ਦੂਜਾ ਇਤਿਹਾਸ 24:1-27
24 ਯਹੋਆਸ਼ ਸੱਤ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ+ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਸਿਬਯਾਹ ਸੀ ਜੋ ਬਏਰ-ਸ਼ਬਾ ਦੀ ਰਹਿਣ ਵਾਲੀ ਸੀ।+
2 ਯਹੋਯਾਦਾ ਪੁਜਾਰੀ ਦੇ ਸਾਰੇ ਦਿਨਾਂ ਦੌਰਾਨ ਯਹੋਆਸ਼ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+
3 ਯਹੋਯਾਦਾ ਨੇ ਉਸ ਦਾ ਵਿਆਹ ਦੋ ਔਰਤਾਂ ਨਾਲ ਕਰਾ ਦਿੱਤਾ ਅਤੇ ਉਸ ਦੇ ਧੀਆਂ-ਪੁੱਤਰ ਹੋਏ।
4 ਇਸ ਤੋਂ ਬਾਅਦ ਯਹੋਆਸ਼ ਦੇ ਦਿਲ ਵਿਚ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਇੱਛਾ ਜਾਗੀ।+
5 ਇਸ ਲਈ ਉਸ ਨੇ ਪੁਜਾਰੀਆਂ ਤੇ ਲੇਵੀਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਵਾਸਤੇ ਸਾਰੇ ਇਜ਼ਰਾਈਲ ਕੋਲੋਂ ਪੈਸਾ ਇਕੱਠਾ ਕਰਨ ਲਈ ਯਹੂਦਾਹ ਦੇ ਸ਼ਹਿਰਾਂ ਵਿਚ ਜਾਇਓ;+ ਅਤੇ ਤੁਸੀਂ ਇਹ ਕੰਮ ਜਲਦੀ ਕਰਨਾ।” ਪਰ ਲੇਵੀਆਂ ਨੇ ਛੇਤੀ ਕਦਮ ਨਹੀਂ ਚੁੱਕਿਆ।+
6 ਇਸ ਲਈ ਰਾਜੇ ਨੇ ਯਹੋਯਾਦਾ ਮੁਖੀ ਨੂੰ ਬੁਲਾ ਕੇ ਕਿਹਾ:+ “ਤੂੰ ਲੇਵੀਆਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਤੋਂ ਪਵਿੱਤਰ ਟੈਕਸ ਲਿਆਉਣ ਜਿਸ ਦਾ ਹੁਕਮ ਯਹੋਵਾਹ ਦੇ ਸੇਵਕ ਮੂਸਾ ਨੇ ਦਿੱਤਾ ਸੀ,+ ਹਾਂ, ਗਵਾਹੀ ਦੇ ਤੰਬੂ ਲਈ ਇਜ਼ਰਾਈਲ ਦੀ ਮੰਡਲੀ ਤੋਂ ਪਵਿੱਤਰ ਟੈਕਸ ਲਿਆਉਣ?+
7 ਕਿਉਂਕਿ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰ+ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਜ਼ਬਰਦਸਤੀ ਵੜ ਗਏ ਸਨ+ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ ਨੂੰ ਬਆਲਾਂ ਲਈ ਵਰਤਿਆ।”
8 ਫਿਰ ਰਾਜੇ ਦੇ ਹੁਕਮ ’ਤੇ ਇਕ ਬਕਸਾ+ ਬਣਾਇਆ ਗਿਆ ਅਤੇ ਉਸ ਨੂੰ ਬਾਹਰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ’ਤੇ ਰੱਖਿਆ ਗਿਆ।+
9 ਇਸ ਤੋਂ ਬਾਅਦ ਸਾਰੇ ਯਹੂਦਾਹ ਤੇ ਯਰੂਸ਼ਲਮ ਵਿਚ ਐਲਾਨ ਕੀਤਾ ਗਿਆ ਕਿ ਯਹੋਵਾਹ ਲਈ ਪਵਿੱਤਰ ਟੈਕਸ+ ਲਿਆਂਦਾ ਜਾਵੇ ਜੋ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿਚ ਇਜ਼ਰਾਈਲ ’ਤੇ ਲਾਇਆ ਸੀ।
