ਹਿਜ਼ਕੀਏਲ 7:1-27

  • ਅੰਤ ਆ ਗਿਆ ਹੈ (1-27)

    • ਅਜਿਹੀ ਬਿਪਤਾ ਜਿਹੜੀ ਪਹਿਲਾਂ ਕਦੇ ਨਹੀਂ ਆਈ (5)

    • ਪੈਸਾ ਗਲੀਆਂ ਵਿਚ ਸੁੱਟਿਆ ਜਾਵੇਗਾ (19)

    • ਮੰਦਰ ਨੂੰ ਭ੍ਰਿਸ਼ਟ ਕੀਤਾ ਜਾਵੇਗਾ (22)

7  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਇਜ਼ਰਾਈਲ ਦੇਸ਼ ਨੂੰ ਕਹਿੰਦਾ ਹੈ: ‘ਅੰਤ ਆ ਗਿਆ ਹੈ! ਸਾਰੇ ਦੇਸ਼ ਦਾ ਅੰਤ ਆ ਗਿਆ ਹੈ।  ਤੇਰਾ ਅੰਤ ਆ ਚੁੱਕਾ ਹੈ। ਮੈਂ ਤੇਰੇ ਉੱਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਤੇਰੇ ਚਾਲ-ਚਲਣ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਤੋਂ ਤੇਰੇ ਸਾਰੇ ਘਿਣਾਉਣੇ ਕੰਮਾਂ ਦਾ ਲੇਖਾ ਲਵਾਂਗਾ।  ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ’ਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’+  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਦੇਖ! ਇਕ ਬਿਪਤਾ ਆ ਰਹੀ ਹੈ, ਹਾਂ, ਅਜਿਹੀ ਬਿਪਤਾ ਜਿਹੜੀ ਪਹਿਲਾਂ ਕਦੇ ਨਹੀਂ ਆਈ।+  ਅੰਤ ਆ ਰਿਹਾ ਹੈ; ਇਹ ਜ਼ਰੂਰ ਆਵੇਗਾ; ਇਹ ਤੇਰੇ ਖ਼ਿਲਾਫ਼ ਉੱਠ ਖੜ੍ਹਾ ਹੋਵੇਗਾ।* ਦੇਖ! ਇਹ ਆ ਰਿਹਾ ਹੈ।  ਦੇਸ਼ ਵਿਚ ਰਹਿਣ ਵਾਲਿਆ, ਤੇਰੀ ਵਾਰੀ ਆ ਗਈ ਹੈ।* ਸਮਾਂ ਆ ਰਿਹਾ ਹੈ, ਉਹ ਦਿਨ ਨੇੜੇ ਹੈ।+ ਪਹਾੜਾਂ ਤੋਂ ਖ਼ੁਸ਼ੀਆਂ ਮਨਾਉਣ ਦੀ ਆਵਾਜ਼ ਨਹੀਂ, ਸਗੋਂ ਚੀਕ-ਚਿਹਾੜੇ ਦੀ ਆਵਾਜ਼ ਆ ਰਹੀ ਹੈ।  “‘ਮੈਂ ਬਹੁਤ ਜਲਦ ਆਪਣਾ ਸਾਰਾ ਗੁੱਸਾ ਤੇਰੇ ’ਤੇ ਕੱਢਾਂਗਾ+ ਅਤੇ ਤੇਰੇ ਉੱਤੇ ਆਪਣਾ ਕ੍ਰੋਧ ਵਰ੍ਹਾਵਾਂਗਾ+ ਅਤੇ ਮੈਂ ਤੇਰੇ ਚਾਲ-ਚਲਣ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਤੋਂ ਤੇਰੇ ਸਾਰੇ ਘਿਣਾਉਣੇ ਕੰਮਾਂ ਦਾ ਲੇਖਾ ਲਵਾਂਗਾ।  ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ’ਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ। ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਤੈਨੂੰ ਸਜ਼ਾ ਦੇ ਰਿਹਾ ਹਾਂ।+ 10  “‘ਦੇਖ! ਉਹ ਦਿਨ ਆ ਰਿਹਾ ਹੈ।+ ਦੇਖ! ਤੇਰੀ ਵਾਰੀ ਆ ਗਈ ਹੈ;* ਤੈਨੂੰ ਸਜ਼ਾ ਦੇਣ ਲਈ ਡੰਡਾ ਤਿਆਰ ਹੈ ਅਤੇ ਤੇਰੇ ਦੁਸ਼ਮਣ ਨੇ ਗੁਸਤਾਖ਼ੀ ਦੀ ਹੱਦ ਪਾਰ ਕਰ ਦਿੱਤੀ ਹੈ।* 11  ਹਿੰਸਾ ਨੇ ਵਧ ਕੇ ਦੁਸ਼ਟ ਕੰਮਾਂ ਦੀ ਸਜ਼ਾ ਦੇਣ ਵਾਲੇ ਡੰਡੇ ਦਾ ਰੂਪ ਧਾਰ ਲਿਆ ਹੈ।+ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੀ ਧਨ-ਦੌਲਤ ਅਤੇ ਨਾ ਹੀ ਉਨ੍ਹਾਂ ਦੀ ਭੀੜ ਅਤੇ ਨਾ ਹੀ ਉਨ੍ਹਾਂ ਦੀ ਸ਼ਾਨੋ-ਸ਼ੌਕਤ ਬਚੇਗੀ। 12  ਉਹ ਸਮਾਂ ਆਵੇਗਾ, ਹਾਂ, ਉਹ ਦਿਨ ਆਵੇਗਾ। ਨਾ ਤਾਂ ਖ਼ਰੀਦਣ ਵਾਲਾ ਖ਼ੁਸ਼ ਹੋਵੇ ਅਤੇ ਨਾ ਹੀ ਵੇਚਣ ਵਾਲਾ ਸੋਗ ਮਨਾਵੇ ਕਿਉਂਕਿ ਉਨ੍ਹਾਂ ਦੀ ਸਾਰੀ ਭੀੜ ’ਤੇ ਕ੍ਰੋਧ ਵਰ੍ਹੇਗਾ।*+ 13  ਆਪਣੀ ਜ਼ਮੀਨ ਵੇਚਣ ਵਾਲਾ ਦੁਬਾਰਾ ਜ਼ਮੀਨ ’ਤੇ ਨਹੀਂ ਮੁੜੇਗਾ, ਚਾਹੇ ਉਸ ਦੀ ਜਾਨ ਕਿਉਂ ਨਾ ਬਖ਼ਸ਼ ਦਿੱਤੀ ਜਾਵੇ ਕਿਉਂਕਿ ਦਰਸ਼ਣ ਵਿਚ ਦੱਸੀਆਂ ਗੱਲਾਂ ਸਾਰੇ ਲੋਕਾਂ ਨਾਲ ਵਾਪਰਨਗੀਆਂ। ਕੋਈ ਵਾਪਸ ਨਹੀਂ ਆਵੇਗਾ ਅਤੇ ਆਪਣੇ ਗੁਨਾਹਾਂ ਕਾਰਨ* ਕੋਈ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ। 