ਦੂਜਾ ਇਤਿਹਾਸ 6:1-42

  • ਸੁਲੇਮਾਨ ਨੇ ਲੋਕਾਂ ਨਾਲ ਗੱਲ ਕੀਤੀ (1-11)

  • ਉਦਘਾਟਨ ਵੇਲੇ ਸੁਲੇਮਾਨ ਦੀ ਪ੍ਰਾਰਥਨਾ (12-42)

6  ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+  ਹੁਣ ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਇਆ ਹੈ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+  ਫਿਰ ਰਾਜਾ ਮੁੜਿਆ ਅਤੇ ਉੱਥੇ ਖੜ੍ਹੀ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਅਸੀਸ ਦੇਣ ਲੱਗਾ।+  ਉਸ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹੋਂ ਵਾਅਦਾ ਕੀਤਾ ਸੀ ਤੇ ਆਪਣੇ ਹੱਥੀਂ ਉਸ ਨੂੰ ਪੂਰਾ ਕੀਤਾ ਹੈ। ਉਸ ਨੇ ਕਿਹਾ ਸੀ,  ‘ਜਿਸ ਦਿਨ ਤੋਂ ਮੈਂ ਆਪਣੀ ਪਰਜਾ ਨੂੰ ਮਿਸਰ ਤੋਂ ਕੱਢ ਲਿਆਇਆ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਇਕ ਵੀ ਸ਼ਹਿਰ ਨਹੀਂ ਚੁਣਿਆ ਜਿੱਥੇ ਮੈਂ ਆਪਣੇ ਨਾਂ ਲਈ ਇਕ ਭਵਨ ਬਣਾਵਾਂ ਤਾਂਕਿ ਮੇਰਾ ਨਾਂ ਉੱਥੇ ਰਹੇ+ ਅਤੇ ਨਾ ਹੀ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਆਗੂ ਬਣਨ ਲਈ ਕਿਸੇ ਆਦਮੀ ਨੂੰ ਚੁਣਿਆ।  ਪਰ ਮੈਂ ਯਰੂਸ਼ਲਮ ਨੂੰ ਚੁਣਿਆ ਹੈ+ ਕਿ ਮੇਰਾ ਨਾਂ ਉੱਥੇ ਰਹੇ ਅਤੇ ਮੈਂ ਦਾਊਦ ਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਰਾਜ ਕਰਨ ਲਈ ਚੁਣਿਆ ਹੈ।’+  ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+  ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ, ‘ਇਹ ਤੇਰੀ ਦਿਲੀ ਇੱਛਾ ਸੀ ਕਿ ਤੂੰ ਮੇਰੇ ਨਾਂ ਲਈ ਇਕ ਭਵਨ ਬਣਾਵੇਂ ਅਤੇ ਤੂੰ ਇਹ ਦਿਲੀ ਇੱਛਾ ਰੱਖ ਕੇ ਬਹੁਤ ਵਧੀਆ ਕੀਤਾ।  ਪਰ ਇਹ ਭਵਨ ਤੂੰ ਨਹੀਂ ਬਣਾਵੇਂਗਾ, ਸਗੋਂ ਤੇਰਾ ਪੁੱਤਰ ਜੋ ਤੇਰੇ ਤੋਂ ਪੈਦਾ ਹੋਵੇਗਾ, ਉਹ ਮੇਰੇ ਨਾਂ ਲਈ ਭਵਨ ਬਣਾਵੇਗਾ।’+ 10  ਯਹੋਵਾਹ ਨੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ ਕਿਉਂਕਿ ਮੈਂ ਆਪਣੇ ਪਿਤਾ ਦਾਊਦ ਦੀ ਜਗ੍ਹਾ ਲਈ ਹੈ ਅਤੇ ਮੈਂ ਇਜ਼ਰਾਈਲ ਦੇ ਸਿੰਘਾਸਣ ਉੱਤੇ ਬੈਠਾ ਹਾਂ,+ ਠੀਕ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ।+ ਨਾਲੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਬਣਾਇਆ ਹੈ 11  ਅਤੇ ਉੱਥੇ ਮੈਂ ਸੰਦੂਕ ਰੱਖਿਆ ਹੈ ਜਿਸ ਵਿਚ ਉਹ ਇਕਰਾਰ ਪਿਆ ਹੈ+ ਜੋ ਯਹੋਵਾਹ ਨੇ ਇਜ਼ਰਾਈਲ ਦੇ ਲੋਕਾਂ ਨਾਲ ਕੀਤਾ ਸੀ।” 12  ਫਿਰ ਉਹ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਸਾਮ੍ਹਣੇ ਯਹੋਵਾਹ ਦੀ ਵੇਦੀ ਅੱਗੇ ਖੜ੍ਹਾ ਹੋਇਆ ਤੇ ਉਸ ਨੇ ਆਪਣੇ ਹੱਥ ਫੈਲਾਏ।+ 13  (ਕਿਉਂਕਿ ਸੁਲੇਮਾਨ ਨੇ ਤਾਂਬੇ ਦਾ ਇਕ ਥੜ੍ਹਾ ਬਣਾਇਆ ਸੀ ਤੇ ਉਸ ਨੂੰ ਵਿਹੜੇ* ਦੇ ਵਿਚਕਾਰ ਰੱਖਿਆ ਸੀ।+ ਉਸ ਦੀ ਲੰਬਾਈ ਪੰਜ ਹੱਥ,* ਚੁੜਾਈ ਪੰਜ ਹੱਥ ਅਤੇ ਉਚਾਈ ਤਿੰਨ ਹੱਥ ਸੀ; ਉਹ ਉਸ ਉੱਤੇ ਖੜ੍ਹ ਗਿਆ।) ਅਤੇ ਉਹ ਇਜ਼ਰਾਈਲ ਦੀ ਸਾਰੀ ਮੰਡਲੀ ਅੱਗੇ ਗੋਡਿਆਂ ਭਾਰ ਬੈਠ ਗਿਆ ਤੇ ਉਸ ਨੇ ਆਕਾਸ਼ ਵੱਲ ਆਪਣੇ ਹੱਥ ਫੈਲਾਏ+ 14  ਅਤੇ ਉਸ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਵਰਗਾ ਹੋਰ ਕੋਈ ਪਰਮੇਸ਼ੁਰ ਨਹੀਂ, ਨਾ ਆਕਾਸ਼ ਵਿਚ, ਨਾ ਧਰਤੀ ਉੱਤੇ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਆਪਣੇ ਉਨ੍ਹਾਂ ਸੇਵਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈਂ ਜੋ ਪੂਰੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ।+ 15  ਤੂੰ ਉਹ ਵਾਅਦਾ ਪੂਰਾ ਕੀਤਾ ਹੈ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ।+ ਤੂੰ ਆਪਣੇ ਮੂੰਹੋਂ ਇਹ ਵਾਅਦਾ ਕੀਤਾ ਸੀ ਅਤੇ ਅੱਜ ਦੇ ਦਿਨ ਆਪਣੇ ਹੱਥੀਂ ਇਸ ਨੂੰ ਪੂਰਾ ਕੀਤਾ ਹੈ।+ 16  ਹੁਣ ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਉਹ ਵਾਅਦਾ ਪੂਰਾ ਕਰ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ ਜਦ ਤੂੰ ਕਿਹਾ ਸੀ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਮੇਰੇ ਕਾਨੂੰਨ ਦੀ ਪਾਲਣਾ ਕਰ ਕੇ ਮੇਰੇ ਅੱਗੇ ਉਸੇ ਤਰ੍ਹਾਂ ਚੱਲਣ ਜਿਸ ਤਰ੍ਹਾਂ ਤੂੰ ਚੱਲਿਆ ਹੈਂ, ਤਾਂ ਇਜ਼ਰਾਈਲ ਦੇ ਸਿੰਘਾਸਣ ’ਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 17  ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਹੁਣ ਤੇਰਾ ਇਹ ਵਾਅਦਾ ਸੱਚਾ ਠਹਿਰੇ ਜੋ ਤੂੰ ਆਪਣੇ ਸੇਵਕ ਦਾਊਦ ਨਾਲ ਕੀਤਾ ਸੀ। 