ਹਿਜ਼ਕੀਏਲ 44:1-31

  • ਪੂਰਬੀ ਦਰਵਾਜ਼ਾ ਬੰਦ ਰਹੇਗਾ (1-3)

  • ਪਰਦੇਸੀਆਂ ਬਾਰੇ ਨਿਯਮ (4-9)

  • ਲੇਵੀਆਂ ਅਤੇ ਪੁਜਾਰੀਆਂ ਬਾਰੇ ਨਿਯਮ (10-31)

44  ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਦਰਵਾਜ਼ੇ ਕੋਲ ਵਾਪਸ ਲੈ ਆਇਆ ਜੋ ਪੂਰਬ ਵੱਲ ਸੀ+ ਅਤੇ ਇਹ ਦਰਵਾਜ਼ਾ ਬੰਦ ਸੀ।+  ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਹ ਦਰਵਾਜ਼ਾ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ ਅਤੇ ਕੋਈ ਵੀ ਇਨਸਾਨ ਇਸ ਰਾਹੀਂ ਅੰਦਰ ਨਹੀਂ ਆਵੇਗਾ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਸ ਰਾਹੀਂ ਅੰਦਰ ਆਇਆ ਹੈ+ ਜਿਸ ਕਰਕੇ ਇਸ ਨੂੰ ਬੰਦ ਰੱਖਿਆ ਜਾਵੇ।  ਪਰ ਮੁਖੀ ਇਸ ਦਰਵਾਜ਼ੇ ਅੰਦਰ ਬੈਠ ਕੇ ਯਹੋਵਾਹ ਸਾਮ੍ਹਣੇ ਰੋਟੀ ਖਾਵੇਗਾ+ ਕਿਉਂਕਿ ਉਹ ਮੁਖੀ ਹੈ। ਉਹ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ ਅਤੇ ਇੱਥੋਂ ਹੀ ਬਾਹਰ ਜਾਵੇਗਾ।”+  ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਮੰਦਰ ਦੇ ਸਾਮ੍ਹਣੇ ਲੈ ਆਇਆ। ਮੈਂ ਦੇਖਿਆ ਕਿ ਯਹੋਵਾਹ ਦਾ ਮੰਦਰ ਯਹੋਵਾਹ ਦੀ ਮਹਿਮਾ ਨਾਲ ਭਰਿਆ ਹੋਇਆ ਸੀ।+ ਇਸ ਲਈ ਮੈਂ ਗੋਡਿਆਂ ਭਾਰ ਬੈਠ ਕੇ ਜ਼ਮੀਨ ’ਤੇ ਸਿਰ ਨਿਵਾਇਆ।+  ਫਿਰ ਯਹੋਵਾਹ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਯਹੋਵਾਹ ਦੇ ਮੰਦਰ ਬਾਰੇ ਜੋ ਵੀ ਨਿਯਮ ਅਤੇ ਕਾਨੂੰਨ ਦੱਸ ਰਿਹਾ ਹਾਂ, ਤੂੰ ਉਨ੍ਹਾਂ ਵੱਲ ਧਿਆਨ ਦੇ,* ਉਨ੍ਹਾਂ ਨੂੰ ਧਿਆਨ ਨਾਲ ਦੇਖ ਅਤੇ ਸੁਣ। ਮੰਦਰ ਦੇ ਦਰਵਾਜ਼ੇ ਅਤੇ ਪਵਿੱਤਰ ਸਥਾਨ ਦੇ ਸਾਰੇ ਬਾਹਰਲੇ ਦਰਵਾਜ਼ਿਆਂ ਨੂੰ ਧਿਆਨ ਨਾਲ ਦੇਖ।