ਹਿਜ਼ਕੀਏਲ 36:1-38
36 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਪਹਾੜਾਂ ਬਾਰੇ ਭਵਿੱਖਬਾਣੀ ਕਰ ਅਤੇ ਕਹਿ, ‘ਹੇ ਇਜ਼ਰਾਈਲ ਦੇ ਪਹਾੜੋ, ਯਹੋਵਾਹ ਦਾ ਸੰਦੇਸ਼ ਸੁਣੋ।
2 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਕਿਹਾ ਹੈ, ‘ਵਾਹ! ਪੁਰਾਣੇ ਜ਼ਮਾਨੇ ਦੀਆਂ ਉੱਚੀਆਂ ਥਾਵਾਂ ’ਤੇ ਸਾਡਾ ਕਬਜ਼ਾ ਹੋ ਗਿਆ ਹੈ।’”’+
3 “ਇਸ ਕਰਕੇ ਭਵਿੱਖਬਾਣੀ ਕਰ ਅਤੇ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਉਨ੍ਹਾਂ ਨੇ ਤੁਹਾਨੂੰ ਤਬਾਹ ਕਰ ਦਿੱਤਾ ਹੈ ਅਤੇ ਤੁਹਾਡੇ ਉੱਤੇ ਹਰ ਦਿਸ਼ਾ ਤੋਂ ਹਮਲਾ ਕੀਤਾ ਹੈ ਤਾਂਕਿ ਕੌਮਾਂ ਦੇ ਬਚੇ ਹੋਏ ਲੋਕ ਤੁਹਾਡੇ ਉੱਤੇ ਕਬਜ਼ਾ ਕਰ ਲੈਣ। ਲੋਕ ਤੁਹਾਡੇ ਬਾਰੇ ਗੱਲਾਂ ਕਰ ਰਹੇ ਹਨ ਅਤੇ ਤੁਹਾਨੂੰ ਬਦਨਾਮ ਕਰ ਰਹੇ ਹਨ,+
4 ਇਸ ਲਈ ਹੇ ਇਜ਼ਰਾਈਲ ਦੇ ਪਹਾੜੋ, ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ। ਸਾਰੇ ਜਹਾਨ ਦਾ ਮਾਲਕ ਯਹੋਵਾਹ ਪਹਾੜਾਂ, ਪਹਾੜੀਆਂ, ਪਾਣੀ ਦੇ ਚਸ਼ਮਿਆਂ, ਘਾਟੀਆਂ, ਵੀਰਾਨ ਖੰਡਰਾਂ+ ਅਤੇ ਉੱਜੜੇ ਸ਼ਹਿਰਾਂ ਨੂੰ ਕਹਿੰਦਾ ਹੈ ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੇ ਬਚੇ ਹੋਏ ਲੋਕਾਂ ਨੇ ਲੁੱਟਿਆ ਸੀ ਅਤੇ ਜਿਨ੍ਹਾਂ ਦਾ ਮਜ਼ਾਕ ਉਡਾਇਆ ਸੀ;+
5 ਇਨ੍ਹਾਂ ਬਾਰੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕੌਮਾਂ ਦੇ ਬਚੇ ਹੋਏ ਲੋਕਾਂ ਅਤੇ ਸਾਰੇ ਅਦੋਮ ਦੇ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਭੜਕੇਗੀ+ ਅਤੇ ਮੈਂ ਉਨ੍ਹਾਂ ਨੂੰ ਦੋਸ਼ੀ ਠਹਿਰਾਵਾਂਗਾ। ਉਨ੍ਹਾਂ ਨੇ ਮੇਰੇ ਦੇਸ਼ ਨਾਲ ਨਫ਼ਰਤ ਕੀਤੀ ਅਤੇ ਖ਼ੁਸ਼ੀ-ਖ਼ੁਸ਼ੀ ਇਸ ’ਤੇ ਕਬਜ਼ਾ ਕੀਤਾ+ ਤਾਂਕਿ ਉਹ ਇਸ ਦੀਆਂ ਚਰਾਂਦਾਂ ਨੂੰ ਹੜੱਪ ਲੈਣ ਅਤੇ ਲੁੱਟ ਲੈਣ।’”’+
6 “ਇਸ ਲਈ ਇਜ਼ਰਾਈਲ ਦੇਸ਼ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ, ਪਹਾੜੀਆਂ, ਪਾਣੀ ਦੇ ਚਸ਼ਮਿਆਂ ਅਤੇ ਘਾਟੀਆਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਬੋਲਾਂਗਾ ਕਿਉਂਕਿ ਤੁਹਾਨੂੰ ਕੌਮਾਂ ਦੇ ਹੱਥੋਂ ਬੇਇੱਜ਼ਤੀ ਸਹਿਣੀ ਪਈ ਹੈ।”’+
