ਹਿਜ਼ਕੀਏਲ 15:1-8

  • ਯਰੂਸ਼ਲਮ ਇਕ ਨਿਕੰਮੀ ਅੰਗੂਰੀ ਵੇਲ (1-8)

15  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਕੀ ਅੰਗੂਰੀ ਵੇਲ ਦੀ ਲੱਕੜ ਜੰਗਲ ਦੇ ਹੋਰ ਦਰਖ਼ਤਾਂ ਜਾਂ ਟਾਹਣੀਆਂ ਨਾਲੋਂ ਵਧੀਆ ਹੁੰਦੀ ਹੈ?  ਕੀ ਇਸ ਦੀ ਲੱਕੜ ਦੀ ਥੰਮ੍ਹੀ ਬਣਾ ਕੇ ਕਿਸੇ ਕੰਮ ਲਈ ਵਰਤੀ ਜਾ ਸਕਦੀ ਹੈ? ਜਾਂ ਕੀ ਲੋਕ ਭਾਂਡੇ ਟੰਗਣ ਲਈ ਇਸ ਦੀਆਂ ਕਿੱਲੀਆਂ ਬਣਾਉਂਦੇ ਹਨ?  ਦੇਖ! ਇਹ ਅੱਗ ਬਾਲ਼ਣ ਦੇ ਕੰਮ ਆਉਂਦੀ ਹੈ ਅਤੇ ਅੱਗ ਇਸ ਦੇ ਦੋਵੇਂ ਸਿਰਿਆਂ ਨੂੰ ਭਸਮ ਕਰ ਦਿੰਦੀ ਹੈ ਅਤੇ ਵਿਚਕਾਰਲੇ ਹਿੱਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕੀ ਇਸ ਤੋਂ ਬਾਅਦ ਇਹ ਕਿਸੇ ਕੰਮ ਦੀ ਰਹਿ ਜਾਂਦੀ ਹੈ?  ਅੱਗ ਵਿਚ ਸਾੜੇ ਜਾਣ ਤੋਂ ਪਹਿਲਾਂ ਇਹ ਕਿਸੇ ਕੰਮ ਜੋਗੀ ਨਹੀਂ ਸੀ ਅਤੇ ਅੱਗ ਵਿਚ ਸੜ ਕੇ ਸੁਆਹ ਹੋਣ ਤੋਂ ਬਾਅਦ ਤਾਂ ਇਹ ਬਿਲਕੁਲ ਵੀ ਕਿਸੇ ਕੰਮ ਦੀ ਨਹੀਂ ਰਹੀ।”  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਵੇਂ ਮੈਂ ਜੰਗਲ ਦੇ ਹੋਰ ਦਰਖ਼ਤਾਂ ਵਿੱਚੋਂ ਅੰਗੂਰੀ ਵੇਲ ਦੀ ਲੱਕੜ ਅੱਗ ਬਾਲ਼ਣ ਲਈ ਦਿੱਤੀ ਹੈ, ਉਸੇ ਤਰ੍ਹਾਂ ਮੈਂ ਯਰੂਸ਼ਲਮ ਦੇ ਵਾਸੀਆਂ ਨਾਲ ਪੇਸ਼ ਆਵਾਂਗਾ।+  ਮੈਂ ਉਨ੍ਹਾਂ ਦਾ ਵਿਰੋਧੀ ਬਣ ਗਿਆ ਹਾਂ। ਉਹ ਅੱਗ ਵਿੱਚੋਂ ਬਚ ਨਿਕਲੇ ਹਨ, ਫਿਰ ਵੀ ਅੱਗ ਬਾਅਦ ਵਿਚ ਉਨ੍ਹਾਂ ਨੂੰ ਭਸਮ ਕਰ ਦੇਵੇਗੀ। ਜਦੋਂ ਮੈਂ ਉਨ੍ਹਾਂ ਦਾ ਵਿਰੋਧੀ ਬਣਾਂਗਾ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+  “‘ਅਤੇ ਮੈਂ ਸਾਰੇ ਦੇਸ਼ ਨੂੰ ਤਬਾਹ ਕਰ ਦਿਆਂਗਾ+ ਕਿਉਂਕਿ ਉਨ੍ਹਾਂ ਨੇ ਵਿਸ਼ਵਾਸਘਾਤ ਕੀਤਾ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