+  ਤੂੰ ਇਜ਼ਰਾਈਲ ਦੇ ਬਾਗ਼ੀ ਘਰਾਣੇ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਬੱਸ! ਬਹੁਤ ਹੋ ਗਏ ਤੁਹਾਡੇ ਘਿਣਾਉਣੇ ਕੰਮ!  ਤੁਸੀਂ ਮੇਰੇ ਪਵਿੱਤਰ ਸਥਾਨ ਵਿਚ ਪਰਦੇਸੀਆਂ ਨੂੰ ਲਿਆਉਂਦੇ ਹੋ ਜਿਨ੍ਹਾਂ ਦੇ ਦਿਲ ਅਤੇ ਸਰੀਰ ਬੇਸੁੰਨਤੇ ਹਨ। ਉਹ ਮੇਰੇ ਮੰਦਰ ਨੂੰ ਪਲੀਤ ਕਰਦੇ ਹਨ। ਇਕ ਪਾਸੇ ਤਾਂ ਤੁਸੀਂ ਮੈਨੂੰ ਰੋਟੀ, ਚਰਬੀ ਅਤੇ ਖ਼ੂਨ ਚੜ੍ਹਾਉਂਦੇ ਹੋ, ਪਰ ਦੂਜੇ ਪਾਸੇ ਤੁਸੀਂ ਘਿਣਾਉਣੇ ਕੰਮ ਕਰ ਕੇ ਮੇਰੇ ਇਕਰਾਰ ਨੂੰ ਤੋੜ ਰਹੇ ਹੋ।  ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦੀ ਸਾਂਭ-ਸੰਭਾਲ ਨਹੀਂ ਕਰਦੇ,+ ਸਗੋਂ ਤੁਸੀਂ ਮੇਰੇ ਪਵਿੱਤਰ ਸਥਾਨ ਦੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਸੌਂਪਦੇ ਹੋ।”’  “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਜ਼ਰਾਈਲ ਵਿਚ ਰਹਿੰਦਾ ਕੋਈ ਵੀ ਪਰਦੇਸੀ ਜਿਸ ਦਾ ਦਿਲ ਅਤੇ ਸਰੀਰ ਬੇਸੁੰਨਤਾ ਹੈ, ਮੇਰੇ ਪਵਿੱਤਰ ਸਥਾਨ ਅੰਦਰ ਨਹੀਂ ਵੜ ਸਕਦਾ।”’ 10  “‘ਜਦ ਇਜ਼ਰਾਈਲ ਆਪਣੀਆਂ ਘਿਣਾਉਣੀਆਂ ਮੂਰਤਾਂ* ਦੇ ਪਿੱਛੇ ਲੱਗ ਕੇ ਮੇਰੇ ਤੋਂ ਦੂਰ ਹੋ ਗਿਆ ਸੀ, ਉਦੋਂ ਲੇਵੀ ਵੀ ਮੇਰੇ ਤੋਂ ਦੂਰ ਹੋ ਗਏ ਸਨ,+ ਇਸ ਲਈ ਲੇਵੀਆਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਪਵੇਗਾ। 11  ਫਿਰ ਉਹ ਮੇਰੇ ਪਵਿੱਤਰ ਸਥਾਨ ਵਿਚ ਸੇਵਕਾਂ ਵਜੋਂ ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਨਗੇ+ ਅਤੇ ਮੰਦਰ ਵਿਚ ਸੇਵਾ ਕਰਨਗੇ। ਉਹ ਲੋਕਾਂ ਲਈ ਹੋਮ-ਬਲ਼ੀਆਂ ਅਤੇ ਹੋਰ ਬਲ਼ੀਆਂ ਦੇ ਜਾਨਵਰਾਂ ਨੂੰ ਵੱਢਣਗੇ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਨ੍ਹਾਂ ਦੀ ਸੇਵਾ ਕਰਨਗੇ। 