ਦੂਜਾ ਇਤਿਹਾਸ 3:1-17
3 ਫਿਰ ਸੁਲੇਮਾਨ ਨੇ ਯਰੂਸ਼ਲਮ ਵਿਚ ਮੋਰੀਆਹ ਪਹਾੜ+ ਉੱਤੇ ਯਹੋਵਾਹ ਦਾ ਭਵਨ ਬਣਾਉਣਾ ਸ਼ੁਰੂ ਕੀਤਾ+ ਜਿੱਥੇ ਯਹੋਵਾਹ ਉਸ ਦੇ ਪਿਤਾ ਦਾਊਦ ਅੱਗੇ ਪ੍ਰਗਟ ਹੋਇਆ ਸੀ,+ ਹਾਂ, ਉਸੇ ਜਗ੍ਹਾ ਜੋ ਦਾਊਦ ਨੇ ਯਬੂਸੀ ਆਰਨਾਨ ਦੇ ਪਿੜ* ਵਿਚ ਤਿਆਰ ਕੀਤੀ ਸੀ।+
2 ਉਸ ਨੇ ਆਪਣੇ ਰਾਜ ਦੇ ਚੌਥੇ ਸਾਲ ਦੇ ਦੂਸਰੇ ਮਹੀਨੇ ਦੀ 2 ਤਾਰੀਖ਼ ਨੂੰ ਉਸਾਰੀ ਦਾ ਕੰਮ ਸ਼ੁਰੂ ਕੀਤਾ।
3 ਸੁਲੇਮਾਨ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਬਣਾਉਣ ਲਈ ਜੋ ਨੀਂਹ ਰੱਖੀ, ਉਹ ਪੁਰਾਣੇ ਸਮੇਂ ਦੇ ਨਾਪ* ਮੁਤਾਬਕ 60 ਹੱਥ ਲੰਬੀ ਅਤੇ 20 ਹੱਥ ਚੌੜੀ ਸੀ।+
4 ਅਗਲੇ ਪਾਸੇ ਦੀ ਦਲਾਨ ਦੀ ਲੰਬਾਈ 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਇਸ ਦੀ ਉਚਾਈ 120* ਸੀ; ਉਸ ਨੇ ਇਸ ਨੂੰ ਅੰਦਰੋਂ ਖਾਲਸ ਸੋਨੇ ਨਾਲ ਮੜ੍ਹਿਆ।+
5 ਉਸ ਨੇ ਵੱਡੇ ਕਮਰੇ* ਵਿਚ ਸਨੋਬਰ ਦੀ ਲੱਕੜ ਦੇ ਤਖ਼ਤੇ ਲਾਏ। ਇਸ ਤੋਂ ਬਾਅਦ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ+ ਅਤੇ ਫਿਰ ਇਸ ’ਤੇ ਖਜੂਰ ਦੇ ਦਰਖ਼ਤਾਂ ਦੀ ਨਕਾਸ਼ੀ ਕਰ ਕੇ+ ਜ਼ੰਜੀਰਾਂ ਨਾਲ ਸਜਾਇਆ।+
6 ਫਿਰ ਉਸ ਨੇ ਭਵਨ ਨੂੰ ਸੋਹਣੇ ਕੀਮਤੀ ਪੱਥਰਾਂ ਨਾਲ ਮੜ੍ਹਿਆ;+ ਜੋ ਸੋਨਾ+ ਉਸ ਨੇ ਵਰਤਿਆ, ਉਹ ਪਰਵਾਇਮ ਤੋਂ ਲਿਆਂਦਾ ਗਿਆ ਸੀ।
7 ਉਸ ਨੇ ਭਵਨ, ਸ਼ਤੀਰੀਆਂ, ਦਹਿਲੀਜ਼ਾਂ, ਉਸ ਦੀਆਂ ਕੰਧਾਂ ਅਤੇ ਉਸ ਦੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ;+ ਅਤੇ ਉਸ ਨੇ ਕੰਧਾਂ ਉੱਤੇ ਕਰੂਬੀ ਉੱਕਰੇ।+
8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+
9 ਮੇਖਾਂ ਵਾਸਤੇ ਸੋਨੇ ਦਾ ਭਾਰ 50 ਸ਼ੇਕੇਲ* ਸੀ; ਅਤੇ ਉਸ ਨੇ ਉੱਪਰਲੀਆਂ ਕੋਠੜੀਆਂ ਨੂੰ ਸੋਨੇ ਨਾਲ ਮੜ੍ਹਿਆ।
10 ਫਿਰ ਉਸ ਨੇ ਅੱਤ ਪਵਿੱਤਰ ਕਮਰੇ* ਵਿਚ ਦੋ ਕਰੂਬੀ ਬਣਾਏ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।+
11 ਕਰੂਬੀਆਂ ਦੇ ਖੰਭਾਂ+ ਦੀ ਪੂਰੀ ਲੰਬਾਈ 20 ਹੱਥ ਸੀ; ਪਹਿਲੇ ਕਰੂਬੀ ਦਾ ਇਕ ਖੰਭ ਪੰਜ ਹੱਥ ਲੰਬਾ ਸੀ ਅਤੇ ਉਹ ਭਵਨ ਦੀ ਕੰਧ ਨੂੰ ਛੂੰਹਦਾ ਸੀ ਅਤੇ ਉਸ ਦਾ ਦੂਸਰਾ ਖੰਭ ਪੰਜ ਹੱਥ ਲੰਬਾ ਸੀ ਤੇ ਦੂਸਰੇ ਕਰੂਬੀ ਦੇ ਖੰਭ ਨੂੰ ਛੂੰਹਦਾ ਸੀ।
