ਪਹਿਲਾ ਸਮੂਏਲ 4:1-22
4 ਸਮੂਏਲ ਦਾ ਸੰਦੇਸ਼ ਸਾਰੇ ਇਜ਼ਰਾਈਲ ਨੂੰ ਪਹੁੰਚਿਆ।
ਫਿਰ ਇਜ਼ਰਾਈਲੀ ਯੁੱਧ ਵਿਚ ਫਲਿਸਤੀਆਂ ਦਾ ਮੁਕਾਬਲਾ ਕਰਨ ਗਏ; ਉਨ੍ਹਾਂ ਨੇ ਅਬਨ-ਅਜ਼ਰ ਦੇ ਕੋਲ ਡੇਰਾ ਲਾਇਆ ਅਤੇ ਫਲਿਸਤੀਆਂ ਨੇ ਅਫੇਕ ਵਿਚ ਡੇਰਾ ਲਾਇਆ ਹੋਇਆ ਸੀ।
2 ਫਲਿਸਤੀਆਂ ਨੇ ਇਜ਼ਰਾਈਲੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਿਆ, ਪਰ ਯੁੱਧ ਵਿਚ ਇਜ਼ਰਾਈਲੀਆਂ ਦਾ ਬੁਰਾ ਹਾਲ ਹੋਇਆ। ਉਹ ਫਲਿਸਤੀਆਂ ਦੇ ਹੱਥੋਂ ਹਾਰ ਗਏ ਜਿਨ੍ਹਾਂ ਨੇ ਯੁੱਧ ਦੇ ਮੈਦਾਨ ਵਿਚ ਉਨ੍ਹਾਂ ਦੇ ਲਗਭਗ 4,000 ਆਦਮੀ ਮਾਰ ਦਿੱਤੇ।
3 ਜਦ ਲੋਕ ਛਾਉਣੀ ਵਿਚ ਵਾਪਸ ਆਏ, ਤਾਂ ਇਜ਼ਰਾਈਲ ਦੇ ਬਜ਼ੁਰਗਾਂ ਨੇ ਕਿਹਾ: “ਯਹੋਵਾਹ ਨੇ ਕਿਉਂ ਅੱਜ ਸਾਨੂੰ ਫਲਿਸਤੀਆਂ ਦੇ ਹੱਥੋਂ ਹਾਰਨ ਦਿੱਤਾ?*+ ਆਓ ਆਪਾਂ ਸ਼ੀਲੋਹ ਤੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਲੈ ਕੇ ਆਈਏ+ ਤਾਂਕਿ ਉਹ ਸਾਡੇ ਕੋਲ ਰਹੇ ਅਤੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।”
4 ਇਸ ਲਈ ਲੋਕਾਂ ਨੇ ਸ਼ੀਲੋਹ ਵਿਚ ਆਦਮੀ ਭੇਜੇ ਅਤੇ ਉਹ ਉੱਥੋਂ ਕਰੂਬੀਆਂ ਤੋਂ ਉੱਚੇ*+ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੈਨਾਵਾਂ ਦੇ ਯਹੋਵਾਹ ਦਾ ਇਕਰਾਰ ਦਾ ਸੰਦੂਕ ਲੈ ਆਏ। ਏਲੀ ਦੇ ਦੋਵੇਂ ਪੁੱਤਰ, ਹਾਫਨੀ ਅਤੇ ਫ਼ੀਨਹਾਸ+ ਵੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਦੇ ਨਾਲ ਸਨ।
