ਪਹਿਲਾ ਇਤਿਹਾਸ 21:1-30

  • ਦਾਊਦ ਵੱਲੋਂ ਕੀਤੀ ਮਰਦਮਸ਼ੁਮਾਰੀ ਨਾਜਾਇਜ਼ (1-6)

  • ਯਹੋਵਾਹ ਵੱਲੋਂ ਸਜ਼ਾ (7-17)

  • ਦਾਊਦ ਨੇ ਇਕ ਵੇਦੀ ਬਣਾਈ (18-30)

21  ਫਿਰ ਸ਼ੈਤਾਨ* ਇਜ਼ਰਾਈਲ ਖ਼ਿਲਾਫ਼ ਉੱਠਿਆ ਅਤੇ ਉਸ ਨੇ ਦਾਊਦ ਨੂੰ ਉਕਸਾਇਆ ਕਿ ਉਹ ਇਜ਼ਰਾਈਲ ਦੀ ਗਿਣਤੀ ਕਰੇ।+  ਇਸ ਲਈ ਦਾਊਦ ਨੇ ਯੋਆਬ+ ਨੂੰ ਅਤੇ ਲੋਕਾਂ ਦੇ ਮੁਖੀਆਂ ਨੂੰ ਕਿਹਾ: “ਜਾਓ, ਬਏਰ-ਸ਼ਬਾ ਤੋਂ ਲੈ ਕੇ ਦਾਨ+ ਤਕ ਇਜ਼ਰਾਈਲ ਦੀ ਗਿਣਤੀ ਕਰੋ; ਫਿਰ ਆ ਕੇ ਮੈਨੂੰ ਦੱਸੋ ਤਾਂਕਿ ਮੈਨੂੰ ਉਨ੍ਹਾਂ ਦੀ ਗਿਣਤੀ ਪਤਾ ਲੱਗੇ।”  ਪਰ ਯੋਆਬ ਨੇ ਕਿਹਾ: “ਯਹੋਵਾਹ ਆਪਣੇ ਲੋਕਾਂ ਦੀ ਗਿਣਤੀ 100 ਗੁਣਾ ਵਧਾਵੇ! ਮੇਰੇ ਪ੍ਰਭੂ ਅਤੇ ਮਹਾਰਾਜ, ਕੀ ਉਹ ਸਾਰੇ ਪਹਿਲਾਂ ਹੀ ਮੇਰੇ ਮਾਲਕ ਦੇ ਸੇਵਕ ਨਹੀਂ ਹਨ? ਮੇਰਾ ਮਾਲਕ ਇਹ ਕੰਮ ਕਿਉਂ ਕਰਨਾ ਚਾਹੁੰਦਾ ਹੈ? ਤੂੰ ਇਜ਼ਰਾਈਲ ਦੇ ਗੁਨਾਹ ਦੀ ਵਜ੍ਹਾ ਕਿਉਂ ਬਣੇਂ?”  ਪਰ ਯੋਆਬ ਨੂੰ ਰਾਜੇ ਦੀ ਗੱਲ ਅੱਗੇ ਝੁਕਣਾ ਪਿਆ। ਇਸ ਲਈ ਯੋਆਬ ਗਿਆ ਅਤੇ ਸਾਰੇ ਇਜ਼ਰਾਈਲ ਵਿਚ ਘੁੰਮਿਆ ਜਿਸ ਤੋਂ ਬਾਅਦ ਉਹ ਯਰੂਸ਼ਲਮ ਆ ਗਿਆ।+  ਫਿਰ ਯੋਆਬ ਨੇ ਦਾਊਦ ਨੂੰ ਉਨ੍ਹਾਂ ਲੋਕਾਂ ਦੀ ਗਿਣਤੀ ਦੱਸੀ ਜਿਨ੍ਹਾਂ ਦੇ ਨਾਂ ਦਰਜ ਕੀਤੇ ਗਏ ਸਨ। ਸਾਰੇ ਇਜ਼ਰਾਈਲ ਵਿਚ ਤਲਵਾਰਾਂ ਨਾਲ ਲੈਸ 11,00,000 ਆਦਮੀ ਸਨ ਅਤੇ ਯਹੂਦਾਹ ਦੇ ਤਲਵਾਰਾਂ ਨਾਲ ਲੈਸ ਆਦਮੀਆਂ ਦੀ ਗਿਣਤੀ 4,70,000 ਸੀ।+  ਪਰ ਉਨ੍ਹਾਂ ਵਿਚ ਲੇਵੀ ਅਤੇ ਬਿਨਯਾਮੀਨ ਗੋਤਾਂ ਦੇ ਨਾਂ ਦਰਜ ਨਹੀਂ ਕੀਤੇ ਗਏ+ ਕਿਉਂਕਿ ਰਾਜੇ ਦੀ ਗੱਲ ਯੋਆਬ ਨੂੰ ਘਿਣਾਉਣੀ ਲੱਗੀ ਸੀ।