ਦੂਜਾ ਰਾਜਿਆਂ 1:1-18

  • ਏਲੀਯਾਹ ਨੇ ਅਹਜ਼ਯਾਹ ਦੀ ਮੌਤ ਦੀ ਭਵਿੱਖਬਾਣੀ ਕੀਤੀ (1-18)

1  ਅਹਾਬ ਦੀ ਮੌਤ ਤੋਂ ਬਾਅਦ ਮੋਆਬ+ ਨੇ ਇਜ਼ਰਾਈਲ ਖ਼ਿਲਾਫ਼ ਬਗਾਵਤ ਕਰ ਦਿੱਤੀ।  ਉਸ ਸਮੇਂ ਅਹਜ਼ਯਾਹ ਸਾਮਰਿਯਾ ਵਿਚ ਆਪਣੇ ਚੁਬਾਰੇ ਦੀ ਛੱਤ ਦੇ ਜੰਗਲ਼ੇ ਵਿੱਚੋਂ ਦੀ ਹੇਠਾਂ ਡਿਗ ਪਿਆ ਅਤੇ ਜ਼ਖ਼ਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ: “ਜਾਓ, ਅਕਰੋਨ+ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛੋ ਕਿ ਮੇਰੀਆਂ ਸੱਟਾਂ ਠੀਕ ਹੋਣਗੀਆਂ ਜਾਂ ਨਹੀਂ।”+  ਪਰ ਯਹੋਵਾਹ ਦੇ ਦੂਤ ਨੇ ਤਿਸ਼ਬੀ ਏਲੀਯਾਹ*+ ਨੂੰ ਕਿਹਾ: “ਉੱਠ, ਸਾਮਰਿਯਾ ਦੇ ਰਾਜੇ ਦੇ ਸੰਦੇਸ਼ ਦੇਣ ਵਾਲਿਆਂ ਨੂੰ ਜਾ ਕੇ ਮਿਲ ਅਤੇ ਉਨ੍ਹਾਂ ਨੂੰ ਕਹਿ, ‘ਕੀ ਇਜ਼ਰਾਈਲ ਵਿਚ ਕੋਈ ਪਰਮੇਸ਼ੁਰ ਨਹੀਂ ਜੋ ਤੁਸੀਂ ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛਣ ਚੱਲੇ ਹੋ?+  ਇਸ ਲਈ ਯਹੋਵਾਹ ਇਹ ਕਹਿੰਦਾ ਹੈ: “ਜਿਸ ਪਲੰਘ ਉੱਤੇ ਤੂੰ ਲੰਮਾ ਪਿਆ ਹੈਂ, ਤੂੰ ਉਸ ਤੋਂ ਨਹੀਂ ਉੱਠੇਂਗਾ ਕਿਉਂਕਿ ਤੂੰ ਜ਼ਰੂਰ ਮਰ ਜਾਵੇਂਗਾ।”’” ਇਹ ਕਹਿ ਕੇ ਏਲੀਯਾਹ ਚਲਾ ਗਿਆ।  ਜਦੋਂ ਸੰਦੇਸ਼ ਦੇਣ ਵਾਲੇ ਉਸ ਕੋਲ ਵਾਪਸ ਆਏ, ਤਾਂ ਉਸ ਨੇ ਇਕਦਮ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਵਾਪਸ ਕਿਉਂ ਆ ਗਏ?”  ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਸਾਨੂੰ ਇਕ ਆਦਮੀ ਮਿਲਣ ਆਇਆ ਤੇ ਉਸ ਨੇ ਸਾਨੂੰ ਕਿਹਾ, ‘ਜਾਓ, ਜਿਸ ਰਾਜੇ ਨੇ ਤੁਹਾਨੂੰ ਭੇਜਿਆ ਹੈ, ਉਸ ਕੋਲ ਵਾਪਸ ਚਲੇ ਜਾਓ ਅਤੇ ਉਸ ਨੂੰ ਕਹੋ, “ਯਹੋਵਾਹ ਇਹ ਕਹਿੰਦਾ ਹੈ: ‘ਕੀ ਇਜ਼ਰਾਈਲ ਵਿਚ ਕੋਈ ਪਰਮੇਸ਼ੁਰ ਨਹੀਂ ਜੋ ਤੂੰ ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛਣ ਲਈ ਬੰਦੇ ਘੱਲ ਰਿਹਾ ਹੈਂ? ਇਸ ਲਈ ਜਿਸ ਪਲੰਘ ਉੱਤੇ ਤੂੰ ਲੰਮਾ ਪਿਆ ਹੈਂ, ਤੂੰ ਉਸ ਤੋਂ ਨਹੀਂ ਉੱਠੇਂਗਾ ਕਿਉਂਕਿ ਤੂੰ ਜ਼ਰੂਰ ਮਰ ਜਾਵੇਂਗਾ।’”’”