ਪਹਿਲਾ ਇਤਿਹਾਸ 14:1-17

  • ਦਾਊਦ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਗਿਆ (1, 2)

  • ਦਾਊਦ ਦਾ ਪਰਿਵਾਰ (3-7)

  • ਫਲਿਸਤੀਆਂ ਦੀ ਹਾਰ (8-17)

14  ਸੋਰ ਦੇ ਰਾਜੇ ਹੀਰਾਮ+ ਨੇ ਦਾਊਦ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ, ਨਾਲੇ ਉਸ ਨੇ ਦਿਆਰ ਦੀ ਲੱਕੜ, ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀਆਂ* ਅਤੇ ਤਰਖਾਣਾਂ ਨੂੰ ਉਸ ਲਈ ਇਕ ਘਰ* ਬਣਾਉਣ ਲਈ ਘੱਲਿਆ।+  ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਕਿਉਂਕਿ ਉਸ ਦੀ ਪਰਜਾ ਇਜ਼ਰਾਈਲ ਦੀ ਖ਼ਾਤਰ ਉਸ ਦੇ ਰਾਜ ਨੂੰ ਬੁਲੰਦ ਕੀਤਾ ਗਿਆ ਸੀ।+  ਦਾਊਦ ਨੇ ਯਰੂਸ਼ਲਮ ਵਿਚ ਕੁਝ ਹੋਰ ਔਰਤਾਂ ਨਾਲ ਵਿਆਹ ਕਰਾਏ+ ਅਤੇ ਉਸ ਦੇ ਹੋਰ ਧੀਆਂ-ਪੁੱਤਰ ਪੈਦਾ ਹੋਏ।+  ਯਰੂਸ਼ਲਮ ਵਿਚ ਪੈਦਾ ਹੋਏ ਉਸ ਦੇ ਬੱਚਿਆਂ ਦੇ ਨਾਂ ਇਹ ਸਨ:+ ਸ਼ਮੂਆ, ਸ਼ੋਬਾਬ, ਨਾਥਾਨ,+ ਸੁਲੇਮਾਨ,+  ਯਿਬਹਾਰ, ਅਲੀਸ਼ੂਆ, ਅਲਪਾਲਟ,  ਨੋਗਹ, ਨਫਗ, ਯਾਫੀਆ,  ਅਲੀਸ਼ਾਮਾ, ਬੇਲਯਾਦਾ ਅਤੇ ਅਲੀਫਾਲਟ।  ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਊਦ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਗਿਆ ਸੀ,+ ਤਾਂ ਸਾਰੇ ਫਲਿਸਤੀ ਦਾਊਦ ਨੂੰ ਲੱਭਣ ਆਏ।+ ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਹ ਉਨ੍ਹਾਂ ਨਾਲ ਲੜਨ ਤੁਰ ਪਿਆ।  ਫਿਰ ਫਲਿਸਤੀ ਆਏ ਤੇ ਰਫ਼ਾਈਮ ਵਾਦੀ+ ਵਿਚ ਲੁੱਟ-ਮਾਰ ਕਰਦੇ ਰਹੇ। 10  ਦਾਊਦ ਨੇ ਪਰਮੇਸ਼ੁਰ ਤੋਂ ਇਹ ਸਲਾਹ ਮੰਗੀ: “ਕੀ ਮੈਂ ਜਾ ਕੇ ਫਲਿਸਤੀਆਂ ’ਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿਚ ਦੇ ਦੇਵੇਂਗਾ?” ਯਹੋਵਾਹ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਚੜ੍ਹਾਈ ਕਰ ਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਜ਼ਰੂਰ ਦਿਆਂਗਾ।”