ਦੂਜਾ ਇਤਿਹਾਸ 13:1-22
13 ਰਾਜਾ ਯਾਰਾਬੁਆਮ ਦੇ ਰਾਜ ਦੇ 18ਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣ ਗਿਆ।+
2 ਉਸ ਨੇ ਯਰੂਸ਼ਲਮ ਵਿਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਮੀਕਾਯਾਹ+ ਸੀ ਜੋ ਗਿਬਆਹ ਦੇ ਊਰੀਏਲ ਦੀ ਧੀ ਸੀ।+ ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਯੁੱਧ ਹੋਇਆ।+
3 ਅਬੀਯਾਹ 4,00,000 ਤਾਕਤਵਰ ਤੇ ਸਿਖਲਾਈ-ਪ੍ਰਾਪਤ* ਯੋਧਿਆਂ ਦੀ ਫ਼ੌਜ ਲੈ ਕੇ ਯੁੱਧ ਕਰਨ ਗਿਆ।+ ਅਤੇ ਯਾਰਾਬੁਆਮ ਨੇ 8,00,000 ਸਿਖਲਾਈ-ਪ੍ਰਾਪਤ* ਤੇ ਤਾਕਤਵਰ ਯੋਧਿਆਂ ਨਾਲ ਉਸ ਵਿਰੁੱਧ ਮੋਰਚਾ ਬੰਨ੍ਹਿਆ।
4 ਫਿਰ ਅਬੀਯਾਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸਮਾਰਾਇਮ ਪਹਾੜ ਉੱਤੇ ਖੜ੍ਹਾ ਹੋਇਆ ਤੇ ਉਸ ਨੇ ਕਿਹਾ: “ਹੇ ਯਾਰਾਬੁਆਮ ਤੇ ਸਾਰੇ ਇਜ਼ਰਾਈਲ, ਮੇਰੀ ਗੱਲ ਸੁਣੋ।
5 ਕੀ ਤੁਸੀਂ ਨਹੀਂ ਜਾਣਦੇ ਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਲੂਣ ਦੇ ਇਕਰਾਰ*+ ਰਾਹੀਂ ਦਾਊਦ ਨੂੰ ਸਦਾ ਲਈ ਇਜ਼ਰਾਈਲ ਉੱਤੇ ਰਾਜ ਦਿੱਤਾ,+ ਹਾਂ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ?+
6 ਪਰ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ, ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਕ ਸੀ, ਆਪਣੇ ਮਾਲਕ ਦੇ ਖ਼ਿਲਾਫ਼ ਖੜ੍ਹਾ ਹੋ ਕੇ ਬਗਾਵਤ ਕੀਤੀ।+
7 ਵਿਹਲੇ ਤੇ ਨਿਕੰਮੇ ਆਦਮੀ ਉਸ ਕੋਲ ਇਕੱਠੇ ਹੁੰਦੇ ਗਏ। ਉਹ ਸੁਲੇਮਾਨ ਦੇ ਪੁੱਤਰ ਰਹਬੁਆਮ ਉੱਤੇ ਭਾਰੀ ਪੈ ਗਏ ਜਦੋਂ ਰਹਬੁਆਮ ਅਜੇ ਨੌਜਵਾਨ ਤੇ ਬੁਜ਼ਦਿਲ ਸੀ ਅਤੇ ਉਹ ਉਨ੍ਹਾਂ ਅੱਗੇ ਟਿਕ ਨਾ ਸਕਿਆ।
8 “ਅਤੇ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਯਹੋਵਾਹ ਦੇ ਰਾਜ ਦੇ ਅੱਗੇ ਟਿਕ ਸਕਦੇ ਹੋ ਜੋ ਦਾਊਦ ਦੇ ਪੁੱਤਰਾਂ ਦੇ ਹੱਥ ਵਿਚ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਹੋ ਅਤੇ ਤੁਹਾਡੇ ਕੋਲ ਸੋਨੇ ਦੇ ਵੱਛੇ ਵੀ ਹਨ ਜੋ ਯਾਰਾਬੁਆਮ ਨੇ ਤੁਹਾਡੇ ਦੇਵਤਿਆਂ ਵਜੋਂ ਬਣਾਏ ਹਨ।+
