੀ ਨਹੀਂ ਬੀਜਿਆ ਜਾਂ ਫ਼ਸਲ ਨਹੀਂ ਵੱਢੀ, ਤਾਂ ਅਸੀਂ ਕੀ ਖਾਵਾਂਗੇ?”+
21 ਮੈਂ ਛੇਵੇਂ ਸਾਲ ਤੁਹਾਡੇ ਉੱਤੇ ਆਪਣੀ ਬਰਕਤ ਵਰ੍ਹਾਵਾਂਗਾ ਅਤੇ ਜ਼ਮੀਨ ਭਰਪੂਰ ਫ਼ਸਲ ਦੇਵੇਗੀ ਜੋ ਤਿੰਨ ਸਾਲਾਂ ਲਈ ਕਾਫ਼ੀ ਹੋਵੇਗੀ।+
22 ਫਿਰ ਤੁਸੀਂ ਅੱਠਵੇਂ ਸਾਲ ਖੇਤਾਂ ਵਿਚ ਬੀ ਬੀਜੋਗੇ ਅਤੇ ਨੌਵੇਂ ਸਾਲ ਤਕ ਪੁਰਾਣਾ ਅਨਾਜ ਖਾਓਗੇ। ਨਵਾਂ ਅਨਾਜ ਆਉਣ ਤਕ ਤੁਸੀਂ ਪੁਰਾਣਾ ਅਨਾਜ ਖਾਓਗੇ।
23 “‘ਤੁਸੀਂ ਆਪਣੀ ਜ਼ਮੀਨ ਹਮੇਸ਼ਾ ਲਈ ਨਹੀਂ ਵੇਚ ਸਕਦੇ+ ਕਿਉਂਕਿ ਜ਼ਮੀਨ ਮੇਰੀ ਹੈ।+ ਤੁਸੀਂ ਮੇਰੀਆਂ ਨਜ਼ਰਾਂ ਵਿਚ ਪਰਦੇਸੀ ਅਤੇ ਪਰਵਾਸੀ ਹੋ।+
24 ਤੁਸੀਂ ਦੇਸ਼ ਵਿਚ ਜਿੱਥੇ ਵੀ ਰਹਿੰਦੇ ਹੋ, ਜ਼ਮੀਨ ਦੇ ਮਾਲਕ ਨੂੰ ਆਪਣੀ ਜ਼ਮੀਨ ਵਾਪਸ ਖ਼ਰੀਦਣ ਦਾ ਹੱਕ ਹੋਵੇਗਾ।
25 “‘ਜੇ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੀ ਕੁਝ ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ, ਤਾਂ ਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦਾ ਛੁਡਾਉਣ ਵਾਲਾ ਬਣੇ ਅਤੇ ਉਸ ਦੀ ਵਿਕੀ ਹੋਈ ਜ਼ਮੀਨ-ਜਾਇਦਾਦ ਵਾਪਸ ਖ਼ਰੀਦੇ।+
26 ਜੇ ਉਸ ਦਾ ਕੋਈ ਛੁਡਾਉਣ ਵਾਲਾ ਨਹੀਂ ਹੈ, ਪਰ ਉਹ ਆਪ ਅਮੀਰ ਹੋ ਜਾਂਦਾ ਹੈ ਅਤੇ ਉਸ ਕੋਲ ਆਪਣੀ ਜਾਇਦਾਦ ਵਾਪਸ ਖ਼ਰੀਦਣ ਲਈ ਕਾਫ਼ੀ ਪੈਸੇ ਹਨ,
27 ਤਾਂ ਉਹ ਦੇਖੇ ਕਿ ਜ਼ਮੀਨ-ਜਾਇਦਾਦ ਵੇਚੀ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ’ਤੇ ਹੋਈ ਫ਼ਸਲ ਦੀ ਕੀਮਤ ਕਿੰਨੀ ਸੀ। ਫਿਰ ਉਸ ਨੇ ਜਿੰਨੇ ਦੀ ਜ਼ਮੀਨ ਵੇਚੀ ਸੀ, ਉਸ ਵਿੱਚੋਂ ਉਹ ਫ਼ਸਲ ਦੀ ਕੀਮਤ ਘਟਾ ਕੇ ਬਾਕੀ ਪੈਸੇ ਉਸ ਆਦਮੀ ਨੂੰ ਮੋੜ ਦੇਵੇ ਜਿਸ ਨੂੰ ਉਸ ਨੇ ਜਾਇਦਾਦ ਵੇਚੀ ਸੀ। ਫਿਰ ਉਸ ਨੂੰ ਆਪਣੀ ਜ਼ਮੀਨ-ਜਾਇਦਾਦ ਵਾਪਸ ਮਿਲ ਜਾਵੇਗੀ।+