+  ਇਹ ਸਭ ਸੱਚੇ ਪਰਮੇਸ਼ੁਰ ਨੂੰ ਬਹੁਤ ਬੁਰਾ ਲੱਗਾ, ਇਸ ਲਈ ਉਸ ਨੇ ਇਜ਼ਰਾਈਲ ਨੂੰ ਸਜ਼ਾ ਦਿੱਤੀ।  ਫਿਰ ਦਾਊਦ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਮੈਂ ਇਹ ਕੰਮ ਕਰ ਕੇ ਵੱਡਾ ਪਾਪ ਕੀਤਾ ਹੈ।+ ਹੁਣ ਕਿਰਪਾ ਕਰ ਕੇ ਆਪਣੇ ਸੇਵਕ ਦੀ ਗ਼ਲਤੀ ਮਾਫ਼ ਕਰ ਦੇ ਕਿਉਂਕਿ ਮੈਂ ਬਹੁਤ ਵੱਡੀ ਮੂਰਖਤਾ ਕੀਤੀ ਹੈ।”+  ਫਿਰ ਯਹੋਵਾਹ ਨੇ ਦਾਊਦ ਦੇ ਦਰਸ਼ੀ ਗਾਦ+ ਨਾਲ ਗੱਲ ਕੀਤੀ ਤੇ ਕਿਹਾ: 10  “ਜਾਹ ਅਤੇ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤਿੰਨ ਬਿਪਤਾਵਾਂ ਦੱਸਦਾ ਹਾਂ। ਇਨ੍ਹਾਂ ਵਿੱਚੋਂ ਇਕ ਚੁਣ ਲੈ ਤੇ ਮੈਂ ਉਹੀ ਤੇਰੇ ’ਤੇ ਲਿਆਵਾਂਗਾ।”’” 11  ਇਸ ਲਈ ਗਾਦ ਨੇ ਦਾਊਦ ਕੋਲ ਜਾ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਆਪਣੇ ਲਈ ਚੁਣ ਲੈ 12  ਕਿ ਤਿੰਨ ਸਾਲਾਂ ਲਈ ਕਾਲ਼ ਪਵੇ,+ ਜਾਂ ਤਿੰਨ ਮਹੀਨਿਆਂ ਲਈ ਤੈਨੂੰ ਆਪਣੇ ਦੁਸ਼ਮਣਾਂ ਹੱਥੋਂ ਹਾਰ ਝੱਲਣੀ ਪਵੇ ਅਤੇ ਤੇਰੇ ਦੁਸ਼ਮਣਾਂ ਦੀ ਤਲਵਾਰ ਤੇਰੇ ’ਤੇ ਆ ਪਵੇ+ ਜਾਂ ਤਿੰਨ ਦਿਨਾਂ ਲਈ ਯਹੋਵਾਹ ਦੀ ਤਲਵਾਰ ਚੱਲੇ ਯਾਨੀ ਦੇਸ਼ ਵਿਚ ਮਹਾਂਮਾਰੀ ਪਵੇ+ ਅਤੇ ਯਹੋਵਾਹ ਦਾ ਦੂਤ ਇਜ਼ਰਾਈਲ ਦੇ ਸਾਰੇ ਇਲਾਕੇ ’ਤੇ ਤਬਾਹੀ ਲਿਆਵੇ।’+ ਹੁਣ ਸੋਚ ਕੇ ਦੱਸ ਕਿ ਮੈਂ ਆਪਣੇ ਭੇਜਣ ਵਾਲੇ ਨੂੰ ਕੀ ਜਵਾਬ ਦਿਆਂ।” 13  ਇਸ ਲਈ ਦਾਊਦ ਨੇ ਗਾਦ ਨੂੰ ਕਿਹਾ: “ਮੈਂ ਬੜਾ ਦੁਖੀ ਹਾਂ। ਕਿਰਪਾ ਕਰ ਕੇ ਮੈਨੂੰ ਯਹੋਵਾਹ ਦੇ ਹੱਥ ਵਿਚ ਪੈ ਲੈਣ ਦੇ ਕਿਉਂਕਿ ਉਹ ਬੜਾ ਦਇਆਵਾਨ ਹੈ;+ ਪਰ ਮੈਨੂੰ ਇਨਸਾਨ ਦੇ ਹੱਥ ਵਿਚ ਨਾ ਪੈਣ ਦੇ।”