ਪਤਰਸ ਦੀ ਪਹਿਲੀ ਚਿੱਠੀ 4:1-19
4 ਇਸ ਲਈ ਇਹ ਜਾਣਦੇ ਹੋਏ ਕਿ ਮਸੀਹ ਨੇ ਇਨਸਾਨ ਹੁੰਦਿਆਂ ਦੁੱਖ ਝੱਲੇ ਸਨ,+ ਤੁਹਾਡੇ ਮਨ ਦਾ ਸੁਭਾਅ* ਵੀ ਉਸ ਵਰਗਾ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਇਨਸਾਨ ਨੇ ਦੁੱਖ ਝੱਲੇ ਹਨ, ਉਹ ਪਾਪ ਕਰਨ ਤੋਂ ਹਟ ਗਿਆ ਹੈ+
2 ਤਾਂਕਿ ਉਹ ਬਾਕੀ ਦੀ ਜ਼ਿੰਦਗੀ ਇਨਸਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ,+ ਸਗੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲਾਵੇ।+
3 ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ।+ ਉਸ ਵੇਲੇ ਤੁਸੀਂ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀ ਲਾਲਸਾ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।+
4 ਪਰ ਹੁਣ ਤੁਸੀਂ ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਭੱਜ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।+
5 ਪਰ ਇਹ ਲੋਕ ਉਸ ਨਿਆਂਕਾਰ ਨੂੰ ਆਪਣਾ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਤਿਆਰ ਹੈ।+
6 ਅਸਲ ਵਿਚ, ਮਰੇ ਹੋਏ ਲੋਕਾਂ* ਨੂੰ ਵੀ ਇਸੇ ਲਈ ਖ਼ੁਸ਼ ਖ਼ਬਰੀ ਸੁਣਾਈ ਗਈ ਸੀ+ ਤਾਂਕਿ ਭਾਵੇਂ ਦੂਸਰੇ ਇਨਸਾਨਾਂ ਵਾਂਗ ਉਨ੍ਹਾਂ ਦਾ ਨਿਆਂ ਬਾਹਰੀ ਰੂਪ ਅਨੁਸਾਰ ਕੀਤਾ ਜਾਂਦਾ ਹੈ, ਪਰ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਆਪਣੀ ਜ਼ਿੰਦਗੀ ਜੀਉਣ।
7 ਪਰ ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ ਸਮਝਦਾਰ ਬਣੋ+ ਅਤੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ* ਰਹੋ।+
8 ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ+ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।*+
9 ਬੁੜ-ਬੁੜ ਕੀਤੇ ਬਿਨਾਂ ਇਕ-ਦੂਜੇ ਦੀ ਪਰਾਹੁਣਚਾਰੀ ਕਰੋ।+
10 ਪਰਮੇਸ਼ੁਰ ਨੇ ਤੁਹਾਡੇ ’ਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕੀਤੀ ਹੈ। ਇਸ ਲਈ ਤੁਹਾਨੂੰ ਜੋ ਵੀ ਹੁਨਰ ਬਖ਼ਸ਼ੇ ਗਏ ਹਨ, ਤੁਸੀਂ ਵਧੀਆ ਪ੍ਰਬੰਧਕਾਂ ਦੇ ਤੌਰ ਤੇ ਉਨ੍ਹਾਂ ਨੂੰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।+
11 ਜੇ ਕੋਈ ਗੱਲ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰੇ ਅਤੇ ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ+ ਤਾਂਕਿ ਯਿਸੂ ਮਸੀਹ ਰਾਹੀਂ ਸਾਰੀਆਂ ਗੱਲਾਂ ਵਿਚ ਪਰਮੇਸ਼ੁਰ ਦੀ ਮਹਿਮਾ ਹੋਵੇ।+ ਮਹਿਮਾ ਅਤੇ ਤਾਕਤ ਯੁਗੋ-ਯੁਗ ਉਸੇ ਦੀ ਹੋਵੇ। ਆਮੀਨ।
