ਕੁਰਿੰਥੀਆਂ ਨੂੰ ਪਹਿਲੀ ਚਿੱਠੀ 15:1-58

  • ਮਸੀਹ ਦਾ ਜੀਉਂਦਾ ਹੋਣਾ (1-11)

  • ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਸਿੱਖਿਆ​—ਨਿਹਚਾ ਦਾ ਆਧਾਰ (12-19)

  • ਮਸੀਹ ਦਾ ਜੀਉਂਦਾ ਹੋਣਾ ਇਕ ਗਾਰੰਟੀ (20-34)

  • ਇਨਸਾਨੀ ਸਰੀਰ, ਸਵਰਗੀ ਸਰੀਰ (35-49)

  • ਅਮਰਤਾ ਅਤੇ ਅਵਿਨਾਸ਼ੀ ਜੀਵਨ (50-57)

  • ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣਾ (58)

15  ਭਰਾਵੋ, ਮੈਂ ਤੁਹਾਨੂੰ ਉਸ ਖ਼ੁਸ਼ ਖ਼ਬਰੀ ਬਾਰੇ ਯਾਦ ਕਰਾਉਣਾ ਚਾਹੁੰਦਾ ਹਾਂ ਜੋ ਮੈਂ ਤੁਹਾਨੂੰ ਸੁਣਾਈ ਸੀ+ ਅਤੇ ਜਿਸ ਨੂੰ ਤੁਸੀਂ ਕਬੂਲ ਕੀਤਾ ਹੈ ਅਤੇ ਜਿਸ ਦੇ ਮੁਤਾਬਕ ਚੱਲਦੇ ਰਹਿਣ ਦਾ ਤੁਸੀਂ ਪੱਕਾ ਇਰਾਦਾ ਕੀਤਾ ਹੈ।  ਜੋ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਸੀ, ਉਸ ਰਾਹੀਂ ਤੁਹਾਨੂੰ ਬਚਾਇਆ ਜਾ ਰਿਹਾ ਹੈ, ਬਸ਼ਰਤੇ ਕਿ ਤੁਸੀਂ ਉਸ ਉੱਤੇ ਪੱਕੇ ਰਹੋ। ਨਹੀਂ ਤਾਂ ਤੁਹਾਡੇ ਲਈ ਨਿਹਚਾ ਕਰਨੀ ਵਿਅਰਥ ਹੈ।  ਮੈਂ ਜੋ ਸਭ ਤੋਂ ਜ਼ਰੂਰੀ ਗੱਲ ਸਿੱਖੀ ਸੀ, ਉਹ ਤੁਹਾਨੂੰ ਵੀ ਦੱਸੀ ਹੈ ਕਿ ਧਰਮ-ਗ੍ਰੰਥ ਅਨੁਸਾਰ ਮਸੀਹ ਸਾਡੇ ਪਾਪਾਂ ਦੀ ਖ਼ਾਤਰ ਮਰਿਆ,+  ਉਸ ਨੂੰ ਦਫ਼ਨਾਇਆ ਗਿਆ+ ਅਤੇ ਧਰਮ-ਗ੍ਰੰਥ ਅਨੁਸਾਰ+ ਉਸ ਨੂੰ ਤੀਜੇ ਦਿਨ+ ਜੀਉਂਦਾ ਕੀਤਾ ਗਿਆ,+  ਉਹ ਕੇਫ਼ਾਸ* ਦੇ ਸਾਮ੍ਹਣੇ ਅਤੇ ਫਿਰ ਬਾਰਾਂ ਰਸੂਲਾਂ ਦੇ ਸਾਮ੍ਹਣੇ ਪ੍ਰਗਟ ਹੋਇਆ।+  ਇਸ ਤੋਂ ਬਾਅਦ ਉਹ ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ+ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਲੇ ਵੀ ਸਾਡੇ ਨਾਲ ਹਨ, ਪਰ ਕੁਝ ਮੌਤ ਦੀ ਨੀਂਦ ਸੌਂ ਚੁੱਕੇ ਹਨ।  ਫਿਰ ਉਹ ਯਾਕੂਬ ਦੇ ਸਾਮ੍ਹਣੇ ਪ੍ਰਗਟ ਹੋਇਆ+ ਤੇ ਫਿਰ ਸਾਰੇ ਰਸੂਲਾਂ ਦੇ ਸਾਮ੍ਹਣੇ।+  ਪਰ ਅਖ਼ੀਰ ਵਿਚ ਉਹ ਮੇਰੇ ਸਾਮ੍ਹਣੇ ਵੀ ਪ੍ਰਗਟ ਹੋਇਆ,+ ਜਿਵੇਂ ਮੈਂ ਸਮੇਂ ਤੋਂ ਪਹਿਲਾਂ ਜੰਮਿਆ ਹੋਵਾਂ।  ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।