ਹਿਜ਼ਕੀਏਲ 14:1-23
14 ਫਿਰ ਇਜ਼ਰਾਈਲ ਦੇ ਕੁਝ ਬਜ਼ੁਰਗ ਆ ਕੇ ਮੇਰੇ ਸਾਮ੍ਹਣੇ ਬੈਠ ਗਏ+
2 ਅਤੇ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ:
3 “ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਆਦਮੀਆਂ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ* ਪਿੱਛੇ ਚੱਲਣ ਦਾ ਪੱਕਾ ਮਨ ਬਣਾਇਆ ਹੋਇਆ ਹੈ ਅਤੇ ਇਨ੍ਹਾਂ ਨੇ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਿਆ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ। ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਮੇਰੇ ਤੋਂ ਕੁਝ ਪੁੱਛਣ?+
4 ਹੁਣ ਤੂੰ ਉਨ੍ਹਾਂ ਨਾਲ ਗੱਲ ਕਰ ਅਤੇ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜੇ ਕਿਸੇ ਇਜ਼ਰਾਈਲੀ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਣ ਦਾ ਪੱਕਾ ਮਨ ਬਣਾਇਆ ਹੋਇਆ ਹੈ ਅਤੇ ਉਹ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਦਾ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ ਅਤੇ ਫਿਰ ਉਹ ਇਕ ਨਬੀ ਤੋਂ ਕੁਝ ਪੁੱਛਣ ਲਈ ਆਉਂਦਾ ਹੈ, ਤਾਂ ਮੈਂ ਯਹੋਵਾਹ ਆਪ ਉਸ ਨੂੰ ਜਵਾਬ ਦਿਆਂਗਾ। ਜਿੰਨੀਆਂ ਉਸ ਦੀਆਂ ਘਿਣਾਉਣੀਆਂ ਮੂਰਤਾਂ ਹਨ, ਉੱਨੀ ਉਸ ਨੂੰ ਸਜ਼ਾ ਮਿਲੇਗੀ।
5 ਮੈਂ ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਦੇ ਦਿਲਾਂ ਵਿਚ ਖ਼ੌਫ਼ ਪੈਦਾ ਕਰਾਂਗਾ* ਕਿਉਂਕਿ ਉਹ ਸਾਰੇ ਮੇਰੇ ਤੋਂ ਦੂਰ ਹੋ ਗਏ ਹਨ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਦੇ ਹਨ।”’+
6 “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੇਰੇ ਕੋਲ ਵਾਪਸ ਆ ਜਾਓ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਤੋਂ ਮੂੰਹ ਫੇਰ ਲਓ ਅਤੇ ਸਾਰੇ ਘਿਣਾਉਣੇ ਕੰਮ ਕਰਨੋਂ ਹਟ ਜਾਓ।+
7 ਜੇ ਕੋਈ ਇਜ਼ਰਾਈਲੀ ਜਾਂ ਪਰਦੇਸੀ ਇਜ਼ਰਾਈਲ ਵਿਚ ਰਹਿੰਦਿਆਂ ਆਪਣੇ ਆਪ ਨੂੰ ਮੇਰੇ ਤੋਂ ਵੱਖ ਕਰਦਾ ਹੈ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਣ ਦਾ ਪੱਕਾ ਮਨ ਬਣਾਉਂਦਾ ਹੈ ਅਤੇ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਦਾ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ ਅਤੇ ਫਿਰ ਉਹ ਮੇਰੇ ਨਬੀ ਤੋਂ ਕੁਝ ਪੁੱਛਣ ਲਈ ਆਉਂਦਾ ਹੈ,+ ਤਾਂ ਮੈਂ ਯਹੋਵਾਹ ਉਸ ਨੂੰ ਆਪ ਜਵਾਬ ਦਿਆਂਗਾ।
