ਪਤਰਸ ਦੀ ਪਹਿਲੀ ਚਿੱਠੀ 1:1-25
1 ਮੈਂ ਪਤਰਸ, ਯਿਸੂ ਮਸੀਹ ਦਾ ਰਸੂਲ ਹਾਂ+ ਅਤੇ ਚੁਣੇ ਹੋਇਆਂ ਨੂੰ ਚਿੱਠੀ ਲਿਖ ਰਿਹਾ ਹਾਂ ਜਿਹੜੇ ਪੁੰਤੁਸ, ਗਲਾਤੀਆ, ਕੱਪਦੋਕੀਆ,+ ਏਸ਼ੀਆ ਅਤੇ ਬਿਥੁਨੀਆ ਵਿਚ ਖਿੰਡੇ ਹੋਏ ਹਨ ਅਤੇ ਪਰਦੇਸੀਆਂ ਵਜੋਂ ਰਹਿ ਰਹੇ ਹਨ।
2 ਪਿਤਾ ਪਰਮੇਸ਼ੁਰ ਨੇ ਪਹਿਲਾਂ ਹੀ ਰੱਖੇ ਆਪਣੇ ਮਕਸਦ ਮੁਤਾਬਕ+ ਤੁਹਾਨੂੰ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ+ ਤਾਂਕਿ ਤੁਸੀਂ ਆਗਿਆਕਾਰ ਬਣੋ ਅਤੇ ਤੁਹਾਡੇ ਉੱਤੇ ਯਿਸੂ ਮਸੀਹ ਦਾ ਖ਼ੂਨ ਛਿੜਕਿਆ ਜਾਵੇ:+
ਪਰਮੇਸ਼ੁਰ ਤੋਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਬੇਅੰਤ ਦਇਆ ਕਰ ਕੇ ਅਤੇ ਯਿਸੂ ਮਸੀਹ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਕੇ+ ਸਾਨੂੰ ਨਵਾਂ ਜਨਮ+ ਅਤੇ ਪੱਕੀ ਉਮੀਦ ਦਿੱਤੀ+
4 ਤਾਂਕਿ ਸਾਨੂੰ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਵਿਰਾਸਤ ਮਿਲੇ।+ ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖੀ ਹੋਈ ਹੈ।+
5 ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ।
6 ਇਸ ਕਰਕੇ ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ, ਭਾਵੇਂ ਕਿ ਤੁਹਾਡੇ ਵਾਸਤੇ ਥੋੜ੍ਹੇ ਸਮੇਂ ਲਈ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ ਜ਼ਰੂਰੀ ਹੈ+
7 ਤਾਂਕਿ ਇਨ੍ਹਾਂ ਰਾਹੀਂ ਤੁਹਾਡੀ ਨਿਹਚਾ ਦੀ ਪਰਖ ਹੋਵੇ+ ਅਤੇ ਇਸ ਵਿਚ ਨਿਖਾਰ ਆਵੇ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਜੋ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਆਦਰ ਮਿਲੇ।+
8 ਭਾਵੇਂ ਤੁਸੀਂ ਮਸੀਹ ਨੂੰ ਕਦੇ ਨਹੀਂ ਦੇਖਿਆ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ’ਤੇ ਨਿਹਚਾ ਰੱਖਦੇ ਹੋ ਅਤੇ ਤੁਹਾਨੂੰ ਇੰਨੀ ਜ਼ਿਆਦਾ ਖ਼ੁਸ਼ੀ ਹੈ ਕਿ ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ
9 ਕਿਉਂਕਿ ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।+
10 ਇਸੇ ਮੁਕਤੀ ਬਾਰੇ ਨਬੀਆਂ ਨੇ ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ ਕੀਤੀ ਸੀ ਜਿਨ੍ਹਾਂ ਨੇ ਤੁਹਾਡੇ ਉੱਤੇ ਹੋਣ ਵਾਲੀ ਅਪਾਰ ਕਿਰਪਾ ਬਾਰੇ ਭਵਿੱਖਬਾਣੀ ਕੀਤੀ ਸੀ।+
11 ਪਰਮੇਸ਼ੁਰ ਦੀ ਸ਼ਕਤੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਮਸੀਹ ਨੂੰ ਕਿਹੜੇ ਦੁੱਖ ਝੱਲਣੇ ਪੈਣਗੇ+ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਹਿਮਾ ਮਿਲੇਗੀ। ਇਸ ਲਈ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਸ਼ਕਤੀ ਮਸੀਹ ਸੰਬੰਧੀ ਕਿਹੜੇ ਸਮੇਂ ਅਤੇ ਹਾਲਾਤਾਂ ਵੱਲ ਇਸ਼ਾਰਾ ਕਰ ਰਹੀ ਸੀ।+
12 ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੇ ਸੇਵਕਾਂ ਵਜੋਂ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਲੋਕਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ।+ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ।