5 ਜਿਉਂ ਹੀ ਯਹੋਵਾਹ ਦੇ ਇਕਰਾਰ ਦਾ ਸੰਦੂਕ ਛਾਉਣੀ ਵਿਚ ਆਇਆ, ਤਾਂ ਸਾਰੇ ਇਜ਼ਰਾਈਲੀਆਂ ਨੇ ਇੰਨੀ ਉੱਚੀ ਜੈਕਾਰਾ ਲਾਇਆ ਕਿ ਧਰਤੀ ਕੰਬ ਉੱਠੀ।
6 ਜਦੋਂ ਫਲਿਸਤੀਆਂ ਨੇ ਰੌਲ਼ੇ ਦੀ ਆਵਾਜ਼ ਸੁਣੀ, ਤਾਂ ਉਨ੍ਹਾਂ ਨੇ ਕਿਹਾ: “ਇਬਰਾਨੀਆਂ ਦੀ ਛਾਉਣੀ ਵਿਚ ਇੰਨਾ ਸ਼ੋਰ ਕਿਉਂ ਹੋ ਰਿਹਾ ਹੈ?” ਅਖ਼ੀਰ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਦਾ ਸੰਦੂਕ ਛਾਉਣੀ ਵਿਚ ਲਿਆਂਦਾ ਗਿਆ ਸੀ।
7 ਫਲਿਸਤੀ ਡਰ ਗਏ ਸਨ ਕਿਉਂਕਿ ਉਨ੍ਹਾਂ ਨੇ ਕਿਹਾ: “ਪਰਮੇਸ਼ੁਰ ਛਾਉਣੀ ਵਿਚ ਆ ਗਿਆ ਹੈ!”+ ਇਸ ਲਈ ਉਨ੍ਹਾਂ ਨੇ ਕਿਹਾ: “ਹੁਣ ਸਾਡਾ ਕੀ ਬਣੂ? ਕਿਉਂਕਿ ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ!
8 ਹੁਣ ਤਾਂ ਅਸੀਂ ਫਸ ਗਏ! ਕੌਣ ਸਾਨੂੰ ਇਸ ਮਹਾਨ ਪਰਮੇਸ਼ੁਰ ਦੇ ਹੱਥੋਂ ਬਚਾਵੇਗਾ? ਇਹ ਉਹੀ ਪਰਮੇਸ਼ੁਰ ਹੈ ਜਿਸ ਨੇ ਉਜਾੜ ਵਿਚ ਮਿਸਰ ਨੂੰ ਹਰ ਤਰ੍ਹਾਂ ਦੀ ਬਿਪਤਾ ਨਾਲ ਮਾਰਿਆ ਸੀ।+
9 ਫਲਿਸਤੀਓ, ਹਿੰਮਤ ਤੋਂ ਕੰਮ ਲਓ ਅਤੇ ਮਰਦ ਬਣੋ ਤਾਂਕਿ ਤੁਸੀਂ ਇਬਰਾਨੀਆਂ ਦੀ ਗ਼ੁਲਾਮੀ ਨਾ ਕਰੋ ਜਿਸ ਤਰ੍ਹਾਂ ਉਨ੍ਹਾਂ ਨੇ ਤੁਹਾਡੀ ਗ਼ੁਲਾਮੀ ਕੀਤੀ ਹੈ।+ ਮਰਦ ਬਣੋ ਅਤੇ ਲੜੋ!”