12 ਪਿਆਰੇ ਭਰਾਵੋ, ਇਸ ਗੱਲੋਂ ਹੈਰਾਨ ਨਾ ਹੋਵੋ ਕਿ ਤੁਹਾਨੂੰ ਅਗਨੀ ਪਰੀਖਿਆਵਾਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ,+ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਹੋ ਰਹੀ ਹੋਵੇ।
13 ਇਸ ਦੀ ਬਜਾਇ, ਖ਼ੁਸ਼ੀਆਂ ਮਨਾਉਂਦੇ ਰਹੋ+ ਕਿਉਂਕਿ ਤੁਸੀਂ ਮਸੀਹ ਦੇ ਦੁੱਖਾਂ ਦੇ ਹਿੱਸੇਦਾਰ ਹੋ+ ਤਾਂਕਿ ਉਸ ਦੀ ਮਹਿਮਾ ਪ੍ਰਗਟ ਹੋਣ ਦੇ ਸਮੇਂ ਵੀ ਤੁਹਾਨੂੰ ਹੱਦੋਂ ਵੱਧ ਖ਼ੁਸ਼ੀ ਮਿਲੇ।+
14 ਜੇ ਤੁਹਾਨੂੰ ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਤੁਸੀਂ ਖ਼ੁਸ਼ ਹੋ+ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਇਸ ਸ਼ਕਤੀ ਦੀ ਮਹਿਮਾ ਤੁਹਾਡੇ ਉੱਤੇ ਰਹਿੰਦੀ ਹੈ।
15 ਪਰ ਇੱਦਾਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਕਤਲ ਕਰਨ ਕਰਕੇ ਜਾਂ ਚੋਰੀ ਕਰਨ ਕਰਕੇ ਜਾਂ ਬੁਰਾ ਕੰਮ ਕਰਨ ਕਰਕੇ ਜਾਂ ਦੂਜੇ ਲੋਕਾਂ ਦੇ ਮਾਮਲੇ ਵਿਚ ਲੱਤ ਅੜਾਉਣ ਕਰਕੇ ਦੁੱਖ ਝੱਲੇ।+
16 ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ, ਤਾਂ ਉਹ ਸ਼ਰਮਿੰਦਗੀ ਮਹਿਸੂਸ ਨਾ ਕਰੇ,+ ਸਗੋਂ ਮਸੀਹੀ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਰਹੇ।
17 ਨਿਆਂ ਕਰਨ ਦਾ ਮਿਥਿਆ ਸਮਾਂ ਆ ਗਿਆ ਹੈ ਅਤੇ ਨਿਆਂ ਪਰਮੇਸ਼ੁਰ ਦੇ ਘਰੋਂ ਸ਼ੁਰੂ ਹੋਵੇਗਾ।+ ਜੇ ਨਿਆਂ ਸਾਡੇ ਤੋਂ ਸ਼ੁਰੂ ਹੋਵੇਗਾ,+ ਤਾਂ ਉਨ੍ਹਾਂ ਲੋਕਾਂ ਦਾ ਕੀ ਹਸ਼ਰ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਮੁਤਾਬਕ ਨਹੀਂ ਚੱਲਦੇ?+
18 “ਜੇ ਧਰਮੀ ਇਨਸਾਨ ਮੁਸ਼ਕਲ ਨਾਲ ਬਚੇਗਾ, ਤਾਂ ਦੁਸ਼ਟ ਅਤੇ ਪਾਪੀ ਇਨਸਾਨ ਦਾ ਕੀ ਹਸ਼ਰ ਹੋਵੇਗਾ?”+
19 ਇਸ ਲਈ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਕਰਕੇ ਦੁੱਖ ਝੱਲ ਰਹੇ ਹਨ, ਉਹ ਚੰਗੇ ਕੰਮ ਕਰਦੇ ਹੋਏ ਹਮੇਸ਼ਾ ਆਪਣੀਆਂ ਜ਼ਿੰਦਗੀਆਂ ਆਪਣੇ ਸਿਰਜਣਹਾਰ ਨੂੰ ਸੌਂਪਣ ਜਿਹੜਾ ਵਫ਼ਾਦਾਰ ਹੈ।+
ਫੁਟਨੋਟ
^ ਜਾਂ, “ਇਰਾਦਾ।”
^ ਇੱਥੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਆਪਣੇ ਪਾਪਾਂ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮਰਿਆਂ ਵਰਗੇ ਸਨ। ਅਫ਼ 2:1 ਦੇਖੋ।
^ ਜਾਂ, “ਖ਼ਬਰਦਾਰ; ਸਚੇਤ।”
^ ਜਾਂ, “ਇਕ-ਦੂਜੇ ਦੇ ਬਹੁਤ ਸਾਰੇ ਪਾਪ ਢਕ ਲੈਂਦੇ ਹਨ।”