18  “ਪਰ ਕੀ ਪਰਮੇਸ਼ੁਰ ਸੱਚੀਂ ਧਰਤੀ ਉੱਤੇ ਇਨਸਾਨਾਂ ਨਾਲ ਵੱਸੇਗਾ?+ ਦੇਖ! ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਤੈਨੂੰ ਸਮਾ ਨਹੀਂ ਸਕਦਾ;+ ਤਾਂ ਫਿਰ, ਇਹ ਭਵਨ ਤੈਨੂੰ ਕਿਵੇਂ ਸਮਾ ਸਕਦਾ ਹੈ ਜੋ ਮੈਂ ਬਣਾਇਆ ਹੈ?+ 19  ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਮਿਹਰ ਲਈ ਉਸ ਦੀ ਬੇਨਤੀ ਵੱਲ ਧਿਆਨ ਦੇ, ਮਦਦ ਲਈ ਉਸ ਦੀ ਦੁਹਾਈ ਨੂੰ ਸੁਣ ਤੇ ਇਸ ਪ੍ਰਾਰਥਨਾ ਨੂੰ ਸੁਣ ਜੋ ਤੇਰਾ ਸੇਵਕ ਤੇਰੇ ਅੱਗੇ ਕਰ ਰਿਹਾ ਹੈ। 20  ਤੇਰੀਆਂ ਅੱਖਾਂ ਇਸ ਭਵਨ ਵੱਲ ਦਿਨ-ਰਾਤ ਲੱਗੀਆਂ ਰਹਿਣ, ਹਾਂ, ਉਸ ਜਗ੍ਹਾ ਵੱਲ ਜਿਸ ਬਾਰੇ ਤੂੰ ਕਿਹਾ ਸੀ ਕਿ ਤੂੰ ਆਪਣਾ ਨਾਂ ਉੱਥੇ ਰੱਖੇਂਗਾ+ ਤਾਂਕਿ ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਸੁਣੇਂ ਜੋ ਉਹ ਇਸ ਜਗ੍ਹਾ ਵੱਲ ਨੂੰ ਕਰੇ। 21  ਤੂੰ ਮਦਦ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੀ ਅਰਜ਼ੋਈ ਸੁਣੀਂ ਜਦ ਉਹ ਲੋਕ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰਨ।+ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+ 22  “ਜੇ ਕੋਈ ਆਦਮੀ ਆਪਣੇ ਸਾਥੀ ਖ਼ਿਲਾਫ਼ ਪਾਪ ਕਰੇ ਤੇ ਉਸ ਨੂੰ ਸਹੁੰ ਖੁਆਈ ਜਾਵੇ* ਅਤੇ ਉਹ ਮੰਨੇ ਕਿ ਇਹ ਸਹੁੰ ਤੋੜਨ ਤੇ ਉਸ ਨੂੰ ਸਰਾਪ ਮਿਲੇਗਾ ਅਤੇ ਉਹ ਇਹ ਸਹੁੰ* ਖਾਣ ਮਗਰੋਂ ਇਸ ਭਵਨ ਵਿਚ ਤੇਰੀ ਵੇਦੀ ਅੱਗੇ ਆਵੇ,+ 23  ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਸਜ਼ਾ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ+ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+ 24  “ਅਤੇ ਜੇ ਤੇਰੀ ਪਰਜਾ ਇਜ਼ਰਾਈਲ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ ਦੁਸ਼ਮਣ ਹੱਥੋਂ ਹਾਰ ਜਾਵੇ+ ਅਤੇ ਫਿਰ ਉਹ ਮੁੜੇ ਤੇ ਤੇਰੇ ਨਾਂ ਦੀ ਮਹਿਮਾ ਕਰੇ+ ਅਤੇ ਇਸ ਭਵਨ ਵਿਚ ਤੈਨੂੰ ਪ੍ਰਾਰਥਨਾ ਕਰੇ+ ਤੇ ਤੇਰੇ ਤੋਂ ਰਹਿਮ ਦੀ ਭੀਖ ਮੰਗੇ,+ 25  ਤਾਂ ਤੂੰ ਸਵਰਗ ਤੋਂ ਸੁਣੀਂ+ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਤੇ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਈਂ ਜੋ ਤੂੰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+ 26  “ਜੇ ਉਨ੍ਹਾਂ ਵੱਲੋਂ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ+ ਆਕਾਸ਼ ਬੰਦ ਹੋ ਜਾਣ ਤੇ ਮੀਂਹ ਨਾ ਪਵੇ+ ਅਤੇ ਫਿਰ ਉਹ ਇਸ ਜਗ੍ਹਾ ਵੱਲ ਨੂੰ ਦੁਆ ਕਰਨ ਤੇ ਤੇਰੇ ਨਾਂ ਦੀ ਮਹਿਮਾ ਕਰਨ ਅਤੇ ਆਪਣੇ ਪਾਪ ਤੋਂ ਮੁੜਨ ਕਿਉਂਕਿ ਤੂੰ ਉਨ੍ਹਾਂ ਨੂੰ ਨੀਵਾਂ ਕੀਤਾ,*+ 27  ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੇ ਸੇਵਕਾਂ, ਹਾਂ, ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਕਿਉਂਕਿ ਤੂੰ ਉਨ੍ਹਾਂ ਨੂੰ ਚੰਗੇ ਰਾਹ ਬਾਰੇ ਸਿਖਾਵੇਂਗਾ ਜਿਸ ਰਾਹ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ;+ ਅਤੇ ਤੂੰ ਆਪਣੇ ਉਸ ਦੇਸ਼ ਉੱਤੇ ਮੀਂਹ ਪਾਈਂ+ ਜੋ ਤੂੰ ਆਪਣੀ ਪਰਜਾ ਨੂੰ ਵਿਰਾਸਤ ਵਜੋਂ ਦਿੱਤਾ ਸੀ। 28  “ਜੇ ਦੇਸ਼ ਵਿਚ ਕਾਲ਼,+ ਮਹਾਂਮਾਰੀ,+ ਲੂ, ਉੱਲੀ,+ ਟਿੱਡੀਆਂ ਦੇ ਦਲਾਂ ਜਾਂ ਭੁੱਖੜ ਟਿੱਡੀਆਂ ਦੀ ਮਾਰ ਪਵੇ+ ਜਾਂ ਦੇਸ਼ ਦੇ ਕਿਸੇ ਸ਼ਹਿਰ* ਵਿਚ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਘੇਰਾ ਪਾ ਲੈਣ+ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਪਤਾ ਜਾਂ ਬੀਮਾਰੀ ਆ ਪਵੇ+ 29  ਤੇ ਇਸ ਕਾਰਨ ਜੇ ਕੋਈ ਵੀ ਆਦਮੀ ਜਾਂ ਤੇਰੀ ਸਾਰੀ ਪਰਜਾ ਇਜ਼ਰਾਈਲ ਇਸ ਭਵਨ ਵੱਲ ਨੂੰ ਆਪਣੇ ਹੱਥ ਅੱਡ ਕੇ ਜੋ ਵੀ ਪ੍ਰਾਰਥਨਾ+ ਕਰੇ ਤੇ ਮਿਹਰ ਲਈ ਜੋ ਵੀ ਬੇਨਤੀ+ ਕਰੇ (ਕਿਉਂਕਿ ਹਰ ਕੋਈ ਆਪਣੇ ਦੁੱਖ ਤੇ ਆਪਣੇ ਕਸ਼ਟ ਨੂੰ ਜਾਣਦਾ ਹੈ),+ 30  ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਮਾਫ਼ ਕਰੀਂ;+ ਅਤੇ ਹਰੇਕ ਨੂੰ ਉਸ ਦੇ ਸਾਰੇ ਕੰਮਾਂ ਅਨੁਸਾਰ ਫਲ ਦੇਈਂ ਕਿਉਂਕਿ ਤੂੰ ਉਸ ਦੇ ਦਿਲ ਨੂੰ ਜਾਣਦਾ ਹੈਂ (ਸਿਰਫ਼ ਤੂੰ ਹੀ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ)+ 31  ਤਾਂਕਿ ਜਿੰਨਾ ਚਿਰ ਉਹ ਉਸ ਦੇਸ਼ ਵਿਚ ਰਹਿਣ ਜੋ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਉਹ ਉਨ੍ਹਾਂ ਸਾਰੇ ਦਿਨਾਂ ਦੌਰਾਨ ਤੇਰੇ ਰਾਹਾਂ ’ਤੇ ਚੱਲ ਕੇ ਤੇਰਾ ਡਰ ਮੰਨਣ। 