ਦੂਜਾ ਇਤਿਹਾਸ 19:1-11

  • ਯੇਹੂ ਨੇ ਯਹੋਸ਼ਾਫ਼ਾਟ ਨੂੰ ਝਿੜਕਿਆ (1-3)

  • ਯਹੋਸ਼ਾਫ਼ਾਟ ਦੁਆਰਾ ਸੁਧਾਰ (4-11)

19  ਫਿਰ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸਹੀ-ਸਲਾਮਤ*+ ਯਰੂਸ਼ਲਮ ਵਿਚ ਆਪਣੇ ਮਹਿਲ ਮੁੜ ਆਇਆ।  ਦਰਸ਼ੀ ਹਨਾਨੀ+ ਦਾ ਪੁੱਤਰ ਯੇਹੂ+ ਰਾਜਾ ਯਹੋਸ਼ਾਫ਼ਾਟ ਨੂੰ ਮਿਲਣ ਆਇਆ ਤੇ ਕਿਹਾ: “ਕੀ ਤੈਨੂੰ ਇਕ ਦੁਸ਼ਟ ਦੀ ਮਦਦ ਕਰਨੀ ਚਾਹੀਦੀ ਹੈ+ ਅਤੇ ਕੀ ਤੈਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਯਹੋਵਾਹ ਨਾਲ ਨਫ਼ਰਤ ਕਰਦੇ ਹਨ?+ ਇਸੇ ਕਰਕੇ ਯਹੋਵਾਹ ਦਾ ਗੁੱਸਾ ਤੇਰੇ ’ਤੇ ਭੜਕਿਆ ਹੈ।  ਪਰ ਤੇਰੇ ਵਿਚ ਚੰਗੀਆਂ ਗੱਲਾਂ ਦੇਖੀਆਂ ਗਈਆਂ ਹਨ+ ਕਿਉਂਕਿ ਤੂੰ ਦੇਸ਼ ਵਿੱਚੋਂ ਪੂਜਾ-ਖੰਭਿਆਂ* ਨੂੰ ਹਟਾਇਆ ਅਤੇ ਸੱਚੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ।”*+  ਯਹੋਸ਼ਾਫ਼ਾਟ ਯਰੂਸ਼ਲਮ ਵਿਚ ਹੀ ਰਿਹਾ ਅਤੇ ਉਹ ਦੁਬਾਰਾ ਬਏਰ-ਸ਼ਬਾ ਤੋਂ ਲੈ ਕੇ ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਲੋਕਾਂ ਕੋਲ ਗਿਆ ਤਾਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਕੋਲ ਵਾਪਸ ਲਿਆਵੇ।+  ਉਸ ਨੇ ਸਾਰੇ ਯਹੂਦਾਹ ਦੇਸ਼ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ, ਹਾਂ, ਇਕ-ਇਕ ਸ਼ਹਿਰ ਵਿਚ ਨਿਆਂਕਾਰ ਵੀ ਠਹਿਰਾਏ।+  ਉਸ ਨੇ ਨਿਆਂਕਾਰਾਂ ਨੂੰ ਕਿਹਾ: “ਜੋ ਤੁਸੀਂ ਕਰਦੇ ਹੋ, ਧਿਆਨ ਨਾਲ ਕਰੋ ਕਿਉਂਕਿ ਤੁਸੀਂ ਕਿਸੇ ਇਨਸਾਨ ਵੱਲੋਂ ਨਿਆਂ ਨਹੀਂ ਕਰਦੇ, ਸਗੋਂ ਯਹੋਵਾਹ ਵੱਲੋਂ ਕਰਦੇ ਹੋ ਅਤੇ ਨਿਆਂ ਕਰਦੇ ਸਮੇਂ ਉਹ ਤੁਹਾਡੇ ਨਾਲ ਹੁੰਦਾ ਹੈ।+  ਤੁਸੀਂ ਯਹੋਵਾਹ ਦਾ ਡਰ ਮੰਨੋ।+ ਆਪਣਾ ਕੰਮ ਸੰਭਲ ਕੇ ਕਰੋ ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਨਾ ਅਨਿਆਂ ਕਰਦਾ,+ ਨਾ ਪੱਖਪਾਤ ਕਰਦਾ+ ਤੇ ਨਾ ਹੀ ਰਿਸ਼ਵਤ ਲੈਂਦਾ ਹੈ।”