12  ਉਨ੍ਹਾਂ ਨੇ ਲੋਕਾਂ ਦੀ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਦੇ ਸਾਮ੍ਹਣੇ ਸੇਵਾ ਕੀਤੀ ਅਤੇ ਉਹ ਇਜ਼ਰਾਈਲ ਦੇ ਘਰਾਣੇ ਲਈ ਠੋਕਰ ਦਾ ਪੱਥਰ ਬਣੇ ਜਿਸ ਕਰਕੇ ਉਨ੍ਹਾਂ ਨੇ ਪਾਪ ਕੀਤਾ।+ ਇਸੇ ਕਰਕੇ ਮੈਂ ਆਪਣਾ ਹੱਥ ਚੁੱਕ ਕੇ ਉਨ੍ਹਾਂ ਦੇ ਖ਼ਿਲਾਫ਼ ਸਹੁੰ ਖਾਧੀ ਕਿ ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਹੀ ਪਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 13  ਉਹ ਪੁਜਾਰੀਆਂ ਵਜੋਂ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਨਹੀਂ ਕਰਨਗੇ ਜਾਂ ਮੇਰੀਆਂ ਪਵਿੱਤਰ ਤੇ ਅੱਤ ਪਵਿੱਤਰ ਚੀਜ਼ਾਂ ਦੇ ਨੇੜੇ ਨਹੀਂ ਆਉਣਗੇ। ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ਕਰਕੇ ਬੇਇੱਜ਼ਤੀ ਸਹਿਣੀ ਪਵੇਗੀ। 14  ਪਰ ਮੈਂ ਉਨ੍ਹਾਂ ਨੂੰ ਮੰਦਰ ਵਿਚ ਜ਼ਿੰਮੇਵਾਰੀਆਂ ਦਿਆਂਗਾ ਤਾਂਕਿ ਉਹ ਉੱਥੇ ਸੇਵਾ ਦੇ ਸਾਰੇ ਕੰਮ ਕਰਨ।’+ 15  “‘ਜਦੋਂ ਇਜ਼ਰਾਈਲੀ ਮੇਰੇ ਤੋਂ ਦੂਰ ਹੋ ਗਏ ਸਨ, ਉਦੋਂ ਲੇਵੀ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਸਾਦੋਕ ਦੇ ਪੁੱਤਰਾਂ+ ਨੇ ਮੇਰੇ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਸੰਭਾਲੀਆਂ ਸਨ।+ ਉਹ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਕਰਨਗੇ ਅਤੇ ਮੇਰੇ ਸਾਮ੍ਹਣੇ ਖੜ੍ਹ ਕੇ ਮੈਨੂੰ ਚਰਬੀ ਅਤੇ ਖ਼ੂਨ ਚੜ੍ਹਾਉਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 16  ‘ਉਹੀ ਮੇਰੇ ਪਵਿੱਤਰ ਸਥਾਨ ਅੰਦਰ ਵੜਨਗੇ ਅਤੇ ਮੇਰੇ ਮੇਜ਼* ਕੋਲ ਆ ਕੇ ਮੇਰੀ ਸੇਵਾ ਕਰਨਗੇ+ ਅਤੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।