ਦੂਜਾ ਇਤਿਹਾਸ 25:1-28

  • ਯਹੂਦਾਹ ਦਾ ਰਾਜਾ ਅਮਸਯਾਹ (1-4)

  • ਅਦੋਮ ਨਾਲ ਯੁੱਧ (5-13)

  • ਅਮਸਯਾਹ ਨੇ ਮੂਰਤੀ-ਪੂਜਾ ਕੀਤੀ (14-16)

  • ਇਜ਼ਰਾਈਲ ਦੇ ਰਾਜੇ ਯਹੋਆਸ਼ ਨਾਲ ਯੁੱਧ (17-24)

  • ਅਮਸਯਾਹ ਦੀ ਮੌਤ (25-28)

25  ਅਮਸਯਾਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਹੋਅੱਦਾਨ ਸੀ ਜੋ ਯਰੂਸ਼ਲਮ ਦੀ ਰਹਿਣ ਵਾਲੀ ਸੀ।+  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਪਰ ਪੂਰੇ ਦਿਲ ਨਾਲ ਨਹੀਂ।  ਆਪਣੇ ਹੱਥ ਵਿਚ ਰਾਜ ਦੀ ਪਕੜ ਮਜ਼ਬੂਤ ਹੁੰਦਿਆਂ ਹੀ ਉਸ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਮਹਾਰਾਜ ਨੂੰ, ਹਾਂ, ਉਸ ਦੇ ਪਿਤਾ ਨੂੰ ਮਾਰਿਆ ਸੀ।+  ਪਰ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਕਿਉਂਕਿ ਉਸ ਨੇ ਕਾਨੂੰਨ, ਹਾਂ, ਮੂਸਾ ਦੀ ਕਿਤਾਬ ਵਿਚ ਲਿਖੀ ਉਹ ਗੱਲ ਮੰਨੀ ਜਿੱਥੇ ਯਹੋਵਾਹ ਨੇ ਇਹ ਹੁਕਮ ਦਿੱਤਾ ਸੀ: “ਪਿਤਾ ਪੁੱਤਰਾਂ ਦੇ ਕਰਕੇ ਨਾ ਮਾਰੇ ਜਾਣ ਅਤੇ ਪੁੱਤਰ ਪਿਤਾਵਾਂ ਦੇ ਕਰਕੇ ਨਾ ਮਾਰੇ ਜਾਣ; ਪਰ ਹਰ ਕਿਸੇ ਨੂੰ ਉਸ ਦੇ ਆਪਣੇ ਹੀ ਪਾਪ ਕਰਕੇ ਮਾਰਿਆ ਜਾਵੇ।”+  ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਅਤੇ ਬਿਨਯਾਮੀਨ ਲਈ ਹਜ਼ਾਰ-ਹਜ਼ਾਰ ਦੇ ਮੁਖੀਆਂ ਅਤੇ ਸੌ-ਸੌ ਦੇ ਮੁਖੀਆਂ ਅਨੁਸਾਰ ਖੜ੍ਹੇ ਕੀਤਾ।+ ਉਸ ਨੇ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਆਦਮੀਆਂ ਦੇ ਨਾਂ ਦਰਜ ਕੀਤੇ+ ਅਤੇ ਦੇਖਿਆ ਕਿ ਫ਼ੌਜ ਵਿਚ ਸੇਵਾ ਕਰਨ ਲਈ 3,00,000 ਸਿਖਲਾਈ-ਪ੍ਰਾਪਤ* ਯੋਧੇ ਸਨ ਜੋ ਨੇਜ਼ਾ ਤੇ ਵੱਡੀ ਢਾਲ ਵਰਤਣ ਦੇ ਕਾਬਲ ਸਨ।  ਇਸ ਤੋਂ ਇਲਾਵਾ, ਉਸ ਨੇ 100 ਕਿੱਕਾਰ* ਚਾਂਦੀ ਦੇ ਕੇ ਇਜ਼ਰਾਈਲ ਕੋਲੋਂ 1,00,000 ਤਾਕਤਵਰ ਯੋਧੇ ਕਿਰਾਏ ’ਤੇ ਲਏ।  