+  10  ਪਰ ਅੱਜ ਮੈਂ ਜੋ ਵੀ ਹਾਂ, ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਕਾਰਨ ਹੀ ਹਾਂ। ਉਸ ਨੇ ਮੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹ ਵਿਅਰਥ ਸਾਬਤ ਨਹੀਂ ਹੋਈ, ਸਗੋਂ ਮੈਂ ਬਾਕੀ ਸਾਰੇ ਰਸੂਲਾਂ ਨਾਲੋਂ ਜ਼ਿਆਦਾ ਮਿਹਨਤ ਕੀਤੀ ਹੈ। ਪਰ ਇਹ ਮੈਂ ਆਪਣੀ ਤਾਕਤ ਨਾਲ ਨਹੀਂ, ਸਗੋਂ ਆਪਣੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਕੀਤੀ ਹੈ। 11  ਪਰ ਮੈਂ ਅਤੇ ਦੂਸਰੇ ਰਸੂਲ, ਅਸੀਂ ਸਾਰੇ ਇੱਕੋ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਇਸ ਸੰਦੇਸ਼ ਉੱਤੇ ਨਿਹਚਾ ਕੀਤੀ ਹੈ। 12  ਹੁਣ ਜੇ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਦਿੱਤਾ ਗਿਆ ਹੈ,+ ਤਾਂ ਫਿਰ ਤੁਹਾਡੇ ਵਿੱਚੋਂ ਕਈ ਜਣੇ ਇਹ ਕਿਉਂ ਕਹਿੰਦੇ ਹਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ? 13  ਜੇ ਮਰੇ ਹੋਇਆਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਗਿਆ। 14  ਜੇ ਮਸੀਹ ਨੂੰ ਜੀਉਂਦਾ ਨਹੀਂ ਕੀਤਾ ਗਿਆ ਹੈ, ਤਾਂ ਸਾਡਾ ਪ੍ਰਚਾਰ ਕਰਨਾ ਵਿਅਰਥ ਹੈ ਅਤੇ ਤੁਹਾਡੇ ਲਈ ਨਿਹਚਾ ਕਰਨੀ ਵੀ ਵਿਅਰਥ ਹੈ। 15  ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ+ ਕਿਉਂਕਿ ਅਸੀਂ ਪਰਮੇਸ਼ੁਰ ਦੇ ਬਾਰੇ ਝੂਠੀ ਗਵਾਹੀ ਦਿੰਦੇ ਹਾਂ ਕਿ ਉਸ ਨੇ ਮਸੀਹ ਨੂੰ ਜੀਉਂਦਾ ਕੀਤਾ ਹੈ।+ ਜੇ ਮਰੇ ਹੋਏ ਲੋਕਾਂ ਨੂੰ ਵਾਕਈ ਜੀਉਂਦਾ ਨਹੀਂ ਕੀਤਾ ਜਾਣਾ ਹੈ, ਤਾਂ ਫਿਰ ਪਰਮੇਸ਼ੁਰ ਨੇ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਹੈ। 16  ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਣਾ ਹੈ, ਤਾਂ ਫਿਰ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਗਿਆ ਹੈ। 17  ਇਸ ਤੋਂ ਇਲਾਵਾ, ਜੇ ਮਸੀਹ ਨੂੰ ਜੀਉਂਦਾ ਨਹੀਂ ਕੀਤਾ ਗਿਆ ਹੈ, ਤਾਂ ਤੁਹਾਡੇ ਲਈ ਨਿਹਚਾ ਕਰਨੀ ਵਿਅਰਥ ਹੈ; ਤੁਸੀਂ ਅਜੇ ਵੀ ਪਾਪੀ ਹੋ।+ 18  ਤਾਂ ਫਿਰ, ਜਿਹੜੇ ਮਸੀਹੀ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਹ ਅਸਲ ਵਿਚ ਹਮੇਸ਼ਾ ਲਈ ਖ਼ਤਮ ਹੋ ਗਏ ਹਨ।