ਹੱਬਕੂਕ 3:1-19

  • ਨਬੀ ਦੀ ਪ੍ਰਾਰਥਨਾ ਕਿ ਯਹੋਵਾਹ ਕਦਮ ਚੁੱਕੇ (1-19)

    • ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨੂੰ ਬਚਾਵੇਗਾ (13)

    • ਦੁੱਖਾਂ ਦੇ ਬਾਵਜੂਦ ਯਹੋਵਾਹ ਕਰਕੇ ਖ਼ੁਸ਼ੀ ਮਨਾਉਣੀ (17, 18)

3  ਹੱਬਕੂਕ ਨਬੀ ਦੀ ਵਿਰਲਾਪ ਭਰੀ ਪ੍ਰਾਰਥਨਾ:*   “ਹੇ ਯਹੋਵਾਹ, ਮੈਂ ਤੇਰੇ ਬਾਰੇ ਸੁਣਿਆ ਹੈ। ਹੇ ਯਹੋਵਾਹ, ਮੈਂ ਤੇਰੇ ਕੰਮਾਂ ਤੋਂ ਡਰਦਾ ਹਾਂ। ਸਮਾਂ ਆਉਣ ਤੇ* ਇਹ ਕੰਮ ਦੁਬਾਰਾ ਕਰੀਂ! ਸਮਾਂ ਆਉਣ ਤੇ* ਇਨ੍ਹਾਂ ਨੂੰ ਜ਼ਾਹਰ ਕਰੀਂ। ਕਹਿਰ ਢਾਹੁਣ ਵੇਲੇ ਦਇਆ ਕਰਨੀ ਨਾ ਭੁੱਲੀਂ।+   ਪਰਮੇਸ਼ੁਰ ਤੇਮਾਨ ਤੋਂ ਆਇਆ,ਪਵਿੱਤਰ ਪਰਮੇਸ਼ੁਰ ਪਾਰਾਨ ਪਰਬਤ ਤੋਂ।+ (ਸਲਹ)* ਉਸ ਦੀ ਸ਼ਾਨੋ-ਸ਼ੌਕਤ ਆਕਾਸ਼ ’ਤੇ ਛਾਈ ਹੋਈ ਸੀ;+ਧਰਤੀ ਉਸ ਦੀ ਵਡਿਆਈ ਨਾਲ ਭਰੀ ਹੋਈ ਸੀ।   ਉਸ ਦੀ ਚਮਕ ਚਾਨਣ ਵਾਂਗ ਸੀ।+ ਉਸ ਦੇ ਹੱਥ ਵਿੱਚੋਂ ਦੋ ਕਿਰਨਾਂ ਨਿਕਲੀਆਂਜਿਸ ਵਿਚ ਉਸ ਦੀ ਤਾਕਤ ਲੁਕੀ ਹੋਈ ਸੀ।   ਮਹਾਂਮਾਰੀ ਉਸ ਦੇ ਅੱਗੇ-ਅੱਗੇ ਗਈ+ਅਤੇ ਤੇਜ਼ ਬੁਖ਼ਾਰ ਉਸ ਦੇ ਪਿੱਛੇ-ਪਿੱਛੇ।   ਉਸ ਦੇ ਖੜ੍ਹਨ ਕਰਕੇ ਧਰਤੀ ਹਿਲ ਗਈ।+ ਉਸ ਦੀ ਇਕ ਘੂਰੀ ਨਾਲ ਕੌਮਾਂ ਕੰਬ ਉੱਠੀਆਂ।+ ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜ ਚੂਰ-ਚੂਰ ਹੋ ਗਏ,ਪੁਰਾਣੀਆਂ ਪਹਾੜੀਆਂ ਝੁਕ ਗਈਆਂ।+ ਪੁਰਾਣੇ ਸਮਿਆਂ ਤੋਂ ਉਸ ਦਾ ਇਹੀ ਰਾਹ ਹੈ।   ਮੈਂ ਕੂਸ਼ੀਆਂ ਦੇ ਤੰਬੂਆਂ ਵਿਚ ਗੜਬੜੀ ਮਚੀ ਦੇਖੀ। ਮਿਦਿਆਨ ਦੇਸ਼ ਦੇ ਤੰਬੂ ਕੰਬ ਰਹੇ ਸਨ।+   ਹੇ ਯਹੋਵਾਹ, ਕੀ ਤੂੰ ਦਰਿਆਵਾਂ ਉੱਤੇ,ਹਾਂ, ਦਰਿਆਵਾਂ ’ਤੇ ਆਪਣਾ ਗੁੱਸਾ ਕੱਢ ਰਿਹਾ ਹੈਂ? ਜਾਂ ਕੀ ਤੇਰਾ ਕ੍ਰੋਧ ਸਮੁੰਦਰ ਉੱਤੇ ਭੜਕਿਆ ਹੈ?+ ਕਿਉਂਕਿ ਤੂੰ ਆਪਣੇ ਘੋੜਿਆਂ ਉੱਤੇ ਸਵਾਰ ਸੀ;+ਤੇਰੇ ਰਥ ਜਿੱਤ ਗਏ ਸਨ।*+   ਤੂੰ ਆਪਣੀ ਕਮਾਨ ਕੱਢ ਲਈ ਹੈ ਤੇ ਤੀਰ ਚਲਾਉਣ ਲਈ ਤਿਆਰ ਹੈਂ। ਡੰਡਿਆਂ* ਨੂੰ ਸਹੁੰ ਖੁਆਈ ਗਈ ਹੈ।* (ਸਲਹ) ਤੂੰ ਧਰਤੀ ਨੂੰ ਦਰਿਆਵਾਂ ਨਾਲ ਚੀਰ ਦਿੱਤਾ। 10  ਤੈਨੂੰ ਦੇਖ ਕੇ ਪਹਾੜ ਦਰਦ ਨਾਲ ਤੜਫੇ।+ ਜ਼ੋਰ-ਜ਼ੋਰ ਨਾਲ ਮੀਂਹ ਪਿਆ। ਡੂੰਘੇ ਪਾਣੀ ਗਰਜੇ।