ਪਰ ਸੱਚੇ ਪਰਮੇਸ਼ੁਰ ਦਾ ਇਕ ਬੰਦਾ ਉਸ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ: “ਹੇ ਮਹਾਰਾਜ, ਇਜ਼ਰਾਈਲ ਦੀ ਫ਼ੌਜ ਨੂੰ ਆਪਣੇ ਨਾਲ ਨਾ ਜਾਣ ਦੇ ਕਿਉਂਕਿ ਯਹੋਵਾਹ ਇਜ਼ਰਾਈਲ ਨਾਲ ਨਹੀਂ ਹੈ+ ਤੇ ਨਾ ਹੀ ਕਿਸੇ ਇਫ਼ਰਾਈਮੀ ਨਾਲ।  ਪਰ ਤੂੰ ਇਕੱਲਾ ਜਾਹ, ਕਦਮ ਚੁੱਕ ਅਤੇ ਦਲੇਰੀ ਨਾਲ ਯੁੱਧ ਲੜ। ਨਹੀਂ ਤਾਂ ਸੱਚਾ ਪਰਮੇਸ਼ੁਰ ਤੈਨੂੰ ਦੁਸ਼ਮਣ ਦੇ ਅੱਗੇ ਡੇਗ ਸਕਦਾ ਹੈ ਕਿਉਂਕਿ ਪਰਮੇਸ਼ੁਰ ਕੋਲ ਮਦਦ ਕਰਨ ਅਤੇ ਡੇਗਣ ਦੀ ਤਾਕਤ ਹੈ।”+  ਇਹ ਸੁਣ ਕੇ ਅਮਸਯਾਹ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਪਰ 100 ਕਿੱਕਾਰ ਬਾਰੇ ਕੀ ਜੋ ਮੈਂ ਇਜ਼ਰਾਈਲ ਦੇ ਫ਼ੌਜੀਆਂ ਨੂੰ ਦਿੱਤੇ ਹਨ?” ਸੱਚੇ ਪਰਮੇਸ਼ੁਰ ਦੇ ਬੰਦੇ ਨੇ ਜਵਾਬ ਦਿੱਤਾ: “ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ।”+ 10  ਇਸ ਲਈ ਅਮਸਯਾਹ ਨੇ ਉਨ੍ਹਾਂ ਫ਼ੌਜੀਆਂ ਨੂੰ ਉਨ੍ਹਾਂ ਦੀ ਜਗ੍ਹਾ ਵਾਪਸ ਭੇਜ ਦਿੱਤਾ ਜੋ ਉਸ ਕੋਲ ਇਫ਼ਰਾਈਮ ਤੋਂ ਆਏ ਸਨ। ਪਰ ਉਨ੍ਹਾਂ ਨੂੰ ਯਹੂਦਾਹ ’ਤੇ ਬਹੁਤ ਗੁੱਸਾ ਆਇਆ ਤੇ ਉਹ ਕ੍ਰੋਧ ਦੀ ਅੱਗ ਵਿਚ ਭੜਕੇ ਹੋਏ ਆਪਣੀ ਜਗ੍ਹਾ ਨੂੰ ਮੁੜ ਗਏ। 11  ਫਿਰ ਅਮਸਯਾਹ ਨੇ ਦਲੇਰੀ ਤੋਂ ਕੰਮ ਲਿਆ ਅਤੇ ਉਹ ਆਪਣੇ ਫ਼ੌਜੀਆਂ ਨੂੰ ਲੈ ਕੇ ਲੂਣ ਦੀ ਘਾਟੀ+ ਵਿਚ ਚਲਾ ਗਿਆ ਤੇ ਸੇਈਰ ਦੇ 10,000 ਆਦਮੀਆਂ ਨੂੰ ਮਾਰ ਸੁੱਟਿਆ।+ 12  ਅਤੇ ਯਹੂਦਾਹ ਦੇ ਆਦਮੀਆਂ ਨੇ 10,000 ਜਣਿਆਂ ਨੂੰ ਜੀਉਂਦਾ ਫੜ ਲਿਆ। ਫਿਰ ਉਹ ਉਨ੍ਹਾਂ ਨੂੰ ਚਟਾਨ ਦੀ ਚੋਟੀ ’ਤੇ ਲੈ ਆਏ ਤੇ ਉਨ੍ਹਾਂ ਨੂੰ ਉੱਥੋਂ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ ਸਾਰਿਆਂ ਦੇ ਟੋਟੇ-ਟੋਟੇ ਹੋ ਗਏ। 