ਦੂਜਾ ਇਤਿਹਾਸ 4:1-22

  • ਵੇਦੀ, ਵੱਡਾ ਹੌਦ ਅਤੇ ਛੋਟੇ ਹੌਦ (1-6)

  • ਸ਼ਮਾਦਾਨ, ਮੇਜ਼ ਅਤੇ ਵਿਹੜੇ (7-11ੳ)

  • ਮੰਦਰ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਪੂਰਾ ਹੋਇਆ (11ਅ-22)

4  ਫਿਰ ਉਸ ਨੇ ਤਾਂਬੇ ਦੀ ਵੇਦੀ ਬਣਾਈ+ ਜਿਸ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 10 ਹੱਥ ਸੀ।  ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+  ਵੱਡੇ ਹੌਦ ਦੇ ਕੰਢੇ ਦੇ ਬਿਲਕੁਲ ਥੱਲੇ ਹਰ ਪਾਸੇ ਸਜਾਵਟ ਲਈ ਕੱਦੂ ਬਣਾਏ ਗਏ ਸਨ।+ ਇਕ-ਇਕ ਹੱਥ ਦੀ ਜਗ੍ਹਾ ’ਤੇ ਦਸ-ਦਸ ਕੱਦੂਆਂ ਦੀਆਂ ਦੋ ਕਤਾਰਾਂ ਸਨ ਤੇ ਇਨ੍ਹਾਂ ਨੂੰ ਹੌਦ ਸਣੇ ਢਾਲ਼ ਕੇ ਬਣਾਇਆ ਗਿਆ ਸੀ।  ਇਹ 12 ਬਲਦਾਂ ’ਤੇ ਰੱਖਿਆ ਗਿਆ ਸੀ,+ 3 ਬਲਦਾਂ ਦੇ ਮੂੰਹ ਉੱਤਰ ਵੱਲ, 3 ਦੇ ਪੱਛਮ ਵੱਲ, 3 ਦੇ ਦੱਖਣ ਵੱਲ ਅਤੇ 3 ਦੇ ਮੂੰਹ ਪੂਰਬ ਵੱਲ ਸਨ; ਵੱਡਾ ਹੌਦ ਉਨ੍ਹਾਂ ’ਤੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਦੀਆਂ ਪਿੱਠਾਂ ਅੰਦਰ ਵੱਲ ਨੂੰ ਸਨ।  ਇਸ ਦੀ ਮੋਟਾਈ ਇਕ ਚੱਪਾ* ਸੀ; ਇਸ ਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ ਜੋ ਸੋਸਨ ਦੇ ਖਿੜੇ ਹੋਏ ਫੁੱਲ ਵਰਗਾ ਦਿਸਦਾ ਸੀ। ਹੌਦ ਵਿਚ 3,000 ਬਥ* ਪਾਣੀ ਭਰਿਆ ਜਾ ਸਕਦਾ ਸੀ।  ਇਸ ਤੋਂ ਇਲਾਵਾ, ਉਸ ਨੇ ਦਸ ਛੋਟੇ ਹੌਦ ਬਣਾਏ ਅਤੇ ਪੰਜ ਸੱਜੇ ਪਾਸੇ ਰੱਖ ਦਿੱਤੇ ਤੇ ਪੰਜ ਖੱਬੇ ਪਾਸੇ।+ ਉਹ ਉਨ੍ਹਾਂ ਵਿਚ ਉਨ੍ਹਾਂ ਚੀਜ਼ਾਂ ਨੂੰ ਧੋਂਦੇ ਸਨ ਜੋ ਹੋਮ-ਬਲ਼ੀ ਲਈ ਵਰਤੀਆਂ ਜਾਂਦੀਆਂ ਸਨ।+ ਪਰ ਵੱਡਾ ਹੌਦ ਪੁਜਾਰੀਆਂ ਦੇ ਮੂੰਹ-ਹੱਥ ਧੋਣ ਵਾਸਤੇ ਸੀ।+  ਫਿਰ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਬਣਾਏ,+ ਠੀਕ ਜਿਵੇਂ ਕਿਹਾ ਗਿਆ ਸੀ+ ਅਤੇ ਉਨ੍ਹਾਂ ਨੂੰ ਮੰਦਰ ਵਿਚ ਰੱਖ ਦਿੱਤਾ, ਪੰਜ ਸੱਜੇ ਪਾਸੇ ਤੇ ਪੰਜੇ ਖੱਬੇ ਪਾਸੇ।+  ਉਸ ਨੇ ਦਸ ਮੇਜ਼ ਵੀ ਬਣਾਏ ਤੇ ਉਨ੍ਹਾਂ ਨੂੰ ਮੰਦਰ ਵਿਚ ਰੱਖ ਦਿੱਤਾ, ਪੰਜ ਸੱਜੇ ਪਾਸੇ ਤੇ ਪੰਜ ਖੱਬੇ ਪਾਸੇ;+ ਅਤੇ ਉਸ ਨੇ ਸੋਨੇ ਦੇ 100 ਕਟੋਰੇ ਬਣਾਏ।  ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ। 10  ਅਤੇ ਉਸ ਨੇ ਵੱਡੇ ਹੌਦ ਨੂੰ ਸੱਜੇ ਪਾਸੇ ਦੱਖਣ-ਪੂਰਬ ਵੱਲ ਰੱਖਿਆ।+ 11  ਹੀਰਾਮ ਨੇ ਬਾਲਟੀਆਂ, ਬੇਲਚੇ ਅਤੇ ਕਟੋਰੇ ਵੀ ਬਣਾਏ।