10 ਸਾਰੇ ਹਾਕਮ ਅਤੇ ਸਾਰੇ ਲੋਕ ਖ਼ੁਸ਼ ਹੋਏ+ ਅਤੇ ਉਹ ਦਾਨ ਲਿਆਉਂਦੇ ਰਹੇ ਤੇ ਬਕਸੇ ਵਿਚ ਪਾਉਂਦੇ ਰਹੇ ਜਦ ਤਕ ਇਹ ਭਰ ਨਾ ਗਿਆ।*
11 ਜਦੋਂ ਵੀ ਲੇਵੀ ਬਕਸਾ ਲਿਆ ਕੇ ਰਾਜੇ ਨੂੰ ਦਿੰਦੇ ਸਨ ਅਤੇ ਦੇਖਦੇ ਸਨ ਕਿ ਬਕਸਾ ਪੈਸਿਆਂ ਨਾਲ ਭਰ ਗਿਆ ਹੈ, ਤਾਂ ਰਾਜੇ ਦਾ ਸਕੱਤਰ ਅਤੇ ਮੁੱਖ ਪੁਜਾਰੀ ਦਾ ਸਹਾਇਕ ਆ ਕੇ ਬਕਸਾ ਖਾਲੀ ਕਰਦੇ ਸਨ+ ਅਤੇ ਫਿਰ ਇਸ ਨੂੰ ਵਾਪਸ ਉਸੇ ਜਗ੍ਹਾ ਰੱਖ ਦਿੰਦੇ ਸਨ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੇ ਸਨ ਅਤੇ ਉਨ੍ਹਾਂ ਨੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ।
12 ਫਿਰ ਰਾਜਾ ਅਤੇ ਯਹੋਯਾਦਾ ਇਹ ਪੈਸਾ ਯਹੋਵਾਹ ਦੇ ਭਵਨ ਦੀ ਸੇਵਾ ਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦਿੰਦੇ ਸਨ ਅਤੇ ਉਹ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਪੱਥਰ ਕੱਟਣ ਵਾਲਿਆਂ ਤੇ ਕਾਰੀਗਰਾਂ ਨੂੰ ਮਜ਼ਦੂਰੀ ’ਤੇ ਲਾਉਂਦੇ ਸਨ,+ ਨਾਲੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਲਈ ਲੋਹੇ ਤੇ ਤਾਂਬੇ ਦਾ ਕੰਮ ਕਰਨ ਵਾਲਿਆਂ ਨੂੰ।
13 ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੇ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਨਿਗਰਾਨੀ ਅਧੀਨ ਮੁਰੰਮਤ ਦਾ ਕੰਮ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਪਹਿਲਾਂ ਵਰਗਾ ਬਣਾ ਦਿੱਤਾ ਤੇ ਇਸ ਨੂੰ ਪੱਕਾ ਕੀਤਾ।
14 ਕੰਮ ਪੂਰਾ ਹੁੰਦਿਆਂ ਸਾਰ ਉਨ੍ਹਾਂ ਨੇ ਬਚਿਆ ਪੈਸਾ ਰਾਜੇ ਅਤੇ ਯਹੋਯਾਦਾ ਕੋਲ ਲਿਆਂਦਾ ਅਤੇ ਉਨ੍ਹਾਂ ਨੇ ਇਹ ਪੈਸਾ ਯਹੋਵਾਹ ਦੇ ਭਵਨ ਦੀਆਂ ਚੀਜ਼ਾਂ ਬਣਾਉਣ ਲਈ ਵਰਤਿਆ ਯਾਨੀ ਸੇਵਾ ਵਿਚ ਅਤੇ ਚੜ੍ਹਾਵੇ ਚੜ੍ਹਾਉਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਪਿਆਲੇ ਅਤੇ ਸੋਨੇ-ਚਾਂਦੀ ਦੇ ਹੋਰ ਭਾਂਡੇ।+ ਉਹ ਯਹੋਯਾਦਾ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ।+
15 ਯਹੋਯਾਦਾ ਬੁੱਢਾ ਹੋ ਗਿਆ ਤੇ ਲੰਬੀ ਉਮਰ ਭੋਗ ਕੇ ਮਰ ਗਿਆ; ਉਸ ਦੀ ਮੌਤ ਵੇਲੇ ਉਸ ਦੀ ਉਮਰ 130 ਸਾਲ ਸੀ।
