ਪਹਿਲਾ ਇਤਿਹਾਸ 11:1-47

  • ਸਾਰੇ ਇਜ਼ਰਾਈਲ ਨੇ ਦਾਊਦ ਨੂੰ ਰਾਜਾ ਨਿਯੁਕਤ ਕੀਤਾ (1-3)

  • ਦਾਊਦ ਦਾ ਸੀਓਨ ਉੱਤੇ ਕਬਜ਼ਾ (4-9)

  • ਦਾਊਦ ਦੇ ਤਾਕਤਵਰ ਯੋਧੇ (10-47)

11  ਕੁਝ ਸਮੇਂ ਬਾਅਦ ਸਾਰੇ ਇਜ਼ਰਾਈਲੀ ਹਬਰੋਨ ਵਿਚ ਦਾਊਦ ਕੋਲ ਆਏ+ ਤੇ ਕਹਿਣ ਲੱਗੇ: “ਦੇਖ! ਅਸੀਂ ਤੇਰਾ ਆਪਣਾ ਖ਼ੂਨ ਹਾਂ।*+  ਬੀਤੇ ਸਮੇਂ ਵਿਚ ਜਦੋਂ ਸ਼ਾਊਲ ਰਾਜਾ ਹੁੰਦਾ ਸੀ, ਤਾਂ ਤੂੰ ਹੀ ਯੁੱਧਾਂ ਵਿਚ ਇਜ਼ਰਾਈਲ ਦੀ ਅਗਵਾਈ ਕਰਦਾ ਸੀ।*+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਕਿਹਾ ਸੀ: ‘ਤੂੰ ਮੇਰੀ ਪਰਜਾ ਇਜ਼ਰਾਈਲ ਦਾ ਚਰਵਾਹਾ ਬਣੇਂਗਾ ਤੇ ਤੂੰ ਮੇਰੀ ਪਰਜਾ ਇਜ਼ਰਾਈਲ ਦਾ ਆਗੂ ਹੋਵੇਂਗਾ।’”+  ਇਸ ਲਈ ਇਜ਼ਰਾਈਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਰਾਜੇ ਕੋਲ ਆਏ ਤੇ ਦਾਊਦ ਨੇ ਹਬਰੋਨ ਵਿਚ ਉਨ੍ਹਾਂ ਨਾਲ ਯਹੋਵਾਹ ਅੱਗੇ ਇਕਰਾਰ ਕੀਤਾ। ਫਿਰ ਉਨ੍ਹਾਂ ਨੇ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰ ਦਿੱਤਾ+ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਕਿਹਾ ਸੀ।+  ਬਾਅਦ ਵਿਚ ਦਾਊਦ ਅਤੇ ਸਾਰਾ ਇਜ਼ਰਾਈਲ ਯਰੂਸ਼ਲਮ ਯਾਨੀ ਯਬੂਸ+ ਲਈ ਰਵਾਨਾ ਹੋਏ ਜਿੱਥੇ ਯਬੂਸੀ+ ਵੱਸੇ ਹੋਏ ਸਨ।  ਯਬੂਸ ਦੇ ਵਾਸੀਆਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ!”+ ਪਰ ਦਾਊਦ ਨੇ ਸੀਓਨ+ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+  ਦਾਊਦ ਨੇ ਕਿਹਾ: “ਜਿਹੜਾ ਵੀ ਸਭ ਤੋਂ ਪਹਿਲਾਂ ਯਬੂਸੀਆਂ ’ਤੇ ਹਮਲਾ ਕਰੇਗਾ, ਉਹ ਮੁਖੀ* ਅਤੇ ਹਾਕਮ ਬਣੇਗਾ।” ਸਰੂਯਾਹ ਦਾ ਪੁੱਤਰ ਯੋਆਬ+ ਸਭ ਤੋਂ ਪਹਿਲਾਂ ਗਿਆ ਅਤੇ ਉਹ ਮੁਖੀ ਬਣ ਗਿਆ।  ਫਿਰ ਦਾਊਦ ਕਿਲੇ ਵਿਚ ਵੱਸ ਗਿਆ। ਇਸੇ ਕਰਕੇ ਉਹ ਇਸ ਨੂੰ ਦਾਊਦ ਦਾ ਸ਼ਹਿਰ ਕਹਿਣ ਲੱਗੇ।  ਉਹ ਸ਼ਹਿਰ ਨੂੰ ਯਾਨੀ ਟਿੱਲੇ* ਤੋਂ ਲੈ ਕੇ ਇਸ ਦੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਬਣਾਉਣ ਲੱਗਾ। ਯੋਆਬ ਨੇ ਬਾਕੀ ਸ਼ਹਿਰ ਦੀ ਮੁਰੰਮਤ ਕੀਤੀ।  ਇਸ ਤਰ੍ਹਾਂ ਦਾਊਦ ਹੋਰ ਤਾਕਤਵਰ ਹੁੰਦਾ ਗਿਆ+ ਤੇ ਸੈਨਾਵਾਂ ਦਾ ਯਹੋਵਾਹ ਉਸ ਦੇ ਨਾਲ ਸੀ। 