14  “‘ਉਨ੍ਹਾਂ ਨੇ ਤੁਰ੍ਹੀ ਵਜਾਈ ਹੈ+ ਅਤੇ ਹਰ ਕੋਈ ਤਿਆਰ ਹੈ, ਪਰ ਕੋਈ ਵੀ ਲੜਾਈ ਲਈ ਨਹੀਂ ਜਾ ਰਿਹਾ ਕਿਉਂਕਿ ਮੇਰਾ ਕ੍ਰੋਧ ਸਾਰੇ ਲੋਕਾਂ ’ਤੇ ਭੜਕਿਆ ਹੋਇਆ ਹੈ।+ 15  ਸ਼ਹਿਰੋਂ ਬਾਹਰ ਤਲਵਾਰ ਹੈ+ ਅਤੇ ਅੰਦਰ ਮਹਾਂਮਾਰੀ ਅਤੇ ਕਾਲ਼ ਹੈ। ਜਿਹੜਾ ਸ਼ਹਿਰੋਂ ਬਾਹਰ ਹੈ, ਉਹ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਦੇ ਅੰਦਰ ਹੈ, ਉਹ ਕਾਲ਼ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।+ 16  ਜਿਹੜੇ ਬਚ ਕੇ ਭੱਜ ਨਿਕਲਣਗੇ, ਉਹ ਪਹਾੜਾਂ ’ਤੇ ਚਲੇ ਜਾਣਗੇ ਅਤੇ ਹਰੇਕ ਆਪਣੇ ਗੁਨਾਹ ਦੇ ਕਾਰਨ ਸੋਗ ਮਨਾਵੇਗਾ ਜਿਵੇਂ ਘਾਟੀਆਂ ਵਿਚ ਘੁੱਗੀਆਂ ਹੂੰਗਦੀਆਂ ਹਨ।+ 17  ਉਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ ਅਤੇ ਉਨ੍ਹਾਂ ਦੇ ਗੋਡਿਆਂ ਤੋਂ ਪਾਣੀ ਟਪਕੇਗਾ।*+ 18  ਉਨ੍ਹਾਂ ਨੇ ਤੱਪੜ ਪਾਏ ਹੋਏ ਹਨ+ ਅਤੇ ਉਹ ਡਰ ਨਾਲ ਕੰਬ ਰਹੇ ਹਨ। ਹਰ ਕਿਸੇ ਨੂੰ ਸ਼ਰਮਿੰਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸਿਰ ਗੰਜੇ ਹੋ ਜਾਣਗੇ।*+ 19  “‘ਉਹ ਆਪਣੀ ਚਾਂਦੀ ਗਲੀਆਂ ਵਿਚ ਸੁੱਟ ਦੇਣਗੇ ਅਤੇ ਉਨ੍ਹਾਂ ਨੂੰ ਆਪਣੇ ਸੋਨੇ ਤੋਂ ਘਿਣ ਆਵੇਗੀ। ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦੀ ਚਾਂਦੀ ਅਤੇ ਨਾ ਹੀ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।+ ਉਹ ਨਾ ਤਾਂ ਸੰਤੁਸ਼ਟ ਹੋਣਗੇ ਅਤੇ ਨਾ ਹੀ ਉਨ੍ਹਾਂ ਦੇ ਢਿੱਡ ਭਰਨਗੇ ਕਿਉਂਕਿ ਉਨ੍ਹਾਂ ਦਾ ਸੋਨਾ-ਚਾਂਦੀ ਉਨ੍ਹਾਂ ਲਈ ਠੋਕਰ ਦਾ ਪੱਥਰ ਬਣ ਗਿਆ ਹੈ ਜਿਸ ਨੇ ਉਨ੍ਹਾਂ ਤੋਂ ਪਾਪ ਕਰਾਇਆ ਹੈ। 