ਸ੍ਰੇਸ਼ਟ ਗੀਤ 5:1-16
5 “ਮੇਰੀਏ ਪਿਆਰੀਏ, ਮੇਰੀਏ ਲਾੜੀਏ,ਮੈਂ ਆਪਣੇ ਬਾਗ਼ ਵਿਚ ਆ ਗਿਆ ਹਾਂ।+
ਮੈਂ ਆਪਣਾ ਗੰਧਰਸ ਅਤੇ ਆਪਣੀਆਂ ਸੁਗੰਧੀਆਂ ਲੈ ਲਈਆਂ ਹਨ।+
ਮੈਂ ਮਧੂ-ਮੱਖੀਆਂ ਦੇ ਛੱਤੇ ਸਣੇ ਆਪਣਾ ਸ਼ਹਿਦ ਖਾ ਲਿਆ ਹੈ;ਮੈਂ ਆਪਣਾ ਦਾਖਰਸ ਅਤੇ ਦੁੱਧ ਪੀ ਲਿਆ ਹੈ।”+
“ਹੇ ਪਿਆਰਿਓ, ਖਾਓ-ਪੀਓ!
ਆਪਣੇ ਪਿਆਰ ਦੇ ਇਜ਼ਹਾਰਾਂ ਨਾਲ ਮਦਹੋਸ਼ ਹੋ ਜਾਓ!”+
2 “ਮੈਂ ਸੁੱਤੀ ਹਾਂ, ਪਰ ਮੇਰਾ ਮਨ ਜਾਗਦਾ ਹੈ।+
ਮੇਰੇ ਮਹਿਬੂਬ ਦੇ ਬੂਹਾ ਖੜਕਾਉਣ ਦੀ ਆਵਾਜ਼ ਆ ਰਹੀ ਹੈ!
‘ਮੇਰੀ ਪਿਆਰੀ, ਮੇਰੀ ਜਾਨ,ਮੇਰੀਏ ਘੁੱਗੀਏ, ਮੇਰੀ ਬੇਦਾਗ਼ ਮਹਿਬੂਬਾ, ਦਰਵਾਜ਼ਾ ਖੋਲ੍ਹ!
ਮੇਰਾ ਸਿਰ ਤ੍ਰੇਲ ਨਾਲ ਭਿੱਜਿਆ ਪਿਆ ਹੈ,ਮੇਰੇ ਵਾਲ਼ਾਂ ਦੀਆਂ ਲਟਾਂ ਰਾਤ ਦੀ ਨਮੀ ਨਾਲ।’+
3 ਮੈਂ ਆਪਣਾ ਚੋਗਾ ਲਾਹ ਚੁੱਕੀ ਹਾਂ।
ਮੈਂ ਉਸ ਨੂੰ ਦੁਬਾਰਾ ਕਿਵੇਂ ਪਾਵਾਂ?
ਮੈਂ ਆਪਣੇ ਪੈਰ ਧੋ ਚੁੱਕੀ ਹਾਂ।
ਮੈਂ ਉਨ੍ਹਾਂ ਨੂੰ ਦੁਬਾਰਾ ਕਿਵੇਂ ਮੈਲ਼ੇ ਕਰਾਂ?
