ਦੂਜਾ ਇਤਿਹਾਸ 32:1-33

  • ਸਨਹੇਰੀਬ ਦੀ ਯਰੂਸ਼ਲਮ ਨੂੰ ਧਮਕੀ (1-8)

  • ਸਨਹੇਰੀਬ ਨੇ ਯਹੋਵਾਹ ਨੂੰ ਲਲਕਾਰਿਆ (9-19)

  • ਦੂਤ ਨੇ ਅੱਸ਼ੂਰੀ ਫ਼ੌਜ ਨੂੰ ਮਾਰ ਸੁੱਟਿਆ (20-23)

  • ਹਿਜ਼ਕੀਯਾਹ ਦੀ ਬੀਮਾਰੀ ਅਤੇ ਘਮੰਡ (24-26)

  • ਹਿਜ਼ਕੀਯਾਹ ਦੀਆਂ ਪ੍ਰਾਪਤੀਆਂ ਅਤੇ ਮੌਤ (27-33)

32  ਇਨ੍ਹਾਂ ਗੱਲਾਂ ਅਤੇ ਵਫ਼ਾਦਾਰੀ ਦੇ ਇਨ੍ਹਾਂ ਕੰਮਾਂ ਤੋਂ ਬਾਅਦ+ ਅੱਸ਼ੂਰ ਦਾ ਰਾਜਾ ਸਨਹੇਰੀਬ ਆਇਆ ਤੇ ਉਸ ਨੇ ਯਹੂਦਾਹ ’ਤੇ ਹਮਲਾ ਕੀਤਾ। ਉਸ ਨੇ ਕਿਲੇਬੰਦ ਸ਼ਹਿਰਾਂ ਦੀ ਘੇਰਾਬੰਦੀ ਕੀਤੀ ਕਿਉਂਕਿ ਉਸ ਨੇ ਅੰਦਰ ਵੜ ਕੇ ਉਨ੍ਹਾਂ ’ਤੇ ਕਬਜ਼ਾ ਕਰਨ ਦੀ ਠਾਣੀ ਹੋਈ ਸੀ।+  ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆ ਗਿਆ ਸੀ ਤੇ ਉਸ ਨੇ ਯਰੂਸ਼ਲਮ ਨਾਲ ਯੁੱਧ ਲੜਨ ਦੀ ਠਾਣੀ ਹੋਈ ਸੀ,  ਤਾਂ ਉਸ ਨੇ ਆਪਣੇ ਹਾਕਮਾਂ ਤੇ ਆਪਣੇ ਯੋਧਿਆਂ ਨਾਲ ਸਲਾਹ ਕਰ ਕੇ ਫ਼ੈਸਲਾ ਕੀਤਾ ਕਿ ਸ਼ਹਿਰ ਦੇ ਬਾਹਰ ਪਾਣੀ ਦੇ ਚਸ਼ਮਿਆਂ ਨੂੰ ਬੰਦ ਕਰ ਦਿੱਤਾ ਜਾਵੇ+ ਅਤੇ ਉਨ੍ਹਾਂ ਨੇ ਉਸ ਦਾ ਸਾਥ ਦਿੱਤਾ।  ਬਹੁਤ ਸਾਰੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਸਾਰੇ ਚਸ਼ਮਿਆਂ ਨੂੰ ਬੰਦ ਕਰ ਦਿੱਤਾ ਅਤੇ ਉਸ ਨਦੀ ਦਾ ਪਾਣੀ ਰੋਕ ਦਿੱਤਾ ਜੋ ਦੇਸ਼ ਵਿੱਚੋਂ ਦੀ ਵਹਿੰਦੀ ਸੀ ਕਿਉਂਕਿ ਉਨ੍ਹਾਂ ਨੇ ਕਿਹਾ, “ਜਦੋਂ ਅੱਸ਼ੂਰ ਦੇ ਰਾਜੇ ਆਉਣ, ਤਾਂ ਉਨ੍ਹਾਂ ਨੂੰ ਇੰਨਾ ਪਾਣੀ ਕਿਉਂ ਮਿਲੇ?”  ਇਸ ਤੋਂ ਇਲਾਵਾ, ਉਸ ਨੇ ਹਿੰਮਤ ਕਰ ਕੇ ਢਹਿ ਚੁੱਕੀ ਪੂਰੀ ਕੰਧ ਦੁਬਾਰਾ ਉਸਾਰੀ ਅਤੇ ਉਸ ਉੱਤੇ ਬੁਰਜ ਖੜ੍ਹੇ ਕੀਤੇ ਅਤੇ ਉਸ ਨੇ ਬਾਹਰ ਇਕ ਹੋਰ ਕੰਧ ਬਣਾਈ। ਉਸ ਨੇ ਦਾਊਦ ਦੇ ਸ਼ਹਿਰ ਦੇ ਟਿੱਲੇ*+ ਦੀ ਵੀ ਮੁਰੰਮਤ ਕੀਤੀ ਅਤੇ ਉਸ ਨੇ ਢੇਰ ਸਾਰੇ ਹਥਿਆਰ ਅਤੇ ਢਾਲਾਂ ਬਣਾਈਆਂ।  ਫਿਰ ਉਸ ਨੇ ਲੋਕਾਂ ਉੱਤੇ ਫ਼ੌਜ ਦੇ ਮੁਖੀ ਠਹਿਰਾਏ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਚੌਂਕ ’ਤੇ ਇਕੱਠਾ ਕੀਤਾ ਤੇ ਇਹ ਕਹਿ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ:*  “ਦਲੇਰ ਬਣੋ ਅਤੇ ਤਕੜੇ ਹੋਵੋ। ਅੱਸ਼ੂਰ ਦੇ ਰਾਜੇ ਅਤੇ ਉਸ ਨਾਲ ਆਈ ਵੱਡੀ ਭੀੜ ਕਰਕੇ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ+ ਕਿਉਂਕਿ ਜਿੰਨੇ ਉਸ ਦੇ ਨਾਲ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ।+  ਉਸ ਦੇ ਨਾਲ ਇਨਸਾਨੀ ਤਾਕਤ* ਹੈ, ਪਰ ਸਾਡੇ ਨਾਲ ਸਾਡਾ ਪਰਮੇਸ਼ੁਰ ਯਹੋਵਾਹ ਹੈ ਜੋ ਸਾਡੀ ਮਦਦ ਕਰਦਾ ਤੇ ਸਾਡੇ ਯੁੱਧ ਲੜਦਾ ਹੈ।”+ ਲੋਕਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀਆਂ ਗੱਲਾਂ ਤੋਂ ਹਿੰਮਤ ਮਿਲੀ।+  ਇਸ ਤੋਂ ਬਾਅਦ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਆਪਣੀ ਸਾਰੀ ਸ਼ਾਹੀ ਤਾਕਤ* ਨਾਲ ਲਾਕੀਸ਼+ ਵਿਚ ਸੀ, ਤਾਂ ਉਸ ਨੇ ਯਰੂਸ਼ਲਮ ਵਿਚ ਆਪਣੇ ਸੇਵਕਾਂ ਨੂੰ ਘੱਲਿਆ ਕਿ ਉਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਅਤੇ ਯਰੂਸ਼ਲਮ ਵਿਚ ਸਾਰੇ ਯਹੂਦੀਆਂ ਨੂੰ+ ਇਹ ਕਹਿਣ: 10  “ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਕਹਿੰਦਾ ਹੈ, ‘ਤੁਹਾਨੂੰ ਕਿਸ ਗੱਲ ਦਾ ਭਰੋਸਾ ਹੈ ਕਿ ਤੁਸੀਂ ਅਜੇ ਵੀ ਯਰੂਸ਼ਲਮ ਵਿਚ ਬੈਠੇ ਹੋਏ ਹੋ ਜਦ ਕਿ ਇਸ ਨੂੰ ਘੇਰ ਲਿਆ ਗਿਆ ਹੈ?+ 11  ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤੇ ਭੁੱਖੇ-ਪਿਆਸੇ ਮਰਨ ਲਈ ਨਹੀਂ ਛੱਡ ਰਿਹਾ ਕਿਉਂਕਿ ਉਹ ਕਹਿੰਦਾ ਹੈ: “ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ”?+ 12  ਕੀ ਇਹ ਉਹੀ ਹਿਜ਼ਕੀਯਾਹ ਨਹੀਂ ਜਿਸ ਨੇ ਤੁਹਾਡੇ ਪਰਮੇਸ਼ੁਰ* ਦੀਆਂ ਉੱਚੀਆਂ ਥਾਵਾਂ ਅਤੇ ਉਸ ਦੀਆਂ ਵੇਦੀਆਂ ਢਾਹ ਸੁੱਟੀਆਂ ਸਨ+ ਤੇ ਫਿਰ ਯਹੂਦਾਹ ਤੇ ਯਰੂਸ਼ਲਮ ਨੂੰ ਕਿਹਾ: “ਤੁਸੀਂ ਇੱਕੋ ਵੇਦੀ ਅੱਗੇ ਮੱਥਾ ਟੇਕੋ ਤੇ ਉਸੇ ਉੱਤੇ ਬਲ਼ੀਆਂ ਚੜ੍ਹਾਓ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ”?+ 13  ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਤੇ ਮੇਰੇ ਪਿਉ-ਦਾਦਿਆਂ ਨੇ ਦੇਸ਼ਾਂ ਦੀਆਂ ਸਾਰੀਆਂ ਕੌਮਾਂ ਨਾਲ ਕੀ ਕੀਤਾ?+ ਕੀ ਉਨ੍ਹਾਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਏ?+ 14  ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕਰ ਦਿੱਤਾ, ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਬਚਾ ਸਕਿਆ? ਤਾਂ ਫਿਰ, ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਬਚਾ ਲਵੇਗਾ?+ 15  ਹੁਣ ਹਿਜ਼ਕੀਯਾਹ ਇਹ ਗੱਲਾਂ ਕਰ ਕੇ ਤੁਹਾਨੂੰ ਧੋਖਾ ਨਾ ਦੇਵੇ ਜਾਂ ਤੁਹਾਨੂੰ ਗੁਮਰਾਹ ਨਾ ਕਰੇ!+ ਉਸ ਉੱਤੇ ਭਰੋਸਾ ਨਾ ਕਰੋ ਕਿਉਂਕਿ ਕਿਸੇ ਵੀ ਕੌਮ ਜਾਂ ਰਾਜ ਦਾ ਕੋਈ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਅਤੇ ਮੇਰੇ ਪਿਉ-ਦਾਦਿਆਂ ਦੇ ਹੱਥੋਂ ਬਚਾ ਨਹੀਂ ਸਕਿਆ। ਤਾਂ ਫਿਰ, ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਬਚਾ ਲਵੇਗਾ?’”+ 16  ਉਸ ਦੇ ਸੇਵਕਾਂ ਨੇ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਸੇਵਕ ਹਿਜ਼ਕੀਯਾਹ ਖ਼ਿਲਾਫ਼ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ। 17  ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਬੇਇੱਜ਼ਤੀ ਕਰਨ+ ਅਤੇ ਉਸ ਖ਼ਿਲਾਫ਼ ਗੱਲਾਂ ਕਹਿਣ ਲਈ ਚਿੱਠੀਆਂ ਵੀ ਲਿਖੀਆਂ।+ ਉਸ ਨੇ ਲਿਖਿਆ: “ਜਿਵੇਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਪਾਏ,+ ਉਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।” 18  ਉਹ ਯਹੂਦੀਆਂ ਦੀ ਭਾਸ਼ਾ ਵਿਚ ਯਰੂਸ਼ਲਮ ਦੇ ਲੋਕਾਂ ਨੂੰ ਉੱਚੀ-ਉੱਚੀ ਗੱਲਾਂ ਸੁਣਾਉਂਦੇ ਰਹੇ ਜੋ ਕੰਧ ’ਤੇ ਖੜ੍ਹੇ ਸਨ ਤਾਂਕਿ ਉਨ੍ਹਾਂ ਅੰਦਰ ਡਰ ਤੇ ਖ਼ੌਫ਼ ਪੈਦਾ ਕਰ ਕੇ ਸ਼ਹਿਰ ’ਤੇ ਕਬਜ਼ਾ ਕਰ ਸਕਣ।+ 19  ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਖ਼ਿਲਾਫ਼ ਵੀ ਉਹੀ ਗੱਲਾਂ ਕਹੀਆਂ ਜਿਹੜੀਆਂ ਉਨ੍ਹਾਂ ਨੇ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਖ਼ਿਲਾਫ਼ ਕਹੀਆਂ ਸਨ ਜਿਹੜੇ ਇਨਸਾਨ ਦੇ ਹੱਥਾਂ ਦਾ ਕੰਮ ਹਨ। 20  ਪਰ ਰਾਜਾ ਹਿਜ਼ਕੀਯਾਹ ਅਤੇ ਆਮੋਜ਼ ਦਾ ਪੁੱਤਰ ਯਸਾਯਾਹ ਨਬੀ+ ਇਸ ਬਾਰੇ ਪ੍ਰਾਰਥਨਾ ਕਰਦੇ ਰਹੇ ਅਤੇ ਮਦਦ ਲਈ ਸਵਰਗ ਵੱਲ ਦੁਹਾਈ ਦਿੰਦੇ ਰਹੇ।