+ 11  ਇਸ ਲਈ ਦਾਊਦ ਬਆਲ-ਪਰਾਸੀਮ+ ਗਿਆ ਤੇ ਉਸ ਨੇ ਉੱਥੇ ਫਲਿਸਤੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਕਿਹਾ: “ਸੱਚਾ ਪਰਮੇਸ਼ੁਰ ਮੇਰੇ ਹੱਥੀਂ ਦੁਸ਼ਮਣਾਂ ’ਤੇ ਇਵੇਂ ਟੁੱਟ ਪਿਆ ਜਿਵੇਂ ਪਾਣੀ ਆਪਣੇ ਜ਼ੋਰ ਨਾਲ ਕੰਧ ਢਾਹ ਦਿੰਦਾ ਹੈ।” ਇਸੇ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬਆਲ-ਪਰਾਸੀਮ* ਰੱਖਿਆ। 12  ਫਲਿਸਤੀ ਆਪਣੇ ਦੇਵਤੇ ਉੱਥੇ ਛੱਡ ਗਏ ਅਤੇ ਦਾਊਦ ਦੇ ਹੁਕਮ ’ਤੇ ਇਨ੍ਹਾਂ ਨੂੰ ਅੱਗ ਵਿਚ ਸਾੜ ਦਿੱਤਾ ਗਿਆ।+ 13  ਬਾਅਦ ਵਿਚ ਫਲਿਸਤੀ ਦੁਬਾਰਾ ਵਾਦੀ ਵਿਚ ਹਮਲਾ ਕਰਨ ਆਏ।+ 14  ਦਾਊਦ ਨੇ ਦੁਬਾਰਾ ਪਰਮੇਸ਼ੁਰ ਤੋਂ ਸਲਾਹ ਪੁੱਛੀ, ਪਰ ਇਸ ਵਾਰ ਸੱਚੇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਸਿੱਧਾ ਜਾ ਕੇ ਉਨ੍ਹਾਂ ’ਤੇ ਹਮਲਾ ਨਾ ਕਰੀਂ। ਇਸ ਦੀ ਬਜਾਇ, ਤੂੰ ਉਨ੍ਹਾਂ ਦੇ ਪਿੱਛਿਓਂ ਦੀ ਘੁੰਮ ਕੇ ਜਾਈਂ ਅਤੇ ਬਾਕਾ ਝਾੜੀਆਂ ਦੇ ਸਾਮ੍ਹਣਿਓਂ ਦੀ ਉਨ੍ਹਾਂ ’ਤੇ ਹਮਲਾ ਕਰੀਂ।+ 15  ਜਦੋਂ ਤੂੰ ਬਾਕਾ ਝਾੜੀਆਂ ਉੱਪਰੋਂ ਫ਼ੌਜੀਆਂ ਦੇ ਤੁਰਨ ਦੀ ਆਵਾਜ਼ ਸੁਣੇਂਗਾ, ਉਦੋਂ ਤੂੰ ਹਮਲਾ ਕਰੀਂ ਕਿਉਂਕਿ ਸੱਚਾ ਪਰਮੇਸ਼ੁਰ ਫਲਿਸਤੀਆਂ ਦੀ ਫ਼ੌਜ ਨੂੰ ਮਾਰਨ ਲਈ ਤੇਰੇ ਅੱਗੇ-ਅੱਗੇ ਜਾ ਚੁੱਕਾ ਹੋਵੇਗਾ।”+ 16  ਇਸ ਲਈ ਦਾਊਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ+ ਤੇ ਉਹ ਗਬਾ ਤੋਂ ਲੈ ਕੇ ਗਜ਼ਰ ਤਕ ਫਲਿਸਤੀ ਫ਼ੌਜ ਨੂੰ ਮਾਰਦੇ ਗਏ।+ 17  ਦਾਊਦ ਸਾਰੇ ਦੇਸ਼ਾਂ ਵਿਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਵਿਚ ਉਸ ਦਾ ਡਰ ਫੈਲਾ ਦਿੱਤਾ।+

ਫੁਟਨੋਟ

ਜਾਂ, “ਕੰਧਾਂ ਦੀ ਉਸਾਰੀ ਕਰਨ ਵਾਲਿਆਂ।”
ਜਾਂ, “ਮਹਿਲ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਮਤਲਬ “ਟੁੱਟ ਪੈਣ ਵਿਚ ਮਾਹਰ।”