13  ਪਰ ਅਮਸਯਾਹ ਜਿਨ੍ਹਾਂ ਫ਼ੌਜੀਆਂ ਨੂੰ ਯੁੱਧ ਵਿਚ ਨਹੀਂ ਲੈ ਕੇ ਗਿਆ ਸੀ ਤੇ ਵਾਪਸ ਭੇਜ ਦਿੱਤਾ ਸੀ,+ ਉਨ੍ਹਾਂ ਵਿੱਚੋਂ ਕੁਝ ਫ਼ੌਜੀ ਸਾਮਰਿਯਾ+ ਤੋਂ ਲੈ ਕੇ ਬੈਤ-ਹੋਰੋਨ+ ਤਕ ਯਹੂਦਾਹ ਦੇ ਸ਼ਹਿਰਾਂ ਨੂੰ ਲੁੱਟ ਰਹੇ ਸਨ; ਉਨ੍ਹਾਂ ਨੇ ਉਨ੍ਹਾਂ ਵਿੱਚੋਂ 3,000 ਜਣਿਆਂ ਨੂੰ ਮਾਰ ਸੁੱਟਿਆ ਤੇ ਬਹੁਤ ਸਾਰਾ ਮਾਲ ਲੁੱਟ ਲਿਆ। 14  ਪਰ ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਹ ਆਪਣੇ ਨਾਲ ਸੇਈਰ ਦੇ ਆਦਮੀਆਂ ਦੇ ਦੇਵਤੇ ਲੈ ਆਇਆ ਅਤੇ ਉਨ੍ਹਾਂ ਨੂੰ ਆਪਣੇ ਦੇਵਤੇ ਬਣਾ ਲਿਆ+ ਅਤੇ ਉਹ ਉਨ੍ਹਾਂ ਅੱਗੇ ਮੱਥਾ ਟੇਕਣ ਲੱਗਾ ਤੇ ਬਲ਼ੀਆਂ ਚੜ੍ਹਾਉਣ ਲੱਗਾ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। 15  ਇਸ ਲਈ ਯਹੋਵਾਹ ਨੂੰ ਅਮਸਯਾਹ ’ਤੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਇਕ ਨਬੀ ਨੂੰ ਘੱਲਿਆ ਜਿਸ ਨੇ ਉਸ ਨੂੰ ਕਿਹਾ: “ਤੂੰ ਲੋਕਾਂ ਦੇ ਦੇਵਤਿਆਂ ਦੇ ਮਗਰ ਕਿਉਂ ਜਾ ਰਿਹਾ ਹੈਂ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੇਰੇ ਹੱਥੋਂ ਨਹੀਂ ਬਚਾਇਆ?”+ 16  ਜਦੋਂ ਉਹ ਬੋਲ ਰਿਹਾ ਸੀ, ਤਾਂ ਰਾਜੇ ਨੇ ਕਿਹਾ: “ਅਸੀਂ ਤੈਨੂੰ ਕਦੋਂ ਤੋਂ ਰਾਜੇ ਦਾ ਸਲਾਹਕਾਰ ਬਣਾਇਆ?+ ਆਪਣਾ ਮੂੰਹ ਬੰਦ ਕਰ!+ ਤੂੰ ਉਨ੍ਹਾਂ ਦੇ ਹੱਥੋਂ ਕਿਉਂ ਮਰਨਾ ਚਾਹੁੰਦਾਂ?” ਫਿਰ ਨਬੀ ਇਹ ਕਹਿ ਕੇ ਚੁੱਪ ਕਰ ਗਿਆ: “ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੈਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਤੂੰ ਇਹ ਕੰਮ ਕੀਤਾ ਅਤੇ ਤੂੰ ਮੇਰੀ ਸਲਾਹ ਨਹੀਂ ਮੰਨੀ।”+ 17  ਆਪਣੇ ਸਲਾਹਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਯਹੂਦਾਹ ਦੇ ਰਾਜੇ ਅਮਸਯਾਹ ਨੇ ਇਜ਼ਰਾਈਲ ਦੇ ਰਾਜੇ ਯਹੋਆਸ਼ ਨੂੰ, ਜੋ ਯਹੋਆਹਾਜ਼ ਦਾ ਪੁੱਤਰ ਤੇ ਯੇਹੂ ਦਾ ਪੋਤਾ ਸੀ, ਇਹ ਸੰਦੇਸ਼ ਭੇਜਿਆ: “ਆਜਾ, ਹੋ ਜਾਵੇ ਯੁੱਧ ਵਿਚ ਇਕ-ਦੂਜੇ ਨਾਲ ਮੁਕਾਬਲਾ।”