ਪਹਿਲਾ ਰਾਜਿਆਂ 15:1-34
15 ਨਬਾਟ ਦੇ ਪੁੱਤਰ ਰਾਜਾ ਯਾਰਾਬੁਆਮ+ ਦੇ ਰਾਜ ਦੇ 18ਵੇਂ ਸਾਲ ਅਬੀਯਾਮ ਯਹੂਦਾਹ ਦਾ ਰਾਜਾ ਬਣ ਗਿਆ।+
2 ਉਸ ਨੇ ਯਰੂਸ਼ਲਮ ਵਿਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਮਾਕਾਹ+ ਸੀ ਜੋ ਅਬੀਸ਼ਾਲੋਮ ਦੀ ਦੋਹਤੀ ਸੀ।
3 ਉਹ ਵੀ ਉਹ ਸਾਰੇ ਪਾਪ ਕਰਦਾ ਰਿਹਾ ਜੋ ਉਸ ਤੋਂ ਪਹਿਲਾਂ ਉਸ ਦੇ ਪਿਤਾ ਨੇ ਕੀਤੇ ਸਨ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ, ਜਿਵੇਂ ਉਸ ਦੇ ਪੜਦਾਦੇ ਦਾਊਦ ਦਾ ਸੀ।
4 ਪਰ ਦਾਊਦ ਕਰਕੇ+ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਖੜ੍ਹਾ ਕਰ ਕੇ ਅਤੇ ਯਰੂਸ਼ਲਮ ਨੂੰ ਕਾਇਮ ਰੱਖ ਕੇ ਉਸ ਨੂੰ ਯਰੂਸ਼ਲਮ ਵਿਚ ਇਕ ਚਿਰਾਗ ਦਿੱਤਾ।+
5 ਦਾਊਦ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਉਹ ਕਦੇ ਵੀ ਉਸ ਦੇ ਕਿਸੇ ਹੁਕਮ ਤੋਂ ਸੱਜੇ-ਖੱਬੇ ਨਾ ਮੁੜਿਆ, ਬੱਸ ਉਹ ਹਿੱਤੀ ਊਰੀਯਾਹ ਦੇ ਮਾਮਲੇ ਵਿਚ ਖੁੰਝ ਗਿਆ ਸੀ।+
6 ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਰਹਬੁਆਮ ਅਤੇ ਯਾਰਾਬੁਆਮ ਵਿਚ ਯੁੱਧ ਚੱਲਦਾ ਰਿਹਾ।+
7 ਅਬੀਯਾਮ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ ਅਬੀਯਾਮ ਅਤੇ ਯਾਰਾਬੁਆਮ ਵਿਚਕਾਰ ਵੀ ਯੁੱਧ ਹੋਇਆ।+
8 ਫਿਰ ਅਬੀਯਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਆਸਾ+ ਉਸ ਦੀ ਜਗ੍ਹਾ ਰਾਜਾ ਬਣ ਗਿਆ।+
9 ਇਜ਼ਰਾਈਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੇ 20ਵੇਂ ਸਾਲ ਆਸਾ ਨੇ ਯਹੂਦਾਹ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ।
10 ਉਸ ਨੇ ਯਰੂਸ਼ਲਮ ਵਿਚ 41 ਸਾਲ ਰਾਜ ਕੀਤਾ। ਉਸ ਦੀ ਨਾਨੀ ਦਾ ਨਾਂ ਮਾਕਾਹ+ ਸੀ ਜੋ ਅਬੀਸ਼ਾਲੋਮ ਦੀ ਦੋਹਤੀ ਸੀ।
11 ਆਸਾ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।
12 ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਅਤੇ ਉਨ੍ਹਾਂ ਸਾਰੀਆਂ ਘਿਣਾਉਣੀਆਂ ਮੂਰਤਾਂ* ਨੂੰ ਹਟਾ ਦਿੱਤਾ ਜੋ ਉਸ ਦੇ ਪਿਉ-ਦਾਦਿਆਂ ਨੇ ਬਣਾਈਆਂ ਸਨ।+
