ਦੂਜਾ ਇਤਿਹਾਸ 31:1-21

  • ਹਿਜ਼ਕੀਯਾਹ ਨੇ ਝੂਠੀ ਭਗਤੀ ਖ਼ਤਮ ਕੀਤੀ (1)

  • ਪੁਜਾਰੀਆਂ ਅਤੇ ਲੇਵੀਆਂ ਦੀ ਦੇਖ-ਭਾਲ (2-21)

31  ਜਦੋਂ ਉਹ ਇਹ ਸਭ ਕੁਝ ਪੂਰਾ ਕਰ ਹਟੇ, ਤਾਂ ਸਾਰੇ ਮੌਜੂਦ ਇਜ਼ਰਾਈਲੀ ਯਹੂਦਾਹ ਦੇ ਸ਼ਹਿਰਾਂ ਵਿਚ ਗਏ ਅਤੇ ਉਨ੍ਹਾਂ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿਚ, ਨਾਲੇ ਇਫ਼ਰਾਈਮ ਤੇ ਮਨੱਸ਼ਹ+ ਵਿਚ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ,+ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ+ ਅਤੇ ਉੱਚੀਆਂ ਥਾਵਾਂ ਤੇ ਵੇਦੀਆਂ ਨੂੰ ਢਾਹ ਦਿੱਤਾ।+ ਉਹ ਇਹ ਸਭ ਉਦੋਂ ਤਕ ਕਰਦੇ ਰਹੇ ਜਦ ਤਕ ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਨਹੀਂ ਦਿੱਤਾ। ਇਸ ਤੋਂ ਬਾਅਦ ਸਾਰੇ ਇਜ਼ਰਾਈਲੀ ਆਪੋ-ਆਪਣੇ ਸ਼ਹਿਰਾਂ ਵਿਚ ਆਪੋ-ਆਪਣੇ ਮਾਲ-ਧਨ ਕੋਲ ਮੁੜ ਗਏ।  ਫਿਰ ਹਿਜ਼ਕੀਯਾਹ ਨੇ ਪੁਜਾਰੀਆਂ ਦੀਆਂ ਟੋਲੀਆਂ+ ਅਤੇ ਲੇਵੀਆਂ ਦੀਆਂ ਟੋਲੀਆਂ+ ਵਿੱਚੋਂ ਹਰੇਕ ਪੁਜਾਰੀ ਤੇ ਲੇਵੀ ਨੂੰ ਉਸ ਦੀ ਸੇਵਾ ਮੁਤਾਬਕ ਠਹਿਰਾਇਆ।+ ਉਨ੍ਹਾਂ ਨੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣੀਆਂ ਸਨ ਅਤੇ ਯਹੋਵਾਹ ਦੇ ਵਿਹੜਿਆਂ* ਦੇ ਦਰਵਾਜ਼ਿਆਂ ਅੰਦਰ ਸੇਵਾ ਕਰਨੀ ਸੀ ਅਤੇ ਧੰਨਵਾਦ ਤੇ ਮਹਿਮਾ ਕਰਨੀ ਸੀ।+  ਰਾਜੇ ਦੇ ਆਪਣੇ ਮਾਲ ਵਿੱਚੋਂ ਹੋਮ-ਬਲ਼ੀਆਂ ਲਈ ਹਿੱਸਾ ਦਿੱਤਾ ਜਾਂਦਾ ਸੀ+ ਜਿਨ੍ਹਾਂ ਵਿਚ ਸਵੇਰ ਤੇ ਸ਼ਾਮ ਦੀਆਂ ਬਲ਼ੀਆਂ,+ ਨਾਲੇ ਸਬਤ ਦੇ ਦਿਨਾਂ,+ ਮੱਸਿਆ*+ ਅਤੇ ਤਿਉਹਾਰਾਂ+ ਦੇ ਮੌਕੇ ’ਤੇ ਚੜ੍ਹਾਈਆਂ ਜਾਂਦੀਆਂ ਹੋਮ-ਬਲ਼ੀਆਂ ਸ਼ਾਮਲ ਸਨ, ਜਿਵੇਂ ਯਹੋਵਾਹ ਦੇ ਕਾਨੂੰਨ ਵਿਚ ਲਿਖਿਆ ਗਿਆ ਹੈ।  ਇਸ ਤੋਂ ਇਲਾਵਾ, ਉਸ ਨੇ ਯਰੂਸ਼ਲਮ ਵਿਚ ਰਹਿੰਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਪੁਜਾਰੀਆਂ ਤੇ ਲੇਵੀਆਂ ਨੂੰ ਉਨ੍ਹਾਂ ਲਈ ਠਹਿਰਾਇਆ ਹਿੱਸਾ ਦੇਣ+ ਤਾਂਕਿ ਉਹ ਸਖ਼ਤੀ ਨਾਲ ਯਹੋਵਾਹ ਦੇ ਇਸ ਕਾਨੂੰਨ ਦੀ ਪਾਲਣਾ ਕਰ ਸਕਣ।