ਦੂਜਾ ਇਤਿਹਾਸ 21:1-20

  • ਯਹੂਦਾਹ ਦਾ ਰਾਜਾ ਯਹੋਰਾਮ (1-11)

  • ਏਲੀਯਾਹ ਵੱਲੋਂ ਲਿਖਤੀ ਸੰਦੇਸ਼ (12-15)

  • ਯਹੋਰਾਮ ਦਾ ਬੁਰਾ ਅੰਤ (16-20)

21  ਫਿਰ ਯਹੋਸ਼ਾਫ਼ਾਟ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦਾ ਪੁੱਤਰ ਯਹੋਰਾਮ ਉਸ ਦੀ ਜਗ੍ਹਾ ਰਾਜਾ ਬਣ ਗਿਆ।+  ਉਸ ਦੇ ਭਰਾ ਯਾਨੀ ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸ਼ਫਟਯਾਹ ਸਨ; ਇਹ ਸਾਰੇ ਇਜ਼ਰਾਈਲ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਸਨ।  ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਬਹੁਤ ਸਾਰੇ ਤੋਹਫ਼ੇ, ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਕਿਲੇਬੰਦ ਸ਼ਹਿਰ ਦਿੱਤੇ ਸਨ;+ ਪਰ ਉਸ ਨੇ ਰਾਜ ਯਹੋਰਾਮ ਨੂੰ ਦਿੱਤਾ+ ਕਿਉਂਕਿ ਉਹ ਜੇਠਾ ਸੀ।  ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ, ਤਾਂ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਅਤੇ ਇਜ਼ਰਾਈਲ ਦੇ ਕੁਝ ਹਾਕਮਾਂ ਨੂੰ ਤਲਵਾਰ ਨਾਲ ਮਾਰ ਕੇ ਰਾਜ ’ਤੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ।+  ਯਹੋਰਾਮ 32 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+  ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹ ’ਤੇ ਚੱਲਦਾ ਰਿਹਾ,+ ਠੀਕ ਜਿਵੇਂ ਅਹਾਬ ਦੇ ਘਰਾਣੇ ਦੇ ਰਾਜੇ ਚੱਲੇ ਸਨ ਕਿਉਂਕਿ ਉਸ ਨੇ ਅਹਾਬ ਦੀ ਧੀ ਨਾਲ ਵਿਆਹ ਕੀਤਾ;+ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।  ਪਰ ਯਹੋਵਾਹ ਦਾਊਦ ਨਾਲ ਕੀਤੇ ਇਕਰਾਰ ਦੀ ਖ਼ਾਤਰ ਦਾਊਦ ਦੇ ਘਰਾਣੇ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+  ਯਹੋਰਾਮ ਦੇ ਦਿਨਾਂ ਵਿਚ ਅਦੋਮ ਨੇ ਯਹੂਦਾਹ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਫਿਰ ਆਪਣੇ ਲਈ ਇਕ ਰਾਜਾ ਠਹਿਰਾਇਆ।+  ਇਸ ਲਈ ਯਹੋਰਾਮ ਅਤੇ ਉਸ ਦੇ ਸੈਨਾਪਤੀ ਉਸ ਦੇ ਸਾਰੇ ਰਥਾਂ ਸਣੇ ਉਸ ਪਾਰ ਗਏ ਅਤੇ ਉਹ ਰਾਤ ਨੂੰ ਉੱਠਿਆ ਤੇ ਉਸ ਨੇ ਅਦੋਮੀਆਂ ਨੂੰ ਹਰਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸੈਨਾਪਤੀਆਂ ਨੂੰ ਘੇਰਿਆ ਹੋਇਆ ਸੀ। 10  ਪਰ ਅਦੋਮ ਅੱਜ ਤਕ ਯਹੂਦਾਹ ਖ਼ਿਲਾਫ਼ ਬਗਾਵਤ ਕਰਦਾ ਆਇਆ ਹੈ। ਲਿਬਨਾਹ+ ਨੇ ਵੀ ਉਸ ਸਮੇਂ ਉਸ ਖ਼ਿਲਾਫ਼ ਬਗਾਵਤ ਕੀਤੀ ਸੀ ਕਿਉਂਕਿ ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ।+ 11  ਯਰੂਸ਼ਲਮ ਦੇ ਵਾਸੀਆਂ ਕੋਲੋਂ ਓਪਰੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ ਕਰਾਉਣ ਲਈ* ਉਸ ਨੇ ਯਹੂਦਾਹ ਦੇ ਪਹਾੜਾਂ ਉੱਤੇ ਉੱਚੀਆਂ ਥਾਵਾਂ ਵੀ ਬਣਾਈਆਂ+ ਅਤੇ ਉਸ ਨੇ ਯਹੂਦਾਹ ਨੂੰ ਕੁਰਾਹੇ ਪਾ ਦਿੱਤਾ। 