ਹਿਜ਼ਕੀਏਲ 4:1-17
4 “ਹੇ ਮਨੁੱਖ ਦੇ ਪੁੱਤਰ, ਇਕ ਇੱਟ ਲੈ ਕੇ ਆਪਣੇ ਸਾਮ੍ਹਣੇ ਰੱਖ ਅਤੇ ਉਸ ਉੱਤੇ ਯਰੂਸ਼ਲਮ ਸ਼ਹਿਰ ਦੀ ਤਸਵੀਰ ਉੱਕਰ।
2 ਇਸ ਦੀ ਘੇਰਾਬੰਦੀ ਕਰ,+ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰ,+ ਇਸ ’ਤੇ ਹਮਲਾ ਕਰਨ ਲਈ ਇਕ ਟਿੱਲਾ ਬਣਾ,+ ਇਸ ਦੇ ਆਲੇ-ਦੁਆਲੇ ਛਾਉਣੀ ਪਾ ਅਤੇ ਇਸ ਦੇ ਚਾਰ-ਚੁਫੇਰੇ ਕਿਲਾਤੋੜ ਯੰਤਰ* ਖੜ੍ਹੇ ਕਰ।+
3 ਫਿਰ ਲੋਹੇ ਦਾ ਇਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਲੋਹੇ ਦੀ ਕੰਧ ਵਾਂਗ ਖੜ੍ਹਾ ਕਰ। ਫਿਰ ਤੂੰ ਸ਼ਹਿਰ ਵੱਲ ਘੂਰੀ ਵੱਟ ਕੇ ਦੇਖੀਂ। ਇਸ ਤਰ੍ਹਾਂ ਤੂੰ ਦਿਖਾਈਂ ਕਿ ਸ਼ਹਿਰ ਦੀ ਘੇਰਾਬੰਦੀ ਕਿਵੇਂ ਕੀਤੀ ਜਾਵੇਗੀ। ਇਹ ਇਜ਼ਰਾਈਲ ਦੇ ਘਰਾਣੇ ਲਈ ਇਕ ਨਿਸ਼ਾਨੀ ਹੋਵੇਗੀ।+
4 “ਫਿਰ ਤੂੰ ਆਪਣੇ ਖੱਬੇ ਪਾਸੇ ਵੱਖ ਲੈ ਕੇ ਲੰਮਾ ਪੈ ਜਾਈਂ ਅਤੇ ਇਜ਼ਰਾਈਲ ਦੇ ਘਰਾਣੇ ਦੇ ਪਾਪ ਆਪਣੇ* ਉੱਤੇ ਚੁੱਕੀਂ।+ ਜਿੰਨੇ ਦਿਨ ਤੂੰ ਆਪਣੇ ਖੱਬੇ ਪਾਸੇ ਵੱਖ ਲੈ ਕੇ ਲੰਮਾ ਪਵੇਂਗਾ, ਉੱਨੇ ਦਿਨ ਤੂੰ ਉਨ੍ਹਾਂ ਦੇ ਪਾਪ ਚੁੱਕੀਂ।
5 ਜਿੰਨੇ ਸਾਲ ਉਨ੍ਹਾਂ ਨੇ ਪਾਪ ਕੀਤੇ ਹਨ, ਉਸ ਮੁਤਾਬਕ ਮੈਂ ਤੇਰੇ ਲਈ 390 ਦਿਨ ਠਹਿਰਾਏ ਹਨ+ ਅਤੇ ਤੂੰ ਉੱਨੇ ਦਿਨ ਇਜ਼ਰਾਈਲ ਦੇ ਘਰਾਣੇ ਦੇ ਪਾਪ ਆਪਣੇ ਉੱਤੇ ਚੁੱਕੇਂਗਾ। ਇਕ ਦਿਨ ਇਕ ਸਾਲ ਦੇ ਬਰਾਬਰ ਹੋਵੇਗਾ।
6 “ਜਦੋਂ ਤੂੰ ਇਹ ਦਿਨ ਪੂਰੇ ਕਰ ਲਵੇਂ, ਤਾਂ ਤੂੰ ਆਪਣੇ ਸੱਜੇ ਪਾਸੇ ਵੱਖ ਲੈ ਕੇ ਲੰਮਾ ਪੈ ਜਾਈਂ ਅਤੇ ਤੂੰ 40 ਦਿਨਾਂ ਤਕ ਯਹੂਦਾਹ ਦੇ ਘਰਾਣੇ ਦੇ ਪਾਪ ਆਪਣੇ ਉੱਤੇ ਚੁੱਕੀਂ।+ ਮੈਂ ਤੇਰੇ ਲਈ ਇਕ-ਇਕ ਸਾਲ ਦੇ ਬਦਲੇ ਇਕ-ਇਕ ਦਿਨ ਠਹਿਰਾਇਆ ਹੈ।