+ 21  ਫਿਰ ਯਹੋਵਾਹ ਨੇ ਇਕ ਦੂਤ ਭੇਜਿਆ ਤੇ ਅੱਸ਼ੂਰ ਦੇ ਰਾਜੇ ਦੀ ਛਾਉਣੀ ਵਿਚ ਹਰ ਤਾਕਤਵਰ ਯੋਧੇ,+ ਆਗੂ ਅਤੇ ਮੁਖੀ ਨੂੰ ਮਾਰ ਸੁੱਟਿਆ ਜਿਸ ਕਰਕੇ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਵਾਪਸ ਚਲਾ ਗਿਆ। ਬਾਅਦ ਵਿਚ ਉਹ ਆਪਣੇ ਦੇਵਤੇ ਦੇ ਘਰ* ਅੰਦਰ ਗਿਆ ਤੇ ਉੱਥੇ ਉਸ ਦੇ ਹੀ ਕੁਝ ਪੁੱਤਰਾਂ ਨੇ ਉਸ ਨੂੰ ਤਲਵਾਰ ਨਾਲ ਮਾਰ ਸੁੱਟਿਆ।+ 22  ਇਸ ਤਰ੍ਹਾਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ ਤੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ। 23  ਅਤੇ ਬਹੁਤ ਸਾਰੇ ਲੋਕ ਯਰੂਸ਼ਲਮ ਵਿਚ ਯਹੋਵਾਹ ਲਈ ਤੋਹਫ਼ੇ ਅਤੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਵਧੀਆ ਤੋਂ ਵਧੀਆ ਚੀਜ਼ਾਂ ਲਿਆਏ+ ਅਤੇ ਇਸ ਤੋਂ ਬਾਅਦ ਸਾਰੀਆਂ ਕੌਮਾਂ ਉਸ ਦਾ ਬਹੁਤ ਆਦਰ-ਮਾਣ ਕਰਨ ਲੱਗੀਆਂ। 24  ਉਨ੍ਹੀਂ ਦਿਨੀਂ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਉਹ ਮਰਨ ਕਿਨਾਰੇ ਸੀ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ+ ਜਿਸ ਨੇ ਉਸ ਨੂੰ ਜਵਾਬ ਦਿੱਤਾ ਅਤੇ ਇਕ ਨਿਸ਼ਾਨੀ ਦਿੱਤੀ।+ 25  ਪਰ ਹਿਜ਼ਕੀਯਾਹ ਨੇ ਆਪਣੇ ਨਾਲ ਹੋਈ ਭਲਾਈ ਦੀ ਕੋਈ ਕਦਰ ਨਹੀਂ ਕੀਤੀ ਕਿਉਂਕਿ ਉਸ ਦਾ ਮਨ ਘਮੰਡੀ ਹੋ ਗਿਆ ਜਿਸ ਕਰਕੇ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਅਤੇ ਯਹੂਦਾਹ ਤੇ ਯਰੂਸ਼ਲਮ ਉੱਤੇ ਭੜਕਿਆ। 26  ਫਿਰ ਹਿਜ਼ਕੀਯਾਹ ਨੇ ਆਪਣੇ ਮਨ ਵਿੱਚੋਂ ਘਮੰਡ ਕੱਢ ਕੇ ਆਪਣੇ ਆਪ ਨੂੰ ਨਿਮਰ ਕੀਤਾ,+ ਹਾਂ, ਉਸ ਨੇ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਜਿਸ ਕਰਕੇ ਹਿਜ਼ਕੀਯਾਹ ਦੇ ਦਿਨਾਂ ਵਿਚ ਯਹੋਵਾਹ ਦਾ ਕ੍ਰੋਧ ਉਨ੍ਹਾਂ ’ਤੇ ਨਹੀਂ ਭੜਕਿਆ।+ 27  ਹਿਜ਼ਕੀਯਾਹ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ;+ ਉਸ ਨੇ ਚਾਂਦੀ, ਸੋਨਾ, ਕੀਮਤੀ ਪੱਥਰ, ਬਲਸਾਨ ਦਾ ਤੇਲ, ਢਾਲਾਂ ਅਤੇ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਰੱਖਣ ਵਾਸਤੇ ਆਪਣੇ ਲਈ ਗੋਦਾਮ ਬਣਾਏ।