12  ਅਖ਼ੀਰ ਉਸ ਕੋਲ ਏਲੀਯਾਹ+ ਨਬੀ ਦਾ ਇਹ ਲਿਖਤੀ ਸੰਦੇਸ਼ ਆਇਆ: “ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਤੂੰ ਆਪਣੇ ਪਿਤਾ ਯਹੋਸ਼ਾਫ਼ਾਟ+ ਦੇ ਰਾਹਾਂ ’ਤੇ ਨਹੀਂ ਚੱਲਿਆ ਤੇ ਨਾ ਹੀ ਯਹੂਦਾਹ ਦੇ ਰਾਜੇ ਆਸਾ+ ਦੇ ਰਾਹਾਂ ’ਤੇ ਚੱਲਿਆ। 13  ਪਰ ਤੂੰ ਇਜ਼ਰਾਈਲ ਦੇ ਰਾਜਿਆਂ ਦੇ ਰਾਹ ’ਤੇ ਚੱਲਦਾ ਹੈਂ+ ਅਤੇ ਤੂੰ ਯਹੂਦਾਹ ਕੋਲੋਂ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਓਪਰੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ ਕਰਵਾਈ*+ ਜਿਵੇਂ ਅਹਾਬ ਦੇ ਘਰਾਣੇ ਨੇ ਹਰਾਮਕਾਰੀ ਕੀਤੀ ਸੀ।+ ਹੋਰ ਤਾਂ ਹੋਰ, ਤੂੰ ਤਾਂ ਆਪਣੇ ਭਰਾਵਾਂ ਦਾ ਵੀ ਕਤਲ ਕਰ ਦਿੱਤਾ,+ ਹਾਂ, ਆਪਣੇ ਪਿਤਾ ਦੇ ਘਰਾਣੇ ਦਾ ਜੋ ਤੇਰੇ ਨਾਲੋਂ ਬਿਹਤਰ ਸਨ। 14  ਇਸ ਲਈ ਯਹੋਵਾਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੇ ਸਾਰੇ ਮਾਲ-ਧਨ ਉੱਤੇ ਵੱਡਾ ਕਹਿਰ ਢਾਹੇਗਾ। 15  ਤੈਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗ ਜਾਣਗੀਆਂ, ਨਾਲੇ ਆਂਦਰਾਂ ਦੀ ਬੀਮਾਰੀ ਵੀ। ਇਹ ਬੀਮਾਰੀ ਦਿਨ-ਬਦਿਨ ਇੰਨੀ ਵਧਦੀ ਜਾਵੇਗੀ ਕਿ ਤੇਰੀਆਂ ਆਂਦਰਾਂ ਬਾਹਰ ਆ ਜਾਣਗੀਆਂ।’” 16  ਫਿਰ ਯਹੋਵਾਹ ਨੇ ਫਲਿਸਤੀਆਂ+ ਨੂੰ* ਅਤੇ ਅਰਬੀਆਂ+ ਨੂੰ, ਜੋ ਇਥੋਪੀਆ ਦੇ ਲੋਕਾਂ ਦੇ ਨੇੜੇ ਸਨ, ਯਹੋਰਾਮ ਦੇ ਖ਼ਿਲਾਫ਼ ਉਕਸਾਇਆ।+ 17  ਇਸ ਲਈ ਉਨ੍ਹਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ ਤੇ ਉਹ ਜ਼ਬਰਦਸਤੀ ਅੰਦਰ ਵੜ ਗਏ ਤੇ ਉਨ੍ਹਾਂ ਨੂੰ ਰਾਜੇ ਦੇ ਮਹਿਲ+ ਵਿਚ ਜਿੰਨੀਆਂ ਚੀਜ਼ਾਂ ਮਿਲੀਆਂ, ਉਹ ਸਾਰੀਆਂ ਲੈ ਗਏ, ਨਾਲੇ ਉਸ ਦੇ ਪੁੱਤਰਾਂ ਤੇ ਉਸ ਦੀਆਂ ਪਤਨੀਆਂ ਨੂੰ ਵੀ; ਉਸ ਕੋਲ ਉਸ ਦਾ ਸਿਰਫ਼ ਇੱਕੋ ਪੁੱਤਰ ਯਹੋਆਹਾਜ਼*+ ਰਹਿ ਗਿਆ ਜੋ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ। 18  ਇਹ ਸਭ ਹੋਣ ਤੋਂ ਬਾਅਦ, ਯਹੋਵਾਹ ਨੇ ਉਸ ਨੂੰ ਆਂਦਰਾਂ ਦੀ ਇਕ ਲਾਇਲਾਜ ਬੀਮਾਰੀ ਲਾ ਦਿੱਤੀ।+ 19  ਕੁਝ ਸਮੇਂ ਬਾਅਦ, ਜਦੋਂ ਪੂਰੇ ਦੋ ਸਾਲ ਬੀਤ ਗਏ, ਤਾਂ ਉਸ ਦੀ ਬੀਮਾਰੀ ਕਰਕੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਆਪਣੀ ਬੀਮਾਰੀ ਕਰਕੇ ਬਹੁਤ ਜ਼ਿਆਦਾ ਦੁੱਖ ਝੱਲਦੇ ਹੋਏ ਮਰ ਗਿਆ; ਅਤੇ ਉਸ ਦੇ ਲੋਕਾਂ ਨੇ ਉਸ ਲਈ ਅੱਗ ਨਹੀਂ ਬਾਲ਼ੀ ਜਿਵੇਂ ਉਸ ਦੇ ਪਿਉ-ਦਾਦਿਆਂ ਲਈ ਬਾਲ਼ੀ ਗਈ ਸੀ।+ 20  ਉਹ 32 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਤੇ ਉਸ ਨੇ ਯਰੂਸ਼ਲਮ ਵਿਚ ਅੱਠ ਸਾਲ ਰਾਜ ਕੀਤਾ। ਕਿਸੇ ਨੂੰ ਵੀ ਉਸ ਦੀ ਮੌਤ ਦਾ ਅਫ਼ਸੋਸ ਨਹੀਂ ਹੋਇਆ। ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ,+ ਪਰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ।+

ਫੁਟਨੋਟ

ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਾਉਣ ਲਈ।
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਵਾਈ।
ਇਬ, “ਫਲਿਸਤੀਆਂ ਦੇ ਮਨ ਨੂੰ।”
ਇਸ ਨੂੰ ਅਹਜ਼ਯਾਹ ਵੀ ਕਿਹਾ ਜਾਂਦਾ ਹੈ।