7 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਆਪਣਾ ਹੱਥ ਚੁੱਕ ਕੇ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਵੀ ਬੇਇੱਜ਼ਤੀ ਸਹਿਣੀ ਪਵੇਗੀ।+
8 ਪਰ ਹੇ ਇਜ਼ਰਾਈਲ ਦੇ ਪਹਾੜੋ, ਤੁਸੀਂ ਮੇਰੀ ਪਰਜਾ ਇਜ਼ਰਾਈਲ ਲਈ ਟਾਹਣੀਆਂ ਅਤੇ ਫਲ ਪੈਦਾ ਕਰੋਗੇ+ ਕਿਉਂਕਿ ਉਹ ਜਲਦੀ ਵਾਪਸ ਆਵੇਗੀ।
9 ਮੈਂ ਤੁਹਾਡੇ ਨਾਲ ਹਾਂ ਅਤੇ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ। ਤੁਹਾਡੇ ’ਤੇ ਵਾਹੀ ਅਤੇ ਬੀਜਾਈ ਕੀਤੀ ਜਾਵੇਗੀ।
10 ਮੈਂ ਤੁਹਾਡੇ ਲੋਕਾਂ ਦੀ, ਹਾਂ, ਇਜ਼ਰਾਈਲ ਦੇ ਪੂਰੇ ਘਰਾਣੇ ਦੀ ਗਿਣਤੀ ਵਧਾਵਾਂਗਾ। ਸ਼ਹਿਰ ਵਸਾਏ ਜਾਣਗੇ+ ਅਤੇ ਖੰਡਰ ਦੁਬਾਰਾ ਉਸਾਰੇ ਜਾਣਗੇ।+
11 ਮੈਂ ਤੁਹਾਡੇ ਲੋਕਾਂ ਅਤੇ ਤੁਹਾਡੇ ਪਾਲਤੂ ਪਸ਼ੂਆਂ ਦੀ ਗਿਣਤੀ ਵਧਾਵਾਂਗਾ;+ ਉਹ ਵਧਣ-ਫੁੱਲਣਗੇ। ਮੈਂ ਤੁਹਾਨੂੰ ਪਹਿਲਾਂ ਵਾਂਗ ਆਬਾਦ ਕਰਾਂਗਾ+ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ਹਾਲ ਬਣਾਵਾਂਗਾ।+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
12 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਤੁਹਾਡੇ ਉੱਤੇ ਵਾਪਸ ਲਿਆਵਾਂਗਾ ਅਤੇ ਉਹ ਤੁਹਾਡੇ ’ਤੇ ਕਬਜ਼ਾ ਕਰਨਗੇ।+ ਤੁਸੀਂ ਉਨ੍ਹਾਂ ਦੀ ਵਿਰਾਸਤ ਬਣ ਜਾਓਗੇ ਅਤੇ ਉਨ੍ਹਾਂ ਨੂੰ ਦੁਬਾਰਾ ਕਦੇ ਬੇਔਲਾਦ ਨਹੀਂ ਕਰੋਗੇ।’”+
13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਹ ਤੁਹਾਨੂੰ ਕਹਿ ਰਹੇ ਹਨ, “ਤੂੰ ਉਹ ਦੇਸ਼ ਹੈਂ ਜਿਹੜਾ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਆਪਣੀਆਂ ਕੌਮਾਂ ਦੇ ਬੱਚੇ ਮਾਰ ਸੁੱਟਦਾ ਹੈਂ,”’
14 ‘ਇਸ ਲਈ ਤੂੰ ਅੱਗੇ ਤੋਂ ਆਪਣੇ ਲੋਕਾਂ ਨੂੰ ਨਹੀਂ ਨਿਗਲ਼ੇਂਗਾ ਜਾਂ ਆਪਣੀਆਂ ਕੌਮਾਂ ਨੂੰ ਬੇਔਲਾਦ ਨਹੀਂ ਕਰੇਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
