ਦੂਜਾ ਇਤਿਹਾਸ 8:1-18
8 ਸੁਲੇਮਾਨ ਨੂੰ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਵਿਚ 20 ਸਾਲ ਲੱਗੇ।+ ਇਸ ਤੋਂ ਬਾਅਦ
2 ਸੁਲੇਮਾਨ ਨੇ ਉਹ ਸ਼ਹਿਰ ਦੁਬਾਰਾ ਉਸਾਰੇ ਜੋ ਹੀਰਾਮ+ ਨੇ ਸੁਲੇਮਾਨ ਨੂੰ ਦਿੱਤੇ ਸਨ ਅਤੇ ਉੱਥੇ ਇਜ਼ਰਾਈਲੀਆਂ* ਨੂੰ ਵਸਾ ਦਿੱਤਾ।
3 ਇਸ ਤੋਂ ਇਲਾਵਾ, ਸੁਲੇਮਾਨ ਹਮਾਥ-ਸੋਬਾਹ ਗਿਆ ਤੇ ਉਸ ਉੱਤੇ ਕਬਜ਼ਾ ਕਰ ਲਿਆ।
4 ਫਿਰ ਉਸ ਨੇ ਉਜਾੜ ਵਿਚ ਤਦਮੋਰ ਨੂੰ ਉਸਾਰਿਆ* ਅਤੇ ਗੋਦਾਮਾਂ ਵਾਲੇ ਸਾਰੇ ਸ਼ਹਿਰਾਂ ਨੂੰ ਵੀ ਜੋ ਉਸ ਨੇ ਹਮਾਥ ਵਿਚ ਬਣਾਏ ਸਨ।+
5 ਉਸ ਨੇ ਉੱਪਰਲੇ ਬੈਤ-ਹੋਰੋਨ+ ਅਤੇ ਹੇਠਲੇ ਬੈਤ-ਹੋਰੋਨ+ ਨੂੰ ਵੀ ਬਣਾਇਆ ਜੋ ਕੰਧਾਂ, ਦਰਵਾਜ਼ਿਆਂ ਤੇ ਹੋੜਿਆਂ ਵਾਲੇ ਕਿਲੇਬੰਦ ਸ਼ਹਿਰ ਸਨ,
6 ਨਾਲੇ ਉਸ ਨੇ ਬਆਲਾਥ+ ਤੇ ਸੁਲੇਮਾਨ ਦੇ ਗੋਦਾਮਾਂ ਵਾਲੇ ਸਾਰੇ ਸ਼ਹਿਰ, ਰਥਾਂ ਵਾਲੇ ਸਾਰੇ ਸ਼ਹਿਰ ਤੇ ਘੋੜਸਵਾਰਾਂ ਲਈ ਸ਼ਹਿਰ ਬਣਾਏ।+ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਅਧੀਨ ਆਉਂਦੇ ਸਾਰੇ ਇਲਾਕੇ ਵਿਚ ਜੋ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਣਾਇਆ।
7 ਅਤੇ ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਵਿੱਚੋਂ ਬਚੇ ਉਹ ਸਾਰੇ ਲੋਕ ਜੋ ਇਜ਼ਰਾਈਲ ਦਾ ਹਿੱਸਾ ਨਹੀਂ ਸਨ+
8 ਅਤੇ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਨਾਸ਼ ਨਹੀਂ ਕੀਤਾ ਸੀ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ+ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+
9 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਆਪਣੇ ਕੰਮ ਲਈ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਉਸ ਦੇ ਸਹਾਇਕ ਅਧਿਕਾਰੀਆਂ ਦੇ ਮੁਖੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ।+
10 ਰਾਜਾ ਸੁਲੇਮਾਨ ਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 250 ਮੁਖੀ ਠਹਿਰਾਏ ਗਏ ਸਨ ਜੋ ਲੋਕਾਂ ’ਤੇ ਨਿਗਾਹ ਰੱਖਦੇ ਸਨ।+
11 ਸੁਲੇਮਾਨ ਫ਼ਿਰਊਨ ਦੀ ਧੀ+ ਨੂੰ ਦਾਊਦ ਦੇ ਸ਼ਹਿਰ ਤੋਂ ਉਸ ਘਰ ਵਿਚ ਲੈ ਆਇਆ ਜੋ ਸੁਲੇਮਾਨ ਨੇ ਉਸ ਵਾਸਤੇ ਬਣਾਇਆ ਸੀ+ ਕਿਉਂਕਿ ਉਸ ਨੇ ਕਿਹਾ: “ਭਾਵੇਂ ਕਿ ਇਹ ਮੇਰੀ ਪਤਨੀ ਹੈ, ਪਰ ਇਹ ਇਜ਼ਰਾਈਲ ਦੇ ਰਾਜੇ ਦਾਊਦ ਦੇ ਘਰ ਵਿਚ ਨਹੀਂ ਰਹਿ ਸਕਦੀ ਕਿਉਂਕਿ ਜਿਨ੍ਹਾਂ ਥਾਵਾਂ ’ਤੇ ਯਹੋਵਾਹ ਦਾ ਸੰਦੂਕ ਆਇਆ ਹੈ, ਉਹ ਪਵਿੱਤਰ ਹਨ।”+