7 ਤੂੰ ਆਪਣੇ ਚੋਗੇ ਦੀ ਬਾਂਹ ਉੱਪਰ ਚੜ੍ਹਾ ਕੇ ਯਰੂਸ਼ਲਮ ਦੀ ਘੇਰਾਬੰਦੀ+ ਵੱਲ ਘੂਰੀ ਵੱਟ ਕੇ ਦੇਖੀਂ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰੀਂ।
8 “ਦੇਖ! ਮੈਂ ਤੈਨੂੰ ਰੱਸੀਆਂ ਨਾਲ ਬੰਨ੍ਹਾਗਾਂ ਤਾਂਕਿ ਤੂੰ ਉਦੋਂ ਤਕ ਵੱਖ ਨਾ ਲੈ ਸਕੇਂ ਜਦ ਤਕ ਘੇਰਾਬੰਦੀ ਦੇ ਦਿਨ ਪੂਰੇ ਨਹੀਂ ਹੋ ਜਾਂਦੇ।
9 “ਤੂੰ ਕਣਕ, ਜੌਂ, ਰਵਾਂਹ ਦੀਆਂ ਫਲੀਆਂ, ਦਾਲਾਂ, ਬਾਜਰਾ ਅਤੇ ਘਟੀਆ ਕਿਸਮ ਦੀ ਕਣਕ ਲਈਂ ਅਤੇ ਇਨ੍ਹਾਂ ਨੂੰ ਇਕ ਭਾਂਡੇ ਵਿਚ ਪਾਈਂ ਅਤੇ ਆਪਣੇ ਲਈ ਇਨ੍ਹਾਂ ਦੀ ਰੋਟੀ ਪਕਾਈਂ। ਤੂੰ 390 ਦਿਨ ਇਹ ਰੋਟੀ ਖਾਈਂ+ ਜਦ ਤੂੰ ਖੱਬੇ ਪਾਸੇ ਵੱਖ ਲੈ ਕੇ ਲੰਮਾ ਪਿਆ ਹੋਵੇਂਗਾ।
10 ਤੂੰ ਰੋਜ਼ 20 ਸ਼ੇਕੇਲ* ਭੋਜਨ ਤੋਲ ਕੇ ਖਾਈਂ। ਤੂੰ ਰੋਜ਼ਾਨਾ ਮਿਥੇ ਹੋਏ ਸਮੇਂ ਤੇ ਭੋਜਨ ਖਾਈਂ।
11 “ਅਤੇ ਤੂੰ ਹੀਨ* ਦਾ ਛੇਵਾਂ ਹਿੱਸਾ ਮਿਣ ਕੇ ਪਾਣੀ ਪੀਵੀਂ। ਤੂੰ ਹਰ ਰੋਜ਼ ਮਿਥੇ ਹੋਏ ਸਮੇਂ ਤੇ ਪਾਣੀ ਪੀਵੀਂ।
12 “ਤੂੰ ਇਸ ਨੂੰ ਉਸੇ ਤਰ੍ਹਾਂ ਖਾਵੇਂਗਾ ਜਿਵੇਂ ਬਾਜਰੇ ਦੀ ਇਕ ਗੋਲ ਰੋਟੀ ਪਕਾ ਕੇ ਖਾਧੀ ਜਾਂਦੀ ਹੈ; ਤੂੰ ਇਨਸਾਨਾਂ ਦੇ ਸੁੱਕੇ ਗੂੰਹ ਦੀ ਅੱਗ ਬਾਲ਼ ਕੇ ਇਸ ਨੂੰ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਪਕਾਈਂ।”
13 ਯਹੋਵਾਹ ਨੇ ਅੱਗੇ ਕਿਹਾ: “ਇਸੇ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਕੌਮਾਂ ਵਿਚ ਰਹਿੰਦਿਆਂ ਅਸ਼ੁੱਧ ਰੋਟੀ ਖਾਣਗੇ ਜਿਨ੍ਹਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ।”+
