ਦੂਜਾ ਰਾਜਿਆਂ 11:1-21

  • ਅਥਲਯਾਹ ਨੇ ਰਾਜ-ਗੱਦੀ ਹੜੱਪੀ (1-3)

  • ਯਹੋਆਸ਼ ਨੂੰ ਚੁੱਪ-ਚਪੀਤੇ ਰਾਜਾ ਬਣਾਇਆ (4-12)

  • ਅਥਲਯਾਹ ਮਾਰੀ ਗਈ (13-16)

  • ਯਹੋਯਾਦਾ ਦੁਆਰਾ ਸੁਧਾਰ (17-21)

11  ਜਦੋਂ ਅਹਜ਼ਯਾਹ ਦੀ ਮਾਤਾ ਅਥਲਯਾਹ+ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ,+ ਤਾਂ ਉਹ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ* ਨੂੰ ਮਾਰਨ ਲਈ ਉੱਠੀ।+  ਪਰ ਯਹੋਸ਼ਬਾ ਨੇ ਰਾਜੇ ਦੇ ਉਨ੍ਹਾਂ ਪੁੱਤਰਾਂ ਵਿੱਚੋਂ ਅਹਜ਼ਯਾਹ ਦੇ ਮੁੰਡੇ ਯਹੋਆਸ਼+ ਨੂੰ ਚੁਰਾ ਲਿਆ ਜਿਨ੍ਹਾਂ ਨੂੰ ਮਾਰਿਆ ਜਾਣਿਆ ਸੀ। ਯਹੋਸ਼ਬਾ ਰਾਜਾ ਯਹੋਰਾਮ ਦੀ ਧੀ ਤੇ ਅਹਜ਼ਯਾਹ ਦੀ ਭੈਣ ਸੀ। ਉਸ ਨੇ ਉਸ ਨੂੰ ਅਤੇ ਉਸ ਦੀ ਦਾਈ ਨੂੰ ਇਕ ਕੋਠੜੀ ਵਿਚ ਲੁਕਾਈ ਰੱਖਿਆ। ਉਹ ਉਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਅਥਲਯਾਹ ਤੋਂ ਲੁਕਾਉਣ ਵਿਚ ਕਾਮਯਾਬ ਹੋ ਗਏ ਤਾਂਕਿ ਉਹ ਮਾਰਿਆ ਨਾ ਜਾਵੇ।  ਉਹ ਯਹੋਵਾਹ ਦੇ ਭਵਨ ਵਿਚ ਉਸ ਨਾਲ ਛੇ ਸਾਲ ਲੁਕਿਆ ਰਿਹਾ। ਉਸ ਸਮੇਂ ਦੌਰਾਨ ਅਥਲਯਾਹ ਦੇਸ਼ ’ਤੇ ਰਾਜ ਕਰਦੀ ਰਹੀ।  ਯਹੋਯਾਦਾ ਨੇ ਸੱਤਵੇਂ ਸਾਲ ਸੌ-ਸੌ ਸ਼ਾਹੀ ਅੰਗ-ਰੱਖਿਅਕਾਂ ਦੇ ਮੁਖੀਆਂ ਅਤੇ ਮਹਿਲ ਦੇ ਸੌ-ਸੌ ਪਹਿਰੇਦਾਰਾਂ* ਦੇ ਮੁਖੀਆਂ+ ਨੂੰ ਬੁਲਵਾਇਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਆਪਣੇ ਕੋਲ ਆਉਣ ਲਈ ਕਿਹਾ। ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਸਹੁੰ ਖੁਆਈ ਕਿ ਉਹ ਇਕਰਾਰ ਮੁਤਾਬਕ ਚੱਲਣਗੇ। ਫਿਰ ਉਹ ਰਾਜੇ ਦੇ ਪੁੱਤਰ ਨੂੰ ਉਨ੍ਹਾਂ ਸਾਮ੍ਹਣੇ ਲਿਆਇਆ।