32  “ਨਾਲੇ ਉਹ ਪਰਦੇਸੀ ਜੋ ਤੇਰੀ ਪਰਜਾ ਇਜ਼ਰਾਈਲ ਦਾ ਹਿੱਸਾ ਨਹੀਂ ਹੈ ਅਤੇ ਜੋ ਤੇਰੇ ਮਹਾਨ ਨਾਂ,*+ ਤੇਰੇ ਬਲਵੰਤ ਹੱਥ ਅਤੇ ਤੇਰੀ ਤਾਕਤਵਰ ਬਾਂਹ* ਦੇ ਕਾਰਨ ਕਿਸੇ ਦੂਰ ਦੇਸ਼ ਤੋਂ ਆਉਂਦਾ ਹੈ ਅਤੇ ਉਹ ਆ ਕੇ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰੇ,+ 33  ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ ਅਤੇ ਉਹ ਸਭ ਕੁਝ ਕਰੀਂ ਜੋ ਕੁਝ ਉਹ ਪਰਦੇਸੀ ਤੇਰੇ ਤੋਂ ਮੰਗੇ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰਾ ਨਾਂ ਜਾਣਨ+ ਅਤੇ ਤੇਰਾ ਡਰ ਮੰਨਣ ਜਿਵੇਂ ਤੇਰੀ ਪਰਜਾ ਇਜ਼ਰਾਈਲ ਮੰਨਦੀ ਹੈ ਅਤੇ ਉਹ ਜਾਣ ਲੈਣ ਕਿ ਇਹ ਭਵਨ ਜੋ ਮੈਂ ਬਣਾਇਆ ਹੈ, ਤੇਰੇ ਨਾਂ ਦਾ ਸਦਾਉਂਦਾ ਹੈ। 34  “ਜੇ ਤੇਰੇ ਲੋਕ ਆਪਣੇ ਦੁਸ਼ਮਣਾਂ ਖ਼ਿਲਾਫ਼ ਯੁੱਧ ਕਰਨ ਲਈ ਉਸੇ ਰਾਹ ਥਾਣੀਂ ਜਾਣ ਜਿਸ ਰਾਹੀਂ ਤੂੰ ਉਨ੍ਹਾਂ ਨੂੰ ਘੱਲੇਂ+ ਅਤੇ ਉਹ ਤੇਰੇ ਚੁਣੇ ਹੋਏ ਇਸ ਸ਼ਹਿਰ ਦੀ ਦਿਸ਼ਾ ਵੱਲ ਨੂੰ ਤੇ ਇਸ ਭਵਨ ਵੱਲ ਨੂੰ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਤੈਨੂੰ ਪ੍ਰਾਰਥਨਾ ਕਰਨ,+ 35  ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ।+ 36  “ਜੇ ਉਹ ਤੇਰੇ ਖ਼ਿਲਾਫ਼ ਪਾਪ ਕਰਨ (ਕਿਉਂਕਿ ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ)+ ਅਤੇ ਤੇਰਾ ਕ੍ਰੋਧ ਉਨ੍ਹਾਂ ਉੱਤੇ ਭੜਕੇ ਤੇ ਤੂੰ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਦੇ ਦੇਵੇਂ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਕਿਸੇ ਦੇਸ਼ ਲੈ ਜਾਣ, ਚਾਹੇ ਦੂਰ ਜਾਂ ਨੇੜੇ;+ 37  ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਣ ਵਾਲਿਆਂ ਦੇ ਦੇਸ਼ ਵਿਚ ਉਨ੍ਹਾਂ ਦੀ ਸੁਰਤ ਟਿਕਾਣੇ ਆਵੇ ਤੇ ਉਹ ਤੇਰੇ ਵੱਲ ਮੁੜਨ ਅਤੇ ਉਸ ਦੇਸ਼ ਵਿਚ ਜਿੱਥੇ ਉਹ ਗ਼ੁਲਾਮ ਹਨ, ਤੇਰੇ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਣ, ‘ਅਸੀਂ ਪਾਪ ਕੀਤਾ ਹੈ, ਸਾਡੇ ਤੋਂ ਗ਼ਲਤੀ ਹੋਈ ਹੈ; ਅਸੀਂ ਦੁਸ਼ਟਤਾ ਕੀਤੀ ਹੈ,’+ 38  ਅਤੇ ਜਿਸ ਦੇਸ਼ ਵਿਚ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਸੀ,+ ਉੱਥੇ ਉਹ ਪੂਰੇ ਦਿਲ ਤੇ ਪੂਰੀ ਜਾਨ ਨਾਲ ਤੇਰੇ ਵੱਲ ਮੁੜਨ+ ਅਤੇ ਉਹ ਆਪਣੇ ਉਸ ਦੇਸ਼ ਦੀ ਦਿਸ਼ਾ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਤੇਰੇ ਚੁਣੇ ਹੋਏ ਸ਼ਹਿਰ ਤੇ ਉਸ ਭਵਨ ਦੀ ਦਿਸ਼ਾ ਵੱਲ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਪ੍ਰਾਰਥਨਾ ਕਰਨ,+ 39  ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ+ ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀਂ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 40  “ਹੇ ਮੇਰੇ ਪਰਮੇਸ਼ੁਰ, ਤੇਰੀਆਂ ਅੱਖਾਂ ਅਤੇ ਤੇਰੇ ਕੰਨ ਉਸ ਪ੍ਰਾਰਥਨਾ ਵੱਲ ਲੱਗੇ ਰਹਿਣ ਜੋ ਇਸ ਜਗ੍ਹਾ ’ਤੇ* ਕੀਤੀ ਜਾਵੇ।+ 41  ਅਤੇ ਹੁਣ ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਨਿਵਾਸ-ਸਥਾਨ ਜਾਹ,+ ਹਾਂ, ਤੂੰ ਆਪਣੀ ਤਾਕਤ ਦੇ ਸੰਦੂਕ ਨਾਲ ਜਾਹ। ਹੇ ਯਹੋਵਾਹ ਪਰਮੇਸ਼ੁਰ, ਤੇਰੇ ਪੁਜਾਰੀ ਮੁਕਤੀ ਦਾ ਪਹਿਰਾਵਾ ਪਾਉਣ ਅਤੇ ਤੇਰੇ ਵਫ਼ਾਦਾਰ ਸੇਵਕ ਤੇਰੀ ਭਲਾਈ ਵਿਚ ਆਨੰਦ ਮਨਾਉਣ।+ 42  ਹੇ ਯਹੋਵਾਹ ਪਰਮੇਸ਼ੁਰ, ਆਪਣੇ ਚੁਣੇ ਹੋਏ ਨੂੰ ਨਾ ਠੁਕਰਾ।*+ ਤੂੰ ਆਪਣੇ ਸੇਵਕ ਦਾਊਦ ਨਾਲ ਆਪਣੇ ਅਟੱਲ ਪਿਆਰ ਨੂੰ ਯਾਦ ਰੱਖੀਂ।”+

ਫੁਟਨੋਟ

ਜਾਂ, “ਵਾੜ।”
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਅਤੇ ਉਸ ਦਾ ਸਾਥੀ ਉਸ ਨੂੰ ਸਰਾਪ ਦੇਵੇ।” ਯਾਨੀ, ਜੇ ਝੂਠੀ ਸਹੁੰ ਖਾਧੀ ਜਾਵੇ ਜਾਂ ਸਹੁੰ ਪੂਰੀ ਨਾ ਕੀਤੀ ਜਾਵੇ, ਤਾਂ ਉਸ ਦੀ ਸਜ਼ਾ ਵਜੋਂ ਸਰਾਪ ਮਿਲੇਗਾ।
ਇਬ, “ਸਰਾਪ।”
ਇਬ, “ਧਰਮੀ।”
ਜਾਂ, “ਦੁੱਖ ਦਿੱਤਾ ਸੀ।”
ਇਬ, “ਉਸ ਦੇ ਦਰਵਾਜ਼ਿਆਂ ਵਾਲੇ ਦੇਸ਼।”
ਇਬ, “ਪਸਾਰੀ ਹੋਈ ਬਾਂਹ।”
ਜਾਂ, “ਤੇਰੀ ਨੇਕਨਾਮੀ।”
ਜਾਂ, “ਦੇ ਸੰਬੰਧ ਵਿਚ।”
ਇਬ, “ਦਾ ਮੂੰਹ ਨਾ ਫੇਰ।”