+ 19  ਜੇ ਅਸੀਂ ਇਸੇ ਜ਼ਿੰਦਗੀ ਲਈ ਹੀ ਮਸੀਹ ਉੱਤੇ ਆਸ ਰੱਖੀ ਹੋਈ ਹੈ, ਤਾਂ ਸਾਡੀ ਹਾਲਤ ਸਾਰੇ ਇਨਸਾਨਾਂ ਨਾਲੋਂ ਜ਼ਿਆਦਾ ਤਰਸਯੋਗ ਹੈ। 20  ਪਰ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ* ਜੀਉਂਦਾ ਕਰ ਦਿੱਤਾ ਗਿਆ ਹੈ।+ 21  ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ,+ ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।+ 22  ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ,+ ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।+ 23  ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ* ਮਸੀਹ ਨੂੰ+ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਹੜੇ ਮਸੀਹ ਦੇ ਹਨ।+ 24  ਅਖ਼ੀਰ ਵਿਚ ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ।+ 25  ਉਸ ਲਈ ਉਦੋਂ ਤਕ ਰਾਜੇ ਵਜੋਂ ਰਾਜ ਕਰਨਾ ਜ਼ਰੂਰੀ ਹੈ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ।+ 26  ਨਾਲੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।+ 27  ਪਰਮੇਸ਼ੁਰ ਨੇ “ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕਰ ਦਿੱਤੀਆਂ ਹਨ।”+ ਪਰ ਇਸ ਗੱਲ ਦਾ ਕਿ ‘ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕੀਤੀਆਂ ਗਈਆਂ ਹਨ,’+ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਜਿਸ ਨੇ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕੀਤੀਆਂ ਹਨ, ਆਪ ਵੀ ਉਸ ਦੇ ਅਧੀਨ ਹੋ ਗਿਆ ਹੈ।+ 28  ਇਸ ਦੀ ਬਜਾਇ, ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਹੋ ਜਾਣ ਤੋਂ ਬਾਅਦ ਪੁੱਤਰ ਆਪ ਵੀ ਪਰਮੇਸ਼ੁਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਕੀਤੀਆਂ ਹਨ+ ਤਾਂਕਿ ਪਰਮੇਸ਼ੁਰ ਹੀ ਸਾਰਿਆਂ ਲਈ ਸਭ ਕੁਝ ਹੋਵੇ।