4 ਮੇਰੇ ਮਹਿਬੂਬ ਨੇ ਦਰਵਾਜ਼ੇ ਦੇ ਛੇਕ ਵਿੱਚੋਂ ਆਪਣਾ ਹੱਥ ਖਿੱਚ ਲਿਆਅਤੇ ਮੇਰਾ ਦਿਲ ਉਸ ਲਈ ਤੜਫ ਉੱਠਿਆ।
5 ਮੈਂ ਆਪਣੇ ਮਹਿਬੂਬ ਲਈ ਦਰਵਾਜ਼ਾ ਖੋਲ੍ਹਣ ਉੱਠੀ;ਮੇਰੇ ਹੱਥਾਂ ਤੋਂ ਗੰਧਰਸ ਟਪਕ ਰਿਹਾ ਸੀਅਤੇ ਮੇਰੀਆਂ ਉਂਗਲਾਂ ਤੋਂ ਚੋ ਰਿਹਾ ਗੰਧਰਸਦਰਵਾਜ਼ੇ ਦੇ ਅਰਲ ’ਤੇ ਪੈ ਗਿਆ।
6 ਮੈਂ ਆਪਣੇ ਦਿਲਦਾਰ ਲਈ ਦਰਵਾਜ਼ਾ ਖੋਲ੍ਹਿਆ,ਪਰ ਮੇਰਾ ਪ੍ਰੀਤਮ ਮੁੜ ਗਿਆ ਸੀ, ਉਹ ਜਾ ਚੁੱਕਾ ਸੀ।
ਮੈਂ ਉਦਾਸ ਹੋ ਗਈ* ਜਦ ਉਹ ਚਲਾ ਗਿਆ।*
ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਮਿਲਿਆ ਨਹੀਂ।+
ਮੈਂ ਉਸ ਨੂੰ ਪੁਕਾਰਿਆ, ਪਰ ਉਸ ਨੇ ਮੈਨੂੰ ਜਵਾਬ ਨਹੀਂ ਦਿੱਤਾ।
7 ਸ਼ਹਿਰ ਵਿਚ ਚੱਕਰ ਲਾਉਣ ਵਾਲੇ ਪਹਿਰੇਦਾਰ ਮੈਨੂੰ ਮਿਲ ਪਏ।
ਉਨ੍ਹਾਂ ਨੇ ਮੈਨੂੰ ਮਾਰਿਆ, ਮੈਨੂੰ ਜ਼ਖ਼ਮੀ ਕਰ ਦਿੱਤਾ।
ਕੰਧਾਂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਮੇਰਾ ਸ਼ਾਲ ਖੋਹ ਲਿਆ।
8 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ:
ਜੇ ਤੁਹਾਨੂੰ ਮੇਰਾ ਮਹਿਬੂਬ ਮਿਲੇ,ਤਾਂ ਉਸ ਨੂੰ ਦੱਸਿਓ ਕਿ ਮੈਂ ਪ੍ਰੇਮ ਦੀ ਰੋਗਣ ਹਾਂ।”
9 “ਹੇ ਔਰਤਾਂ ਵਿੱਚੋਂ ਸਭ ਤੋਂ ਸੋਹਣੀਏ,ਤੇਰਾ ਪ੍ਰੇਮੀ ਹੋਰ ਪ੍ਰੇਮੀਆਂ ਨਾਲੋਂ ਬਿਹਤਰ ਕਿਵੇਂ ਹੈ?
ਤੇਰਾ ਪ੍ਰੀਤਮ ਕਿਹੜੀ ਗੱਲੋਂ ਕਿਸੇ ਹੋਰ ਪ੍ਰੇਮੀ ਨਾਲੋਂ ਚੰਗਾ ਹੈ ਕਿਤੂੰ ਸਾਨੂੰ ਇੱਦਾਂ ਦੀ ਸਹੁੰ ਖੁਆ ਰਹੀ ਹੈਂ?”