+ ਉਨ੍ਹਾਂ ਨੇ ਆਪਣੇ ਹੱਥ ਉੱਪਰ ਚੁੱਕੇ। 11  ਸੂਰਜ ਅਤੇ ਚੰਦ ਆਕਾਸ਼ ਵਿਚ ਖੜ੍ਹੇ ਰਹੇ।+ ਤੇਰੇ ਲਿਸ਼ਕਦੇ ਹੋਏ ਤੀਰ ਨਿਕਲੇ।+ ਤੇਰੇ ਬਰਛੇ ਦੀ ਚਮਕ ਬਹੁਤ ਤੇਜ਼ ਸੀ। 12  ਤੂੰ ਗੁੱਸੇ ਨਾਲ ਧਰਤੀ ਵਿੱਚੋਂ ਦੀ ਲੰਘਿਆ। ਤੂੰ ਕ੍ਰੋਧ ਵਿਚ ਆ ਕੇ ਕੌਮਾਂ ਨੂੰ ਆਪਣੇ ਪੈਰਾਂ ਹੇਠ ਮਿੱਧਿਆ।* 13  ਤੂੰ ਆਪਣੇ ਲੋਕਾਂ ਨੂੰ ਛੁਡਾਉਣ, ਹਾਂ, ਆਪਣੇ ਚੁਣੇ ਹੋਏ ਨੂੰ ਬਚਾਉਣ ਲਈ ਨਿਕਲਿਆ। ਤੂੰ ਦੁਸ਼ਟ ਦੇ ਘਰਾਣੇ ਦੇ ਆਗੂ* ਨੂੰ ਖ਼ਤਮ ਕਰ ਦਿੱਤਾ। ਇਸ ਨੂੰ ਉੱਪਰੋਂ* ਲੈ ਕੇ ਨੀਂਹ ਤਕ ਢਾਹ ਦਿੱਤਾ ਗਿਆ। (ਸਲਹ) 14  ਉਸ ਦੇ ਯੋਧਿਆਂ ਨੇ ਮੈਨੂੰ ਖਿੰਡਾਉਣ ਲਈ ਹਨੇਰੀ ਵਾਂਗ ਹਮਲਾ ਕੀਤਾਪਰ ਤੂੰ ਉਸ ਦੇ ਯੋਧਿਆਂ ਦੇ ਸਿਰ ਉਸ ਦੇ ਹੀ ਹਥਿਆਰਾਂ* ਨਾਲ ਵਿੰਨ੍ਹ ਸੁੱਟੇ। ਉਹ ਚੋਰੀ-ਛਿਪੇ ਦੁਖੀ ਨੂੰ ਨਿਗਲ਼ ਕੇ ਬਹੁਤ ਖ਼ੁਸ਼ ਹੋਏ। 15  ਤੂੰ ਆਪਣੇ ਘੋੜਿਆਂ ’ਤੇ ਸਵਾਰ ਹੋ ਕੇ ਸਮੁੰਦਰ ਵਿੱਚੋਂ,ਠਾਠਾਂ ਮਾਰਦੇ ਪਾਣੀ ਵਿੱਚੋਂ ਦੀ ਲੰਘਿਆ। 16  ਮੈਂ ਸੁਣਿਆ ਅਤੇ ਅੰਦਰੋਂ ਡਰ ਗਿਆ;*ਆਵਾਜ਼ ਸੁਣ ਕੇ ਮੇਰੇ ਬੁੱਲ੍ਹ ਕੰਬਣ ਲੱਗੇ। ਮੇਰੀਆਂ ਹੱਡੀਆਂ ਗਲ਼ ਗਈਆਂ;+ਮੇਰੀਆਂ ਲੱਤਾਂ ਨੂੰ ਕਾਂਬਾ ਛਿੜ ਗਿਆ। ਪਰ ਮੈਂ ਚੁੱਪ-ਚਾਪ ਕਸ਼ਟ ਦੇ ਦਿਨ ਦੀ ਉਡੀਕ ਕਰਦਾ ਹਾਂ+ਕਿਉਂਕਿ ਇਹ ਦਿਨ ਸਾਡੇ ’ਤੇ ਹਮਲਾ ਕਰਨ ਵਾਲਿਆਂ ’ਤੇ ਆਵੇਗਾ। 17  ਭਾਵੇਂ ਅੰਜੀਰ ਦੇ ਦਰਖ਼ਤ ਨੂੰ ਫੁੱਲ ਨਾ ਲੱਗਣਅਤੇ ਅੰਗੂਰੀ ਵੇਲ ਨੂੰ ਅੰਗੂਰ ਨਾ ਲੱਗਣ;ਭਾਵੇਂ ਜ਼ੈਤੂਨ ਦੇ ਦਰਖ਼ਤ ਨੂੰ ਜ਼ੈਤੂਨ ਨਾ ਲੱਗਣਅਤੇ ਖੇਤਾਂ ਵਿਚ ਫ਼ਸਲ ਨਾ ਹੋਵੇ;ਭਾਵੇਂ ਵਾੜਿਆਂ ਵਿੱਚੋਂ ਭੇਡਾਂ-ਬੱਕਰੀਆਂ ਗਾਇਬ ਹੋ ਜਾਣਅਤੇ ਤਬੇਲਿਆਂ ਵਿਚ ਡੰਗਰ ਨਾ ਹੋਣ; 18  ਫਿਰ ਵੀ ਮੈਂ ਯਹੋਵਾਹ ਕਰਕੇ ਖ਼ੁਸ਼ੀ ਮਨਾਵਾਂਗਾ;ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਕਰਕੇ ਬਾਗ਼-ਬਾਗ਼ ਹੋਵਾਂਗਾ।+ 19  ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਤਾਕਤ ਹੈ;+ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਵੇਗਾਤਾਂਕਿ ਮੈਂ ਉੱਚੀਆਂ ਥਾਵਾਂ ’ਤੇ ਜਾ ਸਕਾਂ।+

