ਦੂਜਾ ਇਤਿਹਾਸ 22:1-12

  • ਯਹੂਦਾਹ ਦਾ ਰਾਜਾ ਅਹਜ਼ਯਾਹ (1-9)

  • ਅਥਲਯਾਹ ਨੇ ਰਾਜ-ਗੱਦੀ ਹੜੱਪੀ (10-12)

22  ਫਿਰ ਯਰੂਸ਼ਲਮ ਦੇ ਵਾਸੀਆਂ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਅਹਜ਼ਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ ਕਿਉਂਕਿ ਅਰਬੀਆਂ ਨਾਲ ਛਾਉਣੀ ਵਿਚ ਆਈ ਲੁਟੇਰਿਆਂ ਦੀ ਟੋਲੀ ਨੇ ਸਾਰੇ ਵੱਡੇ ਮੁੰਡਿਆਂ ਦਾ ਕਤਲ ਕਰ ਦਿੱਤਾ ਸੀ।+ ਇਸ ਲਈ ਯਹੋਰਾਮ ਦਾ ਪੁੱਤਰ ਅਹਜ਼ਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।+  ਅਹਜ਼ਯਾਹ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਇਕ ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਥਲਯਾਹ+ ਸੀ ਜੋ ਆਮਰੀ+ ਦੀ ਪੋਤੀ* ਸੀ।  ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ’ਤੇ ਚੱਲਿਆ+ ਕਿਉਂਕਿ ਉਸ ਦੀ ਮਾਤਾ ਉਸ ਨੂੰ ਦੁਸ਼ਟ ਕੰਮ ਕਰਨ ਦੀ ਸਲਾਹ ਦਿੰਦੀ ਸੀ।  ਉਹ ਅਹਾਬ ਦੇ ਘਰਾਣੇ ਵਾਂਗ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਅਹਾਬ ਦਾ ਘਰਾਣਾ ਉਸ ਦਾ ਸਲਾਹਕਾਰ ਬਣ ਗਿਆ ਜਿਸ ਕਾਰਨ ਉਹ ਤਬਾਹ ਹੋ ਗਿਆ।  ਉਹ ਉਨ੍ਹਾਂ ਦੀ ਸਲਾਹ ਮੰਨ ਕੇ ਇਜ਼ਰਾਈਲ ਦੇ ਰਾਜੇ ਅਹਾਬ ਦੇ ਪੁੱਤਰ ਯਹੋਰਾਮ ਨਾਲ ਸੀਰੀਆ ਦੇ ਰਾਜੇ ਹਜ਼ਾਏਲ+ ਖ਼ਿਲਾਫ਼ ਰਾਮੋਥ-ਗਿਲਆਦ+ ਵਿਚ ਯੁੱਧ ਲੜਨ ਗਿਆ ਜਿੱਥੇ ਤੀਰਅੰਦਾਜ਼ਾਂ ਨੇ ਯਹੋਰਾਮ ਨੂੰ ਜ਼ਖ਼ਮੀ ਕਰ ਦਿੱਤਾ।  ਉਹ ਯਿਜ਼ਰਾਏਲ+ ਵਾਪਸ ਚਲਾ ਗਿਆ ਤਾਂਕਿ ਉਸ ਦੇ ਜ਼ਖ਼ਮ ਭਰ ਜਾਣ ਕਿਉਂਕਿ ਉਨ੍ਹਾਂ ਨੇ ਉਸ ਨੂੰ ਰਾਮਾਹ ਵਿਚ ਜ਼ਖ਼ਮੀ ਕਰ ਦਿੱਤਾ ਸੀ ਜਦੋਂ ਉਹ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਲੜਿਆ ਸੀ।+ ਯਹੂਦਾਹ ਦੇ ਰਾਜੇ ਯਹੋਰਾਮ+ ਦਾ ਪੁੱਤਰ ਅਹਜ਼ਯਾਹ* ਅਹਾਬ ਦੇ ਪੁੱਤਰ ਯਹੋਰਾਮ+ ਨੂੰ ਯਿਜ਼ਰਾਏਲ ਵਿਚ ਦੇਖਣ ਗਿਆ ਕਿਉਂਕਿ ਉਹ ਜ਼ਖ਼ਮੀ ਹੋ ਗਿਆ ਸੀ।*+  ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+  ਜਦੋਂ ਯੇਹੂ ਨੇ ਅਹਾਬ ਦੇ ਘਰਾਣੇ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ, ਤਾਂ ਉਸ ਨੇ ਯਹੂਦਾਹ ਦੇ ਹਾਕਮਾਂ ਅਤੇ ਅਹਜ਼ਯਾਹ ਦੇ ਭਤੀਜਿਆਂ ਨੂੰ ਦੇਖਿਆ ਜੋ ਅਹਜ਼ਯਾਹ ਦੇ ਮੰਤਰੀ ਸਨ ਅਤੇ ਉਸ ਨੇ ਉਨ੍ਹਾਂ ਨੂੰ ਮਾਰ ਦਿੱਤਾ।