+  ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਤੁਸੀਂ ਇੱਦਾਂ ਕਰਨਾ: ਤੁਹਾਡੇ ਵਿੱਚੋਂ ਇਕ-ਤਿਹਾਈ ਜਣੇ ਸਬਤ ਦੇ ਦਿਨ ਆ ਕੇ ਰਾਜੇ ਦੇ ਮਹਿਲ ਉੱਤੇ ਸਖ਼ਤ ਨਜ਼ਰ ਰੱਖਣ,+  ਇਕ-ਤਿਹਾਈ ਨੀਂਹ ਫਾਟਕ ’ਤੇ ਖੜ੍ਹੇ ਹੋਣ ਅਤੇ ਇਕ-ਤਿਹਾਈ ਮਹਿਲ ਦੇ ਪਹਿਰੇਦਾਰਾਂ ਦੇ ਪਿਛਲੇ ਪਾਸੇ ਦੇ ਦਰਵਾਜ਼ੇ ’ਤੇ ਖੜ੍ਹੇ ਹੋਣ। ਤੁਸੀਂ ਵਾਰੀ-ਵਾਰੀ ਮਹਿਲ ’ਤੇ ਪਹਿਰਾ ਦੇਣਾ ਹੈ।  ਸਬਤ ਦੇ ਦਿਨ ਜਿਨ੍ਹਾਂ ਦੋ ਟੁਕੜੀਆਂ ਦੀ ਆਉਣ ਦੀ ਵਾਰੀ ਨਹੀਂ ਹੈ, ਉਹ ਵੀ ਆ ਕੇ ਰਾਜੇ ਦੀ ਰਾਖੀ ਕਰਨ ਲਈ ਯਹੋਵਾਹ ਦੇ ਭਵਨ ’ਤੇ ਸਖ਼ਤ ਨਜ਼ਰ ਰੱਖਣ।  ਤੁਸੀਂ ਆਪਣੇ ਹੱਥਾਂ ਵਿਚ ਹਥਿਆਰ ਲਈ ਰਾਜੇ ਦੁਆਲੇ ਘੇਰਾ ਬਣਾ ਕੇ ਤੈਨਾਤ ਰਹਿਣਾ। ਜੇ ਕੋਈ ਇਸ ਘੇਰੇ ਵਿਚ ਵੜੇ, ਤਾਂ ਉਸ ਨੂੰ ਮਾਰ ਸੁੱਟਿਆ ਜਾਵੇ। ਰਾਜਾ ਜਿੱਥੇ ਵੀ ਜਾਵੇ,* ਤੁਸੀਂ ਉਸ ਦੇ ਨਾਲ-ਨਾਲ ਰਹਿਓ।”  ਸੌ-ਸੌ ਦੇ ਮੁਖੀਆਂ+ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਪੁਜਾਰੀ ਨੇ ਹੁਕਮ ਦਿੱਤਾ ਸੀ। ਹਰੇਕ ਨੇ ਆਪਣੇ ਆਦਮੀਆਂ ਨੂੰ ਨਾਲ ਲਿਆ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਲੱਗੀ ਸੀ ਤੇ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਨਹੀਂ ਵੀ ਲੱਗੀ ਸੀ। ਉਹ ਯਹੋਯਾਦਾ ਪੁਜਾਰੀ ਕੋਲ ਆਏ।+ 10  ਫਿਰ ਪੁਜਾਰੀ ਨੇ ਸੌ-ਸੌ ਦੇ ਮੁਖੀਆਂ ਨੂੰ ਰਾਜਾ ਦਾਊਦ ਦੇ ਬਰਛੇ ਅਤੇ ਗੋਲ ਢਾਲਾਂ ਦਿੱਤੀਆਂ ਜੋ ਯਹੋਵਾਹ ਦੇ ਭਵਨ ਵਿਚ ਪਈਆਂ ਸਨ। 11  ਮਹਿਲ ਦੇ ਪਹਿਰੇਦਾਰ+ ਆਪਣੇ ਹੱਥਾਂ ਵਿਚ ਹਥਿਆਰ ਲੈ ਕੇ ਆਪੋ-ਆਪਣੀ ਜਗ੍ਹਾ ਤੈਨਾਤ ਹੋ ਗਏ। ਉਹ ਭਵਨ ਦੇ ਸੱਜੇ ਪਾਸੇ ਤੋਂ ਲੈ ਕੇ ਭਵਨ ਦੇ ਖੱਬੇ ਪਾਸੇ ਤਕ ਵੇਦੀ+ ਅਤੇ ਭਵਨ ਦੇ ਲਾਗੇ ਯਾਨੀ ਰਾਜੇ ਦੇ ਚਾਰੇ ਪਾਸੇ ਖੜ੍ਹੇ ਹੋ ਗਏ। 