13 ਉਸ ਨੇ ਤਾਂ ਆਪਣੀ ਨਾਨੀ ਮਾਕਾਹ+ ਨੂੰ ਵੀ ਰਾਜ-ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਪੂਜਾ-ਖੰਭੇ* ਦੀ ਭਗਤੀ ਲਈ ਇਕ ਅਸ਼ਲੀਲ ਮੂਰਤੀ ਬਣਾਈ ਸੀ। ਆਸਾ ਨੇ ਉਸ ਦੀ ਬਣਾਈ ਅਸ਼ਲੀਲ ਮੂਰਤੀ ਨੂੰ ਢਾਹ ਸੁੱਟਿਆ+ ਅਤੇ ਇਸ ਨੂੰ ਕਿਦਰੋਨ ਘਾਟੀ ਵਿਚ ਸਾੜ ਦਿੱਤਾ।+
14 ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ।+ ਫਿਰ ਵੀ ਆਸਾ ਦਾ ਦਿਲ ਉਸ ਦੀ ਸਾਰੀ ਜ਼ਿੰਦਗੀ* ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ* ਰਿਹਾ।
15 ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੇ ਭਵਨ ਵਿਚ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਪਵਿੱਤਰ ਕੀਤੀਆਂ ਸਨ—ਚਾਂਦੀ, ਸੋਨਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ।+
16 ਆਸਾ ਅਤੇ ਇਜ਼ਰਾਈਲ ਦੇ ਰਾਜੇ ਬਾਸ਼ਾ+ ਵਿਚ ਲਗਾਤਾਰ ਯੁੱਧ ਚੱਲਦਾ ਰਿਹਾ।
17 ਇਸ ਲਈ ਇਜ਼ਰਾਈਲ ਦਾ ਰਾਜਾ ਬਾਸ਼ਾ ਯਹੂਦਾਹ ਖ਼ਿਲਾਫ਼ ਆਇਆ ਅਤੇ ਰਾਮਾਹ+ ਨੂੰ ਉਸਾਰਨ* ਲੱਗਾ ਤਾਂਕਿ ਯਹੂਦਾਹ ਦੇ ਰਾਜਾ ਆਸਾ ਕੋਲੋਂ ਨਾ ਕੋਈ ਜਾਵੇ ਤੇ ਨਾ ਕੋਈ ਉਸ ਕੋਲ ਆਵੇ।*+
18 ਫਿਰ ਆਸਾ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਬਚੀ ਸਾਰੀ ਚਾਂਦੀ ਅਤੇ ਸੋਨਾ ਲਿਆ ਅਤੇ ਆਪਣੇ ਸੇਵਕਾਂ ਨੂੰ ਦਿੱਤਾ। ਰਾਜਾ ਆਸਾ ਨੇ ਉਨ੍ਹਾਂ ਨੂੰ ਦਮਿਸਕ ਵਿਚ ਰਹਿੰਦੇ ਸੀਰੀਆ ਦੇ ਰਾਜੇ+ ਬਨ-ਹਦਦ ਕੋਲ ਭੇਜਿਆ ਜੋ ਟਬਰਿੰਮੋਨ ਦਾ ਪੁੱਤਰ ਅਤੇ ਹਜ਼ਯੋਨ ਦਾ ਪੋਤਾ ਸੀ। ਉਸ ਨੇ ਉਸ ਨੂੰ ਇਹ ਸੰਦੇਸ਼ ਭੇਜਿਆ:
19 “ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੇ ਪਿਤਾ ਤੇ ਮੇਰੇ ਪਿਤਾ ਵਿਚਕਾਰ ਇਕ ਸੰਧੀ* ਹੈ। ਮੈਂ ਤੈਨੂੰ ਚਾਂਦੀ ਅਤੇ ਸੋਨਾ ਤੋਹਫ਼ੇ ਵਜੋਂ ਭੇਜ ਰਿਹਾ ਹਾਂ। ਤੂੰ ਆ ਕੇ ਇਜ਼ਰਾਈਲ ਦੇ ਰਾਜਾ ਬਾਸ਼ਾ ਨਾਲੋਂ ਆਪਣੀ ਸੰਧੀ* ਤੋੜ ਦੇ ਤਾਂਕਿ ਉਹ ਮੇਰੇ ਤੋਂ ਪਿੱਛੇ ਹਟ ਜਾਵੇ।”