+  ਫਿਰ ਉਹ ਅਹਜ਼ਯਾਹ ਨੂੰ ਲੱਭਣ ਲੱਗਾ; ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿਚ ਫੜ ਲਿਆ ਜਿੱਥੇ ਉਹ ਲੁਕਿਆ ਹੋਇਆ ਸੀ ਅਤੇ ਉਹ ਉਸ ਨੂੰ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਨੂੰ ਦਫ਼ਨਾ ਦਿੱਤਾ+ ਕਿਉਂਕਿ ਉਨ੍ਹਾਂ ਨੇ ਕਿਹਾ: “ਇਹ ਯਹੋਸ਼ਾਫ਼ਾਟ ਦਾ ਪੋਤਾ ਹੈ ਜਿਸ ਨੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਭਾਲ ਕੀਤੀ ਸੀ।”+ ਅਹਜ਼ਯਾਹ ਦੇ ਘਰਾਣੇ ਵਿਚ ਅਜਿਹਾ ਕੋਈ ਨਹੀਂ ਸੀ ਜਿਸ ਵਿਚ ਰਾਜ ਨੂੰ ਸੰਭਾਲਣ ਦੀ ਤਾਕਤ ਹੋਵੇ। 10  ਜਦੋਂ ਅਹਜ਼ਯਾਹ ਦੀ ਮਾਤਾ ਅਥਲਯਾਹ+ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਹ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ* ਨੂੰ ਮਾਰਨ ਲਈ ਉੱਠੀ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਸਨ।+ 11  ਪਰ ਰਾਜੇ ਦੀ ਧੀ ਯਹੋਸ਼ਬਥ ਨੇ ਰਾਜੇ ਦੇ ਉਨ੍ਹਾਂ ਪੁੱਤਰਾਂ ਵਿੱਚੋਂ ਅਹਜ਼ਯਾਹ ਦੇ ਮੁੰਡੇ ਯਹੋਆਸ਼+ ਨੂੰ ਚੁਰਾ ਲਿਆ ਜਿਨ੍ਹਾਂ ਨੂੰ ਮਾਰਿਆ ਜਾਣਾ ਸੀ। ਉਸ ਨੇ ਉਸ ਨੂੰ ਅਤੇ ਉਸ ਦੀ ਦਾਈ ਨੂੰ ਇਕ ਕੋਠੜੀ ਵਿਚ ਲੁਕੋ ਦਿੱਤਾ। ਰਾਜਾ ਯਹੋਰਾਮ+ ਦੀ ਧੀ ਯਹੋਸ਼ਬਥ (ਉਹ ਯਹੋਯਾਦਾ+ ਪੁਜਾਰੀ ਦੀ ਪਤਨੀ ਅਤੇ ਅਹਜ਼ਯਾਹ ਦੀ ਭੈਣ ਸੀ) ਉਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਅਥਲਯਾਹ ਤੋਂ ਲੁਕਾਉਣ ਵਿਚ ਕਾਮਯਾਬ ਹੋ ਗਈ ਤਾਂਕਿ ਉਹ ਉਸ ਨੂੰ ਮਾਰ ਨਾ ਸਕੇ।+ 12  ਉਹ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਉਨ੍ਹਾਂ ਨਾਲ ਛੇ ਸਾਲ ਲੁਕਿਆ ਰਿਹਾ। ਉਸ ਸਮੇਂ ਦੌਰਾਨ ਅਥਲਯਾਹ ਦੇਸ਼ ’ਤੇ ਰਾਜ ਕਰਦੀ ਰਹੀ।

ਫੁਟਨੋਟ

ਇਬ, “ਧੀ।”
ਜਾਂ, “ਉਹ ਬੀਮਾਰ ਸੀ।”
ਕੁਝ ਇਬਰਾਨੀ ਹੱਥ-ਲਿਖਤਾਂ ਵਿਚ “ਅਜ਼ਰਯਾਹ।”
ਇਬ, “ਪੁੱਤਰ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਇਬ, “ਰਾਜ ਦੇ ਸਾਰੇ ਬੀ।”