28 “‘ਪਰ ਜੇ ਉਸ ਕੋਲ ਆਪਣੀ ਜ਼ਮੀਨ-ਜਾਇਦਾਦ ਵਾਪਸ ਖ਼ਰੀਦਣ ਲਈ ਪੈਸੇ ਨਹੀਂ ਹਨ, ਤਾਂ ਇਹ ਆਜ਼ਾਦੀ ਦੇ ਸਾਲ ਤਕ ਖ਼ਰੀਦਾਰ ਕੋਲ ਰਹੇਗੀ;+ ਆਜ਼ਾਦੀ ਦੇ ਸਾਲ ਵਿਚ ਉਹ ਜ਼ਮੀਨ-ਜਾਇਦਾਦ ਉਸ ਦੇ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗੀ।+
29 “‘ਜੇ ਕਿਸੇ ਆਦਮੀ ਨੂੰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਆਪਣਾ ਘਰ ਵੇਚਣਾ ਪੈਂਦਾ ਹੈ, ਤਾਂ ਘਰ ਵੇਚਣ ਤੋਂ ਬਾਅਦ ਇਕ ਸਾਲ ਤਕ ਉਸ ਕੋਲ ਉਸ ਨੂੰ ਦੁਬਾਰਾ ਖ਼ਰੀਦਣ ਦਾ ਹੱਕ ਹੋਵੇਗਾ। ਉਸ ਕੋਲ ਇਹ ਹੱਕ+ ਪੂਰਾ ਇਕ ਸਾਲ ਹੋਵੇਗਾ।
30 ਪਰ ਜੇ ਇਕ ਸਾਲ ਦੇ ਵਿਚ-ਵਿਚ ਘਰ ਵਾਪਸ ਨਹੀਂ ਖ਼ਰੀਦਿਆ ਜਾਂਦਾ, ਤਾਂ ਚਾਰ-ਦੀਵਾਰੀ ਵਾਲੇ ਸ਼ਹਿਰ ਅੰਦਰਲਾ ਘਰ ਪੀੜ੍ਹੀਓ-ਪੀੜ੍ਹੀ, ਹਾਂ, ਹਮੇਸ਼ਾ ਲਈ ਖ਼ਰੀਦਾਰ ਦਾ ਹੋ ਜਾਵੇਗਾ। ਆਜ਼ਾਦੀ ਦੇ ਸਾਲ ਵਿਚ ਇਹ ਘਰ ਅਸਲੀ ਮਾਲਕ ਨੂੰ ਨਹੀਂ ਮਿਲੇਗਾ।
31 ਪਰ ਜਿਹੜਾ ਘਰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਨਹੀਂ ਹੈ, ਤਾਂ ਉਸ ਘਰ ਨੂੰ ਖੇਤਾਂ ਦਾ ਹੀ ਹਿੱਸਾ ਮੰਨਿਆ ਜਾਵੇਗਾ। ਉਸ ਦੇ ਅਸਲੀ ਮਾਲਕ ਨੂੰ ਇਸ ਨੂੰ ਵਾਪਸ ਖ਼ਰੀਦਣ ਦਾ ਹੱਕ ਰਹੇਗਾ ਅਤੇ ਆਜ਼ਾਦੀ ਦੇ ਸਾਲ ਵਿਚ ਉਸ ਨੂੰ ਘਰ ਵਾਪਸ ਮੋੜ ਦਿੱਤਾ ਜਾਵੇਗਾ।
32 “‘ਪਰ ਲੇਵੀਆਂ ਕੋਲ ਆਪਣੇ ਸ਼ਹਿਰਾਂ+ ਵਿਚ ਆਪਣੇ ਘਰ ਦੁਬਾਰਾ ਖ਼ਰੀਦਣ ਦਾ ਹੱਕ ਹਮੇਸ਼ਾ ਹੋਵੇਗਾ।
33 ਜੇ ਕੋਈ ਲੇਵੀ ਸ਼ਹਿਰ ਵਿਚ ਆਪਣਾ ਘਰ ਵਾਪਸ ਨਹੀਂ ਖ਼ਰੀਦ ਸਕਦਾ, ਤਾਂ ਉਸ ਨੂੰ ਆਜ਼ਾਦੀ ਦੇ ਸਾਲ ਵਿਚ ਆਪਣਾ ਘਰ ਵਾਪਸ ਮਿਲ ਜਾਵੇਗਾ+ ਕਿਉਂਕਿ ਇਜ਼ਰਾਈਲੀਆਂ ਵਿਚਕਾਰ ਲੇਵੀਆਂ ਦੇ ਸ਼ਹਿਰਾਂ ਵਿਚ ਘਰ ਲੇਵੀਆਂ ਦੀ ਜਾਇਦਾਦ ਹਨ।+
