ਪਹਿਲਾ ਸਮੂਏਲ 12:1-25
12 ਅਖ਼ੀਰ ਵਿਚ ਸਮੂਏਲ ਨੇ ਸਾਰੇ ਇਜ਼ਰਾਈਲ ਨੂੰ ਕਿਹਾ: “ਮੈਂ ਤੁਹਾਡੀ ਮੰਗ ਪੂਰੀ ਕਰ ਦਿੱਤੀ ਹੈ* ਅਤੇ ਤੁਹਾਡੇ ਉੱਤੇ ਰਾਜ ਕਰਨ ਲਈ ਰਾਜਾ ਨਿਯੁਕਤ* ਕੀਤਾ ਹੈ।+
2 ਹੁਣ ਇਹੀ ਰਾਜਾ ਤੁਹਾਡੀ ਅਗਵਾਈ ਕਰ ਰਿਹਾ ਹੈ!*+ ਜਿੱਥੋਂ ਤਕ ਮੇਰਾ ਸਵਾਲ ਹੈ, ਮੈਂ ਬੁੱਢਾ ਹੋ ਚੁੱਕਾ ਹਾਂ ਤੇ ਮੇਰੇ ਸਿਰ ਦੇ ਵਾਲ਼ ਚਿੱਟੇ ਹੋ ਗਏ ਹਨ, ਮੇਰੇ ਪੁੱਤਰ ਵੀ ਤੁਹਾਡੇ ਦਰਮਿਆਨ ਹਨ+ ਤੇ ਮੈਂ ਛੋਟੀ ਉਮਰ ਤੋਂ ਲੈ ਕੇ ਹੁਣ ਤਕ ਤੁਹਾਡੀ ਅਗਵਾਈ ਕੀਤੀ ਹੈ।+
3 ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ। ਯਹੋਵਾਹ ਅਤੇ ਉਸ ਦੇ ਚੁਣੇ ਹੋਏ+ ਰਾਜੇ ਅੱਗੇ ਮੇਰੇ ਖ਼ਿਲਾਫ਼ ਇਹ ਸਾਬਤ ਕਰੋ: ਮੈਂ ਕਿਸ ਕੋਲੋਂ ਬਲਦ ਜਾਂ ਗਧਾ ਲਿਆ ਹੈ?+ ਜਾਂ ਮੈਂ ਕਿਸ ਨਾਲ ਧੋਖਾ ਕੀਤਾ ਜਾਂ ਕਿਸ ’ਤੇ ਅਤਿਆਚਾਰ ਕੀਤਾ? ਕੀ ਮੈਂ ਕਿਸੇ ਨਾਲ ਅਨਿਆਂ ਕਰਨ ਲਈ ਰਿਸ਼ਵਤ ਲਈ ਹੈ?+ ਜੇ ਮੈਂ ਇਸ ਤਰ੍ਹਾਂ ਕੀਤਾ ਹੈ, ਤਾਂ ਦੱਸੋ, ਮੈਂ ਤੁਹਾਡਾ ਨੁਕਸਾਨ ਭਰ ਦਿਆਂਗਾ।”+
4 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਤੂੰ ਨਾ ਸਾਡੇ ਨਾਲ ਧੋਖਾ ਕੀਤਾ, ਨਾ ਸਾਡੇ ’ਤੇ ਅਤਿਆਚਾਰ ਕੀਤਾ ਤੇ ਨਾ ਹੀ ਕਿਸੇ ਦੇ ਹੱਥੋਂ ਕੁਝ ਲਿਆ।”
5 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਮਾਮਲੇ ਵਿਚ ਅੱਜ ਯਹੋਵਾਹ ਅਤੇ ਉਸ ਦਾ ਚੁਣਿਆ ਹੋਇਆ ਰਾਜਾ ਗਵਾਹ ਹਨ ਕਿ ਤੁਹਾਨੂੰ ਮੇਰੇ ਵਿਚ ਕੋਈ ਦੋਸ਼ ਨਹੀਂ ਲੱਭਿਆ।”* ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਹਾਂ, ਉਹ ਗਵਾਹ ਹੈ।”
6 ਫਿਰ ਸਮੂਏਲ ਨੇ ਲੋਕਾਂ ਨੂੰ ਕਿਹਾ: “ਯਹੋਵਾਹ ਹੀ ਉਹ ਗਵਾਹ ਹੈ ਜਿਸ ਨੇ ਮੂਸਾ ਅਤੇ ਹਾਰੂਨ ਨੂੰ ਚੁਣਿਆ ਤੇ ਉਹੀ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+
