ਵਿਰਲਾਪ 4:1-22

  • ਯਰੂਸ਼ਲਮ ਦੀ ਘੇਰਾਬੰਦੀ ਦਾ ਭਿਆਨਕ ਅਸਰ

    • ਭੋਜਨ ਦੀ ਕਮੀ (4, 5, 9)

    • ਮਾਵਾਂ ਨੇ ਆਪਣੇ ਬੱਚਿਆਂ ਨੂੰ ਰਿੰਨ੍ਹਿਆ (10)

    • ਯਹੋਵਾਹ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ (11)

א [ਅਲਫ਼] 4  ਹਾਇ! ਸੋਨੇ ਦੀ ਚਮਕ, ਹਾਂ, ਖਾਲਸ ਸੋਨੇ ਦੀ ਚਮਕ ਫਿੱਕੀ ਪੈ ਗਈ ਹੈ।+ ਹਾਇ! ਪਵਿੱਤਰ ਸਥਾਨ ਦੇ ਪੱਥਰ+ ਗਲੀਆਂ ਵਿਚ ਖਿਲਰੇ ਪਏ ਹਨ।+ ב [ਬੇਥ]   ਸੀਓਨ ਦੇ ਇੱਜ਼ਤਦਾਰ ਪੁੱਤਰਾਂ ਨੂੰ ਖਾਲਸ ਸੋਨੇ ਨਾਲ ਤੋਲਿਆ ਜਾਂਦਾ ਸੀ,*ਪਰ ਹੁਣ ਉਨ੍ਹਾਂ ਦੀ ਕੀਮਤ ਮਿੱਟੀ ਦੇ ਭਾਂਡਿਆਂ ਜਿੰਨੀ ਰਹਿ ਗਈ ਹੈਜੋ ਘੁਮਿਆਰ ਆਪਣੇ ਹੱਥਾਂ ਨਾਲ ਬਣਾਉਂਦਾ ਹੈ। ג [ਗਿਮਲ]   ਗਿਦੜੀਆਂ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ,ਪਰ ਮੇਰੇ ਲੋਕਾਂ ਦੀ ਧੀ ਉਜਾੜ ਦੇ ਸ਼ੁਤਰਮੁਰਗਾਂ ਵਾਂਗ ਬੇਰਹਿਮ ਬਣ ਗਈ ਹੈ।+ ד [ਦਾਲਥ]   ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਕਾਰਨ ਤਾਲੂ ਨਾਲ ਚਿੰਬੜ ਗਈ ਹੈ। ਬੱਚੇ ਰੋਟੀ ਮੰਗਦੇ ਹਨ,+ ਪਰ ਉਨ੍ਹਾਂ ਨੂੰ ਕੋਈ ਰੋਟੀ ਨਹੀਂ ਦਿੰਦਾ।+ ה [ਹੇ]   ਜਿਹੜੇ ਲੋਕ ਪਕਵਾਨ ਖਾਂਦੇ ਸਨ, ਹੁਣ ਉਹ ਗਲੀਆਂ ਵਿਚ ਭੁੱਖੇ ਮਰਦੇ ਹਨ।