ਹਿਜ਼ਕੀਏਲ 12:1-28

  • ਨਾਟਕੀ ਅੰਦਾਜ਼ ਵਿਚ ਗ਼ੁਲਾਮੀ ਵਿਚ ਜਾਣ ਦੀ ਭਵਿੱਖਬਾਣੀ (1-20)

    • ਗ਼ੁਲਾਮੀ ਲਈ ਸਾਮਾਨ (1-7)

    • ਮੁਖੀ ਹਨੇਰੇ ਵਿਚ ਚਲਾ ਜਾਵੇਗਾ (8-16)

    • ਚਿੰਤਾ ਦੀ ਰੋਟੀ, ਡਰ ਦਾ ਪਾਣੀ (17-20)

  • ਧੋਖਾ ਦੇਣ ਵਾਲੀ ਗੱਲ ਝੂਠੀ ਨਿਕਲੀ (21-28)

    • “ਮੇਰੀ ਕੋਈ ਵੀ ਗੱਲ ਪੂਰੀ ਹੋਣ ਵਿਚ ਦੇਰ ਨਹੀਂ ਲੱਗੇਗੀ” (28)

12  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਘਰਾਣੇ ਦੇ ਲੋਕਾਂ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਦੇਖਦੇ ਨਹੀਂ ਅਤੇ ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣਦੇ ਨਹੀਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+  ਪਰ ਤੂੰ, ਹੇ ਮਨੁੱਖ ਦੇ ਪੁੱਤਰ, ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬੰਨ੍ਹ। ਫਿਰ ਦਿਨ ਵੇਲੇ ਤੂੰ ਲੋਕਾਂ ਦੇ ਦੇਖਦੇ-ਦੇਖਦੇ ਗ਼ੁਲਾਮੀ ਵਿਚ ਚਲਾ ਜਾਈਂ। ਤੂੰ ਉਨ੍ਹਾਂ ਦੇ ਦੇਖਦੇ-ਦੇਖਦੇ ਆਪਣੇ ਘਰ ਤੋਂ ਕਿਸੇ ਹੋਰ ਥਾਂ ਗ਼ੁਲਾਮੀ ਵਿਚ ਜਾਈਂ। ਸ਼ਾਇਦ ਉਹ ਇਸ ਗੱਲ ਵੱਲ ਧਿਆਨ ਦੇਣ, ਭਾਵੇਂ ਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।  ਤੂੰ ਦਿਨ ਵੇਲੇ ਲੋਕਾਂ ਦੇ ਦੇਖਦੇ-ਦੇਖਦੇ ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬਾਹਰ ਲਿਆਈਂ ਅਤੇ ਫਿਰ ਸ਼ਾਮੀਂ ਉਨ੍ਹਾਂ ਦੇ ਦੇਖਦੇ-ਦੇਖਦੇ ਤੂੰ ਇਸ ਤਰ੍ਹਾਂ ਉੱਥੋਂ ਚਲਾ ਜਾਈਂ ਜਿਵੇਂ ਤੈਨੂੰ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਹੋਵੇ।+  “ਜਦ ਉਹ ਤੈਨੂੰ ਦੇਖ ਰਹੇ ਹੋਣਗੇ, ਤਾਂ ਤੂੰ ਕੰਧ ਵਿਚ ਮਘੋਰਾ ਕਰੀਂ ਅਤੇ ਆਪਣਾ ਸਾਮਾਨ ਲੈ ਕੇ ਇਸ ਥਾਣੀਂ ਬਾਹਰ ਨਿਕਲ ਜਾਈਂ।+  ਤੂੰ ਉਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਹਨੇਰੇ ਵਿਚ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਚਲਾ ਜਾਈਂ। ਤੂੰ ਆਪਣਾ ਚਿਹਰਾ ਢਕ ਲਈਂ ਤਾਂਕਿ ਤੈਨੂੰ ਜ਼ਮੀਨ ਨਾ ਦਿਖਾਈ ਦੇਵੇ ਕਿਉਂਕਿ ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਲਈ ਨਿਸ਼ਾਨੀ ਦੇ ਤੌਰ ਤੇ ਠਹਿਰਾਇਆ ਹੈ।”+  ਮੈਂ ਠੀਕ ਉਸੇ ਤਰ੍ਹਾਂ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ। ਦਿਨ ਵੇਲੇ ਮੈਂ ਆਪਣਾ ਸਾਮਾਨ ਬਾਹਰ ਲਿਆਇਆ ਜਿਵੇਂ ਮੈਨੂੰ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਹੋਵੇ ਅਤੇ ਸ਼ਾਮੀਂ ਮੈਂ ਕੰਧ ਵਿਚ ਆਪਣੇ ਹੱਥ ਨਾਲ ਮਘੋਰਾ ਕੀਤਾ। ਜਦੋਂ ਹਨੇਰਾ ਹੋ ਗਿਆ, ਤਾਂ ਮੈਂ ਆਪਣਾ ਸਾਮਾਨ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਦੇਖਦੇ-ਦੇਖਦੇ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਤੁਰ ਪਿਆ।  