*+ 18  ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਇਹ ਸੰਦੇਸ਼ ਭੇਜਿਆ: “ਲਬਾਨੋਨ ਦੀ ਕੰਡਿਆਲ਼ੀ ਬੂਟੀ ਨੇ ਲਬਾਨੋਨ ਦੇ ਦਿਆਰ ਨੂੰ ਸੰਦੇਸ਼ ਭੇਜਿਆ ਹੈ, ‘ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਦੇ।’ ਪਰ ਲਬਾਨੋਨ ਦਾ ਇਕ ਜੰਗਲੀ ਜਾਨਵਰ ਉੱਥੋਂ ਦੀ ਲੰਘਿਆ ਤੇ ਉਸ ਨੇ ਕੰਡਿਆਲ਼ੀ ਬੂਟੀ ਨੂੰ ਮਸਲ ਦਿੱਤਾ। 19  ਤੂੰ ਕਿਹਾ ਹੈ, ‘ਦੇਖੋ! ਮੈਂ* ਅਦੋਮ ਨੂੰ ਮਾਰਿਆ ਹੈ।’+ ਇਸੇ ਕਰਕੇ ਤੇਰਾ ਮਨ ਘਮੰਡ ਨਾਲ ਫੁੱਲ ਗਿਆ ਹੈ ਤੇ ਤੂੰ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਹੈਂ। ਪਰ ਹੁਣ ਤੂੰ ਆਪਣੇ ਘਰ* ਬੈਠ। ਤੂੰ ਕਿਉਂ ਮੁਸੀਬਤ ਨੂੰ ਸੱਦਾ ਦੇ ਰਿਹਾ ਹੈਂ ਜਿਸ ਕਰਕੇ ਤੂੰ ਆਪਣੇ ਨਾਲ-ਨਾਲ ਯਹੂਦਾਹ ਨੂੰ ਵੀ ਲੈ ਡੁੱਬੇਂਗਾ?” 20  ਪਰ ਅਮਸਯਾਹ ਨੇ ਉਸ ਦੀ ਗੱਲ ਨਹੀਂ ਸੁਣੀ।+ ਅਸਲ ਵਿਚ ਇਹ ਸੱਚੇ ਪਰਮੇਸ਼ੁਰ ਵੱਲੋਂ ਸੀ ਕਿ ਉਹ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਵਿਚ ਦੇ ਦੇਵੇ+ ਕਿਉਂਕਿ ਉਹ ਅਦੋਮ ਦੇ ਦੇਵਤਿਆਂ ਦੇ ਮਗਰ ਲੱਗ ਗਏ ਸਨ।+ 21  ਇਸ ਲਈ ਇਜ਼ਰਾਈਲ ਦਾ ਰਾਜਾ ਯਹੋਆਸ਼ ਗਿਆ ਅਤੇ ਯਹੂਦਾਹ ਦੇ ਬੈਤ-ਸ਼ਮਸ਼+ ਵਿਚ ਉਸ ਦਾ ਯਹੂਦਾਹ ਦੇ ਰਾਜੇ ਅਮਸਯਾਹ ਨਾਲ ਯੁੱਧ ਵਿਚ ਸਾਮ੍ਹਣਾ ਹੋਇਆ। 22  ਇਜ਼ਰਾਈਲ ਨੇ ਯਹੂਦਾਹ ਨੂੰ ਹਰਾ ਦਿੱਤਾ, ਇਸ ਲਈ ਹਰ ਕੋਈ ਆਪੋ-ਆਪਣੇ ਘਰ* ਭੱਜ ਗਿਆ। 23  ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਬੈਤ-ਸ਼ਮਸ਼ ਵਿਚ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਫੜ ਲਿਆ ਜੋ ਯਹੋਆਸ਼ ਦਾ ਪੁੱਤਰ ਤੇ ਯਹੋਆਹਾਜ਼* ਦਾ ਪੋਤਾ ਸੀ। ਫਿਰ ਉਹ ਉਸ ਨੂੰ ਯਰੂਸ਼ਲਮ ਲੈ ਆਇਆ ਤੇ ਉਸ ਨੇ ਇਫ਼ਰਾਈਮ ਦੇ ਫਾਟਕ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਯਾਨੀ ਯਰੂਸ਼ਲਮ ਦੀ ਕੰਧ ਦਾ 400 ਹੱਥ* ਲੰਬਾ ਹਿੱਸਾ ਢਾਹ ਦਿੱਤਾ। 