ਪਹਿਲਾ ਇਤਿਹਾਸ 20:1-8

  • ਰੱਬਾਹ ਉੱਤੇ ਕਬਜ਼ਾ (1-3)

  • ਉੱਚੇ ਕੱਦ-ਕਾਠ ਵਾਲੇ ਫਲਿਸਤੀ ਮਾਰੇ ਗਏ (4-8)

20  ਸਾਲ ਦੇ ਸ਼ੁਰੂ ਵਿਚ* ਯਾਨੀ ਉਸ ਸਮੇਂ ਜਦੋਂ ਰਾਜੇ ਯੁੱਧਾਂ ਵਿਚ ਜਾਇਆ ਕਰਦੇ ਹਨ, ਯੋਆਬ+ ਫ਼ੌਜ ਨੂੰ ਨਾਲ ਲੈ ਕੇ ਗਿਆ ਅਤੇ ਅੰਮੋਨੀਆਂ ਦੇ ਦੇਸ਼ ਨੂੰ ਤਬਾਹ ਕਰ ਦਿੱਤਾ; ਅਤੇ ਉਸ ਨੇ ਆ ਕੇ ਰੱਬਾਹ ਨੂੰ ਘੇਰ ਲਿਆ,+ ਪਰ ਦਾਊਦ ਆਪ ਯਰੂਸ਼ਲਮ ਵਿਚ ਹੀ ਰਿਹਾ।+ ਯੋਆਬ ਨੇ ਰੱਬਾਹ ’ਤੇ ਹਮਲਾ ਕਰ ਕੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।+  ਫਿਰ ਦਾਊਦ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ ਅਤੇ ਦੇਖਿਆ ਕਿ ਇਸ ਦਾ ਭਾਰ ਇਕ ਕਿੱਕਾਰ* ਸੋਨਾ ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ; ਇਸ ਨੂੰ ਦਾਊਦ ਦੇ ਸਿਰ ’ਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+  ਉਹ ਸ਼ਹਿਰ ਵਿੱਚੋਂ ਲੋਕਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਪੱਥਰ ਕੱਟਣ ਦਾ ਕੰਮ ਕਰਨ, ਲੋਹੇ ਦੇ ਤੇਜ਼ ਔਜ਼ਾਰਾਂ ਅਤੇ ਕੁਹਾੜਿਆਂ ਨਾਲ ਕੰਮ ਕਰਨ ਲਾਇਆ।+ ਦਾਊਦ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਸੇ ਤਰ੍ਹਾਂ ਕੀਤਾ। ਅਖ਼ੀਰ ਦਾਊਦ ਅਤੇ ਸਾਰੇ ਫ਼ੌਜੀ ਯਰੂਸ਼ਲਮ ਵਾਪਸ ਆ ਗਏ।  ਉਸ ਤੋਂ ਬਾਅਦ ਗਜ਼ਰ ਵਿਚ ਫਲਿਸਤੀਆਂ ਨਾਲ ਲੜਾਈ ਲੱਗ ਗਈ। ਉਸ ਸਮੇਂ ਹੂਸ਼ਾਹ ਦੇ ਸਿਬਕਾਈ+ ਨੇ ਸਿਪਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਰਫ਼ਾਈਮ+ ਦੇ ਵੰਸ਼ ਵਿੱਚੋਂ ਸੀ ਅਤੇ ਉਹ ਹਾਰ ਗਏ।  ਫਲਿਸਤੀਆਂ ਨਾਲ ਦੁਬਾਰਾ ਲੜਾਈ ਲੱਗ ਗਈ ਅਤੇ ਯਾਈਰ ਦੇ ਪੁੱਤਰ ਅਲਹਾਨਾਨ ਨੇ ਗਿੱਤੀ ਗੋਲਿਅਥ+ ਦੇ ਭਰਾ ਲਹਮੀ ਨੂੰ ਮਾਰ ਸੁੱਟਿਆ ਜਿਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਸੀ।+  ਇਕ ਵਾਰ ਫਿਰ ਗਥ+ ਵਿਚ ਲੜਾਈ ਲੱਗ ਗਈ ਜਿੱਥੇ ਇਕ ਬਹੁਤ ਵੱਡੇ ਕੱਦ ਦਾ ਆਦਮੀ ਸੀ+ ਜਿਸ ਦੇ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਸਨ, ਕੁੱਲ ਮਿਲਾ ਕੇ 24 ਉਂਗਲਾਂ; ਉਹ ਵੀ ਰਫ਼ਾਈਮ ਦੇ ਵੰਸ਼ ਵਿੱਚੋਂ ਸੀ।+  ਉਹ ਲਗਾਤਾਰ ਇਜ਼ਰਾਈਲ ਨੂੰ ਲਲਕਾਰਦਾ ਰਿਹਾ।+ ਇਸ ਲਈ ਦਾਊਦ ਦੇ ਭਰਾ ਸ਼ਿਮਾ+ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਮਾਰ ਸੁੱਟਿਆ।  ਇਹ ਰਫ਼ਾਈਮ ਦੇ ਵੰਸ਼+ ਵਿੱਚੋਂ ਸਨ ਅਤੇ ਗਥ+ ਵਿਚ ਰਹਿੰਦੇ ਸਨ। ਇਹ ਦਾਊਦ ਤੇ ਉਸ ਦੇ ਸੇਵਕਾਂ ਹੱਥੋਂ ਮਾਰੇ ਗਏ।

ਫੁਟਨੋਟ

ਯਾਨੀ, ਬਸੰਤ ਵਿਚ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।