16 ਇਸ ਲਈ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਰਾਜਿਆਂ ਦੇ ਨਾਲ ਦਫ਼ਨਾ ਦਿੱਤਾ+ ਕਿਉਂਕਿ ਉਸ ਨੇ ਸੱਚੇ ਪਰਮੇਸ਼ੁਰ ਅਤੇ ਉਸ ਦੇ ਭਵਨ ਸੰਬੰਧੀ ਇਜ਼ਰਾਈਲ ਵਿਚ ਚੰਗੇ ਕੰਮ ਕੀਤੇ ਸਨ।+
17 ਯਹੋਯਾਦਾ ਦੀ ਮੌਤ ਤੋਂ ਬਾਅਦ ਯਹੂਦਾਹ ਦੇ ਹਾਕਮ ਆਏ ਤੇ ਉਨ੍ਹਾਂ ਨੇ ਰਾਜੇ ਅੱਗੇ ਸਿਰ ਝੁਕਾਇਆ ਤੇ ਰਾਜੇ ਨੇ ਉਨ੍ਹਾਂ ਦੀ ਗੱਲ ਸੁਣੀ।
18 ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ ਤਿਆਗ ਦਿੱਤਾ ਅਤੇ ਉਹ ਪੂਜਾ-ਖੰਭਿਆਂ* ਅਤੇ ਮੂਰਤਾਂ ਦੀ ਭਗਤੀ ਕਰਨ ਲੱਗ ਪਏ। ਉਨ੍ਹਾਂ ਦੇ ਇਸ ਅਪਰਾਧ ਕਰਕੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ।
19 ਯਹੋਵਾਹ ਉਨ੍ਹਾਂ ਕੋਲ ਨਬੀਆਂ ਨੂੰ ਘੱਲਦਾ ਰਿਹਾ ਤਾਂਕਿ ਉਹ ਉਨ੍ਹਾਂ ਨੂੰ ਆਪਣੇ ਕੋਲ ਮੋੜ ਲਿਆਵੇ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ* ਦਿੰਦੇ ਰਹੇ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।+
20 ਪਰਮੇਸ਼ੁਰ ਦੀ ਸ਼ਕਤੀ ਯਹੋਯਾਦਾ+ ਪੁਜਾਰੀ ਦੇ ਪੁੱਤਰ ਜ਼ਕਰਯਾਹ ਉੱਤੇ ਆਈ* ਅਤੇ ਉਹ ਲੋਕਾਂ ਤੋਂ ਉੱਚੀ ਜਗ੍ਹਾ ਖੜ੍ਹ ਗਿਆ ਤੇ ਉਨ੍ਹਾਂ ਨੂੰ ਕਿਹਾ: “ਸੱਚਾ ਪਰਮੇਸ਼ੁਰ ਇਹ ਕਹਿੰਦਾ ਹੈ, ‘ਤੁਸੀਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰ ਰਹੇ ਹੋ? ਤੁਸੀਂ ਸਫ਼ਲ ਨਹੀਂ ਹੋਵੋਗੇ! ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਇਸ ਕਰਕੇ ਉਹ ਵੀ ਤੁਹਾਨੂੰ ਛੱਡ ਦੇਵੇਗਾ।’”+
21 ਪਰ ਉਨ੍ਹਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਰਾਜੇ ਦੇ ਹੁਕਮ ਤੇ ਉਸ ਨੂੰ ਯਹੋਵਾਹ ਦੇ ਭਵਨ ਦੇ ਵਿਹੜੇ ਵਿਚ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ।+
22 ਇਸ ਤਰ੍ਹਾਂ ਰਾਜਾ ਯਹੋਆਸ਼ ਨੇ ਉਸ ਅਟੱਲ ਪਿਆਰ ਨੂੰ ਯਾਦ ਨਹੀਂ ਰੱਖਿਆ ਜੋ ਉਸ ਦੇ ਪਿਤਾ* ਯਹੋਯਾਦਾ ਨੇ ਉਸ ਨਾਲ ਕੀਤਾ ਸੀ ਅਤੇ ਉਸ ਨੇ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਜਿਸ ਨੇ ਮਰਦੇ ਹੋਏ ਕਿਹਾ ਸੀ: “ਯਹੋਵਾਹ ਇਹ ਦੇਖੇ ਅਤੇ ਤੇਰੇ ਤੋਂ ਲੇਖਾ ਲਵੇ।”+