24  ਉਸ ਨੇ ਉਹ ਸਾਰਾ ਸੋਨਾ-ਚਾਂਦੀ ਤੇ ਉਹ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਓਬੇਦ-ਅਦੋਮ ਦੀ ਦੇਖ-ਰੇਖ ਅਧੀਨ ਸਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਸਨ+ ਤੇ ਕੁਝ ਜਣਿਆਂ ਨੂੰ ਬੰਦੀ ਬਣਾ ਲਿਆ। ਫਿਰ ਉਹ ਸਾਮਰਿਯਾ ਨੂੰ ਵਾਪਸ ਚਲਾ ਗਿਆ। 25  ਇਜ਼ਰਾਈਲ ਦੇ ਰਾਜੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੀ ਮੌਤ ਤੋਂ ਬਾਅਦ ਯਹੂਦਾਹ ਦੇ ਰਾਜੇ ਯਹੋਆਸ਼+ ਦਾ ਪੁੱਤਰ ਅਮਸਯਾਹ+ 15 ਸਾਲ ਜੀਉਂਦਾ ਰਿਹਾ।+ 26  ਅਮਸਯਾਹ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੀ ਹੋਈ ਹੈ। 27  ਜਦੋਂ ਤੋਂ ਅਮਸਯਾਹ ਯਹੋਵਾਹ ਦੇ ਮਗਰ ਚੱਲਣੋਂ ਹਟ ਗਿਆ, ਉਦੋਂ ਤੋਂ ਉਹ ਯਰੂਸ਼ਲਮ ਵਿਚ ਉਸ ਖ਼ਿਲਾਫ਼ ਸਾਜ਼ਸ਼ ਰਚਣ ਲੱਗੇ+ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਨ੍ਹਾਂ ਨੇ ਲਾਕੀਸ਼ ਵਿਚ ਉਸ ਦੇ ਪਿੱਛੇ ਬੰਦੇ ਭੇਜ ਕੇ ਉੱਥੇ ਉਸ ਨੂੰ ਜਾਨੋਂ ਮਾਰ ਦਿੱਤਾ। 28  ਉਹ ਘੋੜਿਆਂ ਉੱਤੇ ਉਸ ਨੂੰ ਵਾਪਸ ਲੈ ਆਏ ਤੇ ਉਸ ਨੂੰ ਯਹੂਦਾਹ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ।

ਫੁਟਨੋਟ

ਇਬ, “ਚੁਣੇ ਹੋਏ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਆਮ੍ਹੋ-ਸਾਮ੍ਹਣੇ ਮਿਲੀਏ।”
ਇਬ, “ਤੂੰ।”
ਜਾਂ, “ਮਹਿਲ।”
ਇਬ, “ਤੰਬੂਆਂ।”
ਇਸ ਨੂੰ ਅਹਜ਼ਯਾਹ ਵੀ ਕਿਹਾ ਜਾਂਦਾ ਹੈ।
ਲਗਭਗ 178 ਮੀਟਰ (584 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।