9 ਕੀ ਤੁਸੀਂ ਯਹੋਵਾਹ ਦੇ ਪੁਜਾਰੀਆਂ ਨੂੰ, ਹਾਂ, ਹਾਰੂਨ ਦੀ ਔਲਾਦ ਨੂੰ ਅਤੇ ਲੇਵੀਆਂ ਨੂੰ ਭਜਾ ਨਹੀਂ ਦਿੱਤਾ?+ ਕੀ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਵਾਂਗ ਆਪਣੇ ਹੀ ਪੁਜਾਰੀ ਨਹੀਂ ਠਹਿਰਾਏ?+ ਜੋ ਕੋਈ ਵੀ ਇਕ ਜਵਾਨ ਬਲਦ ਅਤੇ ਸੱਤ ਭੇਡੂਆਂ ਨਾਲ ਆਉਂਦਾ ਹੈ,* ਉਹ ਉਨ੍ਹਾਂ ਦੇਵਤਿਆਂ ਦਾ ਪੁਜਾਰੀ ਬਣ ਜਾਂਦਾ ਹੈ ਜੋ ਅਸਲ ਵਿਚ ਦੇਵਤੇ ਹੈ ਹੀ ਨਹੀਂ।
10 ਪਰ ਸਾਡਾ ਪਰਮੇਸ਼ੁਰ ਯਹੋਵਾਹ ਹੈ+ ਅਤੇ ਅਸੀਂ ਉਸ ਨੂੰ ਨਹੀਂ ਛੱਡਿਆ; ਹਾਰੂਨ ਦੇ ਵੰਸ਼ ਵਿੱਚੋਂ ਸਾਡੇ ਪੁਜਾਰੀ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਲੇਵੀ ਉਨ੍ਹਾਂ ਦੇ ਕੰਮ ਵਿਚ ਮਦਦ ਕਰ ਰਹੇ ਹਨ।
11 ਉਹ ਹਰ ਸਵੇਰ ਤੇ ਹਰ ਸ਼ਾਮ+ ਖ਼ੁਸ਼ਬੂਦਾਰ ਧੂਪ ਧੁਖਾਉਣ+ ਦੇ ਨਾਲ-ਨਾਲ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾ ਰਹੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਖਾਲਸ ਸੋਨੇ ਦੇ ਬਣੇ ਮੇਜ਼ ’ਤੇ ਰੋਟੀਆਂ ਚਿਣ ਕੇ*+ ਰੱਖਦੇ ਹਨ ਅਤੇ ਉਹ ਹਰ ਸ਼ਾਮ ਸੋਨੇ ਦਾ ਸ਼ਮਾਦਾਨ+ ਤੇ ਉਸ ਦੇ ਦੀਵੇ ਜਗਾਉਂਦੇ ਹਨ+ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ; ਪਰ ਤੁਸੀਂ ਉਸ ਨੂੰ ਛੱਡ ਦਿੱਤਾ ਹੈ।
12 ਹੁਣ ਦੇਖੋ! ਸੱਚਾ ਪਰਮੇਸ਼ੁਰ ਸਾਡੇ ਨਾਲ ਹੈ ਅਤੇ ਉਹ ਆਪਣੇ ਪੁਜਾਰੀਆਂ ਸਮੇਤ ਤੁਹਾਡੇ ਵਿਰੁੱਧ ਯੁੱਧ ਦਾ ਐਲਾਨ ਕਰਨ ਲਈ ਤੁਰ੍ਹੀਆਂ ਨਾਲ ਸਾਡੀ ਅਗਵਾਈ ਕਰ ਰਿਹਾ ਹੈ। ਹੇ ਇਜ਼ਰਾਈਲ ਦੇ ਆਦਮੀਓ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵਿਰੁੱਧ ਨਾ ਲੜੋ ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਗੇ।”+
13 ਪਰ ਯਾਰਾਬੁਆਮ ਨੇ ਇਕ ਫ਼ੌਜੀ ਟੁਕੜੀ ਨੂੰ ਘਾਤ ਲਾ ਕੇ ਉਨ੍ਹਾਂ ਦੇ ਪਿੱਛੇ ਬਿਠਾਇਆ ਜਿਸ ਕਰਕੇ ਉਸ ਦੀ ਬਾਕੀ ਫ਼ੌਜ ਯਹੂਦਾਹ ਦੇ ਸਾਮ੍ਹਣੇ ਸੀ ਅਤੇ ਘਾਤ ਲਾ ਕੇ ਬੈਠੇ ਫ਼ੌਜੀ ਉਨ੍ਹਾਂ ਦੇ ਪਿੱਛੇ ਸਨ।
14 ਜਦੋਂ ਯਹੂਦਾਹ ਦੇ ਆਦਮੀ ਮੁੜੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਅੱਗਿਓਂ ਤੇ ਪਿੱਛਿਓਂ ਦੋਹਾਂ ਪਾਸਿਓਂ ਲੜਨਾ ਪੈਣਾ ਸੀ। ਇਸ ਲਈ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ+ ਤੇ ਪੁਜਾਰੀ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ।