15 ‘ਮੈਂ ਫਿਰ ਕਦੇ ਤੈਨੂੰ ਕੌਮਾਂ ਦੇ ਹੱਥੋਂ ਬੇਇੱਜ਼ਤੀ ਨਹੀਂ ਸਹਿਣ ਦਿਆਂਗਾ ਜਾਂ ਤੈਨੂੰ ਲੋਕਾਂ ਦੇ ਤਾਅਨੇ-ਮਿਹਣੇ ਨਹੀਂ ਸੁਣਨ ਦਿਆਂਗਾ+ ਅਤੇ ਤੂੰ ਆਪਣੀਆਂ ਕੌਮਾਂ ਲਈ ਠੋਕਰ ਦਾ ਕਾਰਨ ਨਹੀਂ ਬਣੇਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
16 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:
17 “ਹੇ ਮਨੁੱਖ ਦੇ ਪੁੱਤਰ, ਜਦ ਇਜ਼ਰਾਈਲ ਦਾ ਘਰਾਣਾ ਆਪਣੇ ਦੇਸ਼ ਵਿਚ ਰਹਿ ਰਿਹਾ ਸੀ, ਤਾਂ ਉਨ੍ਹਾਂ ਨੇ ਇਸ ਨੂੰ ਆਪਣੇ ਚਾਲ-ਚਲਣ ਅਤੇ ਆਪਣੇ ਕੰਮਾਂ ਨਾਲ ਅਸ਼ੁੱਧ ਕਰ ਦਿੱਤਾ।+ ਜਿਵੇਂ ਮਾਹਵਾਰੀ ਦੌਰਾਨ ਇਕ ਔਰਤ ਅਸ਼ੁੱਧ ਹੁੰਦੀ ਹੈ, ਉਸੇ ਤਰ੍ਹਾਂ ਉਨ੍ਹਾਂ ਦਾ ਚਾਲ-ਚਲਣ ਮੇਰੀਆਂ ਨਜ਼ਰਾਂ ਵਿਚ ਅਸ਼ੁੱਧ ਸੀ।+
18 ਉਨ੍ਹਾਂ ਨੇ ਦੇਸ਼ ਵਿਚ ਖ਼ੂਨ ਵਹਾਇਆ ਸੀ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ* ਨਾਲ ਸਾਰੇ ਦੇਸ਼ ਨੂੰ ਅਸ਼ੁੱਧ ਕਰ ਦਿੱਤਾ ਸੀ,+ ਇਸ ਲਈ ਮੈਂ ਉਨ੍ਹਾਂ ’ਤੇ ਆਪਣਾ ਗੁੱਸਾ ਵਰ੍ਹਾਇਆ।+
19 ਇਸ ਕਰਕੇ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿੱਤਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿੱਤਾ।+ ਮੈਂ ਉਨ੍ਹਾਂ ਦੇ ਚਾਲ-ਚਲਣ ਅਤੇ ਕੰਮਾਂ ਅਨੁਸਾਰ ਉਨ੍ਹਾਂ ਦਾ ਨਿਆਂ ਕੀਤਾ।
20 ਪਰ ਜਦ ਉਹ ਦੂਜੀਆਂ ਕੌਮਾਂ ਵਿਚ ਗਏ, ਤਾਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਬਾਰੇ ਇਹ ਕਹਿ ਕੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ,+ ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੂੰ ਉਸ ਦਾ ਦੇਸ਼ ਛੱਡਣਾ ਪਿਆ।’
21 ਇਸ ਲਈ ਮੈਂ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਕਦਮ ਚੁੱਕਾਂਗਾ ਜਿਸ ਨੂੰ ਇਜ਼ਰਾਈਲ ਦੇ ਘਰਾਣੇ ਨੇ ਦੂਜੀਆਂ ਕੌਮਾਂ ਵਿਚ ਪਲੀਤ ਕੀਤਾ ਹੈ ਜਿੱਥੇ ਉਹ ਚਲੇ ਗਏ ਹਨ।”+
