ਪਹਿਲਾ ਇਤਿਹਾਸ 13:1-14
13 ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਮੁਖੀਆਂ ਅਤੇ ਹਰ ਆਗੂ ਨਾਲ ਸਲਾਹ-ਮਸ਼ਵਰਾ ਕੀਤਾ।+
2 ਫਿਰ ਦਾਊਦ ਨੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਕਿਹਾ: “ਜੇ ਤੁਹਾਨੂੰ ਚੰਗਾ ਲੱਗੇ ਅਤੇ ਇਹ ਯਹੋਵਾਹ ਸਾਡੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ, ਤਾਂ ਚਲੋ ਆਪਾਂ ਇਜ਼ਰਾਈਲ ਦੇ ਸਾਰੇ ਇਲਾਕਿਆਂ ਵਿਚ ਆਪਣੇ ਬਾਕੀ ਭਰਾਵਾਂ ਅਤੇ ਪੁਜਾਰੀਆਂ ਤੇ ਲੇਵੀਆਂ ਨੂੰ ਉਨ੍ਹਾਂ ਦੇ ਸ਼ਹਿਰਾਂ+ ਤੇ ਚਰਾਂਦਾਂ ਵਿਚ ਸੰਦੇਸ਼ ਘੱਲੀਏ ਕਿ ਉਹ ਸਾਡੇ ਕੋਲ ਆਉਣ।
3 ਅਤੇ ਆਓ ਆਪਾਂ ਆਪਣੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਲੈ ਕੇ ਆਈਏ।”+ ਕਿਉਂਕਿ ਉਨ੍ਹਾਂ ਨੇ ਸ਼ਾਊਲ ਦੇ ਦਿਨਾਂ ਵਿਚ ਇਸ ਦੀ ਦੇਖ-ਭਾਲ ਨਹੀਂ ਕੀਤੀ ਸੀ।+
4 ਸਾਰੀ ਮੰਡਲੀ ਇਸ ਤਰ੍ਹਾਂ ਕਰਨ ਲਈ ਰਾਜ਼ੀ ਹੋ ਗਈ ਕਿਉਂਕਿ ਸਾਰੇ ਲੋਕਾਂ ਨੂੰ ਇਹ ਗੱਲ ਸਹੀ ਲੱਗੀ।
5 ਇਸ ਲਈ ਦਾਊਦ ਨੇ ਮਿਸਰ ਦੇ ਦਰਿਆ* ਤੋਂ ਲੈ ਕੇ ਦੂਰ ਲੇਬੋ-ਹਮਾਥ*+ ਤਕ ਰਹਿਣ ਵਾਲੇ ਸਾਰੇ ਇਜ਼ਰਾਈਲੀਆਂ ਨੂੰ ਇਕੱਠਾ ਕੀਤਾ ਤਾਂਕਿ ਕਿਰਯਥ-ਯਾਰੀਮ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲਿਆਂਦਾ ਜਾਵੇ।+
6 ਫਿਰ ਦਾਊਦ ਅਤੇ ਸਾਰਾ ਇਜ਼ਰਾਈਲ ਯਹੂਦਾਹ ਦੇ ਬਆਲਾਹ+ ਯਾਨੀ ਕਿਰਯਥ-ਯਾਰੀਮ ਨੂੰ ਚਲੇ ਗਏ ਤਾਂਕਿ ਉੱਥੋਂ ਕਰੂਬੀਆਂ ਤੋਂ+ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੱਚੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲੈ ਆਉਣ ਜਿੱਥੇ ਉਸ ਦਾ ਨਾਂ ਲਿਆ ਜਾਂਦਾ ਹੈ।
7 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ+ ਅਤੇ ਇਸ ਨੂੰ ਅਬੀਨਾਦਾਬ ਦੇ ਘਰੋਂ ਲੈ ਆਏ ਅਤੇ ਊਜ਼ਾਹ ਤੇ ਅਹਯੋ ਉਸ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।+
