ਪਹਿਲਾ ਇਤਿਹਾਸ 22:1-19
22 ਫਿਰ ਦਾਊਦ ਨੇ ਕਿਹਾ: “ਇਹ ਸੱਚੇ ਪਰਮੇਸ਼ੁਰ ਯਹੋਵਾਹ ਦਾ ਭਵਨ ਹੈ ਅਤੇ ਇਹ ਇਜ਼ਰਾਈਲ ਵਾਸਤੇ ਹੋਮ-ਬਲ਼ੀ ਲਈ ਵੇਦੀ ਹੈ।”+
2 ਇਸ ਤੋਂ ਬਾਅਦ ਦਾਊਦ ਨੇ ਹੁਕਮ ਦਿੱਤਾ ਕਿ ਇਜ਼ਰਾਈਲ ਦੇਸ਼ ਵਿਚ ਰਹਿੰਦੇ ਪਰਦੇਸੀਆਂ+ ਨੂੰ ਇਕੱਠਾ ਕੀਤਾ ਜਾਵੇ ਅਤੇ ਉਸ ਨੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਬਣਾਉਣ ਲਈ ਪੱਥਰਾਂ ਨੂੰ ਕੱਟਣ ਅਤੇ ਉਨ੍ਹਾਂ ਨੂੰ ਘੜਨ ਦੇ ਕੰਮ ’ਤੇ ਲਾਇਆ।+
3 ਦਾਊਦ ਨੇ ਦਰਵਾਜ਼ਿਆਂ ਦੇ ਪੱਲਿਆਂ ਦੀਆਂ ਮੇਖਾਂ ਅਤੇ ਕਬਜ਼ਿਆਂ ਲਈ ਵੱਡੀ ਮਾਤਰਾ ਵਿਚ ਲੋਹਾ ਵੀ ਇਕੱਠਾ ਕੀਤਾ ਅਤੇ ਬਹੁਤ ਸਾਰਾ ਤਾਂਬਾ ਵੀ ਜਿਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ,+
4 ਨਾਲੇ ਬੇਹਿਸਾਬੀ ਦਿਆਰ ਦੀ ਲੱਕੜ+ ਕਿਉਂਕਿ ਸੀਦੋਨ ਅਤੇ ਸੋਰ ਦੇ ਲੋਕ+ ਵੱਡੀ ਮਾਤਰਾ ਵਿਚ ਦਿਆਰ ਦੀ ਲੱਕੜ ਦਾਊਦ ਕੋਲ ਲਿਆਏ ਸਨ।
5 ਦਾਊਦ ਨੇ ਕਿਹਾ: “ਮੇਰਾ ਪੁੱਤਰ ਸੁਲੇਮਾਨ ਨੌਜਵਾਨ ਅਤੇ ਨਾਤਜਰਬੇਕਾਰ* ਹੈ+ ਅਤੇ ਯਹੋਵਾਹ ਲਈ ਬਣਾਇਆ ਜਾਣ ਵਾਲਾ ਭਵਨ ਇੰਨਾ ਸ਼ਾਨਦਾਰ ਹੋਣਾ ਚਾਹੀਦਾ ਹੈ+ ਕਿ ਸਾਰੇ ਦੇਸ਼ਾਂ ਵਿਚ ਇਸ ਦੀ ਮਸ਼ਹੂਰੀ ਹੋਵੇ ਤੇ ਇਸ ਦੀ ਸੁੰਦਰਤਾ ਦੇ ਚਰਚੇ ਹੋਣ।+ ਇਸ ਲਈ ਮੈਂ ਆਪਣੇ ਪੁੱਤਰ ਵਾਸਤੇ ਤਿਆਰੀ ਕਰਾਂਗਾ।” ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਸਾਰਾ ਸਾਮਾਨ ਤਿਆਰ ਕੀਤਾ।
6 ਇਸ ਤੋਂ ਇਲਾਵਾ, ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਬੁਲਾਇਆ ਅਤੇ ਉਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਭਵਨ ਬਣਾਉਣ ਵਾਸਤੇ ਹਿਦਾਇਤਾਂ ਦਿੱਤੀਆਂ।
7 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦੱਸਿਆ: “ਮੇਰੀ ਦਿਲੀ ਇੱਛਾ ਸੀ ਕਿ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵਾਂ।+
8 ਪਰ ਯਹੋਵਾਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਸਾਰਾ ਖ਼ੂਨ ਵਹਾਇਆ ਹੈ ਅਤੇ ਤੂੰ ਬਹੁਤ ਸਾਰੇ ਯੁੱਧ ਲੜੇ ਹਨ। ਮੇਰੇ ਨਾਂ ਲਈ ਭਵਨ ਤੂੰ ਨਹੀਂ ਬਣਾਵੇਂਗਾ+ ਕਿਉਂਕਿ ਤੂੰ ਮੇਰੇ ਸਾਮ੍ਹਣੇ ਧਰਤੀ ਉੱਤੇ ਬੇਹਿਸਾਬਾ ਖ਼ੂਨ ਵਹਾਇਆ ਹੈ।
9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+
10 ਉਹੀ ਮੇਰੇ ਨਾਂ ਲਈ ਇਕ ਭਵਨ ਬਣਾਵੇਗਾ।+ ਉਹ ਮੇਰਾ ਪੁੱਤਰ ਬਣੇਗਾ ਅਤੇ ਮੈਂ ਉਸ ਦਾ ਪਿਤਾ ਹੋਵਾਂਗਾ।+ ਮੈਂ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।’+
11 “ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਨਾਲ ਹੋਵੇ ਅਤੇ ਤੂੰ ਸਫ਼ਲ ਹੋਵੇਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਭਵਨ ਬਣਾਵੇਂ ਜਿਵੇਂ ਉਸ ਨੇ ਤੇਰੇ ਬਾਰੇ ਕਿਹਾ ਹੈ।+
12 ਜਦੋਂ ਯਹੋਵਾਹ ਇਜ਼ਰਾਈਲ ’ਤੇ ਤੈਨੂੰ ਅਧਿਕਾਰ ਦੇਵੇ, ਉਦੋਂ ਉਹ ਤੈਨੂੰ ਸੂਝ-ਬੂਝ ਅਤੇ ਸਮਝ ਵੀ ਦੇਵੇ+ ਤਾਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰੇਂ।+
13 ਜੇ ਤੂੰ ਧਿਆਨ ਨਾਲ ਉਨ੍ਹਾਂ ਨਿਯਮਾਂ ਅਤੇ ਨਿਆਵਾਂ ਦੀ ਪਾਲਣਾ ਕਰੇਂ+ ਜਿਨ੍ਹਾਂ ਨੂੰ ਇਜ਼ਰਾਈਲ ਨੂੰ ਦੇਣ ਲਈ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ,+ ਫਿਰ ਤੂੰ ਸਫ਼ਲ ਹੋਵੇਂਗਾ। ਦਲੇਰ ਬਣ ਅਤੇ ਤਕੜਾ ਹੋ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ।+
14 ਮੈਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਯਹੋਵਾਹ ਦੇ ਭਵਨ ਲਈ 1,00,000 ਕਿੱਕਾਰ* ਸੋਨਾ ਅਤੇ 10,00,000 ਕਿੱਕਾਰ ਚਾਂਦੀ ਇਕੱਠੀ ਕੀਤੀ ਅਤੇ ਇੰਨਾ ਜ਼ਿਆਦਾ ਤਾਂਬਾ ਤੇ ਲੋਹਾ ਇਕੱਠਾ ਕੀਤਾ+ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਨਾਲੇ ਮੈਂ ਲੱਕੜਾਂ ਅਤੇ ਪੱਥਰਾਂ ਨੂੰ ਤਿਆਰ ਕੀਤਾ,+ ਪਰ ਤੂੰ ਉਨ੍ਹਾਂ ਨੂੰ ਹੋਰ ਇਕੱਠਾ ਕਰੇਂਗਾ।
15 ਤੇਰੇ ਨਾਲ ਵੱਡੀ ਗਿਣਤੀ ਵਿਚ ਕਾਮੇ ਹਨ—ਪੱਥਰ ਕੱਟਣ ਵਾਲੇ, ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀ,+ ਲੱਕੜ ਦਾ ਕੰਮ ਕਰਨ ਵਾਲੇ ਅਤੇ ਹਰ ਤਰ੍ਹਾਂ ਦੇ ਮਾਹਰ ਕਾਰੀਗਰ।+
16 ਸੋਨੇ, ਚਾਂਦੀ, ਤਾਂਬੇ ਅਤੇ ਲੋਹੇ ਦਾ ਤਾਂ ਕੋਈ ਹਿਸਾਬ ਹੀ ਨਹੀਂ।+ ਉੱਠ ਤੇ ਕੰਮ ਸ਼ੁਰੂ ਕਰ ਅਤੇ ਯਹੋਵਾਹ ਤੇਰੇ ਨਾਲ ਹੋਵੇ।”+
17 ਫਿਰ ਦਾਊਦ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪੁੱਤਰ ਸੁਲੇਮਾਨ ਦੀ ਮਦਦ ਕਰਨ:
18 “ਕੀ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਨਹੀਂ ਹੈ ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸਿਓਂ ਰਾਹਤ ਨਹੀਂ ਦਿੱਤੀ? ਕਿਉਂਕਿ ਉਸ ਨੇ ਦੇਸ਼ ਦੇ ਵਾਸੀਆਂ ਨੂੰ ਮੇਰੇ ਹਵਾਲੇ ਕਰ ਦਿੱਤਾ ਹੈ ਅਤੇ ਇਹ ਦੇਸ਼ ਯਹੋਵਾਹ ਅਤੇ ਉਸ ਦੀ ਪਰਜਾ ਦੇ ਅਧੀਨ ਹੋ ਗਿਆ ਹੈ।
19 ਹੁਣ ਤੁਸੀਂ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲਣ ਦੀ ਠਾਣ ਲਓ+ ਅਤੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿਓ+ ਤਾਂਕਿ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਅਤੇ ਸੱਚੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ+ ਉਸ ਭਵਨ ਵਿਚ ਲਿਆਂਦਾ ਜਾਵੇ ਜੋ ਯਹੋਵਾਹ ਦੇ ਨਾਂ ਲਈ ਬਣਾਇਆ ਜਾਵੇਗਾ।”+
ਫੁਟਨੋਟ
^ ਜਾਂ, “ਨਾਜ਼ੁਕ।”
^ ਇਹ ਨਾਂ ਇਕ ਇਬਰਾਨੀ ਸ਼ਬਦ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਸ਼ਾਂਤੀ।”
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।