ਵਿਰਲਾਪ 2:1-22

  • ਯਰੂਸ਼ਲਮ ’ਤੇ ਯਹੋਵਾਹ ਦਾ ਗੁੱਸਾ ਵਰ੍ਹਿਆ

    • ਉਸ ’ਤੇ ਤਰਸ ਨਹੀਂ ਕੀਤਾ ਗਿਆ (2)

    • ਯਹੋਵਾਹ ਉਸ ਨਾਲ ਦੁਸ਼ਮਣ ਵਾਂਗ ਪੇਸ਼ ਆਇਆ (5)

    • ਸੀਓਨ ਲਈ ਰੋਣਾ-ਕੁਰਲਾਉਣਾ (11-13)

    • ਰਾਹੀਆਂ ਨੇ ਇਸ ਖ਼ੂਬਸੂਰਤ ਸ਼ਹਿਰ ਦਾ ਮਜ਼ਾਕ ਉਡਾਇਆ (15)

    • ਦੁਸ਼ਮਣ ਸੀਓਨ ਦੀ ਬਰਬਾਦੀ ’ਤੇ ਖ਼ੁਸ਼ ਹੋਏ (17)

א [ਅਲਫ਼] 2  ਹਾਇ! ਯਹੋਵਾਹ ਨੇ ਸੀਓਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢਕ ਲਿਆ ਹੈ। ਉਸ ਨੇ ਇਜ਼ਰਾਈਲ ਦੀ ਖ਼ੂਬਸੂਰਤੀ ਨੂੰ ਆਕਾਸ਼ ਤੋਂ ਧਰਤੀ ’ਤੇ ਸੁੱਟ ਦਿੱਤਾ ਹੈ।+ ਉਸ ਨੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰ ਰੱਖਣ ਦੀ ਚੌਂਕੀ ਨੂੰ ਯਾਦ ਨਹੀਂ ਰੱਖਿਆ।+ ב [ਬੇਥ]   ਯਹੋਵਾਹ ਨੇ ਬਿਨਾਂ ਤਰਸ ਖਾਧਿਆਂ ਯਾਕੂਬ ਦੇ ਸਾਰੇ ਬਸੇਰਿਆਂ ਨੂੰ ਉਜਾੜ ਦਿੱਤਾ ਹੈ। ਉਸ ਨੇ ਗੁੱਸੇ ਵਿਚ ਯਹੂਦਾਹ ਦੀ ਧੀ ਦੀਆਂ ਕਿਲੇਬੰਦ ਥਾਵਾਂ ਨੂੰ ਢਾਹ ਦਿੱਤਾ ਹੈ।+ ਉਸ ਨੇ ਉਸ ਦੇ ਰਾਜ ਅਤੇ ਹਾਕਮਾਂ ਨੂੰ ਮਿੱਟੀ ਵਿਚ ਮਿਲਾ ਕੇ ਬੇਇੱਜ਼ਤ ਕੀਤਾ ਹੈ।+ ג [ਗਿਮਲ]   ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।* ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+ ਉਸ ਦਾ ਗੁੱਸਾ ਯਾਕੂਬ ’ਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+ ד [ਦਾਲਥ]   ਉਸ ਨੇ ਦੁਸ਼ਮਣ ਵਾਂਗ ਆਪਣੀ ਕਮਾਨ ਕੱਸੀ ਹੈ; ਉਸ ਨੇ ਵੈਰੀ ਵਾਂਗ ਆਪਣਾ ਸੱਜਾ ਹੱਥ ਚੁੱਕਿਆ ਹੈ;+ਉਹ ਉਨ੍ਹਾਂ ਸਾਰਿਆਂ ਨੂੰ ਜਾਨੋਂ ਮਾਰਦਾ ਰਿਹਾ ਜਿਹੜੇ ਸਾਡੀਆਂ ਨਜ਼ਰਾਂ ਵਿਚ ਅਨਮੋਲ ਸਨ।