22 “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੁਹਾਡੀ ਖ਼ਾਤਰ ਨਹੀਂ, ਸਗੋਂ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਕਦਮ ਚੁੱਕ ਰਿਹਾ ਹਾਂ ਜਿਸ ਨੂੰ ਤੁਸੀਂ ਕੌਮਾਂ ਵਿਚ ਪਲੀਤ ਕੀਤਾ ਹੈ ਜਿੱਥੇ ਤੁਸੀਂ ਚਲੇ ਗਏ ਹੋ।”’+
23 ‘ਮੈਂ ਜ਼ਰੂਰ ਆਪਣੇ ਮਹਾਨ ਨਾਂ ਨੂੰ ਪਵਿੱਤਰ ਕਰਾਂਗਾ+ ਜਿਸ ਨੂੰ ਕੌਮਾਂ ਵਿਚ ਪਲੀਤ ਕੀਤਾ ਗਿਆ ਅਤੇ ਜਿਸ ਨੂੰ ਤੁਸੀਂ ਕੌਮਾਂ ਵਿਚ ਪਲੀਤ ਕੀਤਾ। ਜਦ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਤੁਹਾਡੇ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
24 ਮੈਂ ਤੁਹਾਨੂੰ ਕੌਮਾਂ ਤੋਂ ਵਾਪਸ ਲਵਾਂਗਾ ਅਤੇ ਤੁਹਾਨੂੰ ਸਾਰੇ ਦੇਸ਼ਾਂ ਤੋਂ ਇਕੱਠਾ ਕਰ ਕੇ ਤੁਹਾਡੇ ਦੇਸ਼ ਵਿਚ ਲਿਆਵਾਂਗਾ।+
25 ਮੈਂ ਤੁਹਾਡੇ ’ਤੇ ਸਾਫ਼ ਪਾਣੀ ਛਿੜਕ ਕੇ ਤੁਹਾਨੂੰ ਸ਼ੁੱਧ ਕਰਾਂਗਾ;+ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾ ਅਤੇ ਤੁਹਾਡੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਤੋਂ ਸ਼ੁੱਧ ਕਰਾਂਗਾ।+
26 ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ+ ਅਤੇ ਤੁਹਾਡੇ ਮਨ ਦਾ ਸੁਭਾਅ ਨਵਾਂ ਬਣਾਵਾਂਗਾ+ ਅਤੇ ਮੈਂ ਤੁਹਾਡੇ ਸਰੀਰਾਂ ਵਿੱਚੋਂ ਪੱਥਰ ਦਾ ਦਿਲ ਕੱਢ ਕੇ+ ਤੁਹਾਨੂੰ ਮਾਸ ਦਾ ਦਿਲ* ਦਿਆਂਗਾ।
27 ਮੈਂ ਆਪਣੀ ਸ਼ਕਤੀ ਨਾਲ ਤੁਹਾਡੀ ਸੋਚ ਬਦਲਾਂਗਾ ਤਾਂਕਿ ਤੁਸੀਂ ਮੇਰੇ ਨਿਯਮਾਂ ’ਤੇ ਚੱਲੋ।+ ਤੁਸੀਂ ਮੇਰੇ ਕਾਨੂੰਨਾਂ ਦੀ ਪਾਲਣਾ ਕਰੋਗੇ ਅਤੇ ਉਨ੍ਹਾਂ ਮੁਤਾਬਕ ਚੱਲੋਗੇ।
28 ਫਿਰ ਤੁਸੀਂ ਉਸ ਦੇਸ਼ ਵਿਚ ਵੱਸੋਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਅਤੇ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।’+
29 “‘ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾ ਤੋਂ ਬਚਾਵਾਂਗਾ ਅਤੇ ਅਨਾਜ ਨੂੰ ਹੁਕਮ ਦਿਆਂਗਾ ਕਿ ਉਹ ਭਰਪੂਰ ਪੈਦਾਵਾਰ ਦੇਵੇ। ਮੈਂ ਤੁਹਾਡੇ ਉੱਤੇ ਕਾਲ਼ ਨਹੀਂ ਪੈਣ ਦਿਆਂਗਾ।+
30 ਮੈਂ ਦਰਖ਼ਤਾਂ ਦੇ ਫਲ ਅਤੇ ਖੇਤਾਂ ਦੀ ਪੈਦਾਵਾਰ ਵਧਾਵਾਂਗਾ ਤਾਂਕਿ ਤੁਹਾਨੂੰ ਦੁਬਾਰਾ ਕਦੇ ਕੌਮਾਂ ਵਿਚ ਕਾਲ਼ ਦੇ ਕਾਰਨ ਸ਼ਰਮਿੰਦਗੀ ਨਾ ਸਹਿਣੀ ਪਵੇ।+