ਫਿਰ ਮੈਨੂੰ ਸਵੇਰੇ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਕੀ ਇਜ਼ਰਾਈਲ ਦੇ ਘਰਾਣੇ, ਹਾਂ, ਉਸ ਬਾਗ਼ੀ ਘਰਾਣੇ ਨੇ ਤੈਨੂੰ ਪੁੱਛਿਆ ਨਹੀਂ, ‘ਤੂੰ ਇਹ ਕੀ ਕਰ ਰਿਹਾ ਹੈਂ?’ 10  ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਹ ਸੰਦੇਸ਼ ਯਰੂਸ਼ਲਮ ਦੇ ਮੁਖੀ+ ਅਤੇ ਸ਼ਹਿਰ ਵਿਚ ਰਹਿੰਦੇ ਇਜ਼ਰਾਈਲ ਦੇ ਸਾਰੇ ਘਰਾਣੇ ਬਾਰੇ ਹੈ।”’ 11  “ਤੂੰ ਉਨ੍ਹਾਂ ਨੂੰ ਕਹੀਂ, ‘ਮੈਂ ਤੁਹਾਡੇ ਲਈ ਇਕ ਨਿਸ਼ਾਨੀ ਹਾਂ।+ ਮੈਂ ਜੋ ਵੀ ਕੀਤਾ, ਉਨ੍ਹਾਂ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਨੂੰ ਬੰਦੀ ਬਣਾ ਕੇ ਗ਼ੁਲਾਮੀ ਵਿਚ ਲਿਜਾਇਆ ਜਾਵੇਗਾ।+ 12  ਉਨ੍ਹਾਂ ਦਾ ਮੁਖੀ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਹਨੇਰੇ ਵਿਚ ਤੁਰ ਪਵੇਗਾ। ਉਹ ਕੰਧ ਵਿਚ ਇਕ ਮਘੋਰਾ ਕਰੇਗਾ ਅਤੇ ਇਸ ਥਾਣੀਂ ਆਪਣਾ ਸਾਮਾਨ ਚੁੱਕ ਕੇ ਬਾਹਰ ਨਿਕਲ ਜਾਵੇਗਾ।+ ਉਹ ਆਪਣਾ ਚਿਹਰਾ ਢਕੇਗਾ ਤਾਂਕਿ ਉਸ ਨੂੰ ਜ਼ਮੀਨ ਦਿਖਾਈ ਨਾ ਦੇਵੇ।’ 13  ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਫਿਰ ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬਲ ਲੈ ਆਵਾਂਗਾ, ਪਰ ਉਹ ਦੇਸ਼ ਨੂੰ ਦੇਖ ਨਹੀਂ ਸਕੇਗਾ ਅਤੇ ਉੱਥੇ ਹੀ ਮਰ ਜਾਵੇਗਾ।+ 14  ਮੈਂ ਉਸ ਦੇ ਮਦਦਗਾਰਾਂ ਅਤੇ ਉਸ ਦੇ ਫ਼ੌਜੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਹਰ ਦਿਸ਼ਾ ਵਿਚ ਖਿੰਡਾ ਦਿਆਂਗਾ+ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+ 15  ਜਦ ਮੈਂ ਉਨ੍ਹਾਂ ਨੂੰ ਕੌਮਾਂ ਅਤੇ ਦੇਸ਼ਾਂ ਵਿਚ ਖਿੰਡਾ ਦਿਆਂਗਾ, ਤਦ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 16  ਪਰ ਮੈਂ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਜੀਉਂਦੇ ਰਹਿਣ ਦਿਆਂਗਾ। ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਨਹੀਂ ਮਰਨਗੇ ਤਾਂਕਿ ਉਹ ਉਨ੍ਹਾਂ ਕੌਮਾਂ ਵਿਚ ਆਪਣੇ ਸਾਰੇ ਘਿਣਾਉਣੇ ਕੰਮਾਂ ਬਾਰੇ ਦੱਸਣ ਜਿੱਥੇ ਉਹ ਜਾਣਗੇ; ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” 17  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 18  “ਹੇ ਮਨੁੱਖ ਦੇ ਪੁੱਤਰ, ਤੂੰ ਡਰਦੇ-ਡਰਦੇ ਰੋਟੀ ਖਾਹ ਅਤੇ ਘਬਰਾਹਟ ਅਤੇ ਚਿੰਤਾ ਵਿਚ ਡੁੱਬੇ ਹੋਏ ਪਾਣੀ ਪੀ।