*  ਇਹ ਹੁਕਮ ਜਾਰੀ ਹੁੰਦਿਆਂ ਹੀ ਇਜ਼ਰਾਈਲੀਆਂ ਨੇ ਬਹੁਤ ਵੱਡੀ ਮਾਤਰਾ ਵਿਚ ਅਨਾਜ, ਨਵੇਂ ਦਾਖਰਸ, ਤੇਲ,+ ਸ਼ਹਿਦ ਅਤੇ ਖੇਤ ਦੀ ਸਾਰੀ ਪੈਦਾਵਾਰ ਦਾ ਪਹਿਲਾ ਫਲ ਦਿੱਤਾ;+ ਉਹ ਹਰ ਚੀਜ਼ ਦਾ ਦਸਵਾਂ ਹਿੱਸਾ ਭਰਪੂਰ ਮਾਤਰਾ ਵਿਚ ਲੈ ਕੇ ਆਏ।+  ਇਜ਼ਰਾਈਲ ਅਤੇ ਯਹੂਦਾਹ ਦੇ ਲੋਕ ਵੀ, ਜਿਹੜੇ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਸਨ, ਬਲਦਾਂ ਅਤੇ ਭੇਡਾਂ ਦਾ ਦਸਵਾਂ ਹਿੱਸਾ ਅਤੇ ਉਨ੍ਹਾਂ ਪਵਿੱਤਰ ਚੀਜ਼ਾਂ ਦਾ ਦਸਵਾਂ ਹਿੱਸਾ ਲੈ ਕੇ ਆਏ+ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਲਈ ਸ਼ੁੱਧ ਕੀਤਾ ਗਿਆ ਸੀ। ਉਹ ਦਸਵਾਂ ਹਿੱਸਾ ਲਿਆਏ ਤੇ ਢੇਰਾਂ ਦੇ ਢੇਰ ਲਾ ਦਿੱਤੇ।  ਤੀਸਰੇ ਮਹੀਨੇ+ ਉਨ੍ਹਾਂ ਨੇ ਆਪਣੇ ਦਾਨ ਦੇ ਢੇਰ ਲਾਉਣੇ ਸ਼ੁਰੂ ਕੀਤੇ ਸਨ; ਉਹ ਸੱਤਵੇਂ ਮਹੀਨੇ+ ਤਕ ਇੱਦਾਂ ਕਰਦੇ ਰਹੇ।  ਜਦੋਂ ਹਿਜ਼ਕੀਯਾਹ ਅਤੇ ਹਾਕਮਾਂ ਨੇ ਆ ਕੇ ਢੇਰ ਲੱਗੇ ਦੇਖੇ, ਤਾਂ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਕੀਤੀ ਅਤੇ ਉਸ ਦੀ ਪਰਜਾ ਇਜ਼ਰਾਈਲ ਨੂੰ ਅਸੀਸ ਦਿੱਤੀ।  ਹਿਜ਼ਕੀਯਾਹ ਨੇ ਪੁਜਾਰੀਆਂ ਤੇ ਲੇਵੀਆਂ ਕੋਲੋਂ ਉਨ੍ਹਾਂ ਢੇਰਾਂ ਬਾਰੇ ਪੁੱਛਿਆ 10  ਅਤੇ ਸਾਦੋਕ ਦੇ ਘਰਾਣੇ ਦੇ ਮੁੱਖ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਕਿਹਾ: “ਜਦੋਂ ਤੋਂ ਲੋਕਾਂ ਨੇ ਯਹੋਵਾਹ ਦੇ ਭਵਨ ਵਿਚ ਦਾਨ ਲਿਆਉਣਾ ਸ਼ੁਰੂ ਕੀਤਾ ਹੈ,+ ਉਦੋਂ ਤੋਂ ਲੋਕ ਰੱਜ ਕੇ ਖਾਂਦੇ ਹਨ ਅਤੇ ਬਹੁਤ ਕੁਝ ਬਚ ਵੀ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਦੇਖ, ਆਹ ਕਿੰਨਾ ਕੁਝ ਬਚਿਆ ਪਿਆ ਹੈ।”+ 11  ਇਹ ਸੁਣ ਕੇ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਭੰਡਾਰਾਂ*+ ਨੂੰ ਤਿਆਰ ਕਰਨ ਲਈ ਕਿਹਾ, ਇਸ ਲਈ ਉਨ੍ਹਾਂ ਨੇ ਇਨ੍ਹਾਂ ਨੂੰ ਤਿਆਰ ਕੀਤਾ। 