ਦੂਜਾ ਇਤਿਹਾਸ 30:1-27
-
ਹਿਜ਼ਕੀਯਾਹ ਨੇ ਪਸਾਹ ਮਨਾਇਆ (1-27)
30 ਹਿਜ਼ਕੀਯਾਹ ਨੇ ਸਾਰੇ ਇਜ਼ਰਾਈਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ+ ਅਤੇ ਇਫ਼ਰਾਈਮ ਤੇ ਮਨੱਸ਼ਹ+ ਨੂੰ ਚਿੱਠੀਆਂ ਵੀ ਲਿਖੀਆਂ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਵਿਚ ਆ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਉਣ।+
2 ਪਰ ਰਾਜੇ, ਉਸ ਦੇ ਹਾਕਮਾਂ ਅਤੇ ਯਰੂਸ਼ਲਮ ਵਿਚ ਸਾਰੀ ਮੰਡਲੀ ਨੇ ਦੂਸਰੇ ਮਹੀਨੇ ਵਿਚ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ।+
3 ਉਹ ਮਿਥੇ ਸਮੇਂ ਤੇ ਇਸ ਨੂੰ ਨਹੀਂ ਮਨਾ ਪਾਏ ਸਨ+ ਕਿਉਂਕਿ ਕਾਫ਼ੀ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਸੀ ਕੀਤਾ+ ਤੇ ਨਾ ਹੀ ਯਰੂਸ਼ਲਮ ਵਿਚ ਲੋਕ ਇਕੱਠੇ ਹੋਏ ਸਨ।
4 ਇਹ ਇੰਤਜ਼ਾਮ ਰਾਜੇ ਨੂੰ ਤੇ ਸਾਰੀ ਮੰਡਲੀ ਨੂੰ ਸਹੀ ਲੱਗਾ।
5 ਇਸ ਲਈ ਉਨ੍ਹਾਂ ਨੇ ਬਏਰ-ਸ਼ਬਾ ਤੋਂ ਲੈ ਕੇ ਦਾਨ+ ਤਕ ਸਾਰੇ ਇਜ਼ਰਾਈਲ ਵਿਚ ਇਹ ਐਲਾਨ ਕਰਨ ਦਾ ਫ਼ੈਸਲਾ ਕੀਤਾ ਕਿ ਲੋਕ ਯਰੂਸ਼ਲਮ ਆ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਪਸਾਹ ਮਨਾਉਣ ਕਿਉਂਕਿ ਉਨ੍ਹਾਂ ਨੇ ਸਮੂਹ ਵਜੋਂ ਇਸ ਨੂੰ ਨਹੀਂ ਮਨਾਇਆ ਸੀ ਜਿਵੇਂ ਲਿਖਿਆ ਹੋਇਆ ਹੈ।+
6 ਫਿਰ ਡਾਕੀਏ* ਰਾਜੇ ਅਤੇ ਉਸ ਦੇ ਹਾਕਮਾਂ ਕੋਲੋਂ ਚਿੱਠੀਆਂ ਲੈ ਕੇ ਸਾਰੇ ਇਜ਼ਰਾਈਲ ਅਤੇ ਯਹੂਦਾਹ ਵਿਚ ਗਏ ਜਿਵੇਂ ਰਾਜੇ ਨੇ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਕਿਹਾ: “ਇਜ਼ਰਾਈਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆਓ ਤਾਂਕਿ ਉਹ ਉਨ੍ਹਾਂ ਬਾਕੀ ਲੋਕਾਂ ਵੱਲ ਮੁੜ ਆਵੇ ਜੋ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਸਨ।+
7 ਆਪਣੇ ਪਿਉ-ਦਾਦਿਆਂ ਤੇ ਆਪਣੇ ਭਰਾਵਾਂ ਵਾਂਗ ਨਾ ਬਣੋ ਜਿਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨਾਲ ਬੇਵਫ਼ਾਈ ਕੀਤੀ ਜਿਸ ਕਰਕੇ ਉਸ ਨੇ ਉਨ੍ਹਾਂ ਦਾ ਅਜਿਹਾ ਹਸ਼ਰ ਕੀਤਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ, ਠੀਕ ਜਿਵੇਂ ਤੁਸੀਂ ਦੇਖ ਰਹੇ ਹੋ।+
