ਪਹਿਲਾ ਰਾਜਿਆਂ 17:1-24

  • ਏਲੀਯਾਹ ਨਬੀ ਨੇ ਸੋਕੇ ਦੀ ਭਵਿੱਖਬਾਣੀ ਕੀਤੀ (1)

  • ਕਾਂਵਾਂ ਨੇ ਏਲੀਯਾਹ ਨੂੰ ਖਾਣਾ ਦਿੱਤਾ (2-7)

  • ਏਲੀਯਾਹ ਸਾਰਫਥ ਦੀ ਇਕ ਵਿਧਵਾ ਕੋਲ ਗਿਆ (8-16)

  • ਵਿਧਵਾ ਦੇ ਪੁੱਤਰ ਦੀ ਮੌਤ ਅਤੇ ਜੀਉਂਦਾ ਹੋਣਾ (17-24)

17  ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+  ਯਹੋਵਾਹ ਦਾ ਇਹ ਬਚਨ ਉਸ ਕੋਲ ਆਇਆ:  “ਇੱਥੋਂ ਚਲਾ ਜਾਹ ਅਤੇ ਪੂਰਬ ਵੱਲ ਨੂੰ ਮੁੜ ਅਤੇ ਯਰਦਨ ਦਰਿਆ ਦੇ ਪੂਰਬ ਵੱਲ ਕਰੀਥ ਘਾਟੀ ਵਿਚ ਜਾ ਕੇ ਲੁਕ।  ਤੂੰ ਨਦੀ ਦਾ ਪਾਣੀ ਪੀਵੀਂ ਅਤੇ ਮੈਂ ਕਾਂਵਾਂ ਨੂੰ ਹੁਕਮ ਦਿਆਂਗਾ ਕਿ ਉਹ ਉੱਥੇ ਤੈਨੂੰ ਖਾਣਾ ਮੁਹੱਈਆ ਕਰਾਉਣ।”+  ਉਹ ਤੁਰੰਤ ਚਲਾ ਗਿਆ ਅਤੇ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ; ਉਹ ਜਾ ਕੇ ਯਰਦਨ ਦਰਿਆ ਦੇ ਪੂਰਬ ਵੱਲ ਕਰੀਥ ਘਾਟੀ ਕੋਲ ਰਹਿਣ ਲੱਗਾ।  ਕਾਂ ਸਵੇਰੇ-ਸ਼ਾਮ ਉਸ ਲਈ ਰੋਟੀ ਅਤੇ ਮੀਟ ਲੈ ਕੇ ਆਉਂਦੇ ਸਨ ਅਤੇ ਉਹ ਨਦੀ ਦਾ ਪਾਣੀ ਪੀਂਦਾ ਸੀ।+  ਪਰ ਕੁਝ ਦਿਨਾਂ ਬਾਅਦ ਦੇਸ਼ ਵਿਚ ਮੀਂਹ ਨਾ ਪੈਣ ਕਾਰਨ ਨਦੀ ਸੁੱਕ ਗਈ।+  ਫਿਰ ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ:  “ਉੱਠ, ਸੀਦੋਨ ਦੇ ਸਾਰਫਥ ਸ਼ਹਿਰ ਨੂੰ ਜਾਹ ਅਤੇ ਉੱਥੇ ਰਹਿ। ਦੇਖ! ਮੈਂ ਉੱਥੇ ਦੀ ਇਕ ਵਿਧਵਾ ਨੂੰ ਹੁਕਮ ਦਿਆਂਗਾ ਕਿ ਉਹ ਤੈਨੂੰ ਖਾਣਾ ਦਿਆ ਕਰੇ।”+ 10  ਇਸ ਲਈ ਉਹ ਉੱਠਿਆ ਅਤੇ ਸਾਰਫਥ ਨੂੰ ਚਲਾ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਪਹੁੰਚਿਆ, ਤਾਂ ਉੱਥੇ ਇਕ ਵਿਧਵਾ ਲੱਕੜਾਂ ਇਕੱਠੀਆਂ ਕਰ ਰਹੀ ਸੀ। ਉਸ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ: “ਕਿਰਪਾ ਕਰ ਕੇ ਮੇਰੇ ਪੀਣ ਲਈ ਇਕ ਪਿਆਲੇ ਵਿਚ ਥੋੜ੍ਹਾ ਜਿਹਾ ਪਾਣੀ ਲਿਆਈਂ।”