15 ਯਹੂਦਾਹ ਦੇ ਆਦਮੀਆਂ ਨੇ ਯੁੱਧ ਦਾ ਜੈਕਾਰਾ ਲਾਇਆ ਅਤੇ ਜਦੋਂ ਯਹੂਦਾਹ ਦੇ ਆਦਮੀਆਂ ਨੇ ਯੁੱਧ ਦਾ ਹੋਕਾ ਦਿੱਤਾ, ਤਾਂ ਸੱਚੇ ਪਰਮੇਸ਼ੁਰ ਨੇ ਯਾਰਾਬੁਆਮ ਅਤੇ ਸਾਰੇ ਇਜ਼ਰਾਈਲ ਨੂੰ ਅਬੀਯਾਹ ਅਤੇ ਯਹੂਦਾਹ ਅੱਗੋਂ ਹਰਾ ਦਿੱਤਾ।
16 ਇਜ਼ਰਾਈਲੀ ਯਹੂਦਾਹ ਦੇ ਅੱਗਿਓਂ ਭੱਜ ਗਏ ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ।
17 ਅਬੀਯਾਹ ਤੇ ਉਸ ਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ ਅਤੇ ਇਜ਼ਰਾਈਲ ਦੇ 5,00,000 ਸਿਖਲਾਈ-ਪ੍ਰਾਪਤ* ਆਦਮੀ ਮਾਰੇ ਗਏ।
18 ਇਸ ਤਰ੍ਹਾਂ ਇਜ਼ਰਾਈਲ ਦੇ ਆਦਮੀਆਂ ਨੂੰ ਉਸ ਵੇਲੇ ਨੀਵਾਂ ਕੀਤਾ ਗਿਆ, ਪਰ ਯਹੂਦਾਹ ਦੇ ਆਦਮੀਆਂ ਦੀ ਜਿੱਤ ਹੋਈ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖਿਆ।*+
19 ਅਬੀਯਾਹ ਯਾਰਾਬੁਆਮ ਦਾ ਪਿੱਛਾ ਕਰਦਾ ਰਿਹਾ ਅਤੇ ਉਸ ਤੋਂ ਇਹ ਸ਼ਹਿਰ ਖੋਹ ਲਏ: ਬੈਤੇਲ+ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਯਸ਼ਾਨਾਹ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਅਫਰੈਨ+ ਤੇ ਇਸ ਦੇ ਅਧੀਨ ਆਉਂਦੇ ਕਸਬੇ।
20 ਅਬੀਯਾਹ ਦੇ ਸਮੇਂ ਵਿਚ ਯਾਰਾਬੁਆਮ ਫਿਰ ਕਦੇ ਵੀ ਪਹਿਲਾਂ ਵਾਂਗ ਤਾਕਤ ਹਾਸਲ ਨਹੀਂ ਕਰ ਸਕਿਆ; ਫਿਰ ਯਹੋਵਾਹ ਨੇ ਉਸ ਨੂੰ ਮਾਰਿਆ ਤੇ ਉਹ ਮਰ ਗਿਆ।+
21 ਪਰ ਅਬੀਯਾਹ ਤਾਕਤਵਰ ਹੁੰਦਾ ਗਿਆ। ਸਮਾਂ ਬੀਤਣ ਤੇ ਉਸ ਨੇ 14 ਔਰਤਾਂ ਨਾਲ ਵਿਆਹ ਕਰਾਏ+ ਅਤੇ ਉਸ ਦੇ 22 ਪੁੱਤਰ ਤੇ 16 ਧੀਆਂ ਹੋਈਆਂ।
22 ਅਬੀਯਾਹ ਦੀ ਬਾਕੀ ਕਹਾਣੀ, ਉਸ ਦੇ ਕੰਮ ਅਤੇ ਉਸ ਦੀਆਂ ਗੱਲਾਂ ਇੱਦੋ ਨਬੀ ਦੀਆਂ ਲਿਖਤਾਂ* ਵਿਚ ਦਰਜ ਹਨ।+
ਫੁਟਨੋਟ
^ ਇਬ, “ਚੁਣੇ ਹੋਏ।”
^ ਇਬ, “ਚੁਣੇ ਹੋਏ।”
^ ਯਾਨੀ, ਸਦਾ ਦਾ ਤੇ ਕਦੇ ਨਾ ਬਦਲਣ ਵਾਲਾ ਇਕਰਾਰ।
^ ਇਬ, “ਨਾਲ ਆਪਣਾ ਹੱਥ ਭਰਨ ਆਉਂਦਾ ਹੈ।”
^ ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
^ ਇਬ, “ਚੁਣੇ ਹੋਏ।”
^ ਇਬ, “ਦਾ ਸਹਾਰਾ ਲਿਆ।”
^ ਜਾਂ, “ਆਲੇ-ਦੁਆਲੇ ਦੇ।”
^ ਜਾਂ, “ਵਰਣਨ; ਟਿੱਪਣੀ।”