ਪਹਿਲਾ ਇਤਿਹਾਸ 10:1-14

  • ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ (1-14)

10  ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ। ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ ’ਤੇ ਵੱਢੇ ਗਏ।+  ਫਲਿਸਤੀ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਨੇੜੇ ਆ ਪਹੁੰਚੇ ਅਤੇ ਫਲਿਸਤੀਆਂ ਨੇ ਸ਼ਾਊਲ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ+ ਨੂੰ ਮਾਰ ਦਿੱਤਾ।  ਸ਼ਾਊਲ ਖ਼ਿਲਾਫ਼ ਹੋ ਰਹੇ ਯੁੱਧ ਨੇ ਭਿਆਨਕ ਰੂਪ ਧਾਰ ਲਿਆ। ਤੀਰਅੰਦਾਜ਼ਾਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।+  ਫਿਰ ਸ਼ਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਵਿੰਨ੍ਹ ਸੁੱਟ, ਕਿਤੇ ਇੱਦਾਂ ਨਾ ਹੋਵੇ ਕਿ ਇਹ ਬੇਸੁੰਨਤੇ ਆਦਮੀ ਆ ਕੇ ਮੈਨੂੰ ਬੇਰਹਿਮੀ ਨਾਲ ਮਾਰ ਦੇਣ।”*+ ਪਰ ਉਸ ਦੇ ਹਥਿਆਰ ਚੁੱਕਣ ਵਾਲਾ ਰਾਜ਼ੀ ਨਾ ਹੋਇਆ ਕਿਉਂਕਿ ਉਹ ਬਹੁਤ ਡਰਿਆ ਹੋਇਆ ਸੀ। ਇਸ ਲਈ ਸ਼ਾਊਲ ਨੇ ਤਲਵਾਰ ਲਈ ਤੇ ਉਸ ਉੱਤੇ ਡਿਗ ਪਿਆ।+  ਜਦੋਂ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਦੇਖਿਆ ਕਿ ਸ਼ਾਊਲ ਮਰ ਚੁੱਕਾ ਸੀ, ਤਾਂ ਉਹ ਵੀ ਆਪਣੀ ਤਲਵਾਰ ’ਤੇ ਡਿਗ ਗਿਆ ਤੇ ਮਰ ਗਿਆ।  ਇਸ ਤਰ੍ਹਾਂ ਸ਼ਾਊਲ, ਉਸ ਦੇ ਤਿੰਨ ਪੁੱਤਰ ਅਤੇ ਉਸ ਦੇ ਘਰਾਣੇ ਦੇ ਸਾਰੇ ਲੋਕ ਇਕੱਠੇ ਮਰ ਗਏ।+  ਜਦੋਂ ਘਾਟੀ ਵਿਚ ਇਜ਼ਰਾਈਲ ਦੇ ਸਾਰੇ ਲੋਕਾਂ ਨੇ ਦੇਖਿਆ ਕਿ ਸਾਰੇ ਭੱਜ ਗਏ ਸਨ ਅਤੇ ਸ਼ਾਊਲ ਤੇ ਉਸ ਦੇ ਪੁੱਤਰ ਮਰ ਗਏ ਸਨ, ਤਾਂ ਉਨ੍ਹਾਂ ਨੇ ਆਪਣੇ ਸ਼ਹਿਰਾਂ ਨੂੰ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ; ਫਿਰ ਫਲਿਸਤੀਆਂ ਨੇ ਆ ਕੇ ਉਨ੍ਹਾਂ ’ਤੇ ਕਬਜ਼ਾ ਕਰ ਲਿਆ।  ਅਗਲੇ ਦਿਨ ਜਦੋਂ ਫਲਿਸਤੀ ਲਾਸ਼ਾਂ ਤੋਂ ਸ਼ਸਤਰ-ਬਸਤਰ ਲਾਹੁਣ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਤੇ ਉਸ ਦੇ ਪੁੱਤਰ ਗਿਲਬੋਆ ਪਹਾੜ ’ਤੇ ਮਰੇ ਪਏ ਸਨ।+  ਉਨ੍ਹਾਂ ਨੇ ਉਸ ਦੇ ਬਸਤਰ ਲਾਹ ਲਏ ਤੇ ਉਸ ਦਾ ਸਿਰ ਵੱਢ ਦਿੱਤਾ ਅਤੇ ਉਸ ਦੇ ਹਥਿਆਰ ਲੈ ਲਏ। ਉਨ੍ਹਾਂ ਨੇ ਇਹ ਖ਼ਬਰ ਆਪਣੇ ਬੁੱਤਾਂ ਦੇ ਘਰਾਂ ਅਤੇ ਲੋਕਾਂ ਤਕ ਪਹੁੰਚਾਉਣ ਲਈ ਫਲਿਸਤੀਆਂ ਦੇ ਸਾਰੇ ਦੇਸ਼ ਵਿਚ ਸੰਦੇਸ਼ ਘੱਲਿਆ।+ 10  ਫਿਰ ਉਨ੍ਹਾਂ ਨੇ ਉਸ ਦੇ ਸ਼ਸਤਰ-ਬਸਤਰ ਆਪਣੇ ਦੇਵਤੇ ਦੇ ਘਰ* ਵਿਚ ਰੱਖ ਦਿੱਤੇ ਅਤੇ ਉਸ ਦੀ ਖੋਪੜੀ ਦਾਗੋਨ ਦੇ ਘਰ+ ਵਿਚ ਟੰਗ ਦਿੱਤੀ। 11  ਜਦ ਗਿਲਆਦ ਵਿਚ ਯਾਬੇਸ਼ ਦੇ ਸਾਰੇ ਵਾਸੀਆਂ+ ਨੇ ਇਹ ਸਭ ਸੁਣਿਆ ਕਿ ਫਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ,+ 12  ਤਾਂ ਸਾਰੇ ਯੋਧੇ ਉੱਠੇ ਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਲੈ ਆਏ। ਉਹ ਉਨ੍ਹਾਂ ਨੂੰ ਯਾਬੇਸ਼ ਲੈ ਆਏ ਅਤੇ ਉਨ੍ਹਾਂ ਦੀਆਂ ਹੱਡੀਆਂ ਯਾਬੇਸ਼ ਵਿਚ ਵੱਡੇ ਦਰਖ਼ਤ ਹੇਠ ਦਫ਼ਨਾ ਦਿੱਤੀਆਂ+ ਤੇ ਉਨ੍ਹਾਂ ਨੇ ਸੱਤ ਦਿਨ ਵਰਤ ਰੱਖਿਆ। 13  ਇਸ ਤਰ੍ਹਾਂ ਸ਼ਾਊਲ ਯਹੋਵਾਹ ਨਾਲ ਕੀਤੀ ਬੇਵਫ਼ਾਈ ਕਰਕੇ ਮਰ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ+ ਅਤੇ ਇਕ ਚੇਲੀ* ਦੀ ਸਲਾਹ ਲਈ+ 14  ਨਾ ਕਿ ਯਹੋਵਾਹ ਦੀ ਸਲਾਹ। ਇਸ ਲਈ ਉਸ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ।+

ਫੁਟਨੋਟ

ਜਾਂ, “ਮੇਰਾ ਮਜ਼ਾਕ ਉਡਾਉਣ।”
ਜਾਂ, “ਮੰਦਰ।”
ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।