12 ਫਿਰ ਸੁਲੇਮਾਨ ਨੇ ਯਹੋਵਾਹ ਲਈ ਯਹੋਵਾਹ ਦੀ ਵੇਦੀ+ ਉੱਤੇ ਹੋਮ-ਬਲ਼ੀਆਂ ਚੜ੍ਹਾਈਆਂ+ ਜੋ ਉਸ ਨੇ ਦਲਾਨ ਦੇ ਅੱਗੇ ਬਣਾਈ ਸੀ।+
13 ਉਹ ਰੋਜ਼ ਦੇ ਦਸਤੂਰ ਮੁਤਾਬਕ ਅਤੇ ਮੂਸਾ ਦੇ ਹੁਕਮ ਅਨੁਸਾਰ ਸਬਤ,+ ਮੱਸਿਆ*+ ਅਤੇ ਸਾਲ ਵਿਚ ਤਿੰਨ ਵਾਰ ਮਨਾਏ ਜਾਂਦੇ ਇਨ੍ਹਾਂ ਤਿਉਹਾਰਾਂ ’ਤੇ ਬਲੀਦਾਨ ਚੜ੍ਹਾਉਂਦਾ ਸੀ+—ਬੇਖਮੀਰੀ ਰੋਟੀ ਦਾ ਤਿਉਹਾਰ,+ ਹਫ਼ਤਿਆਂ ਦਾ ਤਿਉਹਾਰ+ ਅਤੇ ਛੱਪਰਾਂ ਦਾ ਤਿਉਹਾਰ।+
14 ਇਸ ਤੋਂ ਇਲਾਵਾ, ਉਸ ਨੇ ਆਪਣੇ ਪਿਤਾ ਦਾਊਦ ਦੇ ਕਾਇਦੇ ਮੁਤਾਬਕ ਪੁਜਾਰੀਆਂ ਦੀਆਂ ਟੋਲੀਆਂ+ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਨਿਯੁਕਤ ਕੀਤਾ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਠਹਿਰਾਇਆ ਕਿ ਉਹ ਰੋਜ਼ ਦੇ ਦਸਤੂਰ ਮੁਤਾਬਕ ਪੁਜਾਰੀਆਂ ਦੀ ਮੌਜੂਦਗੀ ਵਿਚ ਮਹਿਮਾ+ ਅਤੇ ਸੇਵਾ ਕਰਨ ਅਤੇ ਦਰਬਾਨਾਂ ਦੀਆਂ ਟੋਲੀਆਂ ਨੂੰ ਵੱਖੋ-ਵੱਖਰੇ ਦਰਵਾਜ਼ਿਆਂ ’ਤੇ ਠਹਿਰਾਇਆ+ ਕਿਉਂਕਿ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦਾ ਹੁਕਮ ਸੀ।
15 ਅਤੇ ਉਹ ਕਿਸੇ ਵੀ ਮਾਮਲੇ ਸੰਬੰਧੀ ਜਾਂ ਗੋਦਾਮਾਂ ਸੰਬੰਧੀ ਰਾਜੇ ਵੱਲੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਦਿੱਤੇ ਹੁਕਮ ਨੂੰ ਮੰਨਣ ਤੋਂ ਪਿੱਛੇ ਨਾ ਹਟੇ।
16 ਯਹੋਵਾਹ ਦੇ ਭਵਨ ਦੀ ਨੀਂਹ ਰੱਖੇ ਜਾਣ ਦੇ ਦਿਨ ਤੋਂ ਲੈ ਕੇ ਇਸ ਦੇ ਪੂਰਾ ਹੋਣ ਤਕ ਸੁਲੇਮਾਨ ਦਾ ਸਾਰਾ ਕੰਮ ਢੰਗ ਅਨੁਸਾਰ* ਹੋਇਆ।+ ਇਸ ਤਰ੍ਹਾਂ ਯਹੋਵਾਹ ਦਾ ਭਵਨ ਪੂਰਾ ਹੋ ਗਿਆ।+
17 ਉਸ ਵੇਲੇ ਸੁਲੇਮਾਨ ਅਸਯੋਨ-ਗਬਰ+ ਅਤੇ ਏਲੋਥ+ ਨੂੰ ਗਿਆ ਜੋ ਅਦੋਮ ਦੇ ਇਲਾਕੇ ਵਿਚ ਸਮੁੰਦਰ ਕੰਢੇ ਹਨ।+
18 ਹੀਰਾਮ+ ਨੇ ਆਪਣੇ ਸੇਵਕਾਂ ਰਾਹੀਂ ਉਸ ਕੋਲ ਜਹਾਜ਼ ਅਤੇ ਤਜਰਬੇਕਾਰ ਮਲਾਹ ਘੱਲੇ। ਉਹ ਸੁਲੇਮਾਨ ਦੇ ਸੇਵਕਾਂ ਨਾਲ ਓਫੀਰ ਗਏ+ ਅਤੇ ਉੱਥੋਂ 450 ਕਿੱਕਾਰ* ਸੋਨਾ+ ਰਾਜਾ ਸੁਲੇਮਾਨ ਕੋਲ ਲੈ ਆਏ।+
ਫੁਟਨੋਟ
^ ਇਬ, “ਇਜ਼ਰਾਈਲ ਦੇ ਪੁੱਤਰਾਂ।”
^ ਜਾਂ, “ਦੁਬਾਰਾ ਉਸਾਰਿਆ।”
^ ਜਾਂ, “ਚੰਗੇ ਪ੍ਰਬੰਧ ਅਨੁਸਾਰ; ਪੂਰਾ।”
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।