23 ਸਾਲ ਦੇ ਸ਼ੁਰੂ ਵਿਚ* ਸੀਰੀਆਈ ਫ਼ੌਜ ਯਹੋਆਸ਼ ਵਿਰੁੱਧ ਆਈ ਤੇ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ’ਤੇ ਹਮਲਾ ਕਰ ਦਿੱਤਾ।+ ਫਿਰ ਉਨ੍ਹਾਂ ਨੇ ਲੋਕਾਂ ਦੇ ਸਾਰੇ ਹਾਕਮਾਂ+ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦਮਿਸਕ ਦੇ ਰਾਜੇ ਨੂੰ ਘੱਲ ਦਿੱਤਾ।
24 ਭਾਵੇਂ ਹਮਲਾ ਕਰਨ ਵਾਲੀ ਸੀਰੀਆਈ ਫ਼ੌਜ ਛੋਟੀ ਸੀ, ਪਰ ਯਹੋਵਾਹ ਨੇ ਇਕ ਬਹੁਤ ਵੱਡੀ ਫ਼ੌਜ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ+ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ; ਇਸ ਲਈ ਉਨ੍ਹਾਂ* ਨੇ ਯਹੋਆਸ਼ ਨੂੰ ਸਜ਼ਾ ਦਿੱਤੀ।
25 ਅਤੇ ਜਦੋਂ ਉਹ ਉਸ ਕੋਲੋਂ ਚਲੇ ਗਏ (ਕਿਉਂਕਿ ਉਹ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ* ਛੱਡ ਗਏ ਸਨ), ਤਾਂ ਉਸ ਦੇ ਆਪਣੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਰਚੀ ਕਿਉਂਕਿ ਉਸ ਨੇ ਯਹੋਯਾਦਾ+ ਪੁਜਾਰੀ ਦੇ ਪੁੱਤਰਾਂ* ਦਾ ਖ਼ੂਨ ਵਹਾਇਆ ਸੀ। ਉਨ੍ਹਾਂ ਨੇ ਉਸ ਦੇ ਬਿਸਤਰੇ ’ਤੇ ਹੀ ਉਸ ਦਾ ਕਤਲ ਕਰ ਦਿੱਤਾ।+ ਉਹ ਮਰ ਗਿਆ ਅਤੇ ਉਨ੍ਹਾਂ ਨੇ ਦਾਊਦ ਦੇ ਸ਼ਹਿਰ ਵਿਚ ਉਸ ਨੂੰ ਦਫ਼ਨਾ ਦਿੱਤਾ,+ ਪਰ ਉਨ੍ਹਾਂ ਨੇ ਉਸ ਨੂੰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਦਫ਼ਨਾਇਆ।+
26 ਉਸ ਖ਼ਿਲਾਫ਼ ਸਾਜ਼ਸ਼ ਰਚਣ ਵਾਲੇ ਇਹ ਸਨ:+ ਅੰਮੋਨਣ ਸ਼ਿਮਾਥ ਦਾ ਪੁੱਤਰ ਜ਼ਾਬਾਦ ਅਤੇ ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ।
27 ਉਸ ਦੇ ਪੁੱਤਰਾਂ ਬਾਰੇ, ਉਸ ਖ਼ਿਲਾਫ਼ ਕੀਤੇ ਬਹੁਤੇ ਐਲਾਨਾਂ ਬਾਰੇ+ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ*+ ਬਾਰੇ ਸਾਰਾ ਕੁਝ ਰਾਜਿਆਂ ਦੀ ਕਿਤਾਬ ਦੀਆਂ ਲਿਖਤਾਂ* ਵਿਚ ਦਰਜ ਕੀਤਾ ਗਿਆ ਹੈ। ਉਸ ਦਾ ਪੁੱਤਰ ਅਮਸਯਾਹ ਉਸ ਦੀ ਜਗ੍ਹਾ ਰਾਜਾ ਬਣ ਗਿਆ।
ਫੁਟਨੋਟ
^ ਜਾਂ ਸੰਭਵ ਹੈ, “ਜਦ ਤਕ ਉਨ੍ਹਾਂ ਸਾਰਿਆਂ ਨੇ ਦੇ ਨਾ ਦਿੱਤਾ।”
^ ਜਾਂ, “ਉਨ੍ਹਾਂ ਖ਼ਿਲਾਫ਼ ਗਵਾਹੀ।”
^ ਇਬ, “ਕੱਜ ਲਿਆ।”
^ ਯਾਨੀ, ਜ਼ਕਰਯਾਹ ਦੇ ਪਿਤਾ।
^ ਇਬ, “ਸਾਲ ਦੇ ਅਖ਼ੀਰ ਵਿਚ।”
^ ਯਾਨੀ, ਸੀਰੀਆਈ ਫ਼ੌਜ।
^ ਜਾਂ, “ਬਹੁਤ ਸਾਰੀਆਂ ਬੀਮਾਰੀਆਂ ਨਾਲ।”
^ ਜਾਂ, “ਪੁੱਤਰ।” ਸ਼ਾਇਦ ਸਨਮਾਨ ਦੇਣ ਲਈ ਬਹੁਵਚਨ ਵਰਤਿਆ ਗਿਆ ਹੈ।
^ ਇਬ, “ਨੀਂਹ ਰੱਖਣ।”
^ ਜਾਂ, “ਵਰਣਨ; ਟਿੱਪਣੀ।”