8 ਹੁਣ ਆਪਣੇ ਪਿਉ-ਦਾਦਿਆਂ ਵਾਂਗ ਢੀਠ ਨਾ ਬਣੋ।+ ਯਹੋਵਾਹ ਦੇ ਅਧੀਨ ਹੋਵੋ ਅਤੇ ਉਸ ਦੇ ਪਵਿੱਤਰ ਸਥਾਨ ਨੂੰ ਆਓ+ ਜੋ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ ਤਾਂਕਿ ਤੁਹਾਡੇ ’ਤੇ ਭੜਕੀ ਉਸ ਦੇ ਕ੍ਰੋਧ ਦੀ ਅੱਗ ਬੁੱਝ ਜਾਵੇ।+
9 ਜਦੋਂ ਤੁਸੀਂ ਯਹੋਵਾਹ ਵੱਲ ਮੁੜੋਗੇ, ਤਾਂ ਤੁਹਾਡੇ ਭਰਾਵਾਂ ਅਤੇ ਤੁਹਾਡੇ ਪੁੱਤਰਾਂ ਨੂੰ ਗ਼ੁਲਾਮ ਬਣਾਉਣ ਵਾਲੇ ਉਨ੍ਹਾਂ ’ਤੇ ਦਇਆ ਕਰਨਗੇ+ ਅਤੇ ਉਨ੍ਹਾਂ ਨੂੰ ਇਸ ਦੇਸ਼ ਵਿਚ ਮੁੜਨ ਦਿੱਤਾ ਜਾਵੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਰਹਿਮਦਿਲ* ਤੇ ਦਇਆਵਾਨ ਹੈ+ ਅਤੇ ਜੇ ਤੁਸੀਂ ਉਸ ਵੱਲ ਮੁੜੋਗੇ, ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜੇਗਾ।”+
10 ਇਸ ਲਈ ਡਾਕੀਏ* ਇਫ਼ਰਾਈਮ ਅਤੇ ਮਨੱਸ਼ਹ ਦੇ ਸਾਰੇ ਦੇਸ਼ ਵਿਚ ਸ਼ਹਿਰੋ-ਸ਼ਹਿਰ ਘੁੰਮਦੇ ਹੋਏ+ ਜ਼ਬੂਲੁਨ ਤਕ ਜਾ ਪਹੁੰਚੇ, ਪਰ ਲੋਕ ਉਨ੍ਹਾਂ ’ਤੇ ਹੱਸ ਰਹੇ ਸਨ ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ।+
11 ਪਰ ਆਸ਼ੇਰ, ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕੁਝ ਲੋਕਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਤੇ ਉਹ ਯਰੂਸ਼ਲਮ ਆਏ।+
12 ਸੱਚੇ ਪਰਮੇਸ਼ੁਰ ਦਾ ਹੱਥ ਯਹੂਦਾਹ ਉੱਤੇ ਵੀ ਸੀ ਕਿ ਉਹ ਉਨ੍ਹਾਂ ਨੂੰ ਇਕ ਕਰੇ* ਤਾਂਕਿ ਉਹ ਯਹੋਵਾਹ ਦੇ ਬਚਨ ਅਨੁਸਾਰ ਰਾਜੇ ਅਤੇ ਹਾਕਮਾਂ ਦਾ ਹੁਕਮ ਮੰਨਣ।
13 ਦੂਸਰੇ ਮਹੀਨੇ+ ਵਿਚ ਲੋਕਾਂ ਦੀ ਵੱਡੀ ਭੀੜ ਯਰੂਸ਼ਲਮ ਵਿਚ ਬੇਖਮੀਰੀ ਰੋਟੀ+ ਦਾ ਤਿਉਹਾਰ ਮਨਾਉਣ ਲਈ ਇਕੱਠੀ ਹੋਈ; ਇਹ ਇਕ ਬਹੁਤ ਵੱਡੀ ਮੰਡਲੀ ਸੀ।
14 ਉਨ੍ਹਾਂ ਨੇ ਉੱਠ ਕੇ ਯਰੂਸ਼ਲਮ ਵਿੱਚੋਂ ਵੇਦੀਆਂ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੇ ਧੂਪ ਦੀਆਂ ਸਾਰੀਆਂ ਵੇਦੀਆਂ ਵੀ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੂੰ ਕਿਦਰੋਨ ਘਾਟੀ ਵਿਚ ਸੁੱਟ ਦਿੱਤਾ।
