ਪਹਿਲਾ ਇਤਿਹਾਸ 17:1-27

  • ਦਾਊਦ ਮੰਦਰ ਨਹੀਂ ਬਣਾਏਗਾ (1-6)

  • ਦਾਊਦ ਨਾਲ ਰਾਜ ਦਾ ਇਕਰਾਰ (7-15)

  • ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ (16-27)

17  ਜਦੋਂ ਦਾਊਦ ਆਪਣੇ ਘਰ* ਰਹਿਣ ਲੱਗ ਪਿਆ, ਤਾਂ ਉਸ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਯਹੋਵਾਹ ਦੇ ਇਕਰਾਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+  ਨਾਥਾਨ ਨੇ ਦਾਊਦ ਨੂੰ ਕਿਹਾ: “ਜੋ ਤੇਰਾ ਦਿਲ ਕਰਦਾ ਉਹੀ ਕਰ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਨਾਲ ਹੈ।”  ਉਸੇ ਰਾਤ ਪਰਮੇਸ਼ੁਰ ਦਾ ਇਹ ਸੰਦੇਸ਼ ਨਾਥਾਨ ਨੂੰ ਆਇਆ:  “ਜਾਹ ਤੇ ਮੇਰੇ ਸੇਵਕ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੇਰੇ ਰਹਿਣ ਲਈ ਘਰ ਤੂੰ ਨਹੀਂ ਬਣਾਵੇਂਗਾ।+  ਜਿਸ ਦਿਨ ਤੋਂ ਮੈਂ ਇਜ਼ਰਾਈਲ ਨੂੰ ਕੱਢ ਲਿਆਇਆਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ ਕਿਸੇ ਘਰ ਵਿਚ ਨਹੀਂ ਰਿਹਾ, ਪਰ ਇਕ ਤੰਬੂ ਤੋਂ ਦੂਜੇ ਤੰਬੂ ਵਿਚ ਤੇ ਇਕ ਡੇਰੇ ਤੋਂ ਦੂਜੇ ਡੇਰੇ* ਵਿਚ ਘੁੰਮਦਾ ਰਿਹਾ ਹਾਂ।+  ਜਿੰਨਾ ਚਿਰ ਮੈਂ ਸਾਰੇ ਇਜ਼ਰਾਈਲ ਨਾਲ ਜਾਂਦਾ ਰਿਹਾ, ਉਦੋਂ ਕੀ ਮੈਂ ਇਜ਼ਰਾਈਲ ਦੇ ਕਿਸੇ ਵੀ ਨਿਆਂਕਾਰ ਨੂੰ, ਜਿਸ ਨੂੰ ਮੈਂ ਆਪਣੀ ਪਰਜਾ ਦੀ ਚਰਵਾਹੀ ਕਰਨ ਲਈ ਨਿਯੁਕਤ ਕੀਤਾ ਸੀ, ਕਦੇ ਇਹ ਗੱਲ ਕਹੀ, ‘ਤੁਸੀਂ ਮੇਰੇ ਲਈ ਦਿਆਰ ਦੀ ਲੱਕੜ ਦਾ ਘਰ ਕਿਉਂ ਨਹੀਂ ਬਣਾਇਆ?’”’  “ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+  ਤੂੰ ਜਿੱਥੇ ਵੀ ਜਾਵੇਂਗਾ, ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੇਰੇ ਅੱਗੋਂ ਤੇਰੇ ਸਾਰੇ ਦੁਸ਼ਮਣਾਂ ਨੂੰ ਮਿਟਾ ਦਿਆਂਗਾ;*+ ਨਾਲੇ ਮੈਂ ਤੇਰਾ ਨਾਂ ਧਰਤੀ ਦੇ ਮਹਾਨ ਆਦਮੀਆਂ ਜਿੰਨਾ ਉੱਚਾ ਕਰਾਂਗਾ।+  ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ’ਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ* ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+ 10  ਹਾਂ, ਉਸ ਦਿਨ ਤੋਂ ਕਰ ਰਹੇ ਸਨ ਜਦੋਂ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਨਿਆਂਕਾਰ ਨਿਯੁਕਤ ਕੀਤੇ ਸਨ।+ ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ।+ ਨਾਲੇ ਮੈਂ ਤੈਨੂੰ ਦੱਸਦਾ ਹਾਂ, ‘ਯਹੋਵਾਹ ਤੇਰੇ ਲਈ ਇਕ ਘਰ* ਬਣਾਵੇਗਾ।’ 11  “‘“ਜਦ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪਿਉ-ਦਾਦਿਆਂ ਕੋਲ ਚਲਾ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ* ਯਾਨੀ ਤੇਰੇ ਇਕ ਪੁੱਤਰ ਨੂੰ ਖੜ੍ਹਾ ਕਰਾਂਗਾ+ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+ 12  ਉਹੀ ਮੇਰੇ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+ 13  ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਮੈਂ ਉਸ ਨੂੰ ਅਟੱਲ ਪਿਆਰ ਕਰਨਾ ਨਹੀਂ ਛੱਡਾਂਗਾ+ ਜਿਸ ਤਰ੍ਹਾਂ ਮੈਂ ਉਸ ਨੂੰ ਕਰਨਾ ਛੱਡ ਦਿੱਤਾ ਸੀ ਜੋ ਤੇਰੇ ਤੋਂ ਪਹਿਲਾਂ ਸੀ।+ 14  ਮੈਂ ਉਸ ਨੂੰ ਆਪਣੇ ਭਵਨ ਅਤੇ ਆਪਣੇ ਰਾਜ ਵਿਚ ਸਦਾ ਲਈ ਖੜ੍ਹਾ ਕਰਾਂਗਾ+ ਤੇ ਉਸ ਦਾ ਸਿੰਘਾਸਣ ਹਮੇਸ਼ਾ ਲਈ ਕਾਇਮ ਰਹੇਗਾ।”’”+ 15  ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇਹ ਸਾਰਾ ਦਰਸ਼ਣ ਦਾਊਦ ਨੂੰ ਦੱਸਿਆ। 