ਦੂਜਾ ਇਤਿਹਾਸ 10:1-19

  • ਰਹਬੁਆਮ ਖ਼ਿਲਾਫ਼ ਇਜ਼ਰਾਈਲ ਦੀ ਬਗਾਵਤ (1-19)

10  ਰਹਬੁਆਮ ਸ਼ਕਮ+ ਨੂੰ ਗਿਆ ਕਿਉਂਕਿ ਸਾਰਾ ਇਜ਼ਰਾਈਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਆਇਆ ਹੋਇਆ ਸੀ।+  ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ),+ ਯਾਰਾਬੁਆਮ ਮਿਸਰ ਤੋਂ ਵਾਪਸ ਆ ਗਿਆ।  ਫਿਰ ਉਨ੍ਹਾਂ ਨੇ ਉਸ ਨੂੰ ਬੁਲਵਾਇਆ ਅਤੇ ਯਾਰਾਬੁਆਮ ਤੇ ਸਾਰੇ ਇਜ਼ਰਾਈਲੀ ਰਹਬੁਆਮ ਕੋਲ ਆਏ ਤੇ ਉਸ ਨੂੰ ਕਿਹਾ:  “ਤੇਰੇ ਪਿਤਾ ਨੇ ਸਾਡਾ ਜੂਲਾ ਸਖ਼ਤ ਕੀਤਾ ਸੀ।+ ਪਰ ਜੇ ਤੂੰ ਉਸ ਸਖ਼ਤ ਕੰਮ ਨੂੰ ਥੋੜ੍ਹਾ ਸੌਖਾ ਕਰ ਦੇਵੇਂ ਜੋ ਤੇਰਾ ਪਿਤਾ ਸਾਡੇ ਤੋਂ ਕਰਾਉਂਦਾ ਸੀ ਅਤੇ ਉਸ ਵੱਲੋਂ ਸਾਡੇ ਉੱਤੇ ਰੱਖੇ ਭਾਰੇ* ਜੂਲੇ ਨੂੰ ਹਲਕਾ ਕਰ ਦੇਵੇਂ, ਤਾਂ ਅਸੀਂ ਤੇਰੀ ਸੇਵਾ ਕਰਾਂਗੇ।”  ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਿੰਨ ਦਿਨਾਂ ਬਾਅਦ ਮੇਰੇ ਕੋਲ ਵਾਪਸ ਆਇਓ।” ਇਸ ਲਈ ਲੋਕ ਚਲੇ ਗਏ।+  ਫਿਰ ਰਾਜਾ ਰਹਬੁਆਮ ਨੇ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਉਸ ਦੇ ਪਿਤਾ ਸੁਲੇਮਾਨ ਦੇ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਸਨ। ਉਸ ਨੇ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ?”  ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੂੰ ਇਨ੍ਹਾਂ ਲੋਕਾਂ ਨਾਲ ਚੰਗਾ ਸਲੂਕ ਕਰੇਂ ਤੇ ਇਨ੍ਹਾਂ ਨੂੰ ਖ਼ੁਸ਼ ਕਰੇਂ ਅਤੇ ਇਨ੍ਹਾਂ ਦੇ ਮਨਭਾਉਂਦਾ ਜਵਾਬ ਦੇਵੇਂ, ਤਾਂ ਇਹ ਸਦਾ ਲਈ ਤੇਰੇ ਸੇਵਕ ਬਣੇ ਰਹਿਣਗੇ।”  ਪਰ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨੌਜਵਾਨਾਂ ਤੋਂ ਸਲਾਹ ਮੰਗੀ ਜੋ ਉਸ ਦੇ ਨਾਲ ਵੱਡੇ ਹੋਏ ਸਨ ਤੇ ਹੁਣ ਉਸ ਦੇ ਸੇਵਾਦਾਰ ਸਨ।+  ਉਸ ਨੇ ਉਨ੍ਹਾਂ ਤੋਂ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਕਿਹਾ ਹੈ, ‘ਆਪਣੇ ਪਿਤਾ ਵੱਲੋਂ ਸਾਡੇ ’ਤੇ ਰੱਖੇ ਜੂਲੇ ਨੂੰ ਹਲਕਾ ਕਰ ਦੇ’?” 10  ਉਸ ਨਾਲ ਵੱਡੇ ਹੋਏ ਨੌਜਵਾਨਾਂ ਨੇ ਉਸ ਨੂੰ ਕਿਹਾ: “ਤੂੰ ਉਨ੍ਹਾਂ ਲੋਕਾਂ ਨੂੰ ਇਹ ਕਹੀਂ ਜਿਨ੍ਹਾਂ ਨੇ ਤੈਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡਾ ਜੂਲਾ ਭਾਰਾ ਕੀਤਾ ਸੀ, ਪਰ ਤੂੰ ਇਸ ਨੂੰ ਹਲਕਾ ਕਰ ਦੇ’; ਤੂੰ ਉਨ੍ਹਾਂ ਨੂੰ ਕਹੀਂ, ‘ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੋਵੇਗੀ। 