20 ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ,+ ਆਬੇਲ-ਬੈਤ-ਮਾਕਾਹ, ਸਾਰੇ ਕਿੰਨਰਥ ਅਤੇ ਸਾਰੇ ਨਫ਼ਤਾਲੀ ਦੇਸ਼ ’ਤੇ ਕਬਜ਼ਾ ਕਰ ਲਿਆ।
21 ਜਦੋਂ ਬਾਸ਼ਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਰਾਮਾਹ ਦੀ ਉਸਾਰੀ* ਰੋਕ ਦਿੱਤੀ ਅਤੇ ਤਿਰਸਾਹ+ ਵਿਚ ਵੱਸਿਆ ਰਿਹਾ।
22 ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਬੁਲਵਾਇਆ—ਕਿਸੇ ਨੂੰ ਵੀ ਛੋਟ ਨਹੀਂ ਦਿੱਤੀ—ਅਤੇ ਉਹ ਰਾਮਾਹ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ ਅਤੇ ਰਾਜਾ ਆਸਾ ਨੇ ਇਨ੍ਹਾਂ ਨਾਲ ਬਿਨਯਾਮੀਨ ਦੇ ਗਬਾ+ ਅਤੇ ਮਿਸਪਾਹ+ ਨੂੰ ਉਸਾਰਿਆ।*
23 ਆਸਾ ਦੀ ਬਾਕੀ ਕਹਾਣੀ, ਉਸ ਦੀ ਤਾਕਤ ਅਤੇ ਉਸ ਦੇ ਸਾਰੇ ਕੰਮਾਂ ਅਤੇ ਉਸ ਦੇ ਉਸਾਰੇ* ਸ਼ਹਿਰਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। ਪਰ ਬੁਢਾਪੇ ਵਿਚ ਉਸ ਦੇ ਪੈਰਾਂ ਨੂੰ ਕੋਈ ਰੋਗ ਲੱਗ ਗਿਆ।+
24 ਫਿਰ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਵੱਡ-ਵਡੇਰੇ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਯਹੋਸ਼ਾਫ਼ਾਟ+ ਰਾਜਾ ਬਣ ਗਿਆ।
25 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਦੂਜੇ ਸਾਲ ਯਾਰਾਬੁਆਮ ਦਾ ਪੁੱਤਰ ਨਾਦਾਬ+ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਦੋ ਸਾਲ ਇਜ਼ਰਾਈਲ ’ਤੇ ਰਾਜ ਕੀਤਾ।
26 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਆਪਣੇ ਪਿਤਾ ਦੇ ਰਾਹ ’ਤੇ ਤੁਰਦਾ ਰਿਹਾ+ ਅਤੇ ਉਸ ਨੇ ਉਹੀ ਪਾਪ ਕੀਤਾ ਜੋ ਉਸ ਦੇ ਪਿਤਾ ਨੇ ਇਜ਼ਰਾਈਲ ਤੋਂ ਕਰਾਇਆ ਸੀ।+
27 ਯਿਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਾਸ਼ਾ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਬਾਸ਼ਾ ਨੇ ਉਸ ਨੂੰ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਵਿਚ ਜਾਨੋਂ ਮਾਰ ਦਿੱਤਾ। ਉਸ ਸਮੇਂ ਨਾਦਾਬ ਅਤੇ ਸਾਰੇ ਇਜ਼ਰਾਈਲ ਨੇ ਗਿਬਥੋਨ ਨੂੰ ਘੇਰਾ ਪਾਇਆ ਹੋਇਆ ਸੀ।