+ 14  ਫਿਰ ਯਹੋਵਾਹ ਨੇ ਇਜ਼ਰਾਈਲ ’ਤੇ ਮਹਾਂਮਾਰੀ ਘੱਲੀ+ ਜਿਸ ਕਰਕੇ ਇਜ਼ਰਾਈਲ ਦੇ 70,000 ਲੋਕ ਮਾਰੇ ਗਏ।+ 15  ਇਸ ਤੋਂ ਇਲਾਵਾ, ਸੱਚੇ ਪਰਮੇਸ਼ੁਰ ਨੇ ਯਰੂਸ਼ਲਮ ਦਾ ਨਾਸ਼ ਕਰਨ ਲਈ ਇਕ ਦੂਤ ਨੂੰ ਘੱਲਿਆ; ਪਰ ਜਦੋਂ ਉਹ ਨਾਸ਼ ਕਰਨ ਹੀ ਵਾਲਾ ਸੀ, ਤਾਂ ਯਹੋਵਾਹ ਨੇ ਇਹ ਦੇਖਿਆ ਅਤੇ ਉਸ ਨੂੰ ਇਸ ਬਿਪਤਾ ਕਰਕੇ ਅਫ਼ਸੋਸ* ਹੋਇਆ+ ਅਤੇ ਉਸ ਨੇ ਬਿਪਤਾ ਲਿਆਉਣ ਵਾਲੇ ਦੂਤ ਨੂੰ ਕਿਹਾ: “ਬੱਸ ਬਹੁਤ ਹੋ ਗਿਆ!+ ਹੁਣ ਆਪਣਾ ਹੱਥ ਰੋਕ ਲੈ।” ਉਸ ਸਮੇਂ ਯਹੋਵਾਹ ਦਾ ਦੂਤ ਯਬੂਸੀ ਆਰਨਾਨ ਦੇ ਪਿੜ*+ ਦੇ ਲਾਗੇ ਖੜ੍ਹਾ ਸੀ। 16  ਜਦੋਂ ਦਾਊਦ ਨੇ ਆਪਣੀਆਂ ਨਜ਼ਰਾਂ ਉਤਾਹਾਂ ਚੁੱਕੀਆਂ, ਤਾਂ ਉਸ ਨੇ ਦੇਖਿਆ ਕਿ ਧਰਤੀ ਅਤੇ ਆਕਾਸ਼ ਵਿਚਕਾਰ ਯਹੋਵਾਹ ਦਾ ਇਕ ਦੂਤ ਖੜ੍ਹਾ ਹੈ ਅਤੇ ਉਸ ਨੇ ਆਪਣੇ ਹੱਥ ਵਿਚ ਫੜੀ ਤਲਵਾਰ+ ਯਰੂਸ਼ਲਮ ਵੱਲ ਨੂੰ ਕੀਤੀ ਹੋਈ ਹੈ। ਦਾਊਦ ਅਤੇ ਬਜ਼ੁਰਗ ਤੱਪੜ ਪਾਈ+ ਇਕਦਮ ਜ਼ਮੀਨ ਉੱਤੇ ਮੂੰਹ ਭਾਰ ਲੰਮੇ ਪੈ ਗਏ।+ 17  ਦਾਊਦ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਕੀ ਉਹ ਮੈਂ ਨਹੀਂ ਸੀ ਜਿਸ ਨੇ ਲੋਕਾਂ ਦੀ ਗਿਣਤੀ ਕਰਨ ਲਈ ਕਿਹਾ ਸੀ? ਪਾਪ ਤਾਂ ਮੈਂ ਕੀਤਾ ਹੈ, ਗ਼ਲਤੀ ਮੇਰੀ ਹੈ;+ ਪਰ ਇਨ੍ਹਾਂ ਭੇਡਾਂ ਦਾ ਕੀ ਕਸੂਰ ਹੈ? ਹੇ ਮੇਰੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਹੱਥ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਖ਼ਿਲਾਫ਼ ਉਠਾ; ਪਰ ਆਪਣੇ ਲੋਕਾਂ ਉੱਤੇ ਇਹ ਬਿਪਤਾ ਨਾ ਲਿਆ।”+ 18  ਫਿਰ ਯਹੋਵਾਹ ਦੇ ਦੂਤ ਨੇ ਗਾਦ+ ਨੂੰ ਕਿਹਾ ਕਿ ਉਹ ਦਾਊਦ ਨੂੰ ਕਹੇ ਕਿ ਉਹ ਉਤਾਂਹ ਜਾਵੇ ਅਤੇ ਯਹੋਵਾਹ ਲਈ ਯਬੂਸੀ ਆਰਨਾਨ ਦੇ ਪਿੜ ਵਿਚ ਇਕ ਵੇਦੀ ਖੜ੍ਹੀ ਕਰੇ।+ 19  ਦਾਊਦ ਗਾਦ ਦੀ ਗੱਲ ਮੰਨ ਕੇ ਉਤਾਂਹ ਗਿਆ ਜੋ ਉਸ ਨੇ ਯਹੋਵਾਹ ਦੇ ਨਾਂ ’ਤੇ ਕਹੀ ਸੀ। 20  ਉਸ ਸਮੇਂ ਆਰਨਾਨ ਨੇ ਪਿੱਛੇ ਮੁੜ ਕੇ ਉਸ ਦੂਤ ਨੂੰ ਦੇਖਿਆ ਅਤੇ ਉਸ ਦੇ ਚਾਰੇ ਪੁੱਤਰ ਲੁਕ ਗਏ ਜੋ ਉਸ ਦੇ ਨਾਲ ਸਨ। ਉਸ ਵੇਲੇ ਆਰਨਾਨ ਕਣਕ ਗਾਹ ਰਿਹਾ ਸੀ। 21  ਜਦੋਂ ਦਾਊਦ ਉਸ ਕੋਲ ਆਇਆ, ਤਾਂ ਆਰਨਾਨ ਨੇ ਆਪਣੀਆਂ ਨਜ਼ਰਾਂ ਉਤਾਂਹ ਚੁੱਕੀਆਂ ਤੇ ਦਾਊਦ ਨੂੰ ਦੇਖਿਆ। ਉਹ ਉਸੇ ਵੇਲੇ ਪਿੜ ਵਿੱਚੋਂ ਬਾਹਰ ਗਿਆ ਅਤੇ ਉਸ ਨੇ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 22  ਦਾਊਦ ਨੇ ਆਰਨਾਨ ਨੂੰ ਕਿਹਾ: “ਪਿੜ ਦੀ ਜ਼ਮੀਨ ਮੈਨੂੰ ਵੇਚ* ਦੇ ਤਾਂਕਿ ਮੈਂ ਇਸ ’ਤੇ ਯਹੋਵਾਹ ਵਾਸਤੇ ਇਕ ਵੇਦੀ ਬਣਾਵਾਂ। ਮੇਰੇ ਤੋਂ ਇਸ ਦੀ ਪੂਰੀ ਕੀਮਤ ਲੈ ਲਾ ਤਾਂਕਿ ਲੋਕਾਂ ਉੱਤੇ ਆਈ ਮਹਾਂਮਾਰੀ ਰੁਕ ਜਾਵੇ।”+ 23  ਪਰ ਆਰਨਾਨ ਨੇ ਦਾਊਦ ਨੂੰ ਕਿਹਾ: “ਮੇਰਾ ਪ੍ਰਭੂ ਅਤੇ ਮਹਾਰਾਜ ਇਸ ਨੂੰ ਆਪਣੀ ਹੀ ਸਮਝੇ ਤੇ ਉਹੀ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ। ਆਹ ਰਹੇ ਹੋਮ-ਬਲ਼ੀਆਂ ਲਈ ਪਸ਼ੂ ਅਤੇ ਬਾਲ਼ਣ ਵਾਸਤੇ ਫਲ੍ਹਾ*+ ਤੇ ਅਨਾਜ ਦੇ ਚੜ੍ਹਾਵੇ ਲਈ ਕਣਕ। ਮੈਂ ਇਹ ਸਾਰਾ ਕੁਝ ਦਿੰਦਾ ਹਾਂ।” 24  ਪਰ ਰਾਜਾ ਦਾਊਦ ਨੇ ਆਰਨਾਨ ਨੂੰ ਕਿਹਾ: “ਨਹੀਂ, ਮੈਂ ਇਹ ਸਭ ਪੂਰਾ ਮੁੱਲ ਦੇ ਕੇ ਖ਼ਰੀਦਾਂਗਾ ਕਿਉਂਕਿ ਜੋ ਤੇਰਾ ਹੈ, ਉਹ ਲੈ ਕੇ ਮੈਂ ਯਹੋਵਾਹ ਨੂੰ ਨਹੀਂ ਦਿਆਂਗਾ ਜਾਂ ਉਹ ਹੋਮ-ਬਲ਼ੀਆਂ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਮੈਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਈ।”+ 25  ਇਸ ਲਈ ਦਾਊਦ ਨੇ ਸੋਨੇ ਦੇ 600 ਸ਼ੇਕੇਲ* ਤੋਲ ਕੇ ਆਰਨਾਨ ਨੂੰ ਜ਼ਮੀਨ ਲਈ ਦਿੱਤੇ। 26  ਅਤੇ ਦਾਊਦ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ ਅਤੇ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਪੁਕਾਰਿਆ ਜਿਸ ਨੇ ਸਵਰਗ ਤੋਂ ਹੋਮ-ਬਲ਼ੀ ਦੀ ਵੇਦੀ ਉੱਤੇ ਅੱਗ ਭੇਜ ਕੇ ਉਸ ਨੂੰ ਜਵਾਬ ਦਿੱਤਾ।+ 27  ਫਿਰ ਯਹੋਵਾਹ ਨੇ ਦੂਤ ਨੂੰ ਹੁਕਮ ਦਿੱਤਾ+ ਕਿ ਉਹ ਤਲਵਾਰ ਨੂੰ ਵਾਪਸ ਮਿਆਨ ਵਿਚ ਪਾ ਲਵੇ। 28  ਉਸ ਸਮੇਂ ਜਦੋਂ ਦਾਊਦ ਨੇ ਦੇਖਿਆ ਕਿ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿਚ ਉਸ ਨੂੰ ਜਵਾਬ ਦਿੱਤਾ ਸੀ, ਤਾਂ ਉਹ ਬਾਕਾਇਦਾ ਉੱਥੇ ਬਲ਼ੀਆਂ ਚੜ੍ਹਾਉਂਦਾ ਰਿਹਾ। 29  ਪਰ ਉਸ ਸਮੇਂ ਯਹੋਵਾਹ ਦਾ ਡੇਰਾ ਜੋ ਮੂਸਾ ਨੇ ਉਜਾੜ ਵਿਚ ਬਣਾਇਆ ਸੀ ਅਤੇ ਹੋਮ-ਬਲ਼ੀ ਦੀ ਵੇਦੀ ਗਿਬਓਨ ਵਿਚ ਉੱਚੀ ਜਗ੍ਹਾ ’ਤੇ ਸੀ।+ 30  ਦਾਊਦ ਪਰਮੇਸ਼ੁਰ ਤੋਂ ਸਲਾਹ ਲੈਣ ਲਈ ਇਸ ਅੱਗੇ ਨਹੀਂ ਜਾ ਸਕਿਆ ਕਿਉਂਕਿ ਉਹ ਯਹੋਵਾਹ ਦੇ ਦੂਤ ਦੀ ਤਲਵਾਰ ਕਰਕੇ ਬਹੁਤ ਡਰ ਗਿਆ ਸੀ।

ਫੁਟਨੋਟ

ਜਾਂ ਸੰਭਵ ਹੈ, “ਵਿਰੋਧੀ।”
ਜਾਂ, “ਦੁਖੀ।”
ਇਬ, “ਦੇ।”
ਗਾਹੁਣ ਵਾਲਾ ਫੱਟਾ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।