13 ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ,+ ਪੂਰੇ ਹੋਸ਼ ਵਿਚ ਰਹੋ;+ ਅਪਾਰ ਕਿਰਪਾ ਉੱਤੇ ਉਮੀਦ ਰੱਖੋ ਜੋ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ’ਤੇ ਕੀਤੀ ਜਾਵੇਗੀ।
14 ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਤੁਹਾਡੇ ਵਿਚ ਸਨ,
15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ+
16 ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”+
17 ਇਸ ਤੋਂ ਇਲਾਵਾ, ਜੇ ਤੁਸੀਂ ਪਿਤਾ ਅੱਗੇ ਪ੍ਰਾਰਥਨਾ ਕਰਦੇ ਹੋ ਜੋ ਹਰੇਕ ਦਾ ਨਿਆਂ ਬਿਨਾਂ ਕਿਸੇ ਪੱਖਪਾਤ ਤੋਂ+ ਉਸ ਦੇ ਕੰਮਾਂ ਅਨੁਸਾਰ ਕਰਦਾ ਹੈ, ਤਾਂ ਧਰਤੀ ਉੱਤੇ ਪਰਦੇਸੀਆਂ ਵਾਂਗ ਰਹਿੰਦੇ ਹੋਏ ਪਰਮੇਸ਼ੁਰ ਦਾ ਡਰ ਰੱਖ ਕੇ ਜ਼ਿੰਦਗੀ ਬਤੀਤ ਕਰੋ।+
18 ਤੁਸੀਂ ਜਾਣਦੇ ਹੋ ਕਿ ਤੁਸੀਂ ਪਹਿਲਾਂ ਆਪਣੇ ਪਿਉ-ਦਾਦਿਆਂ ਵਾਂਗ* ਜੋ ਵਿਅਰਥ ਜੀਵਨ ਜੀਉਂਦੇ ਸੀ,+ ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ।*
19 ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ+ ਯਾਨੀ ਮਸੀਹ ਦੇ+ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।+
20 ਇਹ ਸੱਚ ਹੈ ਕਿ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਹੀ ਉਸ ਨੂੰ ਚੁਣਿਆ ਗਿਆ ਸੀ,+ ਪਰ ਤੁਹਾਡੀ ਖ਼ਾਤਰ ਉਸ ਨੂੰ ਇਸ ਸਮੇਂ ਦੇ ਅੰਤ ਵਿਚ ਪ੍ਰਗਟ ਕੀਤਾ ਗਿਆ।+
21 ਤੁਸੀਂ ਉਸ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ।+ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ+ ਅਤੇ ਮਹਿਮਾ ਬਖ਼ਸ਼ੀ+ ਤਾਂਕਿ ਤੁਸੀਂ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਮੀਦ ਰੱਖ ਸਕੋ।
22 ਹੁਣ ਤੁਸੀਂ ਸੱਚਾਈ ਉੱਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਜਿਸ ਕਰਕੇ ਤੁਸੀਂ ਭਰਾਵਾਂ ਨਾਲ ਬਿਨਾਂ ਕਿਸੇ ਕਪਟ ਦੇ ਮੋਹ ਕਰਦੇ ਹੋ,+ ਇਸ ਲਈ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।+
23 ਜੀਉਂਦੇ ਅਤੇ ਅਮਰ ਪਰਮੇਸ਼ੁਰ ਦੇ ਬਚਨ ਦੇ ਜ਼ਰੀਏ+ ਤੁਹਾਨੂੰ ਨਾਸ਼ਵਾਨ ਬੀ ਦੁਆਰਾ ਨਹੀਂ, ਸਗੋਂ ਅਵਿਨਾਸ਼ੀ ਬੀ*+ ਰਾਹੀਂ ਨਵਾਂ ਜਨਮ ਦਿੱਤਾ ਗਿਆ ਹੈ।+
24 ਜਿਵੇਂ ਲਿਖਿਆ ਹੈ, “ਸਾਰੇ ਇਨਸਾਨ ਘਾਹ ਵਰਗੇ ਹਨ ਅਤੇ ਉਨ੍ਹਾਂ ਦੀ ਸ਼ਾਨ ਮੈਦਾਨ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,
25 ਪਰ ਯਹੋਵਾਹ* ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+ ਹਾਂ, ਇਹ “ਬਚਨ” ਖ਼ੁਸ਼ ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ ਹੈ।+
ਫੁਟਨੋਟ
^ ਜਾਂ, “ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ਮੁਤਾਬਕ।”
^ ਯੂਨਾ, “ਰਿਹਾ ਕਰਾਇਆ ਗਿਆ ਸੀ।”
^ ਮੱਤੀ 13:35, ਫੁਟਨੋਟ ਦੇਖੋ।
^ ਯਾਨੀ, ਅਜਿਹਾ ਬੀ ਜੋ ਫਲ ਪੈਦਾ ਕਰ ਸਕਦਾ ਹੈ।
^ ਵਧੇਰੇ ਜਾਣਕਾਰੀ 1.5 ਦੇਖੋ।