31 ਫਿਰ ਤੁਸੀਂ ਆਪਣੇ ਬੁਰੇ ਚਾਲ-ਚਲਣ ਅਤੇ ਕੰਮਾਂ ਨੂੰ ਯਾਦ ਕਰੋਗੇ ਜੋ ਚੰਗੇ ਨਹੀਂ ਸਨ ਅਤੇ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਕਰਕੇ ਤੁਹਾਨੂੰ ਆਪਣੇ ਤੋਂ ਘਿਣ ਆਵੇਗੀ।+
32 ਪਰ ਇਹ ਜਾਣ ਲਓ: ਮੈਂ ਇਹ ਤੁਹਾਡੀ ਖ਼ਾਤਰ ਨਹੀਂ ਕਰ ਰਿਹਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਆਪਣੇ ਚਾਲ-ਚਲਣ ਕਰਕੇ ਸ਼ਰਮਸਾਰ ਹੋ ਅਤੇ ਬੇਇੱਜ਼ਤੀ ਮਹਿਸੂਸ ਕਰ।’
33 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸ ਦਿਨ ਮੈਂ ਸ਼ਹਿਰਾਂ ਨੂੰ ਆਬਾਦ ਕਰਾਂਗਾ+ ਅਤੇ ਖੰਡਰਾਂ ਨੂੰ ਦੁਬਾਰਾ ਉਸਾਰਾਂਗਾ।+
34 ਉਸ ਵੀਰਾਨ ਦੇਸ਼ ਦੀ ਜ਼ਮੀਨ ਵਾਹੀ ਜਾਵੇਗੀ ਜਿਸ ਨੂੰ ਰਾਹਗੀਰ ਵੀਰਾਨ ਪਈ ਦੇਖਦੇ ਸਨ।
35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+
36 ਤੁਹਾਡੇ ਆਲੇ-ਦੁਆਲੇ ਬਚੀਆਂ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਜਿਸ ਨੇ ਖੰਡਰਾਂ ਨੂੰ ਬਣਾਇਆ ਹੈ ਅਤੇ ਵੀਰਾਨ ਦੇਸ਼ ਦੀ ਜ਼ਮੀਨ ’ਤੇ ਪੇੜ-ਪੌਦੇ ਲਾਏ ਹਨ। ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਵੀ ਕੀਤੀ ਹੈ।’+
37 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਇਜ਼ਰਾਈਲ ਦੇ ਘਰਾਣੇ ਨੂੰ ਇਹ ਗੁਜ਼ਾਰਸ਼ ਕਰਨ ਦੀ ਇਜਾਜ਼ਤ ਦਿਆਂਗਾ ਕਿ ਮੈਂ ਭੇਡਾਂ-ਬੱਕਰੀਆਂ ਵਾਂਗ ਉਨ੍ਹਾਂ ਦੇ ਲੋਕਾਂ ਦੀ ਗਿਣਤੀ ਵਧਾਵਾਂ।
38 ਜਿਵੇਂ ਤਿਉਹਾਰ ਦੌਰਾਨ ਯਰੂਸ਼ਲਮ ਪਵਿੱਤਰ ਲੋਕਾਂ ਦੇ ਝੁੰਡਾਂ* ਨਾਲ ਭਰਿਆ ਹੁੰਦਾ ਹੈ,+ ਉਸੇ ਤਰ੍ਹਾਂ ਖੰਡਰ ਹੋ ਚੁੱਕੇ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
ਫੁਟਨੋਟ
^ ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
^ ਯਾਨੀ, ਅਜਿਹਾ ਦਿਲ ਜੋ ਪਰਮੇਸ਼ੁਰ ਦੀ ਸੇਧ ਮੁਤਾਬਕ ਚੱਲਣ ਲਈ ਤਿਆਰ ਹੋਵੇ।
^ ਜਾਂ ਸੰਭਵ ਹੈ, “ਬਲ਼ੀ ਵਾਸਤੇ ਲਿਆਂਦੀਆਂ ਭੇਡਾਂ ਦੇ ਝੁੰਡਾਂ।”