10  ਇਹ ਦਾਊਦ ਦੇ ਤਾਕਤਵਰ ਯੋਧਿਆਂ ਦੇ ਮੁਖੀ ਹਨ ਜਿਨ੍ਹਾਂ ਨੇ ਸਾਰੇ ਇਜ਼ਰਾਈਲ ਨਾਲ ਮਿਲ ਕੇ ਉਸ ਦੇ ਰਾਜ ਦਾ ਸਮਰਥਨ ਕੀਤਾ ਸੀ ਤਾਂਕਿ ਉਸ ਨੂੰ ਰਾਜਾ ਬਣਾਉਣ ਜਿਵੇਂ ਯਹੋਵਾਹ ਨੇ ਇਜ਼ਰਾਈਲ ਦੇ ਸੰਬੰਧ ਵਿਚ ਕਿਹਾ ਸੀ।+ 11  ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ: ਯਾਸ਼ੋਬਾਮ+ ਜੋ ਇਕ ਹਕਮੋਨੀ ਦਾ ਪੁੱਤਰ ਸੀ ਤੇ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਸੀ।+ 12  ਉਸ ਤੋਂ ਅਗਲਾ ਸੀ ਅਲਆਜ਼ਾਰ+ ਜੋ ਅਹੋਹੀ+ ਦੋਦੋ ਦਾ ਪੁੱਤਰ ਸੀ। ਉਹ ਤਿੰਨ ਸੂਰਮਿਆਂ ਵਿੱਚੋਂ ਇਕ ਸੀ। 13  ਉਹ ਦਾਊਦ ਨਾਲ ਫਸ-ਦੰਮੀਮ+ ਵਿਚ ਸੀ ਜਿੱਥੇ ਫਲਿਸਤੀ ਯੁੱਧ ਲਈ ਇਕੱਠੇ ਹੋਏ ਸਨ। ਉੱਥੇ ਜੌਂਆਂ ਦਾ ਇਕ ਖੇਤ ਸੀ ਅਤੇ ਲੋਕ ਫਲਿਸਤੀਆਂ ਕਰਕੇ ਭੱਜ ਗਏ ਸਨ। 14  ਪਰ ਉਹ ਖੇਤ ਦੇ ਵਿਚਕਾਰ ਡਟ ਕੇ ਖੜ੍ਹ ਗਿਆ ਅਤੇ ਇਸ ਦੀ ਰਾਖੀ ਕੀਤੀ ਤੇ ਫਲਿਸਤੀਆਂ ਨੂੰ ਮਾਰਦਾ ਰਿਹਾ ਅਤੇ ਯਹੋਵਾਹ ਨੇ ਵੱਡੀ ਜਿੱਤ* ਦਿਵਾਈ।+ 15  ਅਤੇ 30 ਮੁਖੀਆਂ ਵਿੱਚੋਂ ਤਿੰਨ ਜਣੇ ਚਟਾਨ ਯਾਨੀ ਅਦੁਲਾਮ ਦੀ ਗੁਫਾ ਵਿਚ ਦਾਊਦ ਕੋਲ ਗਏ+ ਅਤੇ ਫਲਿਸਤੀ ਫ਼ੌਜੀਆਂ ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+ 16  ਉਦੋਂ ਦਾਊਦ ਇਕ ਸੁਰੱਖਿਅਤ ਜਗ੍ਹਾ ਲੁਕਿਆ ਹੋਇਆ ਸੀ ਅਤੇ ਫਲਿਸਤੀਆਂ ਦੀ ਇਕ ਚੌਂਕੀ ਬੈਤਲਹਮ ਵਿਚ ਸੀ। 17  ਫਿਰ ਦਾਊਦ ਨੇ ਇੱਛਾ ਜ਼ਾਹਰ ਕੀਤੀ: “ਕਾਸ਼, ਮੈਨੂੰ ਬੈਤਲਹਮ+ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ ਪੀਣ ਨੂੰ ਮਿਲ ਜਾਂਦਾ!” 18  ਇਹ ਸੁਣ ਕੇ ਤਿੰਨੇ ਜਣੇ ਫਲਿਸਤੀਆਂ ਦੀ ਛਾਉਣੀ ਵਿਚ ਜਾ ਵੜੇ ਅਤੇ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਵਿੱਚੋਂ ਪਾਣੀ ਕੱਢ ਕੇ ਦਾਊਦ ਕੋਲ ਲੈ ਆਏ; ਪਰ ਦਾਊਦ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ। 19  ਉਸ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਮੈਂ ਇਨ੍ਹਾਂ ਆਦਮੀਆਂ ਦਾ ਖ਼ੂਨ ਕਿੱਦਾਂ ਪੀ ਸਕਦਾਂ ਜਿਨ੍ਹਾਂ ਨੇ ਆਪਣੀ ਜਾਨ ਤਲੀ ’ਤੇ ਧਰੀ?+ ਕਿਉਂਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਪਾਣੀ ਲਿਆਏ ਹਨ।” ਇਸ ਲਈ ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ। ਇਹ ਉਹ ਕੰਮ ਹਨ ਜੋ ਉਸ ਦੇ ਤਿੰਨ ਸੂਰਮਿਆਂ ਨੇ ਕੀਤੇ ਸਨ। 20  ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਬਣ ਗਿਆ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+ 21  ਉਹ ਤਿੰਨਾਂ ਵਿੱਚੋਂ ਬਾਕੀ ਦੋਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ ਅਤੇ ਉਨ੍ਹਾਂ ਦਾ ਮੁਖੀ ਸੀ; ਫਿਰ ਵੀ ਉਹ ਪਹਿਲੇ ਤਿੰਨਾਂ ਦੇ ਬਰਾਬਰ ਨਹੀਂ ਹੋਇਆ। 22  ਯਹੋਯਾਦਾ ਦਾ ਪੁੱਤਰ ਬਨਾਯਾਹ+ ਇਕ ਦਲੇਰ ਆਦਮੀ* ਸੀ ਜਿਸ ਨੇ ਕਬਸਏਲ+ ਵਿਚ ਬਹੁਤ ਸਾਰੇ ਕਾਰਨਾਮੇ ਕੀਤੇ ਸਨ। ਉਸ ਨੇ ਮੋਆਬ ਦੇ ਅਰੀਏਲ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ ਅਤੇ ਇਕ ਦਿਨ ਜਦ ਬਰਫ਼ ਪੈ ਰਹੀ ਸੀ, ਤਾਂ ਉਸ ਨੇ ਟੋਏ ਵਿਚ ਜਾ ਕੇ ਇਕ ਸ਼ੇਰ ਨੂੰ ਮਾਰ ਦਿੱਤਾ।+ 23  ਉਸ ਨੇ ਇਕ ਬਹੁਤ ਵੱਡੇ ਕੱਦ ਦੇ ਯਾਨੀ ਪੰਜ ਹੱਥ* ਲੰਬੇ ਮਿਸਰੀ ਆਦਮੀ ਨੂੰ ਵੀ ਮਾਰਿਆ ਸੀ।+ ਭਾਵੇਂ ਕਿ ਉਸ ਮਿਸਰੀ ਦੇ ਹੱਥ ਵਿਚ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਬਰਛਾ ਸੀ,+ ਪਰ ਉਹ ਉਸ ਦੇ ਖ਼ਿਲਾਫ਼ ਇਕ ਡੰਡਾ ਲੈ ਕੇ ਗਿਆ ਤੇ ਉਸ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਦਿੱਤਾ।+ 24  ਇਹ ਉਹ ਕੰਮ ਹਨ ਜਿਹੜੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਕੀਤੇ ਸਨ ਅਤੇ ਉਸ ਦਾ ਉੱਨਾ ਹੀ ਨਾਂ ਸੀ ਜਿੰਨਾ ਉਨ੍ਹਾਂ ਤਿੰਨ ਸੂਰਮਿਆਂ ਦਾ ਸੀ। 25  ਹਾਲਾਂਕਿ ਉਹ ਉਨ੍ਹਾਂ ਤੀਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ, ਪਰ ਉਹ ਉਨ੍ਹਾਂ ਤਿੰਨਾਂ ਦੇ ਬਰਾਬਰ ਨਹੀਂ ਹੋਇਆ।+ ਫਿਰ ਵੀ ਦਾਊਦ ਨੇ ਉਸ ਨੂੰ ਆਪਣੇ ਅੰਗ-ਰੱਖਿਅਕਾਂ ਉੱਤੇ ਮੁਕੱਰਰ ਕੀਤਾ। 