10 “ਮੇਰਾ ਮਹਿਬੂਬ ਸੋਹਣਾ-ਸੁਨੱਖਾ ਹੈ ਤੇ ਉਸ ਦਾ ਰੰਗ ਲਾਲ ਹੈ;ਉਹ ਦਸਾਂ ਹਜ਼ਾਰਾਂ ਵਿੱਚੋਂ ਵੱਖਰਾ ਹੀ ਦਿਸਦਾ ਹੈ।
11 ਉਸ ਦਾ ਸਿਰ ਸੋਨਾ ਹੈ, ਹਾਂ, ਖਾਲਸ ਸੋਨਾ।
ਉਸ ਦੇ ਵਾਲ਼ਾਂ ਦੀਆਂ ਲਟਾਂ ਖਜੂਰ ਦੇ ਪੱਤਿਆਂ* ਵਾਂਗ ਲਹਿਰਾਉਂਦੀਆਂ ਹਨਜੋ ਕਾਂ ਵਰਗੀਆਂ ਕਾਲੀਆਂ ਹਨ।
12 ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਲਾਗਲੀਆਂ ਘੁੱਗੀਆਂ ਵਰਗੀਆਂ ਹਨਜੋ ਦੁੱਧ ਵਿਚ ਨਹਾ ਰਹੀਆਂ ਹੋਣਅਤੇ ਨੱਕੋ-ਨੱਕ ਭਰੇ ਤਲਾਬ* ਕੋਲ ਬੈਠੀਆਂ ਹੋਣ।
13 ਉਸ ਦੀਆਂ ਗੱਲ੍ਹਾਂ ਇਵੇਂ ਹਨ ਜਿਵੇਂ ਖ਼ੁਸ਼ਬੂਦਾਰ ਪੌਦਿਆਂ ਦੀ ਕਿਆਰੀ ਹੋਵੇ,+ਹਾਂ, ਸੁਗੰਧਿਤ ਜੜ੍ਹੀ-ਬੂਟੀਆਂ ਦੇ ਢੇਰ ਵਰਗੀਆਂ।
ਉਸ ਦੇ ਬੁੱਲ੍ਹ ਸੋਸਨ ਦੇ ਫੁੱਲ ਹਨ ਜਿਨ੍ਹਾਂ ਤੋਂ ਗੰਧਰਸ ਚੋਂਦਾ ਹੈ।+
14 ਉਸ ਦੇ ਹੱਥ ਸੋਨੇ ਦੇ ਵੇਲਣੇ ਹਨ ਜਿਨ੍ਹਾਂ ਉੱਤੇ ਸਬਜ਼ਾ ਜੜੇ ਹਨ।
ਉਸ ਦਾ ਢਿੱਡ ਚਮਕਦੇ ਹਾਥੀ-ਦੰਦ ਵਰਗਾ ਹੈ ਜਿਸ ਉੱਤੇ ਨੀਲਮ ਜੜੇ ਹਨ।
15 ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹ ਹਨ ਜੋ ਉੱਤਮ ਸੋਨੇ ਦੀਆਂ ਚੌਂਕੀਆਂ ਉੱਤੇ ਰੱਖੇ ਹਨ।
ਉਹ ਦੇਖਣ ਨੂੰ ਲਬਾਨੋਨ ਵਰਗਾ ਹੈ, ਦਿਆਰ ਵਾਂਗ ਬੇਮਿਸਾਲ ਹੈ।+
16 ਉਸ ਦੇ ਮੂੰਹ* ਦੇ ਬੋਲ ਮਿੱਠੇ ਹਨਉਹ ਹਰ ਪੱਖੋਂ ਮਨਮੋਹਣਾ ਹੈ।+
ਹੇ ਯਰੂਸ਼ਲਮ ਦੀਓ ਧੀਓ, ਮੇਰਾ ਮਹਿਬੂਬ ਇਹੋ ਜਿਹਾ ਹੈ, ਹਾਂ, ਅਜਿਹਾ ਹੈ ਮੇਰਾ ਮਾਹੀ।”
ਫੁਟਨੋਟ
^ ਜਾਂ, “ਮੇਰੀ ਜਾਨ ਨਿਕਲ ਗਈ।”
^ ਜਾਂ ਸੰਭਵ ਹੈ, “ਮੇਰੀ ਜਾਨ ਨਿਕਲ ਗਈ ਜਦ ਉਹ ਬੋਲਿਆ।”
^ ਜਾਂ ਸੰਭਵ ਹੈ, “ਖਜੂਰਾਂ ਦੇ ਗੁੱਛਿਆਂ।”
^ ਜਾਂ ਸੰਭਵ ਹੈ, “ਫੁਹਾਰੇ।”
^ ਇਬ, “ਤਾਲੂ।”