15 ਫਿਰ ਦੂਸਰੇ ਮਹੀਨੇ ਦੀ 14 ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਦੀ ਬਲ਼ੀ ਨੂੰ ਵੱਢਿਆ। ਪੁਜਾਰੀ ਅਤੇ ਲੇਵੀ ਸ਼ਰਮਿੰਦਾ ਹੋਏ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਤੇ ਉਹ ਯਹੋਵਾਹ ਦੇ ਭਵਨ ਵਿਚ ਹੋਮ-ਬਲ਼ੀਆਂ ਲੈ ਕੇ ਆਏ।
16 ਉਹ ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਕਾਨੂੰਨ ਅਨੁਸਾਰ ਆਪੋ-ਆਪਣੀ ਠਹਿਰਾਈ ਜਗ੍ਹਾ ’ਤੇ ਖੜ੍ਹ ਗਏ; ਫਿਰ ਪੁਜਾਰੀਆਂ ਨੇ ਲੇਵੀਆਂ ਦੇ ਹੱਥੋਂ ਖ਼ੂਨ ਲੈ ਕੇ ਛਿੜਕਿਆ।+
17 ਮੰਡਲੀ ਵਿਚ ਕਾਫ਼ੀ ਜਣਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਇਹ ਕੰਮ ਦਿੱਤਾ ਗਿਆ ਕਿ ਉਹ ਪਸਾਹ ਦੀਆਂ ਬਲ਼ੀਆਂ ਨੂੰ ਉਨ੍ਹਾਂ ਸਾਰਿਆਂ ਲਈ ਵੱਢਣ ਜੋ ਸ਼ੁੱਧ ਨਹੀਂ ਸਨ+ ਤਾਂਕਿ ਉਨ੍ਹਾਂ ਨੂੰ ਯਹੋਵਾਹ ਲਈ ਪਵਿੱਤਰ ਕੀਤਾ ਜਾਵੇ।
18 ਕਿਉਂਕਿ ਬਹੁਤ ਸਾਰੇ ਲੋਕਾਂ ਨੇ, ਖ਼ਾਸ ਕਰਕੇ ਇਫ਼ਰਾਈਮ, ਮਨੱਸ਼ਹ,+ ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਕਈਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਸੀ ਕੀਤਾ, ਫਿਰ ਵੀ ਉਨ੍ਹਾਂ ਨੇ ਪਸਾਹ ਦਾ ਖਾਣਾ ਖਾਧਾ ਜੋ ਕਾਨੂੰਨ ਦੇ ਖ਼ਿਲਾਫ਼ ਸੀ। ਪਰ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਕਹਿ ਕੇ ਪ੍ਰਾਰਥਨਾ ਕੀਤੀ: “ਯਹੋਵਾਹ, ਜੋ ਭਲਾ ਹੈ,+ ਉਸ ਹਰ ਇਨਸਾਨ ਨੂੰ ਮਾਫ਼ ਕਰੇ
19 ਜਿਸ ਨੇ ਵੀ ਸੱਚੇ ਪਰਮੇਸ਼ੁਰ ਯਹੋਵਾਹ, ਹਾਂ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ ਹੈ,+ ਭਾਵੇਂ ਕਿ ਉਹ ਪਵਿੱਤਰਤਾ ਦੇ ਮਿਆਰ ਮੁਤਾਬਕ ਸ਼ੁੱਧ ਨਹੀਂ ਹੋਇਆ।”+
20 ਅਤੇ ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣੀ ਤੇ ਲੋਕਾਂ ਨੂੰ ਮਾਫ਼ ਕਰ ਦਿੱਤਾ।*
21 ਇਸ ਤਰ੍ਹਾਂ ਯਰੂਸ਼ਲਮ ਵਿਚ ਇਜ਼ਰਾਈਲੀਆਂ ਨੇ ਖ਼ੁਸ਼ੀਆਂ ਮਨਾਉਂਦੇ ਹੋਏ ਸੱਤ ਦਿਨ+ ਬੇਖਮੀਰੀ ਰੋਟੀ ਦਾ ਤਿਉਹਾਰ+ ਮਨਾਇਆ ਅਤੇ ਲੇਵੀਆਂ ਤੇ ਪੁਜਾਰੀਆਂ ਨੇ ਯਹੋਵਾਹ ਲਈ ਉੱਚੀ-ਉੱਚੀ ਆਪਣੇ ਸਾਜ਼ ਵਜਾ ਕੇ ਹਰ ਰੋਜ਼ ਯਹੋਵਾਹ ਦੀ ਮਹਿਮਾ ਕੀਤੀ।+