+ 11  ਜਿਉਂ ਹੀ ਉਹ ਪਾਣੀ ਲੈਣ ਗਈ, ਉਸ ਨੇ ਉਸ ਨੂੰ ਪੁਕਾਰ ਕੇ ਕਿਹਾ: “ਕਿਰਪਾ ਕਰ ਕੇ ਆਪਣੇ ਹੱਥ ਵਿਚ ਮੇਰੇ ਲਈ ਇਕ-ਅੱਧੀ ਰੋਟੀ ਲੈਂਦੀ ਆਈਂ।” 12  ਇਹ ਸੁਣ ਕੇ ਉਹ ਬੋਲੀ: “ਤੇਰੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੇਰੇ ਕੋਲ ਰੋਟੀ ਨਹੀਂ ਹੈ, ਮਰਤਬਾਨ ਵਿਚ ਮੁੱਠੀ ਭਰ ਆਟਾ ਹੈ ਅਤੇ ਕੁੱਪੀ ਵਿਚ ਥੋੜ੍ਹਾ ਜਿਹਾ ਤੇਲ ਹੈ।+ ਮੈਂ ਥੋੜ੍ਹੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰ ਰਹੀ ਹਾਂ ਤਾਂਕਿ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਕੁਝ ਪਕਾਵਾਂ। ਇਹ ਖਾਣਾ ਮੁੱਕ ਜਾਣ ਤੋਂ ਬਾਅਦ ਤਾਂ ਅਸੀਂ ਮਰਨਾ ਹੀ ਹੈ।” 13  ਫਿਰ ਏਲੀਯਾਹ ਨੇ ਉਸ ਨੂੰ ਕਿਹਾ: “ਡਰ ਨਾ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਕਿਹਾ ਹੈ। ਪਰ ਜੋ ਕੁਝ ਤੇਰੇ ਕੋਲ ਬਚਿਆ ਹੈ, ਉਸ ਨਾਲ ਪਹਿਲਾਂ ਮੇਰੇ ਲਈ ਇਕ ਛੋਟੀ ਰੋਟੀ ਬਣਾ ਕੇ ਲਿਆ। ਬਾਅਦ ਵਿਚ ਤੂੰ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਕੁਝ ਬਣਾ ਲਈਂ। 14  ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਦੋਂ ਤਕ ਯਹੋਵਾਹ ਧਰਤੀ ’ਤੇ ਮੀਂਹ ਨਹੀਂ ਵਰ੍ਹਾਉਂਦਾ, ਉਸ ਦਿਨ ਤਕ ਮਰਤਬਾਨ ਵਿੱਚੋਂ ਨਾ ਆਟਾ ਮੁੱਕੇਗਾ ਅਤੇ ਨਾ ਹੀ ਕੁੱਪੀ ਵਿੱਚੋਂ ਤੇਲ ਮੁੱਕੇਗਾ।’”+ 15  ਇਸ ਲਈ ਉਹ ਚਲੀ ਗਈ ਅਤੇ ਉਸ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਏਲੀਯਾਹ ਨੇ ਕਿਹਾ ਸੀ ਅਤੇ ਏਲੀਯਾਹ ਸਮੇਤ ਉਹ ਅਤੇ ਉਸ ਦਾ ਪਰਿਵਾਰ ਕਈ ਦਿਨਾਂ ਤਕ ਖਾਂਦੇ ਰਹੇ।+ 16  ਏਲੀਯਾਹ ਰਾਹੀਂ ਕਹੇ ਯਹੋਵਾਹ ਦੇ ਬਚਨ ਅਨੁਸਾਰ ਮਰਤਬਾਨ ਵਿੱਚੋਂ ਨਾ ਆਟਾ ਅਤੇ ਨਾ ਕੁੱਪੀ ਵਿੱਚੋਂ ਤੇਲ ਮੁੱਕਿਆ। 17  ਇਨ੍ਹਾਂ ਗੱਲਾਂ ਤੋਂ ਬਾਅਦ ਉਸ ਵਿਧਵਾ ਦਾ ਮੁੰਡਾ ਬੀਮਾਰ ਹੋ ਗਿਆ ਅਤੇ ਉਸ ਦੀ ਬੀਮਾਰੀ ਇੰਨੀ ਵਧ ਗਈ ਕਿ ਉਸ ਦਾ ਸਾਹ ਰੁਕ ਗਿਆ।