11  ਮੇਰੇ ਪਿਤਾ ਨੇ ਤੁਹਾਡੇ ’ਤੇ ਭਾਰਾ ਜੂਲਾ ਰੱਖਿਆ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।’” 12  ਯਾਰਾਬੁਆਮ ਅਤੇ ਸਾਰੇ ਲੋਕ ਤੀਸਰੇ ਦਿਨ ਰਹਬੁਆਮ ਕੋਲ ਆਏ ਜਿਵੇਂ ਰਾਜੇ ਨੇ ਕਿਹਾ ਸੀ: “ਤੀਸਰੇ ਦਿਨ ਮੇਰੇ ਕੋਲ ਵਾਪਸ ਆਇਓ।”+ 13  ਪਰ ਰਾਜੇ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ। ਇਸ ਤਰ੍ਹਾਂ ਰਾਜਾ ਰਹਬੁਆਮ ਨੇ ਬਜ਼ੁਰਗਾਂ ਦੀ ਦਿੱਤੀ ਸਲਾਹ ਨੂੰ ਠੁਕਰਾ ਦਿੱਤਾ। 14  ਉਸ ਨੇ ਨੌਜਵਾਨਾਂ ਦੀ ਸਲਾਹ ਮੁਤਾਬਕ ਉਨ੍ਹਾਂ ਨਾਲ ਗੱਲ ਕਰਦੇ ਹੋਏ ਕਿਹਾ: “ਮੈਂ ਤੁਹਾਡੇ ਜੂਲੇ ਨੂੰ ਭਾਰਾ ਕਰ ਦਿਆਂਗਾ, ਸਗੋਂ ਹੋਰ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।” 15  ਇਸ ਤਰ੍ਹਾਂ ਰਾਜੇ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਇਹ ਸਭ ਕੁਝ ਸੱਚੇ ਪਰਮੇਸ਼ੁਰ ਵੱਲੋਂ ਹੋਇਆ ਸੀ+ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਕਿਹਾ ਸੀ।+ 16  ਜਦੋਂ ਰਾਜੇ ਨੇ ਸਾਰੇ ਇਜ਼ਰਾਈਲੀਆਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਲੋਕਾਂ ਨੇ ਰਾਜੇ ਨੂੰ ਜਵਾਬ ਦਿੱਤਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ। ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ ਮੁੜ ਜਾਵੇ। ਹੇ ਦਾਊਦ, ਆਪਣੇ ਘਰਾਣੇ ਨੂੰ ਆਪ ਹੀ ਸਾਂਭ!”+ ਇਹ ਕਹਿ ਕੇ ਸਾਰੇ ਇਜ਼ਰਾਈਲੀ ਆਪੋ-ਆਪਣੇ ਘਰਾਂ* ਨੂੰ ਮੁੜ ਗਏ।+ 17  ਪਰ ਰਹਬੁਆਮ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਇਜ਼ਰਾਈਲੀਆਂ ਉੱਤੇ ਰਾਜ ਕਰਦਾ ਰਿਹਾ।+ 18  ਫਿਰ ਰਾਜਾ ਰਹਬੁਆਮ ਨੇ ਹਦੋਰਾਮ ਨੂੰ ਘੱਲਿਆ+ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ’ਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+ 19  ਅਤੇ ਇਜ਼ਰਾਈਲੀ ਅੱਜ ਦੇ ਦਿਨ ਤਕ ਦਾਊਦ ਦੇ ਘਰਾਣੇ ਵਿਰੁੱਧ ਬਗਾਵਤ ਕਰਦੇ ਆਏ ਹਨ।

ਫੁਟਨੋਟ

ਜਾਂ, “ਕਸ਼ਟਦਾਇਕ।”
ਇਬ, “ਤੰਬੂਆਂ।”