34 ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ+ ਨਹੀਂ ਵੇਚੀਆਂ ਜਾ ਸਕਦੀਆਂ ਕਿਉਂਕਿ ਇਹ ਉਨ੍ਹਾਂ ਦੀ ਪੱਕੀ ਜਾਇਦਾਦ ਹੈ।
35 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਤੇ ਆਪਣਾ ਗੁਜ਼ਾਰਾ ਨਹੀਂ ਤੋਰ ਸਕਦਾ, ਤਾਂ ਤੂੰ ਉਸ ਦੀ ਦੇਖ-ਭਾਲ ਕਰ+ ਜਿਵੇਂ ਤੂੰ ਕਿਸੇ ਪਰਦੇਸੀ ਜਾਂ ਪਰਵਾਸੀ ਦੀ ਮਦਦ ਕਰਦਾ ਹੈਂ+ ਤਾਂਕਿ ਉਹ ਜੀਉਂਦਾ ਰਹੇ।
36 ਤੂੰ ਉਸ ਤੋਂ ਵਿਆਜ ਨਾ ਲੈ ਜਾਂ ਉਸ ਦਾ ਫ਼ਾਇਦਾ ਉਠਾ ਕੇ ਕਮਾਈ ਨਾ ਕਰ।+ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ+ ਅਤੇ ਤੇਰੇ ਨਾਲ ਤੇਰਾ ਭਰਾ ਜੀਉਂਦਾ ਰਹੇਗਾ।
37 ਤੂੰ ਉਸ ਨੂੰ ਆਪਣੇ ਪੈਸੇ ਵਿਆਜ ਉੱਤੇ ਨਾ ਦੇ+ ਜਾਂ ਮੁਨਾਫ਼ਾ ਕਰਨ ਲਈ ਆਪਣਾ ਭੋਜਨ ਉਧਾਰ ਨਾ ਦੇ।
38 ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ+ ਤਾਂਕਿ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+
39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+
40 ਇਸ ਦੀ ਬਜਾਇ, ਉਸ ਨਾਲ ਮਜ਼ਦੂਰਾਂ ਅਤੇ ਪਰਵਾਸੀਆਂ ਵਾਂਗ ਸਲੂਕ ਕੀਤਾ ਜਾਵੇ।+ ਉਹ ਆਜ਼ਾਦੀ ਦੇ ਸਾਲ ਤਕ ਤੇਰੇ ਕੋਲ ਕੰਮ ਕਰੇਗਾ।
41 ਫਿਰ ਉਹ ਤੈਨੂੰ ਛੱਡ ਕੇ ਆਪਣੇ ਬੱਚਿਆਂ* ਨਾਲ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਵੇਗਾ। ਉਹ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਵੱਲ ਮੁੜ ਜਾਵੇ।+
42 ਉਹ ਮੇਰੇ ਗ਼ੁਲਾਮ ਹਨ ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ ਹਾਂ।+ ਉਹ ਆਪਣੇ ਆਪ ਨੂੰ ਗ਼ੁਲਾਮਾਂ ਵਾਂਗ ਵੇਚ ਨਹੀਂ ਸਕਦੇ।