+ ਉਸ ਨੇ ਸੀਓਨ ਦੀ ਧੀ ਦੇ ਤੰਬੂ ’ਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ה [ਹੇ]   ਯਹੋਵਾਹ ਸਾਡੇ ਨਾਲ ਇਕ ਦੁਸ਼ਮਣ ਵਾਂਗ ਪੇਸ਼ ਆਇਆ ਹੈ;+ਉਸ ਨੇ ਇਜ਼ਰਾਈਲ ਨੂੰ ਨਿਗਲ਼ ਲਿਆ ਹੈ। ਉਸ ਨੇ ਉਸ ਦੇ ਸਾਰੇ ਬੁਰਜ ਨਿਗਲ਼ ਲਏ ਹਨ;ਉਸ ਨੇ ਉਸ ਦੀਆਂ ਸਾਰੀਆਂ ਕਿਲੇਬੰਦ ਥਾਵਾਂ ਨਾਸ਼ ਕਰ ਦਿੱਤੀਆਂ ਹਨ। ਉਸ ਨੇ ਯਹੂਦਾਹ ਦੀ ਧੀ ਦੇ ਮਾਤਮ ਅਤੇ ਵਿਰਲਾਪ ਨੂੰ ਹੋਰ ਵਧਾ ਦਿੱਤਾ ਹੈ। ו [ਵਾਉ]   ਉਸ ਨੇ ਆਪਣੇ ਡੇਰੇ ਨੂੰ ਬਾਗ਼ ਵਿਚ ਇਕ ਛੱਪਰ ਵਾਂਗ ਢਾਹ ਦਿੱਤਾ ਹੈ।+ ਉਸ ਨੇ ਆਪਣੇ ਸਾਰੇ ਤਿਉਹਾਰਾਂ ਨੂੰ ਖ਼ਤਮ ਕਰ ਦਿੱਤਾ ਹੈ।+ ਯਹੋਵਾਹ ਨੇ ਸੀਓਨ ਵਿੱਚੋਂ ਤਿਉਹਾਰਾਂ ਅਤੇ ਸਬਤਾਂ ਦੀ ਯਾਦ ਮਿਟਾ ਦਿੱਤੀ ਹੈਅਤੇ ਉਸ ਨੇ ਡਾਢੇ ਗੁੱਸੇ ਵਿਚ ਆ ਕੇ ਰਾਜੇ ਅਤੇ ਪੁਜਾਰੀ ਦਾ ਕੋਈ ਲਿਹਾਜ਼ ਨਹੀਂ ਕੀਤਾ।+ ז [ਜ਼ਾਇਨ]   ਯਹੋਵਾਹ ਨੇ ਆਪਣੀ ਵੇਦੀ ਨੂੰ ਤਿਆਗ ਦਿੱਤਾ ਹੈ;ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਠੁਕਰਾ ਦਿੱਤਾ ਹੈ।+ ਉਸ ਨੇ ਉਸ ਦੇ ਪੱਕੇ ਬੁਰਜਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥ ਵਿਚ ਕਰ ਦਿੱਤਾ ਹੈ।+ ਉਨ੍ਹਾਂ ਨੇ ਯਹੋਵਾਹ ਦੇ ਘਰ ਵਿਚ ਰੌਲ਼ਾ-ਰੱਪਾ ਪਾਇਆ+ ਜਿਵੇਂ ਤਿਉਹਾਰ ਵੇਲੇ ਪੈਂਦਾ ਹੈ। ח[ਹੇਥ]   ਯਹੋਵਾਹ ਨੇ ਠਾਣ ਲਿਆ ਹੈ ਕਿ ਉਹ ਸੀਓਨ ਦੀ ਧੀ ਦੀ ਕੰਧ ਨੂੰ ਨਾਸ਼ ਕਰੇਗਾ।+ ਉਸ ਨੇ ਸ਼ਹਿਰ ਨੂੰ ਰੱਸੀ ਨਾਲ ਮਿਣਿਆ ਹੈ।+ ਉਸ ਨੇ ਤਬਾਹੀ ਮਚਾਉਣ ਤੋਂ ਆਪਣਾ ਹੱਥ ਨਹੀਂ ਰੋਕਿਆ ਹੈ। ਉਸ ਨੇ ਕੰਧ ਅਤੇ ਇਸ ਦੀ ਸੁਰੱਖਿਆ ਦੀ ਢਲਾਣ ਨੂੰ ਸੋਗ ਮਨਾਉਣ ਲਈ ਛੱਡ ਦਿੱਤਾ ਹੈ। ਉਹ ਕਮਜ਼ੋਰ ਹੋ ਗਏ ਹਨ। ט [ਟੇਥ]   ਉਸ ਦੇ ਦਰਵਾਜ਼ੇ ਜ਼ਮੀਨ ਵਿਚ ਧਸ ਗਏ ਹਨ।+ ਉਸ ਨੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਤੋੜ ਕੇ ਚਕਨਾਚੂਰ ਕਰ ਦਿੱਤਾ ਹੈ। ਉਸ ਦੇ ਰਾਜੇ ਅਤੇ ਹਾਕਮ ਬੰਦੀ ਬਣਾ ਕੇ ਕੌਮਾਂ ਵਿਚ ਲਿਜਾਏ ਗਏ ਹਨ।