12  ਇਸ ਤੋਂ ਬਾਅਦ, ਯਹੋਯਾਦਾ ਰਾਜੇ ਦੇ ਪੁੱਤਰ+ ਨੂੰ ਬਾਹਰ ਲਿਆਇਆ ਤੇ ਉਸ ਦੇ ਸਿਰ ’ਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ। ਉਨ੍ਹਾਂ ਨੇ ਉਸ ਨੂੰ ਨਿਯੁਕਤ* ਕੀਤਾ ਤੇ ਰਾਜਾ ਬਣਾਇਆ। ਫਿਰ ਉਹ ਤਾੜੀਆਂ ਮਾਰ ਕੇ ਕਹਿਣ ਲੱਗੇ: “ਰਾਜਾ ਯੁਗੋ-ਯੁਗ ਜੀਵੇ!”+ 13  ਜਦੋਂ ਅਥਲਯਾਹ ਨੇ ਦੌੜ-ਭੱਜ ਰਹੇ ਲੋਕਾਂ ਦਾ ਰੌਲ਼ਾ ਸੁਣਿਆ, ਤਾਂ ਉਹ ਉਸੇ ਵੇਲੇ ਲੋਕਾਂ ਕੋਲ ਯਹੋਵਾਹ ਦੇ ਭਵਨ ਆਈ।+ 14  ਫਿਰ ਉਸ ਨੇ ਦੇਖਿਆ ਕਿ ਰੀਤ ਮੁਤਾਬਕ ਰਾਜਾ ਥੰਮ੍ਹ ਕੋਲ ਖੜ੍ਹਾ ਸੀ।+ ਮੁਖੀ ਅਤੇ ਤੁਰ੍ਹੀਆਂ ਵਜਾਉਣ ਵਾਲੇ+ ਰਾਜੇ ਦੇ ਨਾਲ ਸਨ ਅਤੇ ਦੇਸ਼ ਦੇ ਸਾਰੇ ਲੋਕ ਖ਼ੁਸ਼ੀਆਂ ਮਨਾ ਰਹੇ ਸਨ ਤੇ ਤੁਰ੍ਹੀਆਂ ਵਜਾ ਰਹੇ ਸਨ। ਇਹ ਦੇਖ ਕੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਤੇ ਚੀਕ-ਚੀਕ ਕੇ ਕਹਿਣ ਲੱਗੀ: “ਇਹ ਸਾਜ਼ਸ਼ ਹੈ! ਸਾਜ਼ਸ਼!” 15  ਪਰ ਯਹੋਯਾਦਾ ਪੁਜਾਰੀ ਨੇ ਫ਼ੌਜ ’ਤੇ ਨਿਯੁਕਤ ਸੌ-ਸੌ ਦੇ ਮੁਖੀਆਂ ਨੂੰ ਹੁਕਮ ਦਿੱਤਾ:+ “ਇਹਨੂੰ ਫ਼ੌਜੀਆਂ ਦੇ ਘੇਰੇ ਵਿੱਚੋਂ ਲੈ ਜਾਓ ਤੇ ਜੇ ਕੋਈ ਇਹਦੇ ਮਗਰ ਆਇਆ, ਤਾਂ ਉਹਨੂੰ ਤਲਵਾਰ ਨਾਲ ਵੱਢ ਸੁੱਟਿਓ!” ਕਿਉਂਕਿ ਪੁਜਾਰੀ ਨੇ ਕਿਹਾ ਸੀ: “ਇਹਨੂੰ ਯਹੋਵਾਹ ਦੇ ਭਵਨ ਵਿਚ ਨਾ ਮਾਰਿਓ।” 16  ਉਨ੍ਹਾਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਉਹ ਉਸ ਜਗ੍ਹਾ ਪਹੁੰਚੀ ਜਿੱਥੇ ਘੋੜੇ ਰਾਜੇ ਦੇ ਮਹਿਲ+ ਅੰਦਰ ਦਾਖ਼ਲ ਹੁੰਦੇ ਸਨ, ਤਾਂ ਉੱਥੇ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ। 17  ਫਿਰ ਯਹੋਯਾਦਾ ਨੇ ਯਹੋਵਾਹ ਅਤੇ ਰਾਜੇ ਤੇ ਲੋਕਾਂ ਵਿਚਕਾਰ ਇਕਰਾਰ ਕਰਾਇਆ+ ਕਿ ਉਹ ਯਹੋਵਾਹ ਦੀ ਪਰਜਾ ਬਣੇ ਰਹਿਣਗੇ ਅਤੇ ਉਸ ਨੇ ਰਾਜੇ ਤੇ ਲੋਕਾਂ ਵਿਚਕਾਰ ਵੀ ਇਕਰਾਰ ਕਰਾਇਆ।+ 18  ਇਸ ਤੋਂ ਬਾਅਦ ਦੇਸ਼ ਦੇ ਸਾਰੇ ਲੋਕ ਬਆਲ ਦੇ ਮੰਦਰ* ਵਿਚ ਆਏ ਤੇ ਉਨ੍ਹਾਂ ਨੇ