+ ਜਿਹੜੇ ਬਚਪਨ ਤੋਂ ਮਹਿੰਗੇ-ਮਹਿੰਗੇ* ਕੱਪੜੇ ਪਾਉਂਦੇ ਸਨ,+ ਹੁਣ ਉਹ ਸੁਆਹ ਵਿਚ ਲੇਟਦੇ ਹਨ। ו [ਵਾਉ]   ਮੇਰੇ ਲੋਕਾਂ ਦੀ ਧੀ ਦੀ ਸਜ਼ਾ ਸਦੂਮ ਦੇ ਪਾਪ ਦੀ ਸਜ਼ਾ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੈ+ਜਿਸ ਨੂੰ ਪਲ ਵਿਚ ਹੀ ਮਿਟਾ ਦਿੱਤਾ ਗਿਆ ਅਤੇ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।+ ז [ਜ਼ਾਇਨ]   ਉਸ ਦੇ ਨਜ਼ੀਰ+ ਬਰਫ਼ ਨਾਲੋਂ ਵੀ ਸਾਫ਼ ਅਤੇ ਦੁੱਧ ਨਾਲੋਂ ਵੀ ਚਿੱਟੇ ਸਨ। ਉਹ ਮੂੰਗਿਆਂ ਨਾਲੋਂ ਵੀ ਲਾਲ ਸਨ; ਉਹ ਲਿਸ਼ਕਦੇ ਨੀਲਮ ਵਰਗੇ ਸਨ। ח [ਹੇਥ]   ਹੁਣ ਉਹ ਕਾਲਖ ਨਾਲੋਂ ਵੀ ਕਾਲੇ ਹੋ ਗਏ ਹਨ;ਉਹ ਗਲੀਆਂ ਵਿਚ ਪਛਾਣੇ ਨਹੀਂ ਜਾਂਦੇ। ਉਨ੍ਹਾਂ ਦੀ ਚਮੜੀ ਸੁੰਗੜ ਕੇ ਹੱਡੀਆਂ ਨਾਲ ਚਿੰਬੜ ਗਈ ਹੈ;+ ਉਹ ਸੁੱਕੀ ਲੱਕੜ ਵਾਂਗ ਹੋ ਗਈ ਹੈ। ט [ਟੇਥ]   ਤਲਵਾਰ ਨਾਲ ਮਾਰੇ ਗਏ ਲੋਕ ਉਨ੍ਹਾਂ ਲੋਕਾਂ ਨਾਲੋਂ ਚੰਗੇ ਹਨ ਜਿਹੜੇ ਕਾਲ਼ ਨਾਲ ਮਾਰੇ ਗਏ,+ਹਾਂ, ਜਿਹੜੇ ਭੁੱਖ ਦੇ ਵਾਰ ਨਾਲ ਹੌਲੀ-ਹੌਲੀ ਮਰਦੇ ਹਨ। י [ਯੋਧ] 10  ਪਿਆਰ ਕਰਨ ਵਾਲੀਆਂ ਮਾਵਾਂ ਨੇ ਆਪਣੇ ਹੱਥੀਂ ਆਪਣੇ ਹੀ ਬੱਚਿਆਂ ਨੂੰ ਰਿੰਨ੍ਹਿਆ।+ ਮੇਰੇ ਲੋਕਾਂ ਦੀ ਧੀ ਦੀ ਤਬਾਹੀ ਵੇਲੇ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਭੋਜਨ ਬਣੇ।*+ כ [ਕਾਫ਼] 11  ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ। ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+ ל [ਲਾਮਦ] 12  ਧਰਤੀ ਦੇ ਰਾਜਿਆਂ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਵਿਸ਼ਵਾਸ ਨਹੀਂ ਸੀਕਿ ਵਿਰੋਧੀ ਅਤੇ ਦੁਸ਼ਮਣ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਵੜ ਜਾਣਗੇ।