26  ਫ਼ੌਜ ਦੇ ਤਾਕਤਵਰ ਯੋਧੇ ਸਨ ਯੋਆਬ ਦਾ ਭਰਾ ਅਸਾਹੇਲ,+ ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+ 27  ਹਰੋਰੀ ਸ਼ਮੋਥ, ਪਲੋਨੀ ਹੇਲਸ, 28  ਤਕੋਆ ਦੇ ਇਕੇਸ਼ ਦਾ ਪੁੱਤਰ ਈਰਾ,+ ਅਨਾਥੋਥੀ ਅਬੀ-ਅਜ਼ਰ,+ 29  ਹੂਸ਼ਾਹ ਦਾ ਸਿਬਕਾਈ,+ ਅਹੋਹੀ ਈਲਈ, 30  ਨਟੋਫਾਥੀ ਮਹਰਈ,+ ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,+ 31  ਬਿਨਯਾਮੀਨੀਆਂ ਦੇ ਗਿਬਆਹ+ ਦੇ ਰੀਬਈ ਦਾ ਪੁੱਤਰ ਇੱਤਈ, ਪਿਰਾਥੋਨੀ ਬਨਾਯਾਹ, 32  ਗਾਸ਼+ ਦੀਆਂ ਵਾਦੀਆਂ ਤੋਂ ਹੂਰਈ, ਅਰਬਾਥੀ ਅਬੀਏਲ, 33  ਬਰਹੂਮੀ ਅਜ਼ਮਾਵਥ, ਸ਼ਾਲਬੋਨੀ ਅਲਯਾਬਾ, 34  ਗਿਜ਼ੋਨੀ ਹਾਸ਼ੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ, 35  ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ, 36  ਮਕੇਰਾਥੀ ਹੇਫਰ, ਪਲੋਨੀ ਅਹੀਯਾਹ, 37  ਕਰਮਲ ਦਾ ਹਸਰੋ, ਅਜ਼ਬਈ ਦਾ ਪੁੱਤਰ ਨਾਰਈ, 38  ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ, 39  ਅੰਮੋਨੀ ਸਲਕ, ਬਏਰੋਥੀ ਨਹਰਈ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਹਥਿਆਰ ਚੁੱਕਣ ਵਾਲਾ ਸੀ; 40  ਯਿਥਰੀ ਈਰਾ, ਯਿਥਰੀ ਗਾਰੇਬ, 41  ਹਿੱਤੀ ਊਰੀਯਾਹ,+ ਅਹਲਈ ਦਾ ਪੁੱਤਰ ਜ਼ਾਬਾਦ, 42  ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਜੋ ਰਊਬੇਨੀਆਂ ਦਾ ਮੁਖੀ ਸੀ ਤੇ 30 ਜਣੇ ਉਸ ਦੇ ਨਾਲ ਸਨ; 43  ਮਾਕਾਹ ਦਾ ਪੁੱਤਰ ਹਨਾਨ, ਮਿਥਨੀ ਯੋਸ਼ਾਫਾਟ, 44  ਅਸ਼ਤਾਰਾਥੀ ਉਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ; 45  ਸ਼ਿਮਰੀ ਦਾ ਪੁੱਤਰ ਯਿਦੀਏਲ ਅਤੇ ਉਸ ਦਾ ਭਰਾ ਤੀਸੀ ਯੋਹਾ; 46  ਮਹਵੀ ਅਲੀਏਲ, ਅਲਨਾਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਮੋਆਬੀ ਯਿਥਮਾਹ; 47  ਅਲੀਏਲ, ਓਬੇਦ ਅਤੇ ਮਸੋਬਾਯਾਥੀ ਯਾਸੀਏਲ।

ਫੁਟਨੋਟ

ਇਬ, “ਤੇਰੀ ਹੱਡੀ ਤੇ ਤੇਰਾ ਮਾਸ ਹਾਂ।”
ਇਬ, “ਇਜ਼ਰਾਈਲ ਤੋਂ ਬਾਹਰ ਲੈ ਜਾਂਦਾ ਸੀ ਅਤੇ ਅੰਦਰ ਲਿਆਉਂਦਾ ਸੀ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਇਬ, “ਸਿਰ।”
ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”
ਜਾਂ, “ਮੁਕਤੀ।”
ਇਬ, “ਇਕ ਸੂਰਮੇ ਦਾ ਪੁੱਤਰ।”
ਉਸ ਦਾ ਕੱਦ ਲਗਭਗ 2.23 ਮੀਟਰ (7.3 ਫੁੱਟ) ਸੀ। ਵਧੇਰੇ ਜਾਣਕਾਰੀ 2.14 ਦੇਖੋ।