12 ਦੂਸਰੇ ਕਰੂਬੀ ਦਾ ਇਕ ਖੰਭ ਪੰਜ ਹੱਥ ਲੰਬਾ ਸੀ ਅਤੇ ਉਹ ਭਵਨ ਦੀ ਦੂਸਰੀ ਕੰਧ ਨੂੰ ਛੂੰਹਦਾ ਸੀ ਅਤੇ ਉਸ ਦਾ ਦੂਸਰਾ ਖੰਭ ਪੰਜ ਹੱਥ ਲੰਬਾ ਸੀ ਤੇ ਪਹਿਲੇ ਕਰੂਬੀ ਦੇ ਖੰਭ ਨੂੰ ਛੂੰਹਦਾ ਸੀ।
13 ਇਨ੍ਹਾਂ ਕਰੂਬੀਆਂ ਦੇ ਖੰਭ 20 ਹੱਥ ਤਕ ਫੈਲੇ ਹੋਏ ਸਨ; ਉਹ ਸਿੱਧੇ ਖੜ੍ਹੇ ਸਨ ਤੇ ਉਨ੍ਹਾਂ ਦੇ ਮੂੰਹ ਅੰਦਰ ਵੱਲ ਨੂੰ* ਸਨ।
14 ਉਸ ਨੇ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਧਾਗੇ ਅਤੇ ਵਧੀਆ ਕੱਪੜੇ ਦਾ ਪਰਦਾ+ ਵੀ ਬਣਾਇਆ ਅਤੇ ਉਸ ਉੱਤੇ ਕਢਾਈ ਕਰ ਕੇ ਕਰੂਬੀ ਬਣਾਏ।+
15 ਫਿਰ ਉਸ ਨੇ ਭਵਨ ਦੇ ਅੱਗੇ ਦੋ ਥੰਮ੍ਹ ਬਣਾਏ+ ਜੋ 35 ਹੱਥ ਲੰਬੇ ਸਨ ਅਤੇ ਹਰੇਕ ਥੰਮ੍ਹ ਉੱਤੇ ਇਕ ਕੰਗੂਰਾ* ਸੀ ਜੋ ਪੰਜ ਹੱਥ ਦਾ ਸੀ।+
16 ਉਸ ਨੇ ਹਾਰਾਂ ਵਰਗੀਆਂ ਜ਼ੰਜੀਰਾਂ ਬਣਾਈਆਂ ਅਤੇ ਉਨ੍ਹਾਂ ਨੂੰ ਥੰਮ੍ਹਾਂ ਦੇ ਸਿਰਿਆਂ ’ਤੇ ਲਾਇਆ ਅਤੇ ਉਸ ਨੇ 100 ਅਨਾਰ ਬਣਾਏ ਤੇ ਉਨ੍ਹਾਂ ਨੂੰ ਜ਼ੰਜੀਰਾਂ ’ਤੇ ਲਾਇਆ।
17 ਉਸ ਨੇ ਥੰਮ੍ਹਾਂ ਨੂੰ ਮੰਦਰ ਦੇ ਅੱਗੇ ਖੜ੍ਹਾ ਕੀਤਾ, ਇਕ ਸੱਜੇ ਪਾਸੇ* ਤੇ ਇਕ ਖੱਬੇ ਪਾਸੇ;* ਉਸ ਨੇ ਸੱਜੇ ਪਾਸੇ ਦੇ ਥੰਮ੍ਹ ਦਾ ਨਾਂ ਯਾਕੀਨ* ਰੱਖਿਆ ਤੇ ਖੱਬੇ ਪਾਸੇ ਦੇ ਥੰਮ੍ਹ ਦਾ ਨਾਂ ਬੋਅਜ਼* ਰੱਖਿਆ।
ਫੁਟਨੋਟ
^ ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ, ਪਰ ਕੁਝ ਕਹਿੰਦੇ ਹਨ ਕਿ “ਪੁਰਾਣੇ ਸਮੇਂ ਦਾ ਨਾਪ” ਇਕ ਲੰਬਾ ਹੱਥ ਹੈ ਜੋ 51.8 ਸੈਂਟੀਮੀਟਰ (20.4 ਇੰਚ) ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਸ ਨਾਪ ਦੀ ਜਾਣਕਾਰੀ ਨਹੀਂ ਹੈ।
^ ਇਬ, “ਵੱਡਾ ਭਵਨ;” ਸ਼ਾਇਦ ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਭਵਨ।”
^ ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਭਵਨ।”
^ ਯਾਨੀ, ਪਵਿੱਤਰ ਕਮਰੇ ਵੱਲ ਨੂੰ।
^ ਥੰਮ੍ਹ ਦਾ ਸਜਾਵਟੀ ਸਿਰਾ।
^ ਜਾਂ, “ਦੱਖਣ ਵੱਲ।”
^ ਜਾਂ, “ਉੱਤਰ ਵੱਲ।”
^ ਮਤਲਬ “ਉਹ [ਯਾਨੀ ਯਹੋਵਾਹ] ਮਜ਼ਬੂਤੀ ਨਾਲ ਕਾਇਮ ਕਰੇ।”
^ ਸ਼ਾਇਦ ਇਸ ਦਾ ਮਤਲਬ ਹੈ “ਤਾਕਤ ਨਾਲ।”