ਪਹਿਲਾ ਇਤਿਹਾਸ 15:1-29
15 ਅਤੇ ਉਹ ਦਾਊਦ ਦੇ ਸ਼ਹਿਰ ਵਿਚ ਆਪਣੇ ਲਈ ਇਕ ਤੋਂ ਬਾਅਦ ਇਕ ਘਰ ਬਣਾਉਂਦਾ ਰਿਹਾ ਅਤੇ ਉਸ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਲਈ ਇਕ ਜਗ੍ਹਾ ਤਿਆਰ ਕੀਤੀ ਤੇ ਇਸ ਦੇ ਲਈ ਇਕ ਤੰਬੂ ਲਾਇਆ।+
2 ਉਸ ਸਮੇਂ ਦਾਊਦ ਨੇ ਕਿਹਾ: “ਲੇਵੀਆਂ ਤੋਂ ਛੁੱਟ ਹੋਰ ਕੋਈ ਵੀ ਸੱਚੇ ਪਰਮੇਸ਼ੁਰ ਦਾ ਸੰਦੂਕ ਨਾ ਚੁੱਕੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਹੈ ਕਿ ਉਹ ਯਹੋਵਾਹ ਦਾ ਸੰਦੂਕ ਚੁੱਕਣ ਅਤੇ ਹਮੇਸ਼ਾ ਉਸ ਦੀ ਸੇਵਾ ਕਰਨ।”+
3 ਫਿਰ ਦਾਊਦ ਨੇ ਸਾਰੇ ਇਜ਼ਰਾਈਲ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ ਤਾਂਕਿ ਯਹੋਵਾਹ ਦਾ ਸੰਦੂਕ ਉਸ ਜਗ੍ਹਾ ਲਿਆਂਦਾ ਜਾਵੇ ਜੋ ਉਸ ਨੇ ਇਸ ਦੇ ਲਈ ਤਿਆਰ ਕੀਤੀ ਸੀ।+
4 ਦਾਊਦ ਨੇ ਹਾਰੂਨ ਦੀ ਔਲਾਦ+ ਨੂੰ ਅਤੇ ਲੇਵੀਆਂ+ ਨੂੰ ਇਕੱਠਾ ਕੀਤਾ:
5 ਕਹਾਥੀਆਂ ਵਿੱਚੋਂ ਮੁਖੀ ਊਰੀਏਲ ਅਤੇ ਉਸ ਦੇ 120 ਭਰਾ;
6 ਮਰਾਰੀਆਂ ਵਿੱਚੋਂ ਮੁਖੀ ਅਸਾਯਾਹ+ ਅਤੇ ਉਸ ਦੇ 220 ਭਰਾ;
7 ਗੇਰਸ਼ੋਮੀਆਂ ਵਿੱਚੋਂ ਮੁਖੀ ਯੋਏਲ+ ਅਤੇ ਉਸ ਦੇ 130 ਭਰਾ;
8 ਅਲਸਾਫਾਨ+ ਦੇ ਵੰਸ਼ ਵਿੱਚੋਂ ਮੁਖੀ ਸ਼ਮਾਯਾਹ ਅਤੇ ਉਸ ਦੇ 200 ਭਰਾ;
9 ਹਬਰੋਨ ਦੇ ਵੰਸ਼ ਵਿੱਚੋਂ ਮੁਖੀ ਅਲੀਏਲ ਅਤੇ ਉਸ ਦੇ 80 ਭਰਾ;
10 ਉਜ਼ੀਏਲ+ ਦੇ ਵੰਸ਼ ਵਿੱਚੋਂ ਮੁਖੀ ਅਮੀਨਾਦਾਬ ਅਤੇ ਉਸ ਦੇ 112 ਭਰਾ।
11 ਇਸ ਤੋਂ ਇਲਾਵਾ, ਦਾਊਦ ਨੇ ਸਾਦੋਕ+ ਤੇ ਅਬਯਾਥਾਰ+ ਪੁਜਾਰੀਆਂ ਅਤੇ ਊਰੀਏਲ, ਅਸਾਯਾਹ, ਯੋਏਲ, ਸ਼ਮਾਯਾਹ, ਅਲੀਏਲ ਤੇ ਅਮੀਨਾਦਾਬ ਲੇਵੀਆਂ ਨੂੰ ਬੁਲਾਇਆ।
12 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਭਰਾ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਨੂੰ ਉਸ ਜਗ੍ਹਾ ਲਿਆਓ ਜੋ ਮੈਂ ਇਸ ਦੇ ਲਈ ਤਿਆਰ ਕੀਤੀ ਹੈ।
13 ਇਸ ਨੂੰ ਪਹਿਲੀ ਵਾਰ ਤੁਸੀਂ ਨਹੀਂ ਲੈ ਕੇ ਗਏ ਸੀ+ ਕਿਉਂਕਿ ਅਸੀਂ ਇਸ ਨੂੰ ਲਿਜਾਣ ਦਾ ਸਹੀ ਤਰੀਕਾ ਪਤਾ ਨਹੀਂ ਸੀ ਕੀਤਾ+ ਜਿਸ ਕਰਕੇ ਸਾਡੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਸਾਡੇ ਉੱਤੇ ਭੜਕਿਆ ਸੀ।”+
14 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲਿਆਉਣ ਲਈ ਪੁਜਾਰੀਆਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ।
15 ਫਿਰ ਲੇਵੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਡੰਡਿਆਂ ਦੇ ਸਹਾਰੇ ਆਪਣੇ ਮੋਢਿਆਂ ’ਤੇ ਚੁੱਕ ਲਿਆ+ ਜਿਵੇਂ ਮੂਸਾ ਨੇ ਯਹੋਵਾਹ ਦੇ ਬਚਨ ਅਨੁਸਾਰ ਹੁਕਮ ਦਿੱਤਾ ਸੀ।
16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+
17 ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ+ ਨੂੰ ਅਤੇ ਉਸ ਦੇ ਭਰਾਵਾਂ ਵਿੱਚੋਂ ਬਰਕਯਾਹ ਦੇ ਪੁੱਤਰ ਆਸਾਫ਼+ ਨੂੰ ਤੇ ਆਪਣੇ ਮਰਾਰੀ ਭਰਾਵਾਂ ਵਿੱਚੋਂ ਕੂਸ਼ਾਯਾਹ ਦੇ ਪੁੱਤਰ ਏਥਾਨ+ ਨੂੰ ਨਿਯੁਕਤ ਕੀਤਾ।
18 ਉਨ੍ਹਾਂ ਨਾਲ ਦੂਜੀ ਟੋਲੀ ਦੇ ਉਨ੍ਹਾਂ ਦੇ ਭਰਾ ਸਨ:+ ਜ਼ਕਰਯਾਹ, ਬੇਨ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਾਸੇਯਾਹ, ਮਤਿਥਯਾਹ, ਅਲੀਫਲੇਹੂ ਤੇ ਮਿਕਨੇਯਾਹ ਅਤੇ ਦਰਬਾਨ ਓਬੇਦ-ਅਦੋਮ ਤੇ ਯਈਏਲ।
19 ਗਾਇਕ ਹੇਮਾਨ,+ ਆਸਾਫ਼+ ਅਤੇ ਏਥਾਨ ਨੇ ਤਾਂਬੇ ਦੇ ਛੈਣੇ ਵਜਾਉਣੇ ਸਨ;+
20 ਅਤੇ ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ* ਸੁਰ ਵਿਚ+ ਤਾਰਾਂ ਵਾਲੇ ਸਾਜ਼ ਵਜਾਏ;
21 ਅਤੇ ਮਤਿਥਯਾਹ,+ ਅਲੀਫਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਾਜ਼ਯਾਹ ਨੇ ਨਿਰਦੇਸ਼ਕਾਂ ਵਜੋਂ ਸ਼ਮੀਨੀਥ* ਸੁਰ ਵਿਚ+ ਰਬਾਬਾਂ ਵਜਾਈਆਂ।
22 ਲੇਵੀਆਂ ਦੇ ਮੁਖੀ ਕਨਨਯਾਹ+ ਨੇ ਢੋਣ ਦੇ ਕੰਮ ਦੀ ਨਿਗਰਾਨੀ ਕੀਤੀ ਕਿਉਂਕਿ ਉਹ ਇਸ ਕੰਮ ਵਿਚ ਮਾਹਰ ਸੀ
23 ਅਤੇ ਬਰਕਯਾਹ ਤੇ ਅਲਕਾਨਾਹ ਸੰਦੂਕ ਦੇ ਰਖਵਾਲੇ ਸਨ।
24 ਪੁਜਾਰੀ ਸ਼ਬਨਯਾਹ, ਯੋਸ਼ਾਫਾਟ, ਨਥਨੀਏਲ, ਅਮਾਸਾਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾਈਆਂ+ ਅਤੇ ਓਬੇਦ-ਅਦੋਮ ਤੇ ਯਿਹਯਾਹ ਵੀ ਸੰਦੂਕ ਦੇ ਕੋਲ ਦਰਬਾਨਾਂ ਵਜੋਂ ਸੇਵਾ ਕਰਦੇ ਸਨ।
25 ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ+ ਲਿਆਉਣ ਲਈ ਦਾਊਦ ਅਤੇ ਇਜ਼ਰਾਈਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਮੁਖੀ ਜਸ਼ਨ ਮਨਾਉਂਦੇ ਹੋਏ ਨਾਲ-ਨਾਲ ਚੱਲ ਰਹੇ ਸਨ।+
26 ਜਦੋਂ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਚੁੱਕ ਕੇ ਲਿਜਾ ਰਹੇ ਲੇਵੀਆਂ ਦੀ ਸੱਚੇ ਪਰਮੇਸ਼ੁਰ ਨੇ ਮਦਦ ਕੀਤੀ, ਤਾਂ ਉਨ੍ਹਾਂ ਨੇ ਸੱਤ ਬਲਦਾਂ ਅਤੇ ਸੱਤ ਭੇਡੂਆਂ ਦੀ ਬਲ਼ੀ ਚੜ੍ਹਾਈ।+
27 ਦਾਊਦ ਨੇ ਵਧੀਆ ਕੱਪੜੇ ਦਾ ਬਣਿਆ ਬਿਨਾਂ ਬਾਹਾਂ ਵਾਲਾ ਚੋਗਾ ਪਾਇਆ ਹੋਇਆ ਸੀ ਜਿਵੇਂ ਸੰਦੂਕ ਚੁੱਕਣ ਵਾਲੇ ਸਾਰੇ ਲੇਵੀਆਂ, ਗਾਇਕਾਂ ਅਤੇ ਢੋਣ ਦਾ ਕੰਮ ਕਰਨ ਵਾਲਿਆਂ ਤੇ ਗਾਇਕਾਂ ਦੇ ਮੁਖੀ ਕਨਨਯਾਹ ਨੇ ਪਾਇਆ ਹੋਇਆ ਸੀ; ਦਾਊਦ ਨੇ ਮਲਮਲ ਦਾ ਏਫ਼ੋਦ ਵੀ ਪਾਇਆ ਹੋਇਆ ਸੀ।+
28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+
29 ਪਰ ਜਦੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਦਾਊਦ ਦੇ ਸ਼ਹਿਰ ਆਇਆ,+ ਤਾਂ ਸ਼ਾਊਲ ਦੀ ਧੀ ਮੀਕਲ+ ਨੇ ਖਿੜਕੀ ਵਿੱਚੋਂ ਦੀ ਥੱਲੇ ਦੇਖਿਆ ਕਿ ਦਾਊਦ ਲੁੱਡੀਆਂ ਪਾਉਂਦਾ ਤੇ ਜਸ਼ਨ ਮਨਾਉਂਦਾ ਆ ਰਿਹਾ ਸੀ; ਅਤੇ ਉਹ ਦਿਲ ਵਿਚ ਉਸ ਨੂੰ ਤੁੱਛ ਸਮਝਣ ਲੱਗੀ।+