10 ਇਸ ਲਈ ਫਲਿਸਤੀ ਲੜੇ ਅਤੇ ਇਜ਼ਰਾਈਲ ਹਾਰ ਗਿਆ+ ਤੇ ਹਰ ਕੋਈ ਆਪੋ-ਆਪਣੇ ਤੰਬੂ ਵਿਚ ਭੱਜ ਗਿਆ। ਬਹੁਤ ਖ਼ੂਨ-ਖ਼ਰਾਬਾ ਹੋਇਆ; ਇਜ਼ਰਾਈਲੀਆਂ ਦੇ 30,000 ਪੈਦਲ ਚੱਲਣ ਵਾਲੇ ਫ਼ੌਜੀ ਮਾਰੇ ਗਏ।
11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਸੰਦੂਕ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ ਮਰ ਗਏ।+
12 ਇਕ ਬਿਨਯਾਮੀਨੀ ਆਦਮੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਆਇਆ ਅਤੇ ਆਪਣੇ ਕੱਪੜੇ ਪਾੜੀ ਅਤੇ ਸਿਰ ’ਤੇ ਮਿੱਟੀ ਪਾਈ ਉਸੇ ਦਿਨ ਸ਼ੀਲੋਹ ਪਹੁੰਚਿਆ।+
13 ਜਦ ਉਹ ਆਦਮੀ ਪਹੁੰਚਿਆ, ਉਸ ਵੇਲੇ ਏਲੀ ਸੜਕ ਕਿਨਾਰੇ ਬੈਠਾ ਉਡੀਕ ਕਰ ਰਿਹਾ ਸੀ ਕਿਉਂਕਿ ਉਸ ਦਾ ਦਿਲ ਸੱਚੇ ਪਰਮੇਸ਼ੁਰ ਦੇ ਸੰਦੂਕ ਕਰਕੇ ਕੰਬ ਰਿਹਾ ਸੀ।+ ਉਹ ਆਦਮੀ ਸ਼ਹਿਰ ਵਿਚ ਖ਼ਬਰ ਦੇਣ ਗਿਆ ਅਤੇ ਸਾਰਾ ਸ਼ਹਿਰ ਰੋਣ-ਪਿੱਟਣ ਲੱਗ ਪਿਆ।
14 ਜਦ ਏਲੀ ਨੇ ਰੋਣ-ਪਿੱਟਣ ਦੀ ਆਵਾਜ਼ ਸੁਣੀ, ਤਾਂ ਉਸ ਨੇ ਪੁੱਛਿਆ: “ਇੰਨਾ ਰੌਲ਼ਾ ਕਿਉਂ ਪੈ ਰਿਹਾ ਹੈ?” ਫਿਰ ਉਹ ਆਦਮੀ ਭੱਜਾ ਆਇਆ ਅਤੇ ਏਲੀ ਨੂੰ ਖ਼ਬਰ ਦਿੱਤੀ।
15 (ਏਲੀ 98 ਸਾਲ ਦਾ ਸੀ ਅਤੇ ਉਸ ਦੀਆਂ ਅੱਖਾਂ ਅੱਗੇ ਵੱਲ ਨੂੰ ਟਿਕੀਆਂ ਹੋਈਆਂ ਸਨ ਅਤੇ ਉਹ ਦੇਖ ਨਹੀਂ ਸਕਦਾ ਸੀ।)+
16 ਫਿਰ ਉਸ ਆਦਮੀ ਨੇ ਏਲੀ ਨੂੰ ਕਿਹਾ: “ਮੈਂ ਯੁੱਧ ਦੇ ਮੈਦਾਨ ਵਿੱਚੋਂ ਆਇਆ ਹਾਂ! ਮੈਂ ਅੱਜ ਹੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਆਇਆ ਹਾਂ।” ਇਹ ਸੁਣ ਕੇ ਉਸ ਨੇ ਪੁੱਛਿਆ: “ਮੇਰੇ ਪੁੱਤਰ, ਉੱਥੇ ਕੀ ਹੋਇਆ?”