8 ਦਾਊਦ ਅਤੇ ਸਾਰਾ ਇਜ਼ਰਾਈਲ ਆਪਣੇ ਸਾਰੇ ਜ਼ੋਰ ਨਾਲ ਸੱਚੇ ਪਰਮੇਸ਼ੁਰ ਦੇ ਅੱਗੇ ਗੀਤ ਗਾਉਂਦਾ ਅਤੇ ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼, ਡਫਲੀਆਂ,+ ਛੈਣੇ ਤੇ ਤੁਰ੍ਹੀਆਂ ਵਜਾਉਂਦਾ ਹੋਇਆ+ ਜਸ਼ਨ ਮਨਾ ਰਿਹਾ ਸੀ।
9 ਪਰ ਜਦੋਂ ਉਹ ਕੀਦੋਨ ਦੇ ਪਿੜ* ਕੋਲ ਆਏ, ਤਾਂ ਊਜ਼ਾਹ ਨੇ ਆਪਣਾ ਹੱਥ ਵਧਾ ਕੇ ਸੰਦੂਕ ਨੂੰ ਫੜ ਲਿਆ ਕਿਉਂਕਿ ਬਲਦ ਇਸ ਨੂੰ ਡੇਗਣ ਲੱਗੇ ਸਨ।
10 ਉਸ ਵੇਲੇ ਯਹੋਵਾਹ ਦਾ ਗੁੱਸਾ ਊਜ਼ਾਹ ’ਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰਿਆ ਕਿਉਂਕਿ ਉਸ ਨੇ ਸੰਦੂਕ ਵੱਲ ਆਪਣਾ ਹੱਥ ਵਧਾਇਆ ਸੀ+ ਤੇ ਉਹ ਉੱਥੇ ਪਰਮੇਸ਼ੁਰ ਦੇ ਅੱਗੇ ਮਰ ਗਿਆ।+
11 ਪਰ ਦਾਊਦ ਨੂੰ ਗੁੱਸਾ ਚੜ੍ਹਿਆ* ਕਿਉਂਕਿ ਯਹੋਵਾਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ; ਅਤੇ ਉਸ ਜਗ੍ਹਾ ਨੂੰ ਅੱਜ ਤਕ ਪਰਸ-ਉੱਜ਼ਾ* ਕਿਹਾ ਜਾਂਦਾ ਹੈ।
12 ਇਸ ਲਈ ਦਾਊਦ ਉਸ ਦਿਨ ਸੱਚੇ ਪਰਮੇਸ਼ੁਰ ਤੋਂ ਡਰ ਗਿਆ ਅਤੇ ਉਸ ਨੇ ਕਿਹਾ: “ਮੈਂ ਸੱਚੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਕਿਵੇਂ ਲਿਆ ਸਕਦਾ ਹਾਂ?”+
13 ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਸ਼ਹਿਰ ਵਿਚ ਨਹੀਂ ਲਿਆਇਆ, ਸਗੋਂ ਉਸ ਨੇ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਪਹੁੰਚਾ ਦਿੱਤਾ।
14 ਸੱਚੇ ਪਰਮੇਸ਼ੁਰ ਦਾ ਸੰਦੂਕ ਓਬੇਦ-ਅਦੋਮ ਦੇ ਘਰਾਣੇ ਕੋਲ ਸੀ ਜੋ ਤਿੰਨ ਮਹੀਨੇ ਉਸ ਦੇ ਘਰ ਵਿਚ ਰਿਹਾ ਤੇ ਯਹੋਵਾਹ ਓਬੇਦ-ਅਦੋਮ ਦੇ ਘਰਾਣੇ ’ਤੇ ਅਤੇ ਉਸ ਕੋਲ ਜੋ ਕੁਝ ਸੀ, ਉਸ ’ਤੇ ਬਰਕਤ ਦਿੰਦਾ ਰਿਹਾ।+
ਫੁਟਨੋਟ
^ ਜਾਂ, “ਸ਼ਿਹੋਰ।”
^ ਜਾਂ, “ਹਮਾਥ ਦੇ ਲਾਂਘੇ।”
^ ਜਾਂ ਸੰਭਵ ਹੈ, “ਦੇ ਵਿਚਕਾਰ।”
^ ਜਾਂ, “ਪਰੇਸ਼ਾਨ ਹੋ ਗਿਆ।”
^ ਮਤਲਬ “ਊਜ਼ਾਹ ’ਤੇ ਆ ਪਿਆ।”