7 ਹੁਣ ਤੁਸੀਂ ਅੱਗੇ ਆਓ ਅਤੇ ਮੈਂ ਉਨ੍ਹਾਂ ਸਾਰੇ ਚੰਗੇ ਕੰਮਾਂ ਨੂੰ ਮੱਦੇ-ਨਜ਼ਰ ਰੱਖਦਿਆਂ ਯਹੋਵਾਹ ਅੱਗੇ ਤੁਹਾਡਾ ਨਿਆਂ ਕਰਾਂਗਾ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪਿਉ-ਦਾਦਿਆਂ ਲਈ ਕੀਤੇ ਹਨ।
8 “ਜਿਉਂ ਹੀ ਯਾਕੂਬ ਮਿਸਰ ਵਿਚ ਆਇਆ+ ਅਤੇ ਤੁਹਾਡੇ ਪਿਉ-ਦਾਦਿਆਂ ਨੇ ਮਦਦ ਲਈ ਯਹੋਵਾਹ ਅੱਗੇ ਦੁਹਾਈ ਦੇਣੀ ਸ਼ੁਰੂ ਕੀਤੀ,+ ਤਾਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਭੇਜਿਆ+ ਤਾਂਕਿ ਉਹ ਮਿਸਰ ਵਿੱਚੋਂ ਤੁਹਾਡੇ ਪਿਉ-ਦਾਦਿਆਂ ਨੂੰ ਬਾਹਰ ਕੱਢ ਲਿਆਉਣ ਅਤੇ ਉਨ੍ਹਾਂ ਨੂੰ ਇਸ ਜਗ੍ਹਾ ਵਸਾਉਣ।+
9 ਪਰ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਸ ਨੇ ਉਨ੍ਹਾਂ ਨੂੰ ਹਾਸੋਰ ਦੀ ਫ਼ੌਜ ਦੇ ਮੁਖੀ ਸੀਸਰਾ,+ ਫਲਿਸਤੀਆਂ+ ਅਤੇ ਮੋਆਬ ਦੇ ਰਾਜੇ ਦੇ ਹੱਥ ਵੇਚ ਦਿੱਤਾ+ ਤੇ ਇਹ ਸਾਰੇ ਲਗਾਤਾਰ ਉਨ੍ਹਾਂ ਖ਼ਿਲਾਫ਼ ਲੜਦੇ ਰਹੇ।
10 ਫਿਰ ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਪੁਕਾਰ+ ਕੇ ਕਿਹਾ, ‘ਅਸੀਂ ਪਾਪ ਕੀਤਾ ਹੈ+ ਕਿਉਂਕਿ ਅਸੀਂ ਯਹੋਵਾਹ ਨੂੰ ਛੱਡ ਕੇ ਬਆਲ+ ਦੇਵਤਿਆਂ ਅਤੇ ਅਸ਼ਤਾਰੋਥ+ ਦੀਆਂ ਮੂਰਤੀਆਂ ਦੀ ਭਗਤੀ ਕਰਨ ਲੱਗ ਪਏ; ਹੁਣ ਸਾਨੂੰ ਸਾਡੇ ਦੁਸ਼ਮਣਾਂ ਹੱਥੋਂ ਬਚਾ ਤਾਂਕਿ ਅਸੀਂ ਤੇਰੀ ਸੇਵਾ ਕਰੀਏ।’
11 ਫਿਰ ਯਹੋਵਾਹ ਨੇ ਯਰੁਬਾਲ,+ ਬਦਾਨ, ਯਿਫਤਾਹ+ ਅਤੇ ਮੈਨੂੰ*+ ਭੇਜਿਆ ਤੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਹੱਥੋਂ ਤੁਹਾਨੂੰ ਬਚਾਇਆ ਤਾਂਕਿ ਤੁਸੀਂ ਅਮਨ-ਚੈਨ ਨਾਲ ਜੀ ਸਕੋ।+
12 ਜਦੋਂ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜੇ ਨਾਹਾਸ਼+ ਨੇ ਤੁਹਾਡੇ ਉੱਤੇ ਚੜ੍ਹਾਈ ਕੀਤੀ, ਤਾਂ ਤੁਸੀਂ ਮੈਨੂੰ ਇਹੀ ਕਹਿੰਦੇ ਰਹੇ, ‘ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ!’+ ਭਾਵੇਂ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡਾ ਰਾਜਾ ਹੈ।+