12  ਉਹ ਵਫ਼ਾਦਾਰੀ ਨਾਲ ਦਾਨ, ਦਸਵਾਂ ਹਿੱਸਾ+ ਅਤੇ ਪਵਿੱਤਰ ਚੀਜ਼ਾਂ ਲਿਆਉਂਦੇ ਰਹੇ; ਲੇਵੀ ਕਾਨਨਯਾਹ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਦੇਖ-ਰੇਖ ਲਈ ਨਿਗਰਾਨ ਠਹਿਰਾਇਆ ਗਿਆ ਸੀ ਅਤੇ ਉਸ ਦਾ ਭਰਾ ਸ਼ਿਮਈ ਦੂਸਰੇ ਦਰਜੇ ’ਤੇ ਸੀ। 13  ਯਹੀਏਲ, ਅਜ਼ਾਜ਼ਯਾਹ, ਨਹਥ, ਅਸਾਹੇਲ, ਯਿਰਮੋਥ, ਯੋਜ਼ਾਬਾਦ, ਅਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ ਰਾਜੇ ਦੇ ਹੁਕਮ ਅਨੁਸਾਰ ਕਾਨਨਯਾਹ ਅਤੇ ਉਸ ਦੇ ਭਰਾ ਸ਼ਿਮਈ ਦੇ ਸਹਾਇਕ ਸਨ ਅਤੇ ਅਜ਼ਰਯਾਹ ਸੱਚੇ ਪਰਮੇਸ਼ੁਰ ਦੇ ਭਵਨ ਦਾ ਨਿਗਰਾਨ ਸੀ। 14  ਯਿਮਨਾਹ ਦਾ ਪੁੱਤਰ ਕੋਰੇ, ਜੋ ਪੂਰਬ ਵੱਲ ਇਕ ਲੇਵੀ ਦਰਬਾਨ ਸੀ,+ ਸੱਚੇ ਪਰਮੇਸ਼ੁਰ ਨੂੰ ਚੜ੍ਹਾਈਆਂ ਇੱਛਾ-ਬਲ਼ੀਆਂ+ ਦਾ ਨਿਗਰਾਨ ਸੀ ਅਤੇ ਉਹ ਯਹੋਵਾਹ ਨੂੰ ਦਿੱਤੇ ਦਾਨ ਅਤੇ ਅੱਤ ਪਵਿੱਤਰ ਚੀਜ਼ਾਂ ਨੂੰ ਵੰਡਣ ਦਾ ਕੰਮ ਕਰਦਾ ਸੀ।+ 15  ਉਸ ਦੇ ਨਿਰਦੇਸ਼ਨ ਅਧੀਨ ਪੁਜਾਰੀਆਂ ਦੇ ਸ਼ਹਿਰਾਂ ਵਿਚ ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਾਯਾਹ, ਅਮਰਯਾਹ ਅਤੇ ਸ਼ਕਨਯਾਹ ਆਪਣੇ ਭਰਾਵਾਂ ਨੂੰ ਟੋਲੀਆਂ ਅਨੁਸਾਰ ਇੱਕੋ ਜਿਹਾ ਹਿੱਸਾ ਦਿੰਦੇ ਸਨ,+ ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਭਰੋਸੇਯੋਗ ਹੋਣ ਕਰਕੇ ਦਿੱਤੀ ਗਈ ਸੀ।+ 16  ਇਨ੍ਹਾਂ ਤੋਂ ਇਲਾਵਾ, ਉਨ੍ਹਾਂ ਆਦਮੀਆਂ ਨੂੰ ਖਾਣਾ ਦਿੱਤਾ ਜਾਂਦਾ ਸੀ ਜਿਨ੍ਹਾਂ ਦਾ ਨਾਂ ਵੰਸ਼ਾਵਲੀ ਵਿਚ ਲਿਖਿਆ ਹੋਇਆ ਸੀ ਅਤੇ ਜੋ ਹਰ ਰੋਜ਼ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਆਉਂਦੇ ਸਨ ਤੇ ਆਪੋ-ਆਪਣੀਆਂ ਟੋਲੀਆਂ ਅਨੁਸਾਰ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਨਾਲੇ ਉਨ੍ਹਾਂ ਮੁੰਡਿਆਂ ਨੂੰ ਵੀ ਖਾਣਾ ਦਿੱਤਾ ਜਾਂਦਾ ਸੀ ਜਿਹੜੇ ਤਿੰਨ ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ ਜਿਨ੍ਹਾਂ ਦੇ ਨਾਂ ਵੰਸ਼ਾਵਲੀ ਵਿਚ ਦਰਜ ਸਨ। 