+ ਹੀਰਾਮ ਨੇ ਰਾਜਾ ਸੁਲੇਮਾਨ ਲਈ ਸੱਚੇ ਪਰਮੇਸ਼ੁਰ ਦੇ ਭਵਨ ਦਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ: 12  ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ’ਤੇ ਕਟੋਰਿਆਂ ਵਰਗੇ ਕੰਗੂਰੇ;* ਥੰਮ੍ਹਾਂ ਦੇ ਸਿਰਿਆਂ ’ਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+ 13  ਥੰਮ੍ਹਾਂ ਦੇ ਸਿਰਿਆਂ ’ਤੇ ਬਣੇ ਕਟੋਰਿਆਂ ਵਰਗੇ ਦੋ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ;+ 14  ਦਸ ਪਹੀਏਦਾਰ ਗੱਡੀਆਂ* ਅਤੇ ਗੱਡੀਆਂ ’ਤੇ ਰੱਖਣ ਲਈ ਦਸ ਛੋਟੇ ਹੌਦ;+ 15  ਵੱਡਾ ਹੌਦ ਅਤੇ ਉਸ ਦੇ ਹੇਠਾਂ 12 ਬਲਦ;+ 16  ਅਤੇ ਬਾਲਟੀਆਂ, ਬੇਲਚੇ, ਕਾਂਟੇ+ ਤੇ ਉਨ੍ਹਾਂ ਦਾ ਸਾਰਾ ਸਾਮਾਨ ਹੀਰਾਮ-ਅਬੀਵ+ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਵਾਸਤੇ ਮਾਂਜੇ ਹੋਏ ਤਾਂਬੇ ਦਾ ਬਣਾਇਆ। 17  ਰਾਜੇ ਨੇ ਇਨ੍ਹਾਂ ਨੂੰ ਯਰਦਨ ਜ਼ਿਲ੍ਹੇ ਵਿਚ ਸੁੱਕੋਥ+ ਅਤੇ ਸਰੇਦਾਹ ਵਿਚਕਾਰ ਮਿੱਟੀ ਦੇ ਸਾਂਚਿਆਂ ਵਿਚ ਢਾਲ਼ਿਆ। 18  ਸੁਲੇਮਾਨ ਨੇ ਇਹ ਸਾਰੀਆਂ ਚੀਜ਼ਾਂ ਵੱਡੀ ਤਾਦਾਦ ਵਿਚ ਬਣਾਈਆਂ; ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+ 19  ਸੁਲੇਮਾਨ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ:+ ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਮੇਜ਼;+ 20  ਅੰਦਰਲੇ ਕਮਰੇ ਅੱਗੇ ਰੀਤ ਅਨੁਸਾਰ ਜਗਾਉਣ ਲਈ ਖਾਲਸ ਸੋਨੇ ਦੇ ਸ਼ਮਾਦਾਨ ਅਤੇ ਉਨ੍ਹਾਂ ਦੇ ਦੀਵੇ;+ 21  ਸੋਨੇ ਦੇ, ਹਾਂ, ਇਕਦਮ ਖਾਲਸ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੀਆਂ; 22  ਬੱਤੀ ਨੂੰ ਕੱਟਣ ਲਈ ਕੈਂਚੀਆਂ, ਕਟੋਰੇ, ਪਿਆਲੇ ਅਤੇ ਅੱਗ ਚੁੱਕਣ ਵਾਲੇ ਕੜਛੇ, ਖਾਲਸ ਸੋਨੇ ਦੇ; ਭਵਨ ਦਾ ਦਰਵਾਜ਼ਾ, ਅੱਤ ਪਵਿੱਤਰ ਕਮਰੇ ਲਈ ਅੰਦਰਲੇ ਦਰਵਾਜ਼ੇ+ ਅਤੇ ਭਵਨ ਦੇ ਮੰਦਰ ਦੇ ਦਰਵਾਜ਼ੇ, ਸੋਨੇ ਦੇ।+

ਫੁਟਨੋਟ

ਇਬ, “ਸਾਗਰ।”
ਜਾਂ, “ਇਸ ਦਾ ਘੇਰਾ ਨਾਪਣ ਲਈ 30 ਹੱਥ ਲੰਬੀ ਰੱਸੀ ਲੱਗਦੀ ਸੀ।”
ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।
ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਵਾੜ।”
ਥੰਮ੍ਹ ਦਾ ਸਜਾਵਟੀ ਸਿਰਾ।
ਜਾਂ, “ਪਾਣੀ ਲਿਜਾਣ ਵਾਲੀਆਂ ਗੱਡੀਆਂ।”