43 ਤੂੰ ਉਸ ਨਾਲ ਬੇਰਹਿਮੀ ਭਰਿਆ ਸਲੂਕ ਨਾ ਕਰੀਂ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨੀਂ।+
44 ਤੇਰੇ ਦਾਸ-ਦਾਸੀਆਂ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਹੋਣ। ਤੂੰ ਉਨ੍ਹਾਂ ਵਿੱਚੋਂ ਆਪਣੇ ਲਈ ਦਾਸ-ਦਾਸੀਆਂ ਖ਼ਰੀਦੀਂ।
45 ਨਾਲੇ ਤੇਰੇ ਦੇਸ਼ ਵਿਚ ਰਹਿੰਦੇ ਪਰਵਾਸੀਆਂ+ ਤੋਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਜੋ ਤੇਰੇ ਦੇਸ਼ ਵਿਚ ਪੈਦਾ ਹੋਏ ਹਨ, ਤੂੰ ਗ਼ੁਲਾਮ ਖ਼ਰੀਦ ਸਕਦਾ ਹੈਂ ਅਤੇ ਤੂੰ ਉਨ੍ਹਾਂ ਦਾ ਮਾਲਕ ਬਣੇਂਗਾ।
46 ਤੂੰ ਆਪਣੇ ਪੁੱਤਰਾਂ ਨੂੰ ਵਿਰਾਸਤ ਵਿਚ ਆਪਣੇ ਗ਼ੁਲਾਮ ਦੇ ਸਕਦਾ ਹੈਂ ਅਤੇ ਤੇਰੇ ਤੋਂ ਬਾਅਦ ਤੇਰੇ ਪੁੱਤਰ ਉਨ੍ਹਾਂ ਦੇ ਮਾਲਕ ਬਣਨਗੇ। ਤੂੰ ਉਨ੍ਹਾਂ ਤੋਂ ਮਜ਼ਦੂਰੀ ਕਰਾ ਸਕਦਾ ਹੈਂ, ਪਰ ਤੂੰ ਆਪਣੇ ਇਜ਼ਰਾਈਲੀ ਭਰਾਵਾਂ ਨਾਲ ਬੇਰਹਿਮੀ ਭਰਿਆ ਸਲੂਕ ਨਹੀਂ ਕਰ ਸਕਦਾ।+
47 “‘ਪਰ ਜੇ ਤੇਰੇ ਨਾਲ ਰਹਿੰਦਾ ਕੋਈ ਪਰਦੇਸੀ ਜਾਂ ਪਰਵਾਸੀ ਅਮੀਰ ਬਣ ਜਾਂਦਾ ਹੈ ਅਤੇ ਤੇਰਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ ਜਿਸ ਕਰਕੇ ਉਸ ਨੂੰ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਪਰਵਾਸੀ ਕੋਲ ਵੇਚਣਾ ਪੈਂਦਾ ਹੈ ਜਾਂ ਪਰਦੇਸੀ ਦੇ ਪਰਿਵਾਰ ਦੇ ਕਿਸੇ ਜੀਅ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,
48 ਆਪਣੇ ਆਪ ਨੂੰ ਵੇਚਣ ਤੋਂ ਬਾਅਦ ਵੀ ਉਸ ਕੋਲ ਆਪਣੇ ਆਪ ਨੂੰ ਛੁਡਾਉਣ ਦਾ ਹੱਕ ਹੋਵੇਗਾ। ਉਸ ਦਾ ਕੋਈ ਭਰਾ ਉਸ ਨੂੰ ਪਰਦੇਸੀ ਜਾਂ ਪਰਵਾਸੀ ਤੋਂ ਵਾਪਸ ਖ਼ਰੀਦ ਸਕਦਾ ਹੈ+
49 ਜਾਂ ਫਿਰ ਉਸ ਦਾ ਚਾਚਾ ਜਾਂ ਤਾਇਆ ਜਾਂ ਚਾਚੇ-ਤਾਏ ਦਾ ਪੁੱਤਰ ਜਾਂ ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ* ਉਸ ਨੂੰ ਖ਼ਰੀਦ ਸਕਦਾ ਹੈ।