17  ਪੁਜਾਰੀਆਂ ਦੇ ਨਾਂ ਉਨ੍ਹਾਂ ਦੇ ਪਿਤਾ ਦੇ ਘਰਾਣੇ ਅਨੁਸਾਰ+ ਤੇ ਉਨ੍ਹਾਂ ਦੀਆਂ ਟੋਲੀਆਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਦਰਜ ਕੀਤੇ ਗਏ ਸਨ ਜਿਵੇਂ ਉਨ੍ਹਾਂ ਲੇਵੀਆਂ ਦੇ ਨਾਂ ਦਰਜ ਕੀਤੇ ਗਏ ਸਨ+ ਜੋ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ।+ 18  ਉਹ ਆਪਣੇ ਆਪ ਨੂੰ ਪਵਿੱਤਰ ਸੇਵਾ ਲਈ ਸ਼ੁੱਧ ਰੱਖਦੇ ਸਨ ਕਿਉਂਕਿ ਉਨ੍ਹਾਂ ਨੂੰ ਭਰੋਸੇਯੋਗ ਹੋਣ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਲਈ ਉਨ੍ਹਾਂ ਦੇ ਸਾਰੇ ਬੱਚਿਆਂ, ਉਨ੍ਹਾਂ ਦੀਆਂ ਪਤਨੀਆਂ, ਉਨ੍ਹਾਂ ਦੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਧੀਆਂ ਯਾਨੀ ਉਨ੍ਹਾਂ ਦੀ ਸਾਰੀ ਮੰਡਲੀ ਦੇ ਨਾਂ ਵੰਸ਼ਾਵਲੀ ਵਿਚ ਦਰਜ ਕੀਤੇ ਗਏ ਸਨ, 19  ਨਾਲੇ ਹਾਰੂਨ ਦੇ ਵੰਸ਼ ਦੇ ਪੁਜਾਰੀਆਂ ਦੇ ਨਾਂ ਵੀ, ਜੋ ਆਪਣੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਦੇ ਮੈਦਾਨਾਂ ਵਿਚ ਰਹਿੰਦੇ ਸਨ।+ ਸਾਰੇ ਸ਼ਹਿਰਾਂ ਵਿਚ ਆਦਮੀਆਂ ਨੂੰ ਚੁਣਿਆ ਗਿਆ ਸੀ ਕਿ ਉਹ ਪੁਜਾਰੀਆਂ ਵਿੱਚੋਂ ਹਰ ਨਰ ਨੂੰ ਅਤੇ ਲੇਵੀਆਂ ਦੀ ਵੰਸ਼ਾਵਲੀ ਵਿਚ ਦਰਜ ਹਰੇਕ ਜਣੇ ਨੂੰ ਹਿੱਸੇ ਦੇਣ। 20  ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿਚ ਇਸੇ ਤਰ੍ਹਾਂ ਕੀਤਾ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਹੀ ਕਰਦਾ ਰਿਹਾ ਜੋ ਚੰਗਾ ਤੇ ਸਹੀ ਸੀ ਅਤੇ ਉਹ ਉਸ ਪ੍ਰਤੀ ਵਫ਼ਾਦਾਰ ਰਿਹਾ। 21  ਆਪਣੇ ਪਰਮੇਸ਼ੁਰ ਨੂੰ ਭਾਲਣ ਲਈ ਉਸ ਨੇ ਜਿਹੜਾ ਵੀ ਕੰਮ ਆਪਣੇ ਹੱਥ ਵਿਚ ਲਿਆ, ਚਾਹੇ ਉਹ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਨਾਲ ਸੰਬੰਧਿਤ ਸੀ+ ਜਾਂ ਮੂਸਾ ਦੇ ਕਾਨੂੰਨ ਤੇ ਹੁਕਮ ਨਾਲ ਜੁੜਿਆ ਸੀ, ਉਸ ਨੇ ਉਸ ਨੂੰ ਪੂਰੇ ਦਿਲ ਨਾਲ ਕੀਤਾ ਤੇ ਉਹ ਸਫ਼ਲ ਹੋਇਆ।

ਫੁਟਨੋਟ

ਇਬ, “ਡੇਰਿਆਂ।”
ਜਾਂ, “ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”