17 ਖ਼ਬਰ ਲਿਆਉਣ ਵਾਲੇ ਨੇ ਕਿਹਾ: “ਇਜ਼ਰਾਈਲ ਫਲਿਸਤੀਆਂ ਦੇ ਅੱਗੋਂ ਭੱਜ ਗਿਆ ਅਤੇ ਲੋਕ ਬੁਰੀ ਤਰ੍ਹਾਂ ਹਾਰ ਗਏ;+ ਨਾਲੇ ਤੇਰੇ ਦੋਵੇਂ ਪੁੱਤਰਾਂ ਹਾਫਨੀ ਅਤੇ ਫ਼ੀਨਹਾਸ ਦੀ ਮੌਤ ਹੋ ਗਈ+ ਅਤੇ ਸੱਚੇ ਪਰਮੇਸ਼ੁਰ ਦੇ ਸੰਦੂਕ ’ਤੇ ਕਬਜ਼ਾ ਕਰ ਲਿਆ ਗਿਆ ਹੈ।”+
18 ਉਸ ਦੇ ਮੂੰਹੋਂ ਸੱਚੇ ਪਰਮੇਸ਼ੁਰ ਦੇ ਸੰਦੂਕ ਬਾਰੇ ਸੁਣਦੇ ਸਾਰ ਹੀ ਏਲੀ ਦਰਵਾਜ਼ੇ ਦੇ ਕੋਲ ਆਪਣੀ ਜਗ੍ਹਾ ਤੋਂ ਪਿੱਛੇ ਨੂੰ ਡਿਗ ਪਿਆ ਅਤੇ ਉਸ ਦੀ ਧੌਣ ਟੁੱਟ ਗਈ ਤੇ ਉਹ ਮਰ ਗਿਆ ਕਿਉਂਕਿ ਉਹ ਬੁੱਢਾ ਹੋ ਚੁੱਕਾ ਸੀ ਅਤੇ ਉਸ ਦਾ ਸਰੀਰ ਭਾਰਾ ਸੀ। ਉਸ ਨੇ 40 ਸਾਲ ਇਜ਼ਰਾਈਲ ਦਾ ਨਿਆਂ ਕੀਤਾ।
19 ਉਸ ਦੀ ਨੂੰਹ, ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਸ ਦਾ ਜਨਮ ਦੇਣ ਦਾ ਸਮਾਂ ਨੇੜੇ ਸੀ। ਜਦ ਉਸ ਨੇ ਇਹ ਖ਼ਬਰ ਸੁਣੀ ਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ ਹੈ, ਤਾਂ ਉਹ ਦਰਦ ਨਾਲ ਦੋਹਰੀ ਹੋ ਗਈ ਅਤੇ ਅਚਾਨਕ ਉਸ ਨੂੰ ਜਣਨ-ਪੀੜਾਂ ਲੱਗ ਗਈਆਂ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ।
20 ਜਦ ਉਹ ਆਖ਼ਰੀ ਸਾਹਾਂ ’ਤੇ ਸੀ, ਤਾਂ ਉਸ ਦੇ ਲਾਗੇ ਖੜ੍ਹੀਆਂ ਔਰਤਾਂ ਨੇ ਕਿਹਾ: “ਡਰ ਨਾ, ਤੂੰ ਇਕ ਮੁੰਡੇ ਨੂੰ ਜਨਮ ਦਿੱਤਾ ਹੈ।” ਉਸ ਨੇ ਨਾ ਕੋਈ ਜਵਾਬ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਦਿੱਤਾ।*
21 ਪਰ ਉਸ ਨੇ ਇਹ ਕਹਿੰਦੇ ਹੋਏ ਮੁੰਡੇ ਦਾ ਨਾਂ ਈਕਾਬੋਦ*+ ਰੱਖਿਆ: “ਇਜ਼ਰਾਈਲ ਦੀ ਸ਼ਾਨ ਗ਼ੁਲਾਮੀ ਵਿਚ ਚਲੀ ਗਈ ਹੈ।”+ ਇਹ ਉਸ ਨੇ ਇਸ ਲਈ ਕਿਹਾ ਕਿਉਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਸੀ ਅਤੇ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ ਸੀ।+
22 ਉਸ ਨੇ ਕਿਹਾ: “ਇਜ਼ਰਾਈਲ ਦੀ ਸ਼ਾਨ ਗ਼ੁਲਾਮੀ ਵਿਚ ਚਲੀ ਗਈ ਹੈ ਕਿਉਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।”+
ਫੁਟਨੋਟ
^ ਇਬ, “ਯਹੋਵਾਹ ਨੇ ਸਾਨੂੰ ਕਿਉਂ ਹਰਾਇਆ?”
^ ਜਾਂ ਸੰਭਵ ਹੈ, “ਦੇ ਵਿਚਕਾਰ।”
^ ਜਾਂ, “ਅਤੇ ਨਾ ਹੀ ਇਸ ਉੱਤੇ ਆਪਣਾ ਮਨ ਲਾਇਆ।”
^ ਮਤਲਬ “ਕਿੱਥੇ ਹੈ ਸ਼ਾਨ?”