+ 29  ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਉਨ੍ਹਾਂ ਲੋਕਾਂ ਨੂੰ ਕੀ ਫ਼ਾਇਦਾ ਜਿਹੜੇ ਮਰਨ ਦੇ ਇਰਾਦੇ ਨਾਲ ਬਪਤਿਸਮਾ ਲੈਂਦੇ ਹਨ?+ ਤਾਂ ਫਿਰ ਉਹ ਇਸ ਇਰਾਦੇ ਨਾਲ ਬਪਤਿਸਮਾ ਲੈਂਦੇ ਹੀ ਕਿਉਂ ਹਨ? 30  ਅਸੀਂ ਵੀ ਹਰ ਵੇਲੇ ਖ਼ਤਰਿਆਂ ਦਾ ਕਿਉਂ ਸਾਮ੍ਹਣਾ ਕਰਦੇ ਹਾਂ?+ 31  ਮੈਂ ਹਰ ਰੋਜ਼ ਮੌਤ ਦਾ ਸਾਮ੍ਹਣਾ ਕਰਦਾ ਹਾਂ। ਭਰਾਵੋ, ਇਹ ਗੱਲ ਉੱਨੀ ਹੀ ਸੱਚ ਹੈ ਜਿੰਨੀ ਇਹ ਕਿ ਮੈਨੂੰ ਤੁਹਾਡੇ ਉੱਤੇ ਮਾਣ ਹੈ ਕਿ ਤੁਸੀਂ ਸਾਡੇ ਪ੍ਰਭੂ ਮਸੀਹ ਯਿਸੂ ਦੇ ਚੇਲੇ ਹੋ। 32  ਜੇ ਮੈਂ ਦੂਸਰੇ ਇਨਸਾਨਾਂ ਵਾਂਗ ਹੀ* ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ ਹਾਂ,+ ਤਾਂ ਫਿਰ ਮੈਨੂੰ ਕੀ ਫ਼ਾਇਦਾ? ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰਨਾ ਹੀ ਹੈ।”+ 33  ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ* ਵਿਗਾੜ ਦਿੰਦੀਆਂ ਹਨ।+ 34  ਹੋਸ਼ ਵਿਚ ਆਓ ਅਤੇ ਸਹੀ ਕੰਮ ਕਰੋ ਅਤੇ ਪਾਪ ਕਰਨ ਵਿਚ ਨਾ ਲੱਗੇ ਰਹੋ ਕਿਉਂਕਿ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਪਰਮੇਸ਼ੁਰ ਦਾ ਬਿਲਕੁਲ ਵੀ ਗਿਆਨ ਨਹੀਂ ਹੈ। ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ। 35  ਫਿਰ ਵੀ ਕੋਈ ਪੁੱਛੇਗਾ: “ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ? ਨਾਲੇ ਜੀਉਂਦੇ ਹੋਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਿਹੋ ਜਿਹਾ ਹੋਵੇਗਾ?”+ 36  ਓਏ ਨਾਸਮਝ ਬੰਦਿਆ! ਤੂੰ ਜੋ ਬੀ ਬੀਜਦਾ ਹੈਂ, ਉਹ ਉੱਨਾ ਚਿਰ ਨਹੀਂ ਉੱਗਦਾ* ਜਿੰਨਾ ਚਿਰ ਉਹ ਮਰ ਨਹੀਂ ਜਾਂਦਾ। 37  ਤੂੰ ਜਦੋਂ ਬੀਜਦਾ ਹੈਂ, ਤਾਂ ਤੂੰ ਪੌਦੇ* ਨੂੰ ਨਹੀਂ ਬੀਜਦਾ ਜੋ ਉੱਗੇਗਾ, ਸਿਰਫ਼ ਬੀ ਬੀਜਦਾ ਹੈਂ, ਚਾਹੇ ਉਹ ਕਣਕ ਦਾ ਹੋਵੇ ਜਾਂ ਫਿਰ ਕਿਸੇ ਹੋਰ ਅਨਾਜ ਦਾ। 38  ਪਰ ਪਰਮੇਸ਼ੁਰ ਨੂੰ ਜਿਵੇਂ ਚੰਗਾ ਲੱਗਦਾ ਹੈ, ਉਹ ਇਸ ਨੂੰ ਸਰੀਰ ਦਿੰਦਾ ਹੈ ਅਤੇ ਹਰ ਤਰ੍ਹਾਂ ਦੇ ਬੀਆਂ ਨੂੰ ਵੱਖੋ-ਵੱਖਰਾ ਸਰੀਰ ਦਿੰਦਾ ਹੈ। 39  ਸਾਰੇ ਸਰੀਰ ਇੱਕੋ ਜਿਹੇ ਨਹੀਂ ਹੁੰਦੇ, ਇਨਸਾਨਾਂ ਦਾ ਸਰੀਰ ਹੋਰ ਹੁੰਦਾ ਹੈ, ਜਾਨਵਰਾਂ ਦਾ ਸਰੀਰ ਹੋਰ ਹੁੰਦਾ ਹੈ, ਪੰਛੀਆਂ ਦਾ ਸਰੀਰ ਹੋਰ ਹੁੰਦਾ ਹੈ ਅਤੇ ਮੱਛੀਆਂ ਦਾ ਸਰੀਰ ਹੋਰ ਹੁੰਦਾ ਹੈ। 