+ ਕੋਈ ਕਾਨੂੰਨ* ਮੁਤਾਬਕ ਨਹੀਂ ਚੱਲਦਾ; ਯਹੋਵਾਹ ਉਸ ਦੇ ਨਬੀਆਂ ਨੂੰ ਕੋਈ ਦਰਸ਼ਣ ਨਹੀਂ ਦਿਖਾਉਂਦਾ।+ י [ਯੋਧ] 10  ਸੀਓਨ ਦੀ ਧੀ ਦੇ ਬਜ਼ੁਰਗ ਜ਼ਮੀਨ ’ਤੇ ਚੁੱਪ-ਚਾਪ ਬੈਠੇ ਹਨ।+ ਉਹ ਆਪਣੇ ਸਿਰਾਂ ’ਤੇ ਮਿੱਟੀ ਪਾਉਂਦੇ ਹਨ ਅਤੇ ਤੱਪੜ ਪਾਉਂਦੇ ਹਨ।+ ਯਰੂਸ਼ਲਮ ਦੀਆਂ ਕੁਆਰੀਆਂ ਆਪਣੇ ਸਿਰ ਜ਼ਮੀਨ ਨਾਲ ਲਾ ਕੇ ਬੈਠੀਆਂ ਹਨ। כ [ਕਾਫ਼] 11  ਰੋ-ਰੋ ਕੇ ਮੇਰੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਹੈ।+ ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਚੀਰਿਆ ਗਿਆ ਹੈ* ਕਿਉਂਕਿ ਮੇਰੇ ਲੋਕਾਂ ਦੀ ਧੀ* ਬਰਬਾਦ ਹੋ ਗਈ ਹੈ+ਅਤੇ ਸ਼ਹਿਰ ਦੇ ਚੌਂਕਾਂ ਵਿਚ ਬੱਚੇ ਅਤੇ ਦੁੱਧ ਚੁੰਘਦੇ ਨਿਆਣੇ ਬੇਹੋਸ਼ ਹੋ ਕੇ ਡਿਗ ਰਹੇ ਹਨ।+ ל [ਲਾਮਦ] 12  ਉਹ ਸ਼ਹਿਰ ਦੇ ਚੌਂਕਾਂ ਵਿਚ ਜ਼ਖ਼ਮੀਆਂ ਵਾਂਗ ਬੇਹੋਸ਼ ਹੋ ਕੇ ਡਿਗਦੇ ਹਨਅਤੇ ਆਪਣੀਆਂ ਮਾਵਾਂ ਦੀਆਂ ਬਾਹਾਂ ਵਿਚ ਦਮ ਤੋੜਦੇ ਹੋਏ ਕਹਿੰਦੇ ਹਨ,“ਮਾਂ, ਮੈਂ ਭੁੱਖਾ ਅਤੇ ਪਿਆਸਾ ਹਾਂ।”*+ מ [ਮੀਮ] 13  ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕਿਹਦੀ ਮਿਸਾਲ ਦਿਆਂ? ਜਾਂ ਮੈਂ ਤੇਰੀ ਤੁਲਨਾ ਕਿਹਦੇ ਨਾਲ ਕਰਾਂ? ਹੇ ਸੀਓਨ ਦੀਏ ਕੁਆਰੀਏ ਧੀਏ, ਮੈਂ ਤੈਨੂੰ ਦਿਲਾਸਾ ਦੇਣ ਲਈ ਕਿਹਦੇ ਵਰਗੀ ਦੱਸਾਂ? ਤੇਰੀ ਤਬਾਹੀ ਸਮੁੰਦਰ ਵਾਂਗ ਵਿਸ਼ਾਲ ਹੈ।+ ਤੈਨੂੰ ਕੌਣ ਚੰਗਾ ਕਰ ਸਕਦਾ ਹੈ?+ נ [ਨੂਣ] 14  ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਅਤੇ ਵਿਅਰਥ ਦਰਸ਼ਣ ਦੇਖੇ।+ ਉਨ੍ਹਾਂ ਨੇ ਤੇਰੇ ਅਪਰਾਧਾਂ ਦਾ ਪਰਦਾਫ਼ਾਸ਼ ਨਹੀਂ ਕੀਤਾ, ਵਰਨਾ ਤੂੰ ਗ਼ੁਲਾਮੀ ਤੋਂ ਬਚ ਜਾਂਦੀ,+ਪਰ ਉਹ ਤੈਨੂੰ ਗੁਮਰਾਹ ਕਰਨ ਲਈ ਝੂਠੇ ਦਰਸ਼ਣ ਦੱਸਦੇ ਰਹੇ।