+ 17  “‘ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ, ਤਾਂ ਉਨ੍ਹਾਂ ਨੇ ਮਲਮਲ ਦੇ ਕੱਪੜੇ ਪਾਏ ਹੋਣ।+ ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ ਜਾਂ ਸੇਵਾ ਕਰਨ ਲਈ ਅੰਦਰ ਆਉਣ, ਤਾਂ ਉਹ ਉੱਨ ਦੇ ਕੱਪੜੇ ਨਾ ਪਾ ਕੇ ਆਉਣ। 18  ਉਨ੍ਹਾਂ ਨੇ ਆਪਣੇ ਸਿਰਾਂ ’ਤੇ ਮਲਮਲ ਦੀਆਂ ਪਗੜੀਆਂ ਬੰਨ੍ਹੀਆਂ ਹੋਣ ਅਤੇ ਮਲਮਲ ਦੇ ਕਛਹਿਰੇ ਪਾਏ ਹੋਣ।+ ਉਹ ਅਜਿਹੇ ਕੱਪੜੇ ਨਾ ਪਾਉਣ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪਸੀਨਾ ਆਵੇ। 19  ਜਦੋਂ ਉਹ ਬਾਹਰਲੇ ਵਿਹੜੇ ਵਿਚ ਜਾਣ ਜਿੱਥੇ ਲੋਕ ਹੁੰਦੇ ਹਨ, ਤਾਂ ਉਹ ਆਪਣੇ ਸੇਵਾ ਵਾਲੇ ਕੱਪੜੇ ਲਾਹ ਕੇ+ ਰੋਟੀ ਖਾਣ ਵਾਲੇ ਪਵਿੱਤਰ ਕਮਰਿਆਂ* ਵਿਚ ਰੱਖ ਦੇਣ।+ ਫਿਰ ਉਹ ਹੋਰ ਕੱਪੜੇ ਪਾ ਕੇ ਬਾਹਰਲੇ ਵਿਹੜੇ ਵਿਚ ਜਾਣ ਤਾਂਕਿ ਉਨ੍ਹਾਂ ਦੇ ਪਵਿੱਤਰ ਕੱਪੜਿਆਂ ਨਾਲ ਦੂਜੇ ਲੋਕ ਪਵਿੱਤਰ ਨਾ ਹੋ ਜਾਣ। 20  ਉਹ ਆਪਣੇ ਸਿਰ ਨਾ ਮੁਨਾਉਣ+ ਅਤੇ ਆਪਣੇ ਵਾਲ਼ ਲੰਬੇ ਨਾ ਕਰਨ। ਉਹ ਆਪਣੇ ਸਿਰ ਦੇ ਵਾਲ਼ ਕਟਵਾਉਣ। 21  ਪੁਜਾਰੀ ਦਾਖਰਸ ਪੀ ਕੇ ਅੰਦਰਲੇ ਵਿਹੜੇ ਵਿਚ ਨਾ ਆਉਣ।+ 22  ਉਹ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਨਾ ਕਰਾਉਣ,+ ਪਰ ਉਹ ਇਜ਼ਰਾਈਲ ਦੇ ਲੋਕਾਂ ਵਿੱਚੋਂ ਕਿਸੇ ਕੁਆਰੀ ਕੁੜੀ ਜਾਂ ਕਿਸੇ ਪੁਜਾਰੀ ਦੀ ਵਿਧਵਾ ਨਾਲ ਵਿਆਹ ਕਰਾ ਸਕਦੇ ਹਨ।’+ 23  “‘ਉਹ ਮੇਰੇ ਲੋਕਾਂ ਨੂੰ ਪਵਿੱਤਰ ਤੇ ਆਮ ਚੀਜ਼ਾਂ ਵਿਚ ਅਤੇ ਸ਼ੁੱਧ ਤੇ ਅਸ਼ੁੱਧ ਚੀਜ਼ਾਂ ਵਿਚ ਫ਼ਰਕ ਕਰਨਾ ਸਿਖਾਉਣ।+ 24  ਉਹ ਨਿਆਂਕਾਰਾਂ ਵਜੋਂ ਮੁਕੱਦਮਿਆਂ ਦੀ ਸੁਣਵਾਈ ਕਰਨ+ ਅਤੇ ਮੇਰੇ ਕਾਨੂੰਨਾਂ ਮੁਤਾਬਕ ਨਿਆਂ ਕਰਨ।+ ਉਹ ਮੇਰੇ ਸਾਰੇ ਤਿਉਹਾਰਾਂ ਬਾਰੇ ਮੇਰੇ ਕਾਨੂੰਨ ਅਤੇ ਨਿਯਮ ਮੰਨਣ+ ਅਤੇ ਮੇਰੇ ਸਬਤਾਂ ਨੂੰ ਪਵਿੱਤਰ ਮੰਨਣ। 