13 ਤੁਸੀਂ ਚਾਹੁੰਦੇ ਸੀ ਕਿ ਤੁਹਾਡਾ ਇਕ ਰਾਜਾ ਹੋਵੇ, ਹੁਣ ਇਹ ਤੁਹਾਡਾ ਰਾਜਾ ਹੈ ਜਿਸ ਦੀ ਤੁਸੀਂ ਮੰਗ ਕੀਤੀ ਸੀ। ਦੇਖੋ! ਯਹੋਵਾਹ ਨੇ ਤੁਹਾਡੇ ਉੱਤੇ ਰਾਜਾ ਠਹਿਰਾ ਦਿੱਤਾ ਹੈ।+
14 ਜੇ ਤੁਸੀਂ ਯਹੋਵਾਹ ਦਾ ਡਰ ਰੱਖੋਗੇ,+ ਉਸ ਦੀ ਸੇਵਾ ਕਰੋਗੇ+ ਅਤੇ ਉਸ ਦੀ ਆਵਾਜ਼ ਸੁਣੋਗੇ,+ ਨਾਲੇ ਜੇ ਤੁਸੀਂ ਯਹੋਵਾਹ ਦੇ ਹੁਕਮਾਂ ਖ਼ਿਲਾਫ਼ ਨਹੀਂ ਜਾਓਗੇ ਅਤੇ ਜੇ ਤੁਸੀਂ ਤੇ ਤੁਹਾਡਾ ਰਾਜਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ-ਪਿੱਛੇ ਚੱਲੋਗੇ, ਤਾਂ ਤੁਹਾਡਾ ਭਲਾ ਹੋਵੇਗਾ।
15 ਪਰ ਜੇ ਤੁਸੀਂ ਯਹੋਵਾਹ ਦੀ ਆਵਾਜ਼ ਨਹੀਂ ਸੁਣੋਗੇ ਅਤੇ ਯਹੋਵਾਹ ਦੇ ਹੁਕਮਾਂ ਖ਼ਿਲਾਫ਼ ਜਾਓਗੇ, ਤਾਂ ਯਹੋਵਾਹ ਦਾ ਹੱਥ ਤੁਹਾਡੇ ਅਤੇ ਤੁਹਾਡੇ ਪਿਤਾਵਾਂ ਖ਼ਿਲਾਫ਼ ਉੱਠੇਗਾ।+
16 ਹੁਣ ਤੁਸੀਂ ਅੱਗੇ ਆਓ ਅਤੇ ਦੇਖੋ ਕਿ ਯਹੋਵਾਹ ਤੁਹਾਡੀਆਂ ਅੱਖਾਂ ਸਾਮ੍ਹਣੇ ਕਿਹੜਾ ਅਦਭੁਤ ਕੰਮ ਕਰਦਾ ਹੈ।
17 ਕੀ ਅੱਜ ਕਣਕ ਦੀ ਵਾਢੀ ਦਾ ਸਮਾਂ ਨਹੀਂ ਹੈ? ਮੈਂ ਯਹੋਵਾਹ ਅੱਗੇ ਬੇਨਤੀ ਕਰਾਂਗਾ ਕਿ ਉਹ ਬੱਦਲਾਂ ਦੀ ਗਰਜ ਕਰੇ ਅਤੇ ਮੀਂਹ ਪਾਵੇ; ਫਿਰ ਤੁਸੀਂ ਜਾਣ ਜਾਓਗੇ ਅਤੇ ਸਮਝ ਜਾਓਗੇ ਕਿ ਤੁਸੀਂ ਆਪਣੇ ਲਈ ਰਾਜੇ ਦੀ ਮੰਗ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨਾ ਬੁਰਾ ਕੰਮ ਕੀਤਾ ਹੈ।”+
18 ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਸ ਦਿਨ ਬੱਦਲਾਂ ਦੀ ਗਰਜ ਕੀਤੀ ਤੇ ਮੀਂਹ ਵਰ੍ਹਾਇਆ ਜਿਸ ਕਰਕੇ ਸਾਰੇ ਲੋਕਾਂ ਉੱਤੇ ਯਹੋਵਾਹ ਤੇ ਸਮੂਏਲ ਦਾ ਡਰ ਛਾ ਗਿਆ।