+ מ [ਮੀਮ] 13  ਇਹ ਸਭ ਉਸ ਦੇ ਨਬੀਆਂ ਦੇ ਪਾਪਾਂ ਅਤੇ ਉਸ ਦੇ ਪੁਜਾਰੀਆਂ ਦੀਆਂ ਗ਼ਲਤੀਆਂ ਕਾਰਨ ਹੋਇਆ,+ਜਿਨ੍ਹਾਂ ਨੇ ਉਸ ਦੇ ਵਿਚਕਾਰ ਧਰਮੀ ਲੋਕਾਂ ਦਾ ਖ਼ੂਨ ਵਹਾਇਆ ਸੀ।+ נ [ਨੂਣ] 14  ਉਹ ਗਲੀਆਂ ਵਿਚ ਅੰਨ੍ਹਿਆਂ ਵਾਂਗ ਭਟਕਦੇ ਹਨ।+ ਉਹ ਖ਼ੂਨ ਨਾਲ ਭ੍ਰਿਸ਼ਟ ਹੋ ਗਏ ਹਨ+ਜਿਸ ਕਰਕੇ ਕੋਈ ਵੀ ਉਨ੍ਹਾਂ ਦੇ ਕੱਪੜਿਆਂ ਨੂੰ ਛੂਹ ਨਹੀਂ ਸਕਦਾ। ס [ਸਾਮਕ] 15  “ਅਸ਼ੁੱਧ ਲੋਕੋ, ਦੂਰ ਰਹੋ!” ਉਹ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਕਹਿੰਦੇ ਹਨ, “ਦੂਰ ਰਹੋ! ਦੂਰ ਰਹੋ! ਸਾਨੂੰ ਹੱਥ ਨਾ ਲਾਓ!” ਉਹ ਘਰੋਂ ਬੇਘਰ ਹੋ ਗਏ ਹਨ ਅਤੇ ਭਟਕਦੇ ਫਿਰਦੇ ਹਨ। ਕੌਮਾਂ ਦੇ ਲੋਕ ਕਹਿੰਦੇ ਹਨ: “ਉਹ ਇੱਥੇ ਸਾਡੇ ਵਿਚ* ਨਹੀਂ ਰਹਿ ਸਕਦੇ।+ פ [ਪੇ] 16  ਯਹੋਵਾਹ ਨੇ ਆਪ ਉਨ੍ਹਾਂ ਨੂੰ ਖਿੰਡਾ ਦਿੱਤਾ ਹੈ;+ਉਹ ਹੁਣ ਕਦੇ ਉਨ੍ਹਾਂ ’ਤੇ ਮਿਹਰ ਨਹੀਂ ਕਰੇਗਾ। ਲੋਕ ਪੁਜਾਰੀਆਂ ਦੀ ਇੱਜ਼ਤ+ ਅਤੇ ਬਜ਼ੁਰਗਾਂ ਦਾ ਲਿਹਾਜ਼ ਨਹੀਂ ਕਰਨਗੇ।”+ ע [ਆਇਨ] 17  ਸਾਡੀਆਂ ਅੱਖਾਂ ਅਜੇ ਵੀ ਮਦਦ ਦੀ ਉਡੀਕ ਕਰ-ਕਰ ਕੇ ਥੱਕੀਆਂ ਹੋਈਆਂ ਹਨ।+ ਅਸੀਂ ਮਦਦ ਲਈ ਇਕ ਅਜਿਹੀ ਕੌਮ ਵੱਲ ਤੱਕਦੇ ਰਹੇ ਜੋ ਸਾਨੂੰ ਬਚਾ ਨਹੀਂ ਸਕਦੀ ਸੀ।