ਹਿਜ਼ਕੀਏਲ 25:1-17
25 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:
2 “ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਅੰਮੋਨੀ ਲੋਕਾਂ+ ਵੱਲ ਕਰ ਅਤੇ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ।+
3 ਤੂੰ ਅੰਮੋਨੀਆਂ ਬਾਰੇ ਇਹ ਕਹੀਂ, ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਦ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਗਿਆ, ਇਜ਼ਰਾਈਲ ਦੇਸ਼ ਨੂੰ ਤਬਾਹ ਕੀਤਾ ਗਿਆ ਅਤੇ ਯਹੂਦਾਹ ਦੇ ਘਰਾਣੇ ਦੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ, ਤਾਂ ਤੂੰ ਕਿਹਾ, ‘ਚੰਗਾ ਹੋਇਆ!’
4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ ਜੋ ਤੇਰੇ ’ਤੇ ਕਬਜ਼ਾ ਕਰਨਗੇ। ਉਹ ਤੇਰੇ ਵਿਚ ਆਪਣੇ ਡੇਰੇ* ਲਾਉਣਗੇ ਅਤੇ ਤੰਬੂ ਗੱਡਣਗੇ। ਉਹ ਤੇਰੇ ਦੇਸ਼ ਦੀ ਪੈਦਾਵਾਰ ਖਾਣਗੇ ਅਤੇ ਤੇਰੀਆਂ ਭੇਡਾਂ-ਬੱਕਰੀਆਂ ਦਾ ਦੁੱਧ ਪੀਣਗੇ।
5 ਮੈਂ ਰੱਬਾਹ+ ਸ਼ਹਿਰ ਨੂੰ ਊਠਾਂ ਲਈ ਚਰਾਂਦ ਅਤੇ ਅੰਮੋਨੀਆਂ ਦੇ ਦੇਸ਼ ਨੂੰ ਭੇਡਾਂ-ਬੱਕਰੀਆਂ ਲਈ ਆਰਾਮ ਕਰਨ ਦੀ ਜਗ੍ਹਾ ਬਣਾ ਦਿਆਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
6 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਇਜ਼ਰਾਈਲ ਦੇਸ਼ ਦਾ ਹਾਲ ਦੇਖ ਕੇ ਤਾੜੀਆਂ ਵਜਾਈਆਂ+ ਅਤੇ ਆਪਣੇ ਪੈਰ ਜ਼ਮੀਨ ’ਤੇ ਮਾਰੇ ਅਤੇ ਤੈਨੂੰ ਉਨ੍ਹਾਂ ਦੀ ਬੇਇੱਜ਼ਤੀ ਕਰ ਕੇ ਖ਼ੁਸ਼ੀ ਮਿਲੀ,+
7 ਇਸ ਲਈ ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਦੂਜੀਆਂ ਕੌਮਾਂ ਦੇ ਹਵਾਲੇ ਕਰ ਦਿਆਂਗਾ ਅਤੇ ਉਹ ਤੈਨੂੰ ਲੁੱਟਣਗੇ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੇਰਾ ਨਾਸ਼ ਕਰ ਦਿਆਂਗਾ।+ ਮੈਂ ਤੇਰਾ ਨਾਮੋ-ਨਿਸ਼ਾਨ ਮਿਟਾ ਦਿਆਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੋਆਬ+ ਅਤੇ ਸੇਈਰ+ ਨੇ ਕਿਹਾ ਹੈ: “ਦੇਖੋ, ਯਹੂਦਾਹ ਦਾ ਘਰਾਣਾ ਬਾਕੀ ਸਾਰੀਆਂ ਕੌਮਾਂ ਵਰਗਾ ਹੈ,”
9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ’ਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ।
10 ਮੈਂ ਅੰਮੋਨੀਆਂ ਦੇ ਨਾਲ-ਨਾਲ ਮੋਆਬੀਆਂ ਨੂੰ ਪੂਰਬ ਦੇ ਲੋਕਾਂ+ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ’ਤੇ ਕਬਜ਼ਾ ਕਰਨਗੇ ਅਤੇ ਫਿਰ ਕੌਮਾਂ ਵਿਚ ਅੰਮੋਨੀਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਵੇਗਾ।+
11 ਮੈਂ ਮੋਆਬ ਨੂੰ ਸਜ਼ਾ ਦਿਆਂਗਾ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
12 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਅਦੋਮ ਨੇ ਯਹੂਦਾਹ ਦੇ ਘਰਾਣੇ ਨਾਲ ਵੈਰ ਰੱਖਦਿਆਂ ਉਸ ਤੋਂ ਬਦਲਾ ਲਿਆ ਅਤੇ ਇਸ ਤਰ੍ਹਾਂ ਉਹ ਘੋਰ ਪਾਪ ਦਾ ਦੋਸ਼ੀ ਬਣਿਆ ਹੈ;+
13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਅਦੋਮ ਦੇ ਖ਼ਿਲਾਫ਼ ਵੀ ਆਪਣਾ ਹੱਥ ਚੁੱਕਾਂਗਾ ਅਤੇ ਇਨਸਾਨਾਂ ਅਤੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਾਂਗਾ ਅਤੇ ਮੈਂ ਅਦੋਮ ਨੂੰ ਤਬਾਹ ਕਰ ਦਿਆਂਗਾ।+ ਤੇਮਾਨ ਤੋਂ ਲੈ ਕੇ ਦਦਾਨ ਤਕ ਲੋਕ ਤਲਵਾਰ ਨਾਲ ਮਾਰੇ ਜਾਣਗੇ।+
14 ‘ਮੈਂ ਆਪਣੀ ਪਰਜਾ ਇਜ਼ਰਾਈਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ।+ ਉਹ ਅਦੋਮ ’ਤੇ ਮੇਰਾ ਗੁੱਸਾ ਅਤੇ ਕ੍ਰੋਧ ਵਰ੍ਹਾਉਣਗੇ ਅਤੇ ਫਿਰ ਅਦੋਮ ਜਾਣੇਗਾ ਕਿ ਮੈਂ ਉਸ ਨੂੰ ਸਜ਼ਾ ਦਿੱਤੀ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਜ਼ਰਾਈਲੀਆਂ ਨਾਲ ਪੁਰਾਣੀ ਦੁਸ਼ਮਣੀ ਅਤੇ ਘਿਰਣਾ ਹੋਣ ਕਰਕੇ ਫਲਿਸਤੀਆਂ ਨੇ ਉਨ੍ਹਾਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।+
16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਫਲਿਸਤੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ+ ਅਤੇ ਮੈਂ ਕਰੇਤੀਆਂ ਨੂੰ ਨਾਸ਼ ਕਰ ਦਿਆਂਗਾ+ ਅਤੇ ਸਮੁੰਦਰ ਦੇ ਕੰਢੇ ’ਤੇ ਵੱਸੇ ਬਾਕੀ ਲੋਕਾਂ ਨੂੰ ਮਾਰ ਸੁੱਟਾਂਗਾ।+
17 ਮੈਂ ਕ੍ਰੋਧਵਾਨ ਹੋ ਕੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਤੋਂ ਪੂਰਾ ਬਦਲਾ ਲਵਾਂਗਾ। ਜਦੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”