+ ס [ਸਾਮਕ] 15  ਤੇਰੇ ਕੋਲੋਂ ਦੀ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਂਦੇ ਹੋਏ ਤਾੜੀਆਂ ਵਜਾਉਂਦੇ ਹਨ।+ ਉਹ ਯਰੂਸ਼ਲਮ ਦੀ ਧੀ ਨੂੰ ਦੇਖ ਕੇ ਹੈਰਾਨੀ ਨਾਲ ਸੀਟੀ ਵਜਾਉਂਦੇ* ਹਨ+ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ: “ਕੀ ਇਹ ਉਹੀ ਸ਼ਹਿਰ ਹੈ ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ, ‘ਇਸ ਦੀ ਖ਼ੂਬਸੂਰਤੀ ਬੇਮਿਸਾਲ ਹੈ, ਇਹ ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ’?”+ פ [ਪੇ] 16  ਤੇਰੇ ਸਾਰੇ ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ। ਉਹ ਸੀਟੀ ਵਜਾਉਂਦੇ ਹਨ ਅਤੇ ਗੁੱਸੇ ਵਿਚ ਦੰਦ ਪੀਂਹਦੇ ਹੋਏ ਕਹਿੰਦੇ ਹਨ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।+ ਅਸੀਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ!+ ਇਹ ਦਿਨ ਆ ਗਿਆ ਹੈ ਅਤੇ ਅਸੀਂ ਇਹ ਦਿਨ ਦੇਖ ਲਿਆ ਹੈ!”+ ע [ਆਇਨ] 17  ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਠਾਣਿਆ ਸੀ;+ਉਸ ਨੇ ਆਪਣੀ ਗੱਲ ਪੂਰੀ ਕੀਤੀ+ ਜਿਸ ਦਾ ਉਸ ਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ।+ ਉਸ ਨੇ ਤੈਨੂੰ ਬਿਨਾਂ ਤਰਸ ਖਾਧਿਆਂ ਢਾਹ ਦਿੱਤਾ।+ ਉਸ ਨੇ ਦੁਸ਼ਮਣਾਂ ਨੂੰ ਤੇਰੀ ਹਾਰ ’ਤੇ ਖ਼ੁਸ਼ ਹੋਣ ਦਿੱਤਾ; ਉਸ ਨੇ ਤੇਰੇ ਦੁਸ਼ਮਣਾਂ ਦੀ ਤਾਕਤ ਨੂੰ ਵਧਾਇਆ ਹੈ।* צ [ਸਾਦੇ] 18  ਹੇ ਸੀਯੋਨ ਦੀ ਧੀ ਦੀ ਕੰਧ, ਸੁਣ, ਲੋਕਾਂ ਦੇ ਦਿਲ ਯਹੋਵਾਹ ਨੂੰ ਪੁਕਾਰਦੇ ਹਨ। ਤੂੰ ਆਪਣੇ ਹੰਝੂਆਂ ਨੂੰ ਰਾਤ-ਦਿਨ ਦਰਿਆ ਵਾਂਗ ਵਗਣ ਦੇ। ਤੂੰ ਆਰਾਮ ਨਾ ਕਰ ਅਤੇ ਤੇਰੀਆਂ ਅੱਖਾਂ* ਤੋਂ ਹੰਝੂ ਨਾ ਰੁਕਣ। ק [ਕੋਫ਼] 19  ਉੱਠ! ਰਾਤ ਦਾ ਹਰ ਪਹਿਰ ਸ਼ੁਰੂ ਹੋਣ ਤੇ ਰੋ, ਹਾਂ, ਸਾਰੀ-ਸਾਰੀ ਰਾਤ ਰੋ। ਯਹੋਵਾਹ ਦੇ ਸਾਮ੍ਹਣੇ ਆਪਣਾ ਦਿਲ ਪਾਣੀ ਵਾਂਗ ਡੋਲ੍ਹ ਦੇ। ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਉਸ ਅੱਗੇ ਹੱਥ ਫੈਲਾਜੋ ਗਲੀਆਂ ਵਿਚ ਭੁੱਖ ਦੇ ਮਾਰੇ ਬੇਹੋਸ਼ ਹੋ ਕੇ ਡਿਗ ਰਹੇ ਹਨ।+ ר [ਰੇਸ਼] 20  ਹੇ ਯਹੋਵਾਹ, ਆਪਣੇ ਲੋਕਾਂ ’ਤੇ ਧਿਆਨ ਦੇ ਜਿਨ੍ਹਾਂ ਨਾਲ ਤੂੰ ਇੰਨੀ ਸਖ਼ਤੀ ਨਾਲ ਪੇਸ਼ ਆਇਆਂ ਹੈਂ। ਕੀ ਔਰਤਾਂ ਆਪਣੇ ਕੁੱਖ ਦੇ ਫਲ* ਨੂੰ, ਹਾਂ, ਆਪਣੇ ਸਿਹਤਮੰਦ ਬੱਚਿਆਂ ਨੂੰ ਖਾਂਦੀਆਂ ਰਹਿਣ?+ ਕੀ ਯਹੋਵਾਹ ਦੇ ਪਵਿੱਤਰ ਸਥਾਨ ਵਿਚ ਪੁਜਾਰੀ ਅਤੇ ਨਬੀ ਜਾਨੋਂ ਮਾਰੇ ਜਾਣ?+ ש [ਸ਼ੀਨ] 21  ਜਵਾਨ ਅਤੇ ਬੁੱਢੇ ਗਲੀਆਂ ਵਿਚ ਜ਼ਮੀਨ ’ਤੇ ਮਰੇ ਪਏ ਹਨ।+ ਮੇਰੀਆਂ ਕੁਆਰੀਆਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਹਨ।+ ਤੂੰ ਆਪਣੇ ਕ੍ਰੋਧ ਦੇ ਦਿਨ ਉਨ੍ਹਾਂ ਨੂੰ ਮਾਰ ਸੁੱਟਿਆ ਹੈ; ਤੂੰ ਉਨ੍ਹਾਂ ਨੂੰ ਵੱਢ ਸੁੱਟਿਆ ਹੈ। ਤੂੰ ਉਨ੍ਹਾਂ ’ਤੇ ਬਿਲਕੁਲ ਤਰਸ ਨਹੀਂ ਖਾਧਾ।+ ת [ਤਾਉ] 22  ਤੂੰ ਹਰ ਦਿਸ਼ਾ ਤੋਂ ਦਹਿਸ਼ਤ ਨੂੰ ਸੱਦਿਆ, ਜਿਵੇਂ ਤਿਉਹਾਰ ’ਤੇ ਲੋਕਾਂ ਨੂੰ ਸੱਦਿਆ ਜਾਂਦਾ ਹੈ।+ ਯਹੋਵਾਹ ਦੇ ਕ੍ਰੋਧ ਦੇ ਦਿਨ ਕੋਈ ਨਹੀਂ ਬਚਿਆ ਅਤੇ ਨਾ ਹੀ ਕੋਈ ਜੀਉਂਦਾ ਰਿਹਾ+ਜਿਨ੍ਹਾਂ ਨੂੰ ਮੈਂ ਜੰਮਿਆ ਅਤੇ ਪਾਲ਼ਿਆ-ਪੋਸਿਆ, ਉਨ੍ਹਾਂ ਨੂੰ ਮੇਰੇ ਦੁਸ਼ਮਣ ਨੇ ਮਿਟਾ ਦਿੱਤਾ।+

ਫੁਟਨੋਟ

ਜਾਂ, “ਸਾਰੀ ਤਾਕਤ ਖ਼ਤਮ ਕਰ ਦਿੱਤੀ।”
ਜਾਂ, “ਸਿੱਖਿਆ।”
ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।
ਇਬ, “ਮੇਰਾ ਕਲੇਜਾ ਬਾਹਰ ਜ਼ਮੀਨ ’ਤੇ ਡਿਗ ਪਿਆ ਹੈ।”
ਇਬ, “ਮੇਰੀਆਂ ਆਂਦਰਾਂ ਵਿਚ।”
ਇਬ, “ਅਨਾਜ ਅਤੇ ਦਾਖਰਸ ਕਿੱਥੇ ਹੈ?”
ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।
ਇਬ, “ਸਿੰਗ ਉੱਚਾ ਕੀਤਾ ਹੈ।”
ਇਬ, “ਤੇਰੀ ਅੱਖ ਦੀ ਧੀ।”
ਜਾਂ, “ਦੀ ਔਲਾਦ।”