19 ਫਿਰ ਸਾਰੇ ਲੋਕਾਂ ਨੇ ਸਮੂਏਲ ਨੂੰ ਕਿਹਾ: “ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰ+ ਕਿਉਂਕਿ ਅਸੀਂ ਮਰਨਾ ਨਹੀਂ ਚਾਹੁੰਦੇ। ਅਸੀਂ ਰਾਜੇ ਦੀ ਮੰਗ ਕਰ ਕੇ ਇਕ ਹੋਰ ਬੁਰਾ ਕੰਮ ਕੀਤਾ ਹੈ ਤੇ ਇਸ ਤਰ੍ਹਾਂ ਆਪਣੇ ਪਾਪਾਂ ਵਿਚ ਵਾਧਾ ਕੀਤਾ ਹੈ।”
20 ਸਮੂਏਲ ਨੇ ਲੋਕਾਂ ਨੂੰ ਕਿਹਾ: “ਡਰੋ ਨਾ। ਬੇਸ਼ੱਕ, ਜੋ ਤੁਸੀਂ ਕੀਤਾ, ਬਹੁਤ ਬੁਰਾ ਕੀਤਾ। ਪਰ ਹੁਣ ਤੁਸੀਂ ਯਹੋਵਾਹ ਮਗਰ ਜਾਣਾ ਨਾ ਛੱਡਿਓ+ ਤੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਿਓ।+
21 ਖੋਖਲੀਆਂ ਚੀਜ਼ਾਂ ਪਿੱਛੇ ਨਾ ਭੱਜੋ*+ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ+ ਅਤੇ ਜਿਹੜੀਆਂ ਬਚਾ ਨਹੀਂ ਸਕਦੀਆਂ ਕਿਉਂਕਿ ਇਹ ਖੋਖਲੀਆਂ ਹਨ।*
22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+
23 ਜਿੱਥੋਂ ਤਕ ਮੇਰਾ ਸਵਾਲ ਹੈ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਹੀ ਨਹੀਂ ਸਕਦਾ ਕਿਉਂਕਿ ਇਹ ਯਹੋਵਾਹ ਖ਼ਿਲਾਫ਼ ਪਾਪ ਹੋਵੇਗਾ। ਮੈਂ ਤੁਹਾਨੂੰ ਸਿਖਾਉਂਦਾ ਰਹਾਂਗਾ ਕਿ ਚੰਗਾ ਕੀ ਹੈ ਅਤੇ ਸਹੀ ਰਾਹ ਕਿਹੜਾ ਹੈ।
24 ਤੁਸੀਂ ਬੱਸ ਯਹੋਵਾਹ ਦਾ ਡਰ ਰੱਖੋ+ ਅਤੇ ਆਪਣੇ ਪੂਰੇ ਦਿਲ ਨਾਲ ਤੇ ਵਫ਼ਾਦਾਰੀ ਨਾਲ* ਉਸ ਦੀ ਸੇਵਾ ਕਰੋ ਅਤੇ ਇਹ ਨਾ ਭੁੱਲੋ ਕਿ ਉਸ ਨੇ ਤੁਹਾਡੇ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ।+
25 ਪਰ ਜੇ ਤੁਸੀਂ ਢੀਠ ਹੋ ਕੇ ਬੁਰੇ ਕੰਮ ਕਰੋਗੇ, ਤਾਂ ਤੁਹਾਡਾ ਅਤੇ ਤੁਹਾਡੇ ਰਾਜੇ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ।”+
ਫੁਟਨੋਟ
^ ਇਬ, “ਤੁਹਾਡੀ ਅਵਾਜ਼ ਨੂੰ ਸੁਣ ਲਿਆ ਹੈ।”
^ ਇਬ, “ਅੱਗੇ-ਅੱਗੇ ਚੱਲ ਰਿਹਾ ਹੈ।”
^ ਇਬ, “ਮੇਰੇ ਹੱਥ ਵਿਚ ਕੁਝ ਨਹੀਂ ਲੱਭਾ।”
^ ਇਬ, “ਸਮੂਏਲ ਨੂੰ।”
^ ਜਾਂ, “ਜੋ ਹਕੀਕਤ ਨਹੀਂ ਹਨ, ਉਨ੍ਹਾਂ ਪਿੱਛੇ ਨਾ ਭੱਜੋ।”
^ ਜਾਂ, “ਹਕੀਕਤ ਨਹੀਂ ਹਨ।”
^ ਜਾਂ, “ਸੱਚਾਈ ਨਾਲ।”