+ 19  ਦੇਸ਼ ਦੇ ਲੋਕਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਇਜ਼ਰਾਈਲ ਵਿਚ ਯਰੂਸ਼ਲਮ ਦੇ ਵਾਸੀਆਂ ਨੂੰ ਕਹਿੰਦਾ ਹੈ: “ਲੋਕ ਚਿੰਤਾ ਵਿਚ ਡੁੱਬੇ ਹੋਏ ਰੋਟੀ ਖਾਣਗੇ ਅਤੇ ਡਰ ਨਾਲ ਸਹਿਮੇ ਹੋਏ ਪਾਣੀ ਪੀਣਗੇ+ ਕਿਉਂਕਿ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਵੱਲੋਂ ਕੀਤੇ ਜਾਂਦੇ ਖ਼ੂਨ-ਖ਼ਰਾਬੇ ਕਰਕੇ ਉਨ੍ਹਾਂ ਦਾ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।+ 20  ਲੋਕਾਂ ਨਾਲ ਆਬਾਦ ਸ਼ਹਿਰ ਉੱਜੜ ਜਾਣਗੇ ਅਤੇ ਦੇਸ਼ ਨੂੰ ਵੀਰਾਨ ਕਰ ਦਿੱਤਾ ਜਾਵੇਗਾ+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”+ 21  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 22  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਵਿਚ ਲੋਕ ਇਹ ਕਿਹੋ ਜਿਹੀ ਕਹਾਵਤ ਬੋਲਦੇ ਹਨ, ‘ਦਿਨ ਲੰਘਦੇ ਜਾ ਰਹੇ ਹਨ, ਪਰ ਕੋਈ ਵੀ ਦਰਸ਼ਣ ਅਜੇ ਤਕ ਪੂਰਾ ਨਹੀਂ ਹੋਇਆ’?+ 23  ਇਸ ਲਈ ਤੂੰ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇਸ ਕਹਾਵਤ ਨੂੰ ਮਿਟਾ ਦਿਆਂਗਾ ਅਤੇ ਇਜ਼ਰਾਈਲ ਵਿਚ ਲੋਕ ਇਹ ਕਹਾਵਤ ਫਿਰ ਕਦੇ ਨਹੀਂ ਬੋਲਣਗੇ।’” ਪਰ ਤੂੰ ਉਨ੍ਹਾਂ ਨੂੰ ਕਹਿ, ‘ਉਹ ਦਿਨ ਨੇੜੇ ਹਨ+ ਜਦ ਹਰ ਦਰਸ਼ਣ ਪੂਰਾ ਹੋਵੇਗਾ।’ 24  ਫਿਰ ਇਜ਼ਰਾਈਲ ਦੇ ਘਰਾਣੇ ਵਿਚ ਕੋਈ ਵੀ ਝੂਠਾ ਦਰਸ਼ਣ ਨਹੀਂ ਦੇਖੇਗਾ ਜਾਂ ਫਾਲ* ਪਾ ਕੇ ਧੋਖਾ ਦੇਣ ਵਾਲੀਆਂ* ਗੱਲਾਂ ਨਹੀਂ ਦੱਸੇਗਾ।+ 25  ‘“ਕਿਉਂਕਿ ਮੈਂ ਯਹੋਵਾਹ ਗੱਲ ਕਰਾਂਗਾ। ਮੈਂ ਜੋ ਵੀ ਕਹਾਂਗਾ, ਉਹ ਬਿਨਾਂ ਦੇਰ ਕੀਤਿਆਂ ਪੂਰਾ ਹੋਵੇਗਾ।+ ਓਏ ਬਾਗ਼ੀ ਘਰਾਣੇ, ਮੈਂ ਤੁਹਾਡੇ ਜੀਉਂਦੇ-ਜੀ+ ਜੋ ਵੀ ਕਹਾਂਗਾ, ਉਸ ਨੂੰ ਜ਼ਰੂਰ ਪੂਰਾ ਕਰਾਂਗਾ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’” 26  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 27  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਲੋਕ* ਇਹ ਕਹਿ ਰਹੇ ਹਨ, ‘ਇਹ ਆਦਮੀ ਜੋ ਦਰਸ਼ਣ ਦੇਖਦਾ ਹੈ, ਉਹ ਲੰਬੇ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਸ ਦੀਆਂ ਭਵਿੱਖਬਾਣੀਆਂ ਸਾਲਾਂ ਬਾਅਦ ਪੂਰੀਆਂ ਹੋਣਗੀਆਂ।’+ 28  ਇਸ ਲਈ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “‘ਮੇਰੀ ਕੋਈ ਵੀ ਗੱਲ ਪੂਰੀ ਹੋਣ ਵਿਚ ਦੇਰ ਨਹੀਂ ਲੱਗੇਗੀ; ਮੈਂ ਜੋ ਕਹਿੰਦਾ ਹਾਂ, ਉਹ ਜ਼ਰੂਰ ਪੂਰਾ ਹੋਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’”

ਫੁਟਨੋਟ

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਜਾਂ, “ਚਾਪਲੂਸੀ ਵਾਲੀਆਂ।”
ਇਬ, “ਘਰਾਣਾ।”