+ צ [ਸਾਦੇ] 18  ਉਨ੍ਹਾਂ ਨੇ ਕਦਮ-ਕਦਮ ’ਤੇ ਸਾਨੂੰ ਆਪਣਾ ਸ਼ਿਕਾਰ ਬਣਾਇਆ+ ਜਿਸ ਕਰਕੇ ਅਸੀਂ ਚੌਂਕਾਂ ਵਿਚ ਤੁਰ-ਫਿਰ ਨਹੀਂ ਸਕਦੇ ਸੀ। ਸਾਡਾ ਅੰਤ ਨੇੜੇ ਆ ਗਿਆ ਹੈ; ਸਾਡੀ ਜ਼ਿੰਦਗੀ ਦੇ ਦਿਨ ਪੂਰੇ ਹੋ ਗਏ ਹਨ ਕਿਉਂਕਿ ਸਾਡਾ ਅੰਤ ਆ ਗਿਆ ਹੈ। ק[ਕੋਫ਼] 19  ਸਾਡਾ ਪਿੱਛਾ ਕਰਨ ਵਾਲੇ ਆਦਮੀ ਆਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ।+ ਉਨ੍ਹਾਂ ਨੇ ਪਹਾੜਾਂ ’ਤੇ ਸਾਡਾ ਪਿੱਛਾ ਕੀਤਾ; ਉਨ੍ਹਾਂ ਨੇ ਉਜਾੜ ਵਿਚ ਘਾਤ ਲਾ ਕੇ ਸਾਡੇ ’ਤੇ ਹਮਲਾ ਕੀਤਾ। ר [ਰੇਸ਼] 20  ਉਨ੍ਹਾਂ ਨੇ ਸਾਡੇ ਜੀਵਨ ਦੇ ਸਾਹ ਨੂੰ, ਹਾਂ, ਯਹੋਵਾਹ ਦੇ ਚੁਣੇ ਹੋਏ ਨੂੰ+ ਆਪਣੇ ਵੱਡੇ ਟੋਏ ਵਿਚ ਕੈਦ ਕਰ ਲਿਆ ਹੈ,+ਜਿਸ ਬਾਰੇ ਅਸੀਂ ਕਹਿੰਦੇ ਸੀ: “ਅਸੀਂ ਕੌਮਾਂ ਵਿਚ ਉਸ ਦੀ ਛਾਂ ਹੇਠਾਂ ਜੀਉਂਦੇ ਰਹਾਂਗੇ।” ש [ਸਿਨ] 21  ਹੇ ਅਦੋਮ ਦੀਏ ਧੀਏ, ਤੂੰ ਊਸ ਦੇਸ਼ ਵਿਚ ਰਹਿੰਦੇ ਹੋਏ ਖ਼ੁਸ਼ੀਆਂ ਮਨਾ।+ ਪਰ ਤੈਨੂੰ ਬਿਪਤਾ ਦਾ ਪਿਆਲਾ ਪਿਲਾਇਆ ਜਾਵੇਗਾ+ ਅਤੇ ਤੂੰ ਸ਼ਰਾਬੀ ਹੋਵੇਂਗੀ ਅਤੇ ਆਪਣਾ ਨੰਗੇਜ਼ ਦਿਖਾਏਂਗੀ।+ ת [ਤਾਉ] 22  ਹੇ ਸੀਯੋਨ ਦੀਏ ਧੀਏ, ਤੇਰੀ ਗ਼ਲਤੀ ਦੀ ਸਜ਼ਾ ਖ਼ਤਮ ਹੋ ਗਈ ਹੈ। ਉਹ ਤੈਨੂੰ ਦੁਬਾਰਾ ਗ਼ੁਲਾਮੀ ਵਿਚ ਨਹੀਂ ਭੇਜੇਗਾ।+ ਪਰ ਹੇ ਅਦੋਮ ਦੀਏ ਧੀਏ, ਉਹ ਤੇਰੀ ਗ਼ਲਤੀ ਵੱਲ ਧਿਆਨ ਦੇਵੇਗਾ। ਤੇਰੇ ਪਾਪਾਂ ਦਾ ਪਰਦਾਫ਼ਾਸ਼ ਕਰੇਗਾ।+

ਫੁਟਨੋਟ

ਜਾਂ, “ਇੱਜ਼ਤਦਾਰ ਪੁੱਤਰ ਖਾਲਸ ਸੋਨੇ ਵਾਂਗ ਬੇਸ਼ਕੀਮਤੀ ਸਨ।”
ਇਬ, “ਗੂੜ੍ਹੇ ਲਾਲ ਰੰਗ ਦੇ।”
ਜਾਂ, “ਉਨ੍ਹਾਂ ਲਈ ਸੋਗ ਦੀ ਰੋਟੀ ਬਣੇ।”
ਜਾਂ, “ਇੱਥੇ ਪਰਦੇਸੀਆਂ ਵਜੋਂ।”