14 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਇੱਦਾਂ ਨਾ ਹੋਵੇ। ਮੈਂ ਜਵਾਨੀ ਤੋਂ ਲੈ ਕੇ ਹੁਣ ਤਕ ਅਜਿਹੇ ਜਾਨਵਰ ਦਾ ਮਾਸ ਖਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ।+ ਮੈਂ ਤਾਂ ਕਦੇ ਅਸ਼ੁੱਧ ਮਾਸ ਨੂੰ ਮੂੰਹ ਵੀ ਨਹੀਂ ਲਾਇਆ।”+
15 ਫਿਰ ਉਸ ਨੇ ਮੈਨੂੰ ਕਿਹਾ: “ਠੀਕ ਹੈ, ਮੈਂ ਤੈਨੂੰ ਇਨਸਾਨਾਂ ਦੇ ਸੁੱਕੇ ਗੂੰਹ ਦੀ ਬਜਾਇ ਪਸ਼ੂਆਂ ਦਾ ਗੋਹਾ ਵਰਤਣ ਦੀ ਇਜਾਜ਼ਤ ਦਿੰਦਾ ਹਾਂ ਅਤੇ ਤੂੰ ਇਸ ਦੀ ਅੱਗ ਬਾਲ਼ ਕੇ ਆਪਣੇ ਲਈ ਰੋਟੀ ਪਕਾ ਸਕਦਾ ਹੈਂ।”
16 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯਰੂਸ਼ਲਮ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ*+ ਅਤੇ ਲੋਕ ਚਿੰਤਾ ਵਿਚ ਡੁੱਬੇ ਹੋਏ ਤੋਲ ਕੇ ਰੋਟੀ ਖਾਣਗੇ+ ਅਤੇ ਡਰ ਨਾਲ ਸਹਿਮੇ ਹੋਏ ਮਿਣ-ਮਿਣ ਕੇ ਪਾਣੀ ਪੀਣਗੇ।+
17 ਰੋਟੀ ਅਤੇ ਪਾਣੀ ਦੀ ਥੁੜ੍ਹ ਹੋਣ ਕਰਕੇ ਇਸ ਤਰ੍ਹਾਂ ਹੋਵੇਗਾ ਅਤੇ ਉਹ ਇਕ-ਦੂਜੇ ਵੱਲ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ ਅਤੇ ਆਪਣੀਆਂ ਗ਼ਲਤੀਆਂ ਕਰਕੇ ਹੌਲੀ-ਹੌਲੀ ਮਰ ਜਾਣਗੇ।
ਫੁਟਨੋਟ
^ ਲੜਾਈ ਦੌਰਾਨ ਸ਼ਹਿਰ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਤੋੜਨ ਲਈ ਵਰਤਿਆ ਜਾਣ ਵਾਲਾ ਇਕ ਯੰਤਰ।
^ ਇਬ, “ਇਸ,” ਯਾਨੀ ਹਿਜ਼ਕੀਏਲ ਦਾ ਖੱਬਾ ਪਾਸਾ।
^ ਲਗਭਗ 230 ਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।
^ ਲਗਭਗ 0.6 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ’ਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।