+ 28  ਉਸ ਨੇ ਅਨਾਜ ਦੀ ਪੈਦਾਵਾਰ, ਨਵੇਂ ਦਾਖਰਸ ਅਤੇ ਤੇਲ ਲਈ ਗੋਦਾਮ ਵੀ ਬਣਾਏ ਅਤੇ ਉਸ ਨੇ ਸਾਰੀਆਂ ਵੱਖੋ-ਵੱਖਰੀਆਂ ਕਿਸਮਾਂ ਦੇ ਪਸ਼ੂਆਂ ਲਈ ਵਾੜੇ ਤੇ ਇੱਜੜਾਂ ਲਈ ਵਾੜੇ ਬਣਾਏ। 29  ਨਾਲੇ ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਬਹੁਤ ਸਾਰੇ ਪਸ਼ੂ ਤੇ ਇੱਜੜ ਇਕੱਠੇ ਕੀਤੇ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਬਹੁਤ ਸਾਰਾ ਮਾਲ-ਧਨ ਦਿੱਤਾ। 30  ਹਿਜ਼ਕੀਯਾਹ ਨੇ ਹੀ ਗੀਹੋਨ+ ਦੇ ਪਾਣੀਆਂ ਦੇ ਉੱਪਰਲੇ ਸੋਮੇ ਨੂੰ ਬੰਦ ਕਰ ਦਿੱਤਾ ਸੀ+ ਅਤੇ ਪਾਣੀ ਦਾ ਰੁਖ ਮੋੜ ਦਿੱਤਾ ਕਿ ਉਹ ਸਿੱਧਾ ਦਾਊਦ ਦੇ ਸ਼ਹਿਰ ਦੇ ਪੱਛਮ ਵੱਲ ਨੂੰ ਵਹੇ+ ਅਤੇ ਹਿਜ਼ਕੀਯਾਹ ਆਪਣੇ ਹਰ ਕੰਮ ਵਿਚ ਸਫ਼ਲ ਹੋਇਆ। 31  ਪਰ ਜਦੋਂ ਬਾਬਲ ਦੇ ਹਾਕਮਾਂ ਦੇ ਬੁਲਾਰਿਆਂ ਨੂੰ ਉਸ ਕੋਲ ਉਸ ਨਿਸ਼ਾਨੀ ਬਾਰੇ ਪੁੱਛਣ ਲਈ ਘੱਲਿਆ ਗਿਆ+ ਜੋ ਦੇਸ਼ ਵਿਚ ਦਿਖਾਈ ਦਿੱਤੀ ਸੀ,+ ਤਾਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਪਰਖਣ ਲਈ ਇਕੱਲਾ ਛੱਡ ਦਿੱਤਾ+ ਤਾਂਕਿ ਉਹ ਜਾਣ ਸਕੇ ਕਿ ਉਸ ਦੇ ਦਿਲ ਵਿਚ ਕੀ ਹੈ।+ 32  ਹਿਜ਼ਕੀਯਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਅਟੱਲ ਪਿਆਰ ਦੇ ਕੰਮਾਂ ਬਾਰੇ+ ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਆਮੋਜ਼ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿਚ+ ਲਿਖਿਆ ਹੋਇਆ ਹੈ।+ 33  ਫਿਰ ਹਿਜ਼ਕੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਪੁੱਤਰਾਂ ਦੀਆਂ ਕਬਰਾਂ ਵੱਲ ਜਾਂਦੀ ਚੜ੍ਹਾਈ ’ਤੇ ਦਫ਼ਨਾ ਦਿੱਤਾ;+ ਸਾਰੇ ਯਹੂਦਾਹ ਨੇ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਉਸ ਦੀ ਮੌਤ ਹੋਣ ਤੇ ਉਸ ਦਾ ਸਨਮਾਨ ਕੀਤਾ। ਅਤੇ ਉਸ ਦਾ ਪੁੱਤਰ ਮਨੱਸ਼ਹ ਉਸ ਦੀ ਜਗ੍ਹਾ ਰਾਜਾ ਬਣ ਗਿਆ।

ਫੁਟਨੋਟ

ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”
ਇਬ, “ਉਨ੍ਹਾਂ ਦੇ ਦਿਲ ਨਾਲ ਗੱਲ ਕੀਤੀ।”
ਇਬ, “ਇਨਸਾਨੀ ਬਾਂਹ।”
ਜਾਂ, “ਆਪਣੀ ਸਾਰੀ ਫ਼ੌਜੀ ਤਾਕਤ ਅਤੇ ਸ਼ਾਨ।”
ਇਬ, “ਉਸ।”
ਜਾਂ, “ਮੰਦਰ।”