25  ਉਹ ਕਿਸੇ ਮਰੇ ਹੋਏ ਇਨਸਾਨ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਸ਼ੁੱਧ ਹੋ ਜਾਣਗੇ। ਪਰ ਉਹ ਆਪਣੇ ਮਾਂ-ਪਿਉ, ਧੀ-ਪੁੱਤਰ, ਭਰਾ ਜਾਂ ਕੁਆਰੀ ਭੈਣ ਦੀ ਮੌਤ ਵੇਲੇ ਅਸ਼ੁੱਧ ਹੋ ਸਕਦੇ ਹਨ।+ 26  ਪੁਜਾਰੀ ਸ਼ੁੱਧ ਹੋਣ ਤੋਂ ਬਾਅਦ ਸੱਤ ਦਿਨ ਇੰਤਜ਼ਾਰ ਕਰੇ। 27  ਜਿਸ ਦਿਨ ਉਹ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਅੰਦਰਲੇ ਵਿਹੜੇ ਵਿਚ ਆਵੇ, ਤਾਂ ਉਹ ਆਪਣੇ ਲਈ ਪਾਪ-ਬਲ਼ੀ ਚੜ੍ਹਾਵੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 28  “‘ਇਹ ਉਨ੍ਹਾਂ ਦੀ ਵਿਰਾਸਤ ਹੋਵੇਗੀ: ਮੈਂ ਉਨ੍ਹਾਂ ਦੀ ਵਿਰਾਸਤ ਹਾਂ।+ ਤੁਸੀਂ ਉਨ੍ਹਾਂ ਨੂੰ ਇਜ਼ਰਾਈਲ ਵਿਚ ਕੋਈ ਜ਼ਮੀਨ ਨਹੀਂ ਦੇਣੀ ਕਿਉਂਕਿ ਮੈਂ ਉਨ੍ਹਾਂ ਦੀ ਵਿਰਾਸਤ ਹਾਂ। 29  ਉਹੀ ਅਨਾਜ ਦਾ ਚੜ੍ਹਾਵਾ, ਪਾਪ-ਬਲ਼ੀ ਅਤੇ ਦੋਸ਼-ਬਲ਼ੀ ਖਾਣਗੇ।+ ਇਜ਼ਰਾਈਲ ਵਿਚ ਹਰ ਅਰਪਿਤ ਚੀਜ਼ ਉਨ੍ਹਾਂ ਦੀ ਹੋਵੇਗੀ।+ 30  ਤੁਹਾਡੀ ਹਰ ਫ਼ਸਲ ਦਾ ਪਹਿਲਾ ਅਤੇ ਉੱਤਮ ਫਲ ਅਤੇ ਹਰ ਤਰ੍ਹਾਂ ਦਾ ਦਾਨ ਪੁਜਾਰੀਆਂ ਦਾ ਹੋਵੇਗਾ।+ ਤੁਸੀਂ ਆਪਣੀ ਫ਼ਸਲ ਦੇ ਪਹਿਲੇ ਦਾਣਿਆਂ ਦਾ ਮੋਟਾ ਆਟਾ ਪੁਜਾਰੀਆਂ ਨੂੰ ਦੇਣਾ।+ ਇਸ ਨਾਲ ਤੁਹਾਡੇ ਘਰਾਣਿਆਂ ’ਤੇ ਬਰਕਤ ਰਹੇਗੀ।+ 31  ਪੁਜਾਰੀ ਅਜਿਹੇ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਮਾਸ ਨਾ ਖਾਣ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਜੰਗਲੀ ਜਾਨਵਰਾਂ ਨੇ ਮਾਰਿਆ ਹੋਵੇ।’+

ਫੁਟਨੋਟ

ਇਬ, “ਆਪਣਾ ਮਨ ਲਾ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਵੇਦੀ।”
ਜਾਂ, “ਪਵਿੱਤਰ ਕੋਠੜੀਆਂ।”