+  ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਉਹ ਆਦਮੀ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ ਜੋ ਤੁਹਾਨੂੰ ਮਿਲਣ ਆਇਆ ਸੀ ਅਤੇ ਜਿਸ ਨੇ ਤੁਹਾਨੂੰ ਇਹ ਗੱਲਾਂ ਕਹੀਆਂ?”  ਉਨ੍ਹਾਂ ਨੇ ਉਸ ਨੂੰ ਕਿਹਾ: “ਉਸ ਆਦਮੀ ਨੇ ਵਾਲ਼ਾਂ ਦਾ ਬਣਿਆ ਚੋਗਾ+ ਪਾਇਆ ਹੋਇਆ ਸੀ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ।”+ ਉਸ ਨੇ ਇਕਦਮ ਕਿਹਾ: “ਉਹ ਤਾਂ ਤਿਸ਼ਬੀ ਏਲੀਯਾਹ ਸੀ।”  ਫਿਰ ਰਾਜੇ ਨੇ ਉਸ ਕੋਲ ਪੰਜਾਹਾਂ ਦੇ ਇਕ ਮੁਖੀ ਨੂੰ ਉਸ ਦੇ 50 ਆਦਮੀਆਂ ਨਾਲ ਭੇਜਿਆ। ਜਦੋਂ ਉਹ ਉਸ ਕੋਲ ਗਿਆ, ਤਾਂ ਉਹ ਪਹਾੜ ਦੀ ਚੋਟੀ ’ਤੇ ਬੈਠਾ ਸੀ। ਉਸ ਨੇ ਉਸ ਨੂੰ ਕਿਹਾ: “ਓਏ ਸੱਚੇ ਰੱਬ ਦੇ ਬੰਦਿਆ,+ ਰਾਜਾ ਕਹਿੰਦਾ ਹੈ, ‘ਥੱਲੇ ਆ।’” 10  ਪਰ ਏਲੀਯਾਹ ਨੇ ਪੰਜਾਹਾਂ ਦੇ ਮੁਖੀ ਨੂੰ ਜਵਾਬ ਦਿੱਤਾ: “ਠੀਕ ਹੈ, ਜੇ ਮੈਂ ਰੱਬ ਦਾ ਬੰਦਾ ਹਾਂ, ਤਾਂ ਆਕਾਸ਼ੋਂ ਅੱਗ ਵਰ੍ਹੇ+ ਅਤੇ ਤੈਨੂੰ ਤੇ ਤੇਰੇ 50 ਬੰਦਿਆਂ ਨੂੰ ਭਸਮ ਕਰ ਦੇਵੇ।” ਤਦ ਆਕਾਸ਼ੋਂ ਅੱਗ ਵਰ੍ਹੀ ਤੇ ਉਸ ਨੂੰ ਅਤੇ ਉਸ ਦੇ 50 ਬੰਦਿਆਂ ਨੂੰ ਭਸਮ ਕਰ ਗਈ। 11  ਇਸ ਲਈ ਰਾਜੇ ਨੇ ਫਿਰ ਉਸ ਕੋਲ ਪੰਜਾਹਾਂ ਦੇ ਇਕ ਹੋਰ ਮੁਖੀ ਨੂੰ ਉਸ ਦੇ 50 ਆਦਮੀਆਂ ਨਾਲ ਭੇਜਿਆ। ਉਸ ਨੇ ਜਾ ਕੇ ਉਸ ਨੂੰ ਕਿਹਾ: “ਓਏ ਸੱਚੇ ਰੱਬ ਦੇ ਬੰਦਿਆ, ਰਾਜਾ ਇਹ ਕਹਿੰਦਾ ਹੈ, ‘ਛੇਤੀ ਥੱਲੇ ਆ।’” 12  ਪਰ ਏਲੀਯਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਜੇ ਮੈਂ ਸੱਚੇ ਰੱਬ ਦਾ ਬੰਦਾ ਹਾਂ, ਤਾਂ ਆਕਾਸ਼ੋਂ ਅੱਗ ਵਰ੍ਹੇ ਅਤੇ ਤੈਨੂੰ ਤੇ ਤੇਰੇ 50 ਬੰਦਿਆਂ ਨੂੰ ਭਸਮ ਕਰ ਦੇਵੇ।” ਤਦ ਆਕਾਸ਼ੋਂ ਪਰਮੇਸ਼ੁਰ ਦੀ ਅੱਗ ਵਰ੍ਹੀ ਤੇ ਉਸ ਨੂੰ ਅਤੇ ਉਸ ਦੇ 50 ਬੰਦਿਆਂ ਨੂੰ ਭਸਮ ਕਰ ਗਈ। 