+  ਯਰੂਸ਼ਲਮ ਵਿਚ ਵੀ ਯਹੋਸ਼ਾਫ਼ਾਟ ਨੇ ਕੁਝ ਲੇਵੀਆਂ ਤੇ ਪੁਜਾਰੀਆਂ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੂੰ ਯਹੋਵਾਹ ਲਈ ਨਿਆਂਕਾਰਾਂ ਵਜੋਂ ਸੇਵਾ ਕਰਨ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਕਾਨੂੰਨੀ ਮਾਮਲਿਆਂ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ।+  ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਤੁਹਾਨੂੰ ਯਹੋਵਾਹ ਦਾ ਡਰ ਮੰਨਦੇ ਹੋਏ ਵਫ਼ਾਦਾਰੀ ਅਤੇ ਪੂਰੇ* ਦਿਲ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ: 10  ਜਦੋਂ ਵੀ ਤੁਹਾਡੇ ਭਰਾ, ਜੋ ਆਪਣੇ ਸ਼ਹਿਰਾਂ ਵਿਚ ਰਹਿੰਦੇ ਹਨ, ਕੋਈ ਕਾਨੂੰਨੀ ਮਾਮਲਾ ਲੈ ਕੇ ਆਉਣ ਜੋ ਖ਼ੂਨ ਕਰਨ ਬਾਰੇ ਹੋਵੇ+ ਜਾਂ ਜੋ ਕਿਸੇ ਕਾਨੂੰਨ, ਹੁਕਮ, ਨਿਯਮਾਂ ਜਾਂ ਨਿਆਵਾਂ ਸੰਬੰਧੀ ਸਵਾਲ ਹੋਵੇ, ਤਾਂ ਤੁਸੀਂ ਉਨ੍ਹਾਂ ਨੂੰ ਖ਼ਬਰਦਾਰ ਕਰਿਓ ਤਾਂਕਿ ਉਹ ਯਹੋਵਾਹ ਅੱਗੇ ਦੋਸ਼ੀ ਨਾ ਠਹਿਰਨ; ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ’ਤੇ ਅਤੇ ਤੁਹਾਡੇ ਭਰਾਵਾਂ ’ਤੇ ਭੜਕੇਗਾ। ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂਕਿ ਤੁਸੀਂ ਦੋਸ਼ੀ ਨਾ ਠਹਿਰੋ। 11  ਦੇਖੋ, ਯਹੋਵਾਹ ਨਾਲ ਸੰਬੰਧਿਤ ਹਰ ਮਾਮਲੇ ਦੀ ਦੇਖ-ਰੇਖ ਕਰਨ ਲਈ ਤੁਹਾਡੇ ’ਤੇ ਮੁੱਖ ਪੁਜਾਰੀ ਅਮਰਯਾਹ ਨੂੰ ਠਹਿਰਾਇਆ ਗਿਆ ਹੈ।+ ਰਾਜੇ ਨਾਲ ਜੁੜੇ ਹਰ ਮਾਮਲੇ ਲਈ ਯਹੂਦਾਹ ਦੇ ਘਰਾਣੇ ’ਤੇ ਇਸਮਾਏਲ ਦੇ ਪੁੱਤਰ ਜ਼ਬਦਯਾਹ ਨੂੰ ਆਗੂ ਠਹਿਰਾਇਆ ਗਿਆ ਹੈ। ਲੇਵੀ ਤੁਹਾਡੇ ਅਧਿਕਾਰੀਆਂ ਵਜੋਂ ਸੇਵਾ ਕਰਨਗੇ। ਤਕੜੇ ਹੋਵੋ ਤੇ ਕਦਮ ਚੁੱਕੋ ਅਤੇ ਯਹੋਵਾਹ ਉਨ੍ਹਾਂ ਨਾਲ ਹੋਵੇ ਜੋ ਉਹੀ ਕਰਦੇ ਹਨ ਜੋ ਚੰਗਾ ਹੈ।”*+

ਫੁਟਨੋਟ

ਜਾਂ, “ਸ਼ਾਂਤੀ ਨਾਲ।”
ਜਾਂ, “ਲਈ ਤੇਰੇ ਦਿਲ ਨੇ ਠਾਣ ਲਈ।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਜਾਂ, “ਤੁਹਾਡੇ ਕੀਤੇ ਜਾਂਦੇ ਚੰਗੇ ਕੰਮਾਂ ’ਤੇ ਬਰਕਤ ਪਾਵੇ।”