ਵਿਰਲਾਪ 5:1-22
5 ਹੇ ਯਹੋਵਾਹ, ਯਾਦ ਕਰ ਕਿ ਸਾਡੇ ’ਤੇ ਕੀ ਬੀਤੀ ਹੈ।
ਦੇਖ! ਸਾਡੀ ਕਿੰਨੀ ਬੇਇੱਜ਼ਤੀ ਹੋਈ ਹੈ।+
2 ਸਾਡੀ ਵਿਰਾਸਤ ਅਜਨਬੀਆਂ ਦੇ ਹਵਾਲੇ ਅਤੇ ਸਾਡੇ ਘਰ ਵਿਦੇਸ਼ੀਆਂ ਦੇ ਹਵਾਲੇ ਕੀਤੇ ਗਏ ਹਨ।+
3 ਅਸੀਂ ਯਤੀਮ ਹੋ ਗਏ ਹਾਂ, ਸਾਡੇ ਪਿਤਾ ਨਹੀਂ ਰਹੇ; ਸਾਡੀਆਂ ਮਾਵਾਂ ਦਾ ਹਾਲ ਵਿਧਵਾਵਾਂ ਵਰਗਾ ਹੋ ਗਿਆ ਹੈ।+
4 ਸਾਨੂੰ ਆਪਣਾ ਹੀ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਹੈ+ ਅਤੇ ਸਾਨੂੰ ਆਪਣੀ ਹੀ ਲੱਕੜ ਖ਼ਰੀਦਣੀ ਪੈਂਦੀ ਹੈ।
5 ਸਾਡਾ ਪਿੱਛਾ ਕਰਨ ਵਾਲਿਆਂ ਦੇ ਹੱਥ ਸਾਡੀਆਂ ਧੌਣਾਂ ਤਕ ਪਹੁੰਚਣ ਹੀ ਵਾਲੇ ਹਨ;ਅਸੀਂ ਥੱਕ ਕੇ ਚੂਰ ਹੋ ਗਏ ਹਾਂ, ਪਰ ਸਾਨੂੰ ਜ਼ਰਾ ਵੀ ਆਰਾਮ ਨਹੀਂ ਕਰਨ ਦਿੱਤਾ ਜਾਂਦਾ।+
6 ਅਸੀਂ ਆਪਣੀ ਭੁੱਖ ਮਿਟਾਉਣ ਲਈ ਰੋਟੀ ਵਾਸਤੇ ਮਿਸਰ+ ਅਤੇ ਅੱਸ਼ੂਰ+ ਅੱਗੇ ਹੱਥ ਫੈਲਾਉਂਦੇ ਹਾਂ।
7 ਸਾਡੇ ਪਿਉ-ਦਾਦੇ ਨਹੀਂ ਰਹੇ ਜਿਨ੍ਹਾਂ ਨੇ ਪਾਪ ਕੀਤਾ ਸੀ, ਪਰ ਸਾਨੂੰ ਉਨ੍ਹਾਂ ਦੀਆਂ ਗ਼ਲਤੀਆਂ ਦਾ ਅੰਜਾਮ ਭੁਗਤਣਾ ਪੈਂਦਾ ਹੈ।
8 ਨੌਕਰ ਸਾਡੇ ’ਤੇ ਰਾਜ ਕਰਦੇ ਹਨ; ਸਾਨੂੰ ਉਨ੍ਹਾਂ ਦੇ ਹੱਥੋਂ ਬਚਾਉਣ ਵਾਲਾ ਕੋਈ ਨਹੀਂ ਹੈ।
9 ਅਸੀਂ ਆਪਣੀ ਜਾਨ ਤਲੀ ’ਤੇ ਰੱਖ ਕੇ ਰੋਟੀ ਲਿਆਉਂਦੇ ਹਾਂ+ ਕਿਉਂਕਿ ਉਜਾੜ ਵਿਚ ਲੋਕ ਤਲਵਾਰ ਲਈ ਘੁੰਮਦੇ ਹਨ।
10 ਭੁੱਖ ਨਾਲ ਢਿੱਡ ਵਿਚ ਪੀੜ ਹੋਣ ਕਰਕੇ ਸਾਡੀ ਚਮੜੀ ਭੱਠੀ ਵਾਂਗ ਤਪਦੀ ਹੈ।+
11 ਸੀਓਨ ਵਿਚ ਸਾਡੀਆਂ ਪਤਨੀਆਂ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਵਿਚ ਕੁਆਰੀਆਂ ਕੁੜੀਆਂ ਨੂੰ ਬੇਇੱਜ਼ਤ* ਕੀਤਾ ਗਿਆ ਹੈ।+
12 ਰੱਸੇ ਨਾਲ ਇਕ ਹੱਥ ਬੰਨ੍ਹ ਕੇ ਹਾਕਮਾਂ ਨੂੰ ਲਟਕਾਇਆ ਗਿਆ+ ਅਤੇ ਬਜ਼ੁਰਗਾਂ ਦਾ ਲਿਹਾਜ਼ ਨਹੀਂ ਕੀਤਾ ਗਿਆ।+
13 ਜਵਾਨ ਚੱਕੀਆਂ ਚੁੱਕਦੇ ਹਨ ਅਤੇ ਮੁੰਡੇ ਲੱਕੜਾਂ ਦੇ ਭਾਰ ਹੇਠ ਲੜਖੜਾਉਂਦੇ ਹਨ।
14 ਬਜ਼ੁਰਗ ਸ਼ਹਿਰ ਦੇ ਦਰਵਾਜ਼ਿਆਂ ਤੋਂ ਚਲੇ ਗਏ ਹਨ;+ ਜਵਾਨ ਮੁੰਡੇ ਸੰਗੀਤ ਨਹੀਂ ਵਜਾਉਂਦੇ।+
15 ਸਾਡੇ ਦਿਲਾਂ ਵਿਚ ਖ਼ੁਸ਼ੀ ਨਹੀਂ ਰਹੀ; ਸਾਡਾ ਨੱਚਣਾ ਸੋਗ ਵਿਚ ਬਦਲ ਗਿਆ ਹੈ।+
16 ਸਾਡੇ ਸਿਰ ਤੋਂ ਮੁਕਟ ਡਿਗ ਪਿਆ ਹੈ। ਲਾਹਨਤ ਹੈ ਸਾਡੇ ’ਤੇ ਕਿਉਂਕਿ ਅਸੀਂ ਪਾਪ ਕੀਤਾ ਹੈ!
17 ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਵਿਚ ਪੀੜ ਹੈ+ਅਤੇ ਸਾਡੀ ਨਜ਼ਰ ਕਮਜ਼ੋਰ ਹੋ ਗਈ ਹੈ।+
18 ਸੀਓਨ ਪਹਾੜ ਉੱਜੜ ਗਿਆ ਹੈ,+ ਹੁਣ ਉੱਥੇ ਲੂੰਬੜੀਆਂ ਘੁੰਮਦੀਆਂ ਹਨ।
19 ਹੇ ਯਹੋਵਾਹ, ਤੂੰ ਹਮੇਸ਼ਾ ਲਈ ਸਿੰਘਾਸਣ ’ਤੇ ਬਿਰਾਜਮਾਨ ਹੈਂ।
ਤੇਰਾ ਸਿੰਘਾਸਣ ਪੀੜੀਓ-ਪੀੜ੍ਹੀ ਕਾਇਮ ਰਹਿੰਦਾ ਹੈ।+
20 ਤੂੰ ਕਿਉਂ ਸਾਨੂੰ ਸਦਾ ਲਈ ਭੁੱਲ ਗਿਆ ਹੈਂ ਅਤੇ ਸਾਨੂੰ ਕਿਉਂ ਇੰਨੇ ਲੰਬੇ ਸਮੇਂ ਤੋਂ ਤਿਆਗਿਆ ਹੋਇਆ ਹੈ?+
21 ਹੇ ਯਹੋਵਾਹ, ਸਾਨੂੰ ਆਪਣੇ ਕੋਲ ਵਾਪਸ ਲੈ ਆ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਤੇਰੇ ਕੋਲ ਮੁੜ ਆਵਾਂਗੇ।+
ਸਾਡੇ ਪੁਰਾਣੇ ਖ਼ੁਸ਼ਹਾਲੀ ਦੇ ਦਿਨ ਵਾਪਸ ਲੈ ਆ।+
22 ਪਰ ਤੂੰ ਸਾਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ।
ਤੂੰ ਅਜੇ ਵੀ ਸਾਡੇ ਨਾਲ ਬਹੁਤ ਗੁੱਸੇ ਹੈਂ।+
ਫੁਟਨੋਟ
^ ਜਾਂ, “ਦਾ ਬਲਾਤਕਾਰ।”