ਕੁਰਿੰਥੀਆਂ ਨੂੰ ਪਹਿਲੀ ਚਿੱਠੀ 13:1-13
-
ਪਿਆਰ—ਇਕ ਵਧੀਆ ਰਾਹ (1-13)
13 ਜੇ ਮੈਂ ਇਨਸਾਨਾਂ ਅਤੇ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪਿਆਰ ਨਾ ਕਰਾਂ, ਤਾਂ ਮੈਂ ਟਣ-ਟਣ ਕਰਨ ਵਾਲੇ ਘੜਿਆਲ ਜਾਂ ਛਣ-ਛਣ ਕਰਨ ਵਾਲੇ ਛੈਣੇ ਵਰਗਾ ਹਾਂ।
2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+
3 ਜੇ ਮੈਂ ਆਪਣੀ ਧਨ-ਦੌਲਤ ਦੂਸਰਿਆਂ ਦਾ ਢਿੱਡ ਭਰਨ ਲਈ ਦੇ ਦਿਆਂ+ ਅਤੇ ਜੇ ਮੈਂ ਆਪਣੀ ਜਾਨ ਕੁਰਬਾਨ ਕਰ ਦਿਆਂ ਤਾਂਕਿ ਮੈਂ ਇਸ ਗੱਲ ’ਤੇ ਸ਼ੇਖ਼ੀ ਮਾਰ ਸਕਾਂ, ਪਰ ਪਿਆਰ ਨਾ ਕਰਾਂ,+ ਤਾਂ ਇਹ ਸਭ ਵਿਅਰਥ ਹੈ।
4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+
5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+
6 ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ,+ ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ।
7 ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ,+ ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ,+ ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ,+ ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।+
8 ਪਿਆਰ ਕਦੇ ਖ਼ਤਮ* ਨਹੀਂ ਹੁੰਦਾ। ਪਰ ਭਵਿੱਖਬਾਣੀਆਂ ਕਰਨ ਅਤੇ ਵੱਖੋ-ਵੱਖ ਬੋਲੀਆਂ ਬੋਲਣ ਦੀਆਂ ਦਾਤਾਂ* ਜਾਂ ਗਿਆਨ, ਸਭ ਕੁਝ ਖ਼ਤਮ ਹੋ ਜਾਵੇਗਾ।
9 ਸਾਡਾ ਗਿਆਨ ਹਾਲੇ ਅਧੂਰਾ ਹੈ+ ਅਤੇ ਅਸੀਂ ਅਧੂਰੀਆਂ ਭਵਿੱਖਬਾਣੀਆਂ ਕਰਦੇ ਹਾਂ।
10 ਪਰ ਜਦ ਸਾਡੇ ਕੋਲ ਮੁਕੰਮਲ ਗਿਆਨ ਹੋਵੇਗਾ ਅਤੇ ਅਸੀਂ ਮੁਕੰਮਲ ਭਵਿੱਖਬਾਣੀਆਂ ਕਰ ਪਾਵਾਂਗੇ, ਤਦ ਅਧੂਰਾ ਗਿਆਨ ਅਤੇ ਅਧੂਰੀਆਂ ਭਵਿੱਖਬਾਣੀਆਂ ਖ਼ਤਮ ਹੋ ਜਾਣਗੀਆਂ।
11 ਜਦ ਮੈਂ ਨਿਆਣਾ ਸੀ, ਤਦ ਮੈਂ ਨਿਆਣਿਆਂ ਵਾਂਗ ਬੋਲਦਾ ਸੀ, ਨਿਆਣਿਆਂ ਵਾਂਗ ਸੋਚਦਾ ਸੀ ਅਤੇ ਮੇਰੀ ਸਮਝ ਵੀ ਨਿਆਣਿਆਂ ਵਰਗੀ ਸੀ, ਪਰ ਹੁਣ ਮੈਂ ਵੱਡਾ ਹੋ ਗਿਆ ਹਾਂ, ਇਸ ਲਈ ਮੈਂ ਨਿਆਣਪੁਣਾ ਛੱਡ ਦਿੱਤਾ ਹੈ।
12 ਹੁਣ ਅਸੀਂ ਧਾਤ ਦੇ ਸ਼ੀਸ਼ੇ* ਵਿਚ ਧੁੰਦਲਾ ਜਿਹਾ ਦੇਖਦੇ ਹਾਂ, ਪਰ ਬਾਅਦ ਵਿਚ ਸਾਫ਼-ਸਾਫ਼* ਦੇਖਾਂਗੇ। ਮੈਨੂੰ ਅਜੇ ਅਧੂਰਾ ਗਿਆਨ ਹੈ, ਪਰ ਫਿਰ ਮੈਨੂੰ ਮੁਕੰਮਲ* ਗਿਆਨ ਹੋਵੇਗਾ, ਜਿਵੇਂ ਪਰਮੇਸ਼ੁਰ ਮੈਨੂੰ ਮੁਕੰਮਲ ਤੌਰ ਤੇ ਜਾਣਦਾ ਹੈ।
13 ਪਰ ਨਿਹਚਾ, ਆਸ਼ਾ ਅਤੇ ਪਿਆਰ ਰਹਿਣਗੇ। ਫਿਰ ਵੀ ਇਨ੍ਹਾਂ ਤਿੰਨਾਂ ਵਿੱਚੋਂ ਪਿਆਰ ਉੱਤਮ ਹੈ।+
ਫੁਟਨੋਟ
^ ਜਾਂ, “ਮੈਂ ਨਿਕੰਮਾ ਹਾਂ।”
^ ਜਾਂ, “ਸਹਿਣਸ਼ੀਲ।”
^ ਜਾਂ, “ਗ਼ਲਤੀਆਂ।”
^ ਜਾਂ, “ਰੁੱਖੇ ਤਰੀਕੇ ਨਾਲ।”
^ ਜਾਂ, “ਨਾਕਾਮ।”
^ ਯਾਨੀ, ਹੋਰ ਭਾਸ਼ਾ ਵਿਚ ਗੱਲ ਕਰਨ ਦੀ ਚਮਤਕਾਰੀ ਦਾਤ।
^ ਪੁਰਾਣੇ ਜ਼ਮਾਨਿਆਂ ਵਿਚ ਲੋਕ ਧਾਤ ਦੇ ਸ਼ੀਸ਼ੇ ਇਸਤੇਮਾਲ ਕਰਦੇ ਸਨ।
^ ਯੂਨਾ, “ਆਮ੍ਹੋ-ਸਾਮ੍ਹਣੇ।”
^ ਜਾਂ, “ਸਹੀ।”