22 ਇਸ ਤੋਂ ਇਲਾਵਾ, ਹਿਜ਼ਕੀਯਾਹ ਨੇ ਉਨ੍ਹਾਂ ਸਾਰੇ ਲੇਵੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਜਿਹੜੇ ਸੂਝ-ਬੂਝ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਹ ਤਿਉਹਾਰ ਦੇ ਸੱਤੇ ਦਿਨ ਖਾਂਦੇ ਰਹੇ+ ਤੇ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਰਹੇ+ ਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦਾ ਧੰਨਵਾਦ ਕਰਦੇ ਰਹੇ।
23 ਫਿਰ ਸਾਰੀ ਮੰਡਲੀ ਨੇ ਫ਼ੈਸਲਾ ਕੀਤਾ ਕਿ ਉਹ ਹੋਰ ਸੱਤ ਦਿਨ ਤਿਉਹਾਰ ਮਨਾਉਣਗੇ, ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਹੋਰ ਸੱਤ ਦਿਨ ਤਿਉਹਾਰ ਮਨਾਇਆ।+
24 ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਮੰਡਲੀ ਲਈ 1,000 ਬਲਦ ਅਤੇ 7,000 ਭੇਡਾਂ ਦਿੱਤੀਆਂ ਅਤੇ ਹਾਕਮਾਂ ਨੇ ਮੰਡਲੀ ਲਈ 1,000 ਬਲਦ ਅਤੇ 10,000 ਭੇਡਾਂ ਦਿੱਤੀਆਂ;+ ਵੱਡੀ ਤਾਦਾਦ ਵਿਚ ਪੁਜਾਰੀ ਆਪਣੇ ਆਪ ਨੂੰ ਸ਼ੁੱਧ ਕਰ ਰਹੇ ਸਨ।+
25 ਯਹੂਦਾਹ ਦੀ ਸਾਰੀ ਮੰਡਲੀ, ਪੁਜਾਰੀ, ਲੇਵੀ, ਇਜ਼ਰਾਈਲ ਤੋਂ ਆਈ ਸਾਰੀ ਮੰਡਲੀ+ ਅਤੇ ਉਹ ਪਰਦੇਸੀ+ ਜੋ ਇਜ਼ਰਾਈਲ ਦੇਸ਼ ਤੋਂ ਆਏ ਸਨ ਤੇ ਜੋ ਯਹੂਦਾਹ ਦੇ ਰਹਿਣ ਵਾਲੇ ਸਨ, ਆਨੰਦ ਮਨਾਉਂਦੇ ਰਹੇ।
26 ਅਤੇ ਯਰੂਸ਼ਲਮ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ ਕਿਉਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਯਰੂਸ਼ਲਮ ਵਿਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ।+
27 ਅਖ਼ੀਰ ਲੇਵੀ ਪੁਜਾਰੀ ਖੜ੍ਹੇ ਹੋਏ ਤੇ ਉਨ੍ਹਾਂ ਨੇ ਲੋਕਾਂ ਨੂੰ ਅਸੀਸ ਦਿੱਤੀ;+ ਪਰਮੇਸ਼ੁਰ ਨੇ ਉਨ੍ਹਾਂ ਦੀ ਆਵਾਜ਼ ਸੁਣੀ ਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਨਿਵਾਸ-ਸਥਾਨ, ਹਾਂ, ਸਵਰਗ ਤਕ ਪਹੁੰਚੀ।
ਫੁਟਨੋਟ
^ ਇਬ, “ਦੌੜਨ ਵਾਲੇ।”
^ ਜਾਂ, “ਹਮਦਰਦ।”
^ ਇਬ, “ਦੌੜਨ ਵਾਲੇ।”
^ ਇਬ, “ਉਨ੍ਹਾਂ ਨੂੰ ਇਕ ਮਨ ਦੇਵੇ।”
^ ਇਬ, “ਚੰਗਾ ਕੀਤਾ।”