8 ਮੈਂ ਉਸ ਆਦਮੀ ਦਾ ਵਿਰੋਧੀ ਬਣਾਂਗਾ ਅਤੇ ਉਸ ਦਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਲੋਕਾਂ ਨੂੰ ਚੇਤਾਵਨੀ ਮਿਲੇਗੀ ਅਤੇ ਉਹ ਉਸ ਬਾਰੇ ਕਹਾਵਤਾਂ ਘੜਨਗੇ। ਮੈਂ ਆਪਣੇ ਲੋਕਾਂ ਵਿੱਚੋਂ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’
9 “‘ਪਰ ਜੇ ਉਹ ਨਬੀ ਮੂਰਖ ਬਣ ਜਾਂਦਾ ਹੈ ਅਤੇ ਉਸ ਆਦਮੀ ਨੂੰ ਜਵਾਬ ਦਿੰਦਾ ਹੈ, ਤਾਂ ਅਸਲ ਵਿਚ ਮੈਂ ਯਹੋਵਾਹ ਨੇ ਹੀ ਉਸ ਨਬੀ ਨੂੰ ਮੂਰਖ ਬਣਾਇਆ ਹੈ।+ ਮੈਂ ਉਸ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਸ ਨੂੰ ਆਪਣੀ ਪਰਜਾ ਇਜ਼ਰਾਈਲ ਵਿੱਚੋਂ ਨਾਸ਼ ਕਰ ਦਿਆਂਗਾ।
10 ਉਹ ਆਦਮੀ ਅਤੇ ਨਬੀ ਦੋਵੇਂ ਗੁਨਾਹਗਾਰ ਹਨ; ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਪਵੇਗਾ
11 ਤਾਂਕਿ ਇਹ ਦੇਖ ਕੇ ਇਜ਼ਰਾਈਲ ਦਾ ਘਰਾਣਾ ਭਟਕ ਕੇ ਮੇਰੇ ਤੋਂ ਦੂਰ ਜਾਣਾ ਛੱਡ ਦੇਵੇ ਅਤੇ ਆਪਣੇ ਸਾਰੇ ਗ਼ਲਤ ਕੰਮਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕਰਨੋਂ ਹਟ ਜਾਵੇ। ਫਿਰ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
12 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:
13 “ਹੇ ਮਨੁੱਖ ਦੇ ਪੁੱਤਰ, ਜੇ ਕੋਈ ਦੇਸ਼ ਮੇਰੇ ਨਾਲ ਵਿਸ਼ਵਾਸਘਾਤ ਕਰ ਕੇ ਮੇਰੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਮੈਂ ਉਸ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇਸ਼ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ।*+ ਮੈਂ ਉੱਥੇ ਕਾਲ਼ ਪਾ ਕੇ+ ਇਨਸਾਨਾਂ ਅਤੇ ਜਾਨਵਰਾਂ ਨੂੰ ਮਾਰ-ਮੁਕਾਵਾਂਗਾ।”+
14 “‘ਭਾਵੇਂ ਉਸ ਦੇਸ਼ ਵਿਚ ਇਹ ਤਿੰਨ ਆਦਮੀ ਨੂਹ,+ ਦਾਨੀਏਲ+ ਅਤੇ ਅੱਯੂਬ+ ਵੀ ਹੋਣ, ਤਾਂ ਵੀ ਉਹ ਆਪਣੀ ਧਾਰਮਿਕਤਾ* ਕਾਰਨ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
15 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ਵਿਚ ਖੂੰਖਾਰ ਜੰਗਲੀ ਜਾਨਵਰ ਭੇਜਦਾ ਹਾਂ ਅਤੇ ਉਹ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਮਾਰ ਸੁੱਟਦੇ ਹਨ* ਅਤੇ ਦੇਸ਼ ਨੂੰ ਵੀਰਾਨ ਬਣਾ ਦਿੰਦੇ ਹਨ ਕਿਉਂਕਿ ਜੰਗਲੀ ਜਾਨਵਰਾਂ ਦੇ ਡਰ ਕਰਕੇ ਉੱਥੋਂ ਕੋਈ ਵੀ ਨਹੀਂ ਲੰਘਦਾ,+
16 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ ਅਤੇ ਦੇਸ਼ ਤਬਾਹ ਹੋ ਜਾਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