+ 18  ਇਹ ਦੇਖ ਕੇ ਉਸ ਨੇ ਏਲੀਯਾਹ ਨੂੰ ਕਿਹਾ: “ਹੇ ਸੱਚੇ ਪਰਮੇਸ਼ੁਰ ਦੇ ਬੰਦਿਆ, ਮੈਂ ਤੇਰਾ ਕੀ ਵਿਗਾੜਿਆ?* ਕੀ ਤੂੰ ਮੈਨੂੰ ਮੇਰਾ ਅਪਰਾਧ ਯਾਦ ਕਰਾਉਣ ਅਤੇ ਮੇਰੇ ਪੁੱਤਰ ਨੂੰ ਮਾਰਨ ਆਇਆ ਹੈਂ?”+ 19  ਪਰ ਉਸ ਨੇ ਉਸ ਨੂੰ ਕਿਹਾ: “ਮੈਨੂੰ ਆਪਣਾ ਮੁੰਡਾ ਫੜਾ।” ਫਿਰ ਉਹ ਉਸ ਨੂੰ ਉਸ ਦੀਆਂ ਬਾਹਾਂ ਵਿੱਚੋਂ ਲੈ ਕੇ ਉੱਪਰ ਚੁਬਾਰੇ ਵਿਚ ਲੈ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ ਅਤੇ ਉਸ ਨੂੰ ਆਪਣੇ ਬਿਸਤਰੇ ’ਤੇ ਲਿਟਾ ਦਿੱਤਾ।+ 20  ਉਸ ਨੇ ਯਹੋਵਾਹ ਨੂੰ ਦੁਹਾਈ ਦਿੱਤੀ: “ਹੇ ਮੇਰੇ ਪਰਮੇਸ਼ੁਰ ਯਹੋਵਾਹ,+ ਕੀ ਤੂੰ ਮੁੰਡੇ ਨੂੰ ਮਾਰ ਕੇ ਇਸ ਵਿਧਵਾ ਦਾ ਵੀ ਨੁਕਸਾਨ ਕਰ ਰਿਹਾ ਹੈਂ ਜਿਸ ਦੇ ਘਰ ਮੈਂ ਠਹਿਰਿਆ ਹੋਇਆ ਹਾਂ?” 21  ਫਿਰ ਉਸ ਨੇ ਆਪਣੇ ਆਪ ਨੂੰ ਬੱਚੇ ’ਤੇ ਤਿੰਨ ਵਾਰ ਪਸਾਰਿਆ ਅਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ: “ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੀ ਬੇਨਤੀ ਹੈ ਕਿ ਇਸ ਬੱਚੇ ਦੀ ਜਾਨ ਦੁਬਾਰਾ ਇਸ ਵਿਚ ਪੈ ਜਾਵੇ।” 22  ਯਹੋਵਾਹ ਨੇ ਏਲੀਯਾਹ ਦੀ ਬੇਨਤੀ ਸੁਣੀ+ ਅਤੇ ਉਸ ਬੱਚੇ ਦੀ ਜਾਨ ਉਸ ਵਿਚ ਵਾਪਸ ਪੈ ਗਈ ਅਤੇ ਉਹ ਜੀਉਂਦਾ ਹੋ ਗਿਆ।+ 23  ਏਲੀਯਾਹ ਨੇ ਬੱਚੇ ਨੂੰ ਲਿਆ ਅਤੇ ਉਹ ਚੁਬਾਰੇ ਤੋਂ ਥੱਲੇ ਆ ਕੇ ਘਰ ਦੇ ਅੰਦਰ ਗਿਆ ਤੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਏਲੀਯਾਹ ਨੇ ਕਿਹਾ: “ਦੇਖ, ਤੇਰਾ ਪੁੱਤਰ ਜੀਉਂਦਾ ਹੈ।”+ 24  ਇਹ ਦੇਖ ਕੇ ਉਸ ਔਰਤ ਨੇ ਏਲੀਯਾਹ ਨੂੰ ਕਿਹਾ: “ਹੁਣ ਮੈਂ ਜਾਣ ਗਈ ਹਾਂ ਕਿ ਤੂੰ ਸੱਚ-ਮੁੱਚ ਰੱਬ ਦਾ ਬੰਦਾ ਹੈਂ+ ਅਤੇ ਤੇਰੇ ਮੂੰਹ ਵਿਚ ਯਹੋਵਾਹ ਦਾ ਜੋ ਬਚਨ ਹੈ, ਉਹ ਸੱਚਾ ਹੈ।”

ਫੁਟਨੋਟ

ਮਤਲਬ “ਮੇਰਾ ਪਰਮੇਸ਼ੁਰ ਯਹੋਵਾਹ ਹੈ।”
ਇਬ, “ਜਿਸ ਦੇ ਅੱਗੇ ਮੈਂ ਖੜ੍ਹਾ ਹੁੰਦਾ ਹਾਂ।”
ਜਾਂ, “ਮੇਰਾ ਤੇਰੇ ਨਾਲ ਕੀ ਲੈਣਾ-ਦੇਣਾ?”