40  ਸਵਰਗੀ ਸਰੀਰ ਵੀ ਹੁੰਦੇ ਹਨ+ ਅਤੇ ਇਨਸਾਨੀ ਸਰੀਰ ਵੀ ਹੁੰਦੇ ਹਨ;+ ਪਰ ਸਵਰਗੀ ਸਰੀਰਾਂ ਦੀ ਸ਼ਾਨ ਵੱਖਰੀ ਹੁੰਦੀ ਹੈ ਅਤੇ ਇਨਸਾਨੀ ਸਰੀਰਾਂ ਦੀ ਸ਼ਾਨ ਵੱਖਰੀ ਹੁੰਦੀ ਹੈ। 41  ਸੂਰਜ ਦੀ ਚਮਕ ਹੋਰ ਹੁੰਦੀ ਹੈ ਅਤੇ ਚੰਦ ਦੀ ਚਮਕ ਹੋਰ ਹੁੰਦੀ ਹੈ+ ਅਤੇ ਤਾਰਿਆਂ ਦੀ ਚਮਕ ਹੋਰ ਹੁੰਦੀ ਹੈ; ਅਸਲ ਵਿਚ ਇਕ ਤਾਰੇ ਦੀ ਚਮਕ ਦੂਸਰੇ ਤਾਰੇ ਨਾਲੋਂ ਵੱਖਰੀ ਹੁੰਦੀ ਹੈ। 42  ਜਿਹੜੇ ਮਰੇ ਹੋਏ ਲੋਕ ਜੀਉਂਦੇ ਹੋਣਗੇ, ਉਨ੍ਹਾਂ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਨਾਸ਼ ਹੋ ਜਾਂਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਅਵਿਨਾਸ਼ੀ ਹੁੰਦਾ ਹੈ।+ 43  ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਘਿਣਾਉਣੀ ਹਾਲਤ ਵਿਚ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਮਹਿਮਾਵਾਨ ਹੁੰਦਾ ਹੈ।+ ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਕਮਜ਼ੋਰ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਤਾਕਤਵਰ ਹੁੰਦਾ ਹੈ।+ 44  ਇਨਸਾਨੀ ਸਰੀਰ ਨੂੰ ਦੱਬਿਆ* ਜਾਂਦਾ ਹੈ, ਪਰ ਇਸ ਨੂੰ ਸਵਰਗੀ* ਸਰੀਰ ਵਿਚ ਜੀਉਂਦਾ ਕੀਤਾ ਜਾਂਦਾ ਹੈ। ਜੇ ਇਨਸਾਨੀ ਸਰੀਰ ਹੈ, ਤਾਂ ਸਵਰਗੀ ਸਰੀਰ ਵੀ ਹੈ। 45  ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਹਿਲਾ ਆਦਮ ਜੀਉਂਦਾ ਇਨਸਾਨ ਬਣਿਆ।”+ ਆਖ਼ਰੀ ਆਦਮ ਸਵਰਗੀ ਸਰੀਰ ਧਾਰ ਕੇ ਜੀਵਨ ਦੇਣ ਵਾਲਾ ਬਣਿਆ।+ 46  ਪਰ ਪਹਿਲਾ ਸਰੀਰ ਸਵਰਗੀ ਨਹੀਂ ਹੁੰਦਾ, ਸਗੋਂ ਇਨਸਾਨੀ ਹੁੰਦਾ ਹੈ ਅਤੇ ਬਾਅਦ ਵਿਚ ਸਵਰਗੀ ਸਰੀਰ ਮਿਲਦਾ ਹੈ। 47  ਪਹਿਲਾ ਆਦਮੀ ਧਰਤੀ ਤੋਂ ਸੀ ਅਤੇ ਉਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ;+ ਦੂਸਰਾ ਆਦਮੀ ਸਵਰਗੋਂ ਸੀ।+ 48  ਇਸ ਦੁਨੀਆਂ ਦੇ ਲੋਕ ਉਸ ਵਰਗੇ ਹਨ ਜਿਸ ਨੂੰ ਪਰਮੇਸ਼ੁਰ ਨੇ ਮਿੱਟੀ ਤੋਂ ਬਣਾਇਆ ਸੀ ਅਤੇ ਜਿਹੜੇ ਸਵਰਗੀ ਹਨ ਉਹ ਉਸ ਵਰਗੇ ਹਨ ਜਿਹੜਾ ਸਵਰਗ ਨੂੰ ਗਿਆ ਸੀ।