ਫੁਟਨੋਟ

ਜਾਂ, “ਮਾਤਮ ਦੇ ਗੀਤ।”
ਜਾਂ ਸੰਭਵ ਹੈ, “ਸਾਡੇ ਸਮੇਂ ਵਿਚ।” ਇਬ, “ਇਨ੍ਹਾਂ ਸਾਲਾਂ ਦੌਰਾਨ।”
ਜਾਂ ਸੰਭਵ ਹੈ, “ਸਾਡੇ ਸਮੇਂ ਵਿਚ।” ਇਬ, “ਇਨ੍ਹਾਂ ਸਾਲਾਂ ਦੌਰਾਨ।”
ਜਾਂ, “ਰੱਥਾਂ ਨੇ ਛੁਟਕਾਰਾ ਦਿਵਾਇਆ ਸੀ।”
ਜਾਂ ਸੰਭਵ ਹੈ, “ਤੀਰਾਂ।”
ਜਾਂ ਸੰਭਵ ਹੈ, “ਗੋਤਾਂ ਨੇ ਸਹੁੰ ਖਾਧੀ ਹੈ।”
ਜਾਂ, “ਦਾਣਿਆਂ ਵਾਂਗ ਦਰੜਿਆ।”
ਇਬ, “ਮੁਖੀ।”
ਇਬ, “ਧੌਣ ਤੋਂ।”
ਇਬ, “ਉਸ ਦੇ ਡੰਡਿਆਂ।”
ਇਬ, “ਮੇਰਾ ਢਿੱਡ ਕੰਬ ਗਿਆ।”