28 ਇਸ ਲਈ ਬਾਸ਼ਾ ਨੇ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਤੀਜੇ ਸਾਲ ਨਾਦਾਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਥਾਂ ਖ਼ੁਦ ਰਾਜਾ ਬਣ ਗਿਆ।
29 ਰਾਜਾ ਬਣਦੇ ਸਾਰ ਉਸ ਨੇ ਯਾਰਾਬੁਆਮ ਦੇ ਘਰਾਣੇ ਨੂੰ ਖ਼ਤਮ ਕਰ ਦਿੱਤਾ। ਉਸ ਨੇ ਯਾਰਾਬੁਆਮ ਦੇ ਕਿਸੇ ਜੀਅ ਨੂੰ ਨਹੀਂ ਬਖ਼ਸ਼ਿਆ; ਉਸ ਨੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਆਪਣੇ ਸੇਵਕ ਸ਼ੀਲੋਨੀ ਅਹੀਯਾਹ ਤੋਂ ਕਹਾਇਆ ਸੀ।+
30 ਇਹ ਉਨ੍ਹਾਂ ਪਾਪਾਂ ਕਰਕੇ ਹੋਇਆ ਜੋ ਯਾਰਾਬੁਆਮ ਨੇ ਕੀਤੇ ਅਤੇ ਇਜ਼ਰਾਈਲ ਤੋਂ ਕਰਵਾਏ, ਨਾਲੇ ਇਸ ਕਰਕੇ ਕਿ ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ।
31 ਨਾਦਾਬ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
32 ਆਸਾ ਅਤੇ ਇਜ਼ਰਾਈਲ ਦੇ ਰਾਜੇ ਬਾਸ਼ਾ ਵਿਚਕਾਰ ਲਗਾਤਾਰ ਯੁੱਧ ਚੱਲਦਾ ਰਿਹਾ।+
33 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਤੀਜੇ ਸਾਲ ਅਹੀਯਾਹ ਦਾ ਪੁੱਤਰ ਬਾਸ਼ਾ ਤਿਰਸਾਹ ਵਿਚ ਸਾਰੇ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ 24 ਸਾਲ ਰਾਜ ਕੀਤਾ।+
34 ਪਰ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਯਾਰਾਬੁਆਮ ਦੇ ਰਾਹ ’ਤੇ ਤੁਰਿਆ ਤੇ ਉਸ ਨੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਇਆ ਸੀ।+
ਫੁਟਨੋਟ
^ ਇਹ ਇਬਰਾਨੀ ਸ਼ਬਦ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਸੰਬੰਧਿਤ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
^ ਇਬ, “ਦਿਨ।”
^ ਜਾਂ, “ਸਮਰਪਿਤ।”
^ ਜਾਂ, “ਦੇ ਇਲਾਕੇ ਵਿੱਚੋਂ ਨਾ ਕੋਈ ਬਾਹਰ ਜਾਵੇ, ਨਾ ਕੋਈ ਅੰਦਰ ਦਾਖ਼ਲ ਹੋਵੇ।”
^ ਜਾਂ, “ਮਜ਼ਬੂਤ ਕਰਨ; ਦੁਬਾਰਾ ਉਸਾਰਨ।”
^ ਜਾਂ, “ਇਕਰਾਰ।”
^ ਜਾਂ, “ਇਕਰਾਰ।”
^ ਜਾਂ, “ਮਜ਼ਬੂਤ ਕਰਨਾ; ਦੁਬਾਰਾ ਬਣਾਉਣਾ।”
^ ਜਾਂ “ਮਜ਼ਬੂਤ ਕੀਤਾ; ਦੁਬਾਰਾ ਉਸਾਰਿਆ।”
^ ਜਾਂ, “ਮਜ਼ਬੂਤ ਕੀਤੇ; ਦੁਬਾਰਾ ਉਸਾਰੇ।”