“‘ਜਾਂ ਜੇ ਉਹ ਆਪ ਅਮੀਰ ਹੋ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਕੀਮਤ ਦੇ ਕੇ ਛੁਡਾ ਸਕਦਾ ਹੈ।+
50 ਉਹ ਆਪਣੇ ਖ਼ਰੀਦਾਰ ਨਾਲ ਮਿਲ ਕੇ ਹਿਸਾਬ ਲਾਵੇ ਕਿ ਆਪਣੇ ਆਪ ਨੂੰ ਵੇਚਣ ਤੋਂ ਲੈ ਕੇ ਆਜ਼ਾਦੀ ਦੇ ਸਾਲ ਤਕ ਕਿੰਨੇ ਸਾਲ ਬਣਦੇ ਹਨ।+ ਫਿਰ ਉਨ੍ਹਾਂ ਸਾਲਾਂ ਦੀ ਮਜ਼ਦੂਰੀ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ ਉਸ ਦੇ ਰੋਜ਼ਾਨਾ ਦੇ ਕੰਮ ਦੀ ਮਜ਼ਦੂਰੀ ਆਮ ਮਜ਼ਦੂਰ ਦੀ ਦਿਹਾੜੀ ਦੇ ਬਰਾਬਰ ਹੋਵੇਗੀ।+
51 ਜੇ ਆਜ਼ਾਦੀ ਦਾ ਸਾਲ ਆਉਣ ਤਕ ਕਾਫ਼ੀ ਸਾਲ ਰਹਿੰਦੇ ਹਨ, ਤਾਂ ਉਹ ਬਾਕੀ ਬਚੇ ਸਾਲਾਂ ਦੀ ਮਜ਼ਦੂਰੀ ਦਾ ਹਿਸਾਬ ਲਾ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੀਮਤ ਖ਼ਰੀਦਾਰ ਨੂੰ ਅਦਾ ਕਰੇ।
52 ਪਰ ਜੇ ਆਜ਼ਾਦੀ ਦਾ ਸਾਲ ਆਉਣ ਤਕ ਥੋੜ੍ਹੇ ਸਾਲ ਰਹਿੰਦੇ ਹਨ, ਤਾਂ ਉਹ ਬਾਕੀ ਬਚੇ ਸਾਲਾਂ ਦੀ ਮਜ਼ਦੂਰੀ ਦਾ ਹਿਸਾਬ ਲਾ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੀਮਤ ਖ਼ਰੀਦਾਰ ਨੂੰ ਅਦਾ ਕਰੇ।
53 ਉਹ ਸਾਲ-ਦਰ-ਸਾਲ ਆਪਣੇ ਖ਼ਰੀਦਾਰ ਕੋਲ ਇਕ ਮਜ਼ਦੂਰ ਦੇ ਤੌਰ ਤੇ ਕੰਮ ਕਰੇਗਾ; ਅਤੇ ਤੂੰ ਧਿਆਨ ਰੱਖੀਂ ਕਿ ਉਹ ਉਸ ਨਾਲ ਬੇਰਹਿਮੀ ਭਰਿਆ ਸਲੂਕ ਨਾ ਕਰੇ।+
54 ਪਰ ਜੇ ਉਹ ਇਨ੍ਹਾਂ ਸ਼ਰਤਾਂ ਮੁਤਾਬਕ ਕੀਮਤ ਦੇ ਕੇ ਆਪਣੇ ਆਪ ਨੂੰ ਛੁਡਾ ਨਹੀਂ ਸਕਦਾ, ਤਾਂ ਉਹ ਅਤੇ ਉਸ ਦੇ ਬੱਚੇ* ਆਜ਼ਾਦੀ ਦੇ ਸਾਲ ਵਿਚ ਆਜ਼ਾਦ ਹੋ ਜਾਣਗੇ।+
55 “‘ਇਜ਼ਰਾਈਲੀ ਮੇਰੇ ਆਪਣੇ ਗ਼ੁਲਾਮ ਹਨ, ਹਾਂ, ਉਹ ਮੇਰੇ ਗ਼ੁਲਾਮ ਹਨ ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ ਹਾਂ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।