17 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ’ਤੇ ਤਲਵਾਰ ਭੇਜਦਾ ਹਾਂ+ ਅਤੇ ਕਹਿੰਦਾ ਹਾਂ, “ਇਸ ਦੇਸ਼ ਵਿਚ ਤਲਵਾਰ ਚੱਲੇ” ਅਤੇ ਉੱਥੇ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹਾਂ,+
18 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
19 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ਵਿਚ ਮਹਾਂਮਾਰੀ ਫੈਲਾਉਂਦਾ ਹਾਂ+ ਅਤੇ ਆਪਣਾ ਗੁੱਸਾ ਵਰ੍ਹਾ ਕੇ ਖ਼ੂਨ ਵਹਾਉਂਦਾ ਹਾਂ ਅਤੇ ਉੱਥੇ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹਾਂ,
20 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਨੂਹ,+ ਦਾਨੀਏਲ+ ਅਤੇ ਅੱਯੂਬ+ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਆਪਣੀ ਧਾਰਮਿਕਤਾ* ਕਾਰਨ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
21 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਯਰੂਸ਼ਲਮ ਦਾ ਵੀ ਇਹੀ ਹਸ਼ਰ ਹੋਵੇਗਾ ਜਦ ਮੈਂ ਇਸ ਨੂੰ ਇਨ੍ਹਾਂ ਚਾਰ ਤਰੀਕਿਆਂ ਨਾਲ ਯਾਨੀ ਤਲਵਾਰ, ਕਾਲ਼, ਖੂੰਖਾਰ ਜੰਗਲੀ ਜਾਨਵਰਾਂ ਅਤੇ ਮਹਾਂਮਾਰੀ ਨਾਲ ਸਜ਼ਾ ਦਿਆਂਗਾ+ ਅਤੇ ਇਸ ਵਿੱਚੋਂ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ।+
22 ਪਰ ਉਨ੍ਹਾਂ ਵਿੱਚੋਂ ਕੁਝ ਧੀਆਂ-ਪੁੱਤਰ ਬਚ ਜਾਣਗੇ ਅਤੇ ਸ਼ਹਿਰ ਤੋਂ ਬਾਹਰ ਲਿਜਾਏ ਜਾਣਗੇ।+ ਉਹ ਤੁਹਾਡੇ ਕੋਲ ਆਉਣਗੇ ਅਤੇ ਜਦ ਤੁਸੀਂ ਉਨ੍ਹਾਂ ਦਾ ਚਾਲ-ਚਲਣ ਅਤੇ ਕੰਮ ਦੇਖੋਗੇ, ਤਾਂ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ ਕਿ ਮੈਂ ਯਰੂਸ਼ਲਮ ’ਤੇ ਬਿਪਤਾ ਲਿਆ ਕੇ ਉਨ੍ਹਾਂ ਨਾਲ ਜੋ ਵੀ ਕੀਤਾ, ਸਹੀ ਕੀਤਾ।’”
23 “‘ਉਨ੍ਹਾਂ ਦਾ ਚਾਲ-ਚਲਣ ਅਤੇ ਕੰਮ ਦੇਖ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ ਅਤੇ ਤੁਸੀਂ ਜਾਣ ਜਾਓਗੇ ਕਿ ਮੈਂ ਯਰੂਸ਼ਲਮ ਨਾਲ ਜੋ ਵੀ ਕੀਤਾ, ਉਹ ਬਿਨਾਂ ਵਜ੍ਹਾ ਨਹੀਂ ਕੀਤਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
ਫੁਟਨੋਟ
^ ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
^ ਇਬ, “ਇਜ਼ਰਾਈਲ ਦੇ ਘਰਾਣੇ ਦੇ ਦਿਲ ਆਪਣੀ ਗਰਿਫਤ ਵਿਚ ਲੈ ਲਵਾਂਗਾ।”
^ ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ’ਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
^ ਜਾਂ, “ਉਨ੍ਹਾਂ ਦੇ ਬੱਚਿਆਂ ਨੂੰ ਖੋਹ ਲੈਂਦੇ ਹਨ।”