13  ਫਿਰ ਰਾਜੇ ਨੇ ਉਸ ਕੋਲ ਪੰਜਾਹਾਂ ਦੇ ਤੀਜੇ ਮੁਖੀ ਨੂੰ ਉਸ ਦੇ 50 ਆਦਮੀਆਂ ਨਾਲ ਭੇਜਿਆ। ਪੰਜਾਹਾਂ ਦਾ ਤੀਜਾ ਮੁਖੀ ਗਿਆ ਅਤੇ ਏਲੀਯਾਹ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਰਹਿਮ ਦੀ ਭੀਖ ਮੰਗਦੇ ਹੋਏ ਕਹਿਣ ਲੱਗਾ: “ਹੇ ਸੱਚੇ ਰੱਬ ਦੇ ਬੰਦਿਆ, ਮੇਰੀ ਬੇਨਤੀ ਹੈ ਕਿ ਮੇਰੀ ਅਤੇ ਤੇਰੇ ਇਨ੍ਹਾਂ 50 ਸੇਵਕਾਂ ਦੀ ਜਾਨ ਤੇਰੀਆਂ ਨਜ਼ਰਾਂ ਵਿਚ ਅਨਮੋਲ ਠਹਿਰੇ। 14  ਆਕਾਸ਼ੋਂ ਵਰ੍ਹੀ ਅੱਗ ਨੇ ਮੇਰੇ ਤੋਂ ਪਹਿਲਾਂ ਆਏ ਪੰਜਾਹਾਂ ਦੇ ਮੁਖੀਆਂ ਅਤੇ ਉਨ੍ਹਾਂ ਦੀਆਂ 50-50 ਦੀਆਂ ਟੋਲੀਆਂ ਨੂੰ ਪਹਿਲਾਂ ਹੀ ਭਸਮ ਕਰ ਦਿੱਤਾ ਹੈ, ਪਰ ਹੁਣ ਮੇਰੀ ਜਾਨ ਤੇਰੀਆਂ ਨਜ਼ਰਾਂ ਵਿਚ ਅਨਮੋਲ ਠਹਿਰੇ।” 15  ਫਿਰ ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਕਿਹਾ: “ਉਸ ਨਾਲ ਥੱਲੇ ਚਲਾ ਜਾਹ। ਉਸ ਤੋਂ ਡਰ ਨਾ।” ਇਸ ਲਈ ਉਹ ਉੱਠਿਆ ਅਤੇ ਉਸ ਨਾਲ ਥੱਲੇ ਰਾਜੇ ਕੋਲ ਚਲਾ ਗਿਆ। 16  ਏਲੀਯਾਹ ਨੇ ਰਾਜੇ ਨੂੰ ਜਾ ਕੇ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਤੂੰ ਅਕਰੋਨ+ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛਣ ਲਈ ਬੰਦਿਆਂ ਨੂੰ ਭੇਜਿਆ। ਕੀ ਇਸ ਲਈ ਕਿ ਇਜ਼ਰਾਈਲ ਵਿਚ ਕੋਈ ਪਰਮੇਸ਼ੁਰ ਨਹੀਂ?+ ਤੂੰ ਉਸ ਕੋਲੋਂ ਕਿਉਂ ਨਾ ਪੁੱਛਿਆ? ਇਸ ਲਈ ਜਿਸ ਪਲੰਘ ’ਤੇ ਤੂੰ ਲੰਮਾ ਪਿਆ ਹੈਂ, ਤੂੰ ਉਸ ਤੋਂ ਨਹੀਂ ਉੱਠੇਂਗਾ ਕਿਉਂਕਿ ਤੂੰ ਜ਼ਰੂਰ ਮਰ ਜਾਵੇਂਗਾ।’” 17  ਇਸ ਲਈ ਉਹ ਮਰ ਗਿਆ, ਠੀਕ ਜਿਵੇਂ ਯਹੋਵਾਹ ਨੇ ਏਲੀਯਾਹ ਦੇ ਰਾਹੀਂ ਕਿਹਾ ਸੀ; ਉਸ ਦਾ ਕੋਈ ਪੁੱਤਰ ਨਾ ਹੋਣ ਕਰਕੇ ਉਸ ਦੀ ਜਗ੍ਹਾ ਯਹੋਰਾਮ*+ ਰਾਜਾ ਬਣ ਗਿਆ। ਇਹ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਦੇ ਰਾਜ ਦਾ ਦੂਜਾ ਸਾਲ+ ਸੀ। 18  ਅਹਜ਼ਯਾਹ+ ਦੀ ਬਾਕੀ ਕਹਾਣੀ ਅਤੇ ਉਸ ਦੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।

ਫੁਟਨੋਟ

ਮਤਲਬ “ਯਹੋਵਾਹ ਮੇਰਾ ਪਰਮੇਸ਼ੁਰ ਹੈ।”
ਯਾਨੀ, ਅਹਜ਼ਯਾਹ ਦਾ ਭਰਾ।