20  ਉਨ੍ਹਾਂ ਨੂੰ ਆਪਣੇ ਗਹਿਣਿਆਂ ਦੀ ਖ਼ੂਬਸੂਰਤੀ ’ਤੇ ਘਮੰਡ ਸੀ ਅਤੇ ਉਨ੍ਹਾਂ ਨੇ ਇਨ੍ਹਾਂ* ਨਾਲ ਆਪਣੇ ਲਈ ਘਿਣਾਉਣੇ ਬੁੱਤ, ਹਾਂ, ਘਿਣਾਉਣੀਆਂ ਮੂਰਤਾਂ ਬਣਾਈਆਂ।+ ਇਸੇ ਕਰਕੇ ਮੈਂ ਉਨ੍ਹਾਂ ਦੇ ਸੋਨੇ-ਚਾਂਦੀ ਨੂੰ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਿਣਾਉਣਾ ਬਣਾ ਦਿਆਂਗਾ। 21  ਮੈਂ ਇਹ ਸਭ* ਲੁੱਟ ਦੇ ਮਾਲ ਵਜੋਂ ਵਿਦੇਸ਼ੀਆਂ ਅਤੇ ਦੁਨੀਆਂ ਦੇ ਦੁਸ਼ਟ ਲੋਕਾਂ ਦੇ ਹੱਥਾਂ ਵਿਚ ਦੇ ਦਿਆਂਗਾ ਅਤੇ ਉਹ ਇਸ ਨੂੰ ਭ੍ਰਿਸ਼ਟ ਕਰਨਗੇ। 22  “‘ਮੈਂ ਉਨ੍ਹਾਂ ਤੋਂ ਆਪਣਾ ਮੂੰਹ ਫੇਰ ਲਵਾਂਗਾ+ ਅਤੇ ਉਹ ਮੇਰੇ ਗੁਪਤ ਸਥਾਨ* ਨੂੰ ਭ੍ਰਿਸ਼ਟ ਕਰਨਗੇ ਅਤੇ ਲੁਟੇਰੇ ਅੰਦਰ ਆ ਕੇ ਇਸ ਨੂੰ ਭ੍ਰਿਸ਼ਟ ਕਰਨਗੇ।+ 23  “‘ਜ਼ੰਜੀਰਾਂ* ਬਣਾ+ ਕਿਉਂਕਿ ਸਾਰੇ ਦੇਸ਼ ਵਿਚ ਲੋਕਾਂ ਨਾਲ ਅਨਿਆਂ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਗ਼ਲਤ ਫ਼ੈਸਲੇ ਸੁਣਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ।+ ਪੂਰਾ ਸ਼ਹਿਰ ਹਿੰਸਾ ਨਾਲ ਭਰਿਆ ਹੋਇਆ ਹੈ।+ 24  ਮੈਂ ਕੌਮਾਂ ਦੇ ਬੁਰੇ ਤੋਂ ਬੁਰੇ ਲੋਕਾਂ ਨੂੰ ਲਿਆਵਾਂਗਾ+ ਅਤੇ ਉਹ ਉਨ੍ਹਾਂ ਦੇ ਘਰਾਂ ’ਤੇ ਕਬਜ਼ਾ ਕਰ ਲੈਣਗੇ।+ ਮੈਂ ਤਾਕਤਵਰ ਆਦਮੀਆਂ ਦਾ ਘਮੰਡ ਚੂਰ-ਚੂਰ ਕਰ ਦਿਆਂਗਾ ਅਤੇ ਉਨ੍ਹਾਂ ਦੇ ਪਵਿੱਤਰ ਸਥਾਨ ਭ੍ਰਿਸ਼ਟ ਕੀਤੇ ਜਾਣਗੇ।+ 25  ਜਦੋਂ ਉਨ੍ਹਾਂ ’ਤੇ ਦੁੱਖ ਆਵੇਗਾ, ਤਾਂ ਉਹ ਸ਼ਾਂਤੀ ਦੀ ਤਲਾਸ਼ ਕਰਨਗੇ, ਪਰ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੇਗੀ।+ 26  ਉਨ੍ਹਾਂ ’ਤੇ ਇਕ ਤੋਂ ਬਾਅਦ ਇਕ ਤਬਾਹੀ ਆਵੇਗੀ ਅਤੇ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਖ਼ਬਰ ਮਿਲੇਗੀ ਅਤੇ ਉਹ ਬੇਕਾਰ ਹੀ ਨਬੀ ਤੋਂ ਦਰਸ਼ਣ ਦੀ ਆਸ ਰੱਖਣਗੇ।+ ਪੁਜਾਰੀਆਂ ਦੀ ਸਿੱਖਿਆ ਅਤੇ ਬਜ਼ੁਰਗਾਂ ਦੀ ਸਲਾਹ ਕਿਸੇ ਕੰਮ ਨਹੀਂ ਆਵੇਗੀ।+ 27  ਰਾਜਾ ਸੋਗ ਮਨਾਵੇਗਾ+ ਅਤੇ ਮੁਖੀ ਨਿਰਾਸ਼ਾ* ਦਾ ਲਿਬਾਸ ਪਾਵੇਗਾ ਅਤੇ ਦੇਸ਼ ਦੇ ਲੋਕਾਂ ਦੇ ਹੱਥ ਡਰ ਦੇ ਮਾਰੇ ਕੰਬਣਗੇ। ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਸਲੂਕ ਕਰਾਂਗਾ ਅਤੇ ਉਨ੍ਹਾਂ ਦਾ ਉਸੇ ਤਰ੍ਹਾਂ ਨਿਆਂ ਕਰਾਂਗਾ ਜਿਵੇਂ ਉਨ੍ਹਾਂ ਨੇ ਦੂਜਿਆਂ ਦਾ ਨਿਆਂ ਕੀਤਾ ਹੈ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+

ਫੁਟਨੋਟ

ਇਬ, “ਜਾਗੇਗਾ।”
ਜਾਂ ਸੰਭਵ ਹੈ, “ਤੇਰਾ ਫੁੱਲਾਂ ਦਾ ਹਾਰ ਆ ਗਿਆ ਹੈ।”
ਇਬ, “ਡੰਡੇ ਨੂੰ ਫੁੱਲ ਲੱਗ ਗਏ ਹਨ ਅਤੇ ਗੁਸਤਾਖ਼ੀ ਦੀਆਂ ਡੋਡੀਆਂ ਨਿਕਲ ਆਈਆਂ ਹਨ।”
ਜਾਂ ਸੰਭਵ ਹੈ, “ਤੇਰਾ ਫੁੱਲਾਂ ਦਾ ਹਾਰ ਆ ਗਿਆ ਹੈ।”
ਯਾਨੀ, ਨਾ ਤਾਂ ਜ਼ਮੀਨ ਖ਼ਰੀਦਣ ਵਾਲੇ ਨੂੰ ਅਤੇ ਨਾ ਹੀ ਵੇਚਣ ਵਾਲੇ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਾਰਿਆਂ ’ਤੇ ਨਾਸ਼ ਆਵੇਗਾ।
ਜਾਂ ਸੰਭਵ ਹੈ, “ਦੇ ਜ਼ਰੀਏ।”
ਯਾਨੀ, ਡਰ ਦੇ ਮਾਰੇ ਉਨ੍ਹਾਂ ਦਾ ਪਿਸ਼ਾਬ ਨਿਕਲ ਜਾਵੇਗਾ।
ਯਾਨੀ, ਉਹ ਸੋਗ ਮਨਾਉਣ ਲਈ ਆਪਣੇ ਵਾਲ਼ਾਂ ਦੀ ਹਜਾਮਤ ਕਰਾਉਣਗੇ।
ਯਾਨੀ, ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਚੀਜ਼ਾਂ।
ਯਾਨੀ, ਉਨ੍ਹਾਂ ਦਾ ਸੋਨਾ-ਚਾਂਦੀ ਜਿਸ ਦੀਆਂ ਉਹ ਮੂਰਤਾਂ ਬਣਾਉਂਦੇ ਸਨ।
ਲੱਗਦਾ ਹੈ ਕਿ ਇੱਥੇ ਯਹੋਵਾਹ ਦੇ ਮੰਦਰ ਦੇ ਅੱਤ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
ਯਾਨੀ, ਕੈਦੀਆਂ ਲਈ ਜ਼ੰਜੀਰਾਂ।
ਜਾਂ, “ਤਬਾਹੀ।”