+ 49  ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+ 50  ਪਰ ਭਰਾਵੋ, ਮੈਂ ਪੱਕੇ ਤੌਰ ਤੇ ਕਹਿੰਦਾ ਹਾਂ ਕਿ ਹੱਡ-ਮਾਸ ਦੇ ਸਰੀਰ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ ਅਤੇ ਨਾ ਹੀ ਨਾਸ਼ਵਾਨ ਸਰੀਰ ਅਵਿਨਾਸ਼ੀ ਬਣਨਗੇ। 51  ਸੁਣੋ! ਮੈਂ ਤੁਹਾਨੂੰ ਇਕ ਪਵਿੱਤਰ ਭੇਤ ਦੱਸਦਾ ਹਾਂ: ਸਾਡੇ ਵਿੱਚੋਂ ਸਾਰੇ ਜਣੇ ਮੌਤ ਦੀ ਨੀਂਦ ਨਹੀਂ ਸੌਣਗੇ, ਪਰ ਅਸੀਂ ਸਾਰੇ ਬਦਲ ਜਾਵਾਂਗੇ।+ 52  ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ। 53  ਨਾਸ਼ਵਾਨ ਸਰੀਰ ਬਦਲ ਕੇ ਅਵਿਨਾਸ਼ੀ ਬਣ ਜਾਵੇਗਾ+ ਅਤੇ ਮਰਨਹਾਰ ਸਰੀਰ ਬਦਲ ਕੇ ਅਮਰ ਬਣ ਜਾਵੇਗਾ।+ 54  ਪਰ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ੀ ਬਣ ਜਾਵੇਗਾ ਅਤੇ ਮਰਨਹਾਰ ਸਰੀਰ ਅਮਰ ਬਣ ਜਾਵੇਗਾ, ਉਦੋਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇਗੀ: “ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਿਆ ਗਿਆ ਹੈ।”+ 55  “ਮੌਤ, ਕਿੱਥੇ ਹੈ ਤੇਰੀ ਜਿੱਤ? ਮੌਤ, ਕਿੱਥੇ ਹੈ ਤੇਰਾ ਡੰਗ?”+ 56  ਮੌਤ ਦਾ ਡੰਗ ਪਾਪ ਹੈ+ ਅਤੇ ਮੂਸਾ ਦਾ ਕਾਨੂੰਨ ਪਾਪ ਨੂੰ ਤਾਕਤ ਬਖ਼ਸ਼ਦਾ ਹੈ।+ 57  ਪਰ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੌਤ ਉੱਤੇ ਜਿੱਤ ਦਿਵਾਉਂਦਾ ਹੈ!+ 58  ਇਸ ਲਈ ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ,+ ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ+ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।+

ਫੁਟਨੋਟ

ਪਤਰਸ ਰਸੂਲ ਦਾ ਇਕ ਹੋਰ ਨਾਂ।
ਯੂਨਾ, “ਪਹਿਲੇ ਫਲ ਦੇ ਤੌਰ ਤੇ।”
ਯੂਨਾ, “ਪਹਿਲੇ ਫਲ।”
ਜਾਂ ਸੰਭਵ ਹੈ, “ਇਨਸਾਨੀ ਨਜ਼ਰੀਏ ਨਾਲ।”
ਜਾਂ, “ਚੰਗੇ ਚਾਲ-ਚਲਣ ਨੂੰ।”
ਯੂਨਾ, “ਜੀਉਂਦਾ ਹੁੰਦਾ।”
ਯੂਨਾ, “ਸਰੀਰ।”
ਯੂਨਾ, “ਬੀਜਿਆ।”
ਯੂਨਾ, “ਬੀਜਿਆ।”
ਯੂਨਾ, “ਬੀਜਿਆ।”
ਯੂਨਾ, “ਬੀਜਿਆ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।