16  ਇਸ ਤੋਂ ਬਾਅਦ ਰਾਜਾ ਦਾਊਦ ਅੰਦਰ ਆਇਆ ਤੇ ਯਹੋਵਾਹ ਅੱਗੇ ਬੈਠ ਕੇ ਕਹਿਣ ਲੱਗਾ: “ਹੇ ਯਹੋਵਾਹ ਪਰਮੇਸ਼ੁਰ, ਮੈਂ ਹਾਂ ਹੀ ਕੌਣ? ਅਤੇ ਮੇਰੇ ਘਰਾਣੇ ਦੀ ਹੈਸੀਅਤ ਹੀ ਕੀ ਹੈ ਜੋ ਤੂੰ ਮੇਰੇ ਲਈ ਇੰਨਾ ਕੁਝ ਕੀਤਾ?+ 17  ਇੰਨਾ ਹੀ ਨਹੀਂ, ਹੇ ਪਰਮੇਸ਼ੁਰ, ਤੂੰ ਤਾਂ ਆਪਣੇ ਸੇਵਕ ਦੇ ਘਰਾਣੇ ਦੇ ਦੂਰ ਭਵਿੱਖ ਬਾਰੇ ਵੀ ਦੱਸ ਦਿੱਤਾ ਹੈ+ ਅਤੇ ਹੇ ਯਹੋਵਾਹ ਪਰਮੇਸ਼ੁਰ, ਤੂੰ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕਿ ਮੈਂ ਅਜਿਹਾ ਆਦਮੀ ਹੋਵਾਂ ਜਿਸ ਨੂੰ ਹੋਰ ਉੱਚਾ ਕੀਤਾ ਜਾਣਾ ਚਾਹੀਦਾ ਹੈ।* 18  ਮੈਨੂੰ ਜੋ ਮਾਣ ਬਖ਼ਸ਼ਿਆ ਗਿਆ ਹੈ, ਉਸ ਬਾਰੇ ਤੇਰਾ ਸੇਵਕ ਦਾਊਦ ਤੈਨੂੰ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦਾ ਕਿਉਂਕਿ ਤੂੰ ਤਾਂ ਆਪਣੇ ਸੇਵਕ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ?+ 19  ਹੇ ਯਹੋਵਾਹ, ਤੂੰ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਇੱਛਾ ਅਨੁਸਾਰ* ਆਪਣੀ ਮਹਾਨਤਾ ਜ਼ਾਹਰ ਕਰ ਕੇ ਇਹ ਸਾਰੇ ਵੱਡੇ-ਵੱਡੇ ਕੰਮ ਕੀਤੇ ਹਨ।+ 20  ਹੇ ਯਹੋਵਾਹ, ਤੇਰੇ ਵਰਗਾ ਕੋਈ ਹੈ ਹੀ ਨਹੀਂ+ ਅਤੇ ਤੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;+ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਸਾਰੀਆਂ ਗੱਲਾਂ ਤੋਂ ਹੁੰਦੀ ਹੈ ਜੋ ਅਸੀਂ ਆਪਣੇ ਕੰਨੀਂ ਸੁਣੀਆਂ ਹਨ। 21  ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਸੱਚੇ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ।+ ਤੂੰ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ ਆਪਣਾ ਨਾਂ ਬੁਲੰਦ ਕੀਤਾ+ ਅਤੇ ਕੌਮਾਂ ਨੂੰ ਆਪਣੀ ਪਰਜਾ ਅੱਗੋਂ ਭਜਾ ਦਿੱਤਾ+ ਜਿਸ ਨੂੰ ਤੂੰ ਮਿਸਰ ਤੋਂ ਛੁਡਾਇਆ ਸੀ। 22  ਤੂੰ ਆਪਣੇ ਇਜ਼ਰਾਈਲੀ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਪਰਜਾ ਬਣਾਇਆ;+ ਅਤੇ ਹੇ ਯਹੋਵਾਹ, ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।+ 23  ਹੁਣ ਹੇ ਯਹੋਵਾਹ, ਤੇਰਾ ਉਹ ਵਾਅਦਾ ਹਮੇਸ਼ਾ ਲਈ ਸੱਚਾ ਸਾਬਤ ਹੋਵੇ ਜੋ ਤੂੰ ਆਪਣੇ ਸੇਵਕ ਅਤੇ ਉਸ ਦੇ ਘਰਾਣੇ ਦੇ ਸੰਬੰਧ ਵਿਚ ਕੀਤਾ ਹੈ। ਤੂੰ ਉਸੇ ਤਰ੍ਹਾਂ ਕਰੀਂ ਜਿਵੇਂ ਤੂੰ ਵਾਅਦਾ ਕੀਤਾ ਹੈ।+ 24  ਤੇਰਾ ਨਾਂ ਹਮੇਸ਼ਾ-ਹਮੇਸ਼ਾ ਲਈ ਕਾਇਮ ਰਹੇ* ਤੇ ਉੱਚਾ ਹੋਵੇ+ ਤਾਂਕਿ ਲੋਕ ਕਹਿਣ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ, ਇਜ਼ਰਾਈਲ ਲਈ ਪਰਮੇਸ਼ੁਰ ਹੈ’ ਅਤੇ ਤੇਰੇ ਸੇਵਕ ਦਾਊਦ ਦਾ ਘਰਾਣਾ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ।+ 25  ਹੇ ਮੇਰੇ ਪਰਮੇਸ਼ੁਰ, ਤੂੰ ਆਪਣੇ ਸੇਵਕ ਅੱਗੇ ਆਪਣਾ ਮਕਸਦ ਜ਼ਾਹਰ ਕੀਤਾ ਹੈ ਕਿ ਤੂੰ ਉਸ ਲਈ ਇਕ ਘਰ* ਬਣਾਵੇਂਗਾ। ਇਸੇ ਕਰਕੇ ਤੇਰਾ ਸੇਵਕ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਕਰ ਸਕਿਆ। 26  ਹੇ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਆਪਣੇ ਸੇਵਕ ਦੇ ਸੰਬੰਧ ਵਿਚ ਇਨ੍ਹਾਂ ਚੰਗੀਆਂ ਗੱਲਾਂ ਦਾ ਵਾਅਦਾ ਕੀਤਾ ਹੈ। 27  ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ ਕਿਉਂਕਿ ਹੇ ਯਹੋਵਾਹ, ਤੂੰ ਬਰਕਤ ਦਿੱਤੀ ਹੈ ਅਤੇ ਇਸ ਉੱਤੇ ਤੇਰੀ ਬਰਕਤ ਹਮੇਸ਼ਾ ਲਈ ਰਹੇਗੀ।”

ਫੁਟਨੋਟ

ਜਾਂ, “ਮਹਿਲ।”
ਸ਼ਾਇਦ ਇਸ ਦਾ ਮਤਲਬ ਹੈ “ਇਕ ਤੰਬੂ ਦੀ ਜਗ੍ਹਾ ਤੋਂ ਦੂਜੀ ਜਗ੍ਹਾ ਅਤੇ ਇਕ ਨਿਵਾਸ-ਸਥਾਨ ਤੋਂ ਦੂਜੇ ਨਿਵਾਸ-ਸਥਾਨ।”
ਇਬ, “ਵੱਢ ਸੁੱਟਾਂਗਾ।”
ਇਬ, “ਉਨ੍ਹਾਂ ਨੂੰ ਨਹੀਂ ਥਕਾਉਣਗੇ।”
ਜਾਂ, “ਰਾਜ-ਘਰਾਣਾ।”
ਇਬ, “ਬੀ।”
ਜਾਂ, “ਮੈਂ ਉੱਚੇ ਅਹੁਦੇ ਵਾਲਾ ਆਦਮੀ ਹੋਵਾਂ।”
ਜਾਂ, “ਆਪਣੇ ਦਿਲ ਦੀ ਸਹਿਮਤੀ ਨਾਲ।”
ਜਾਂ, “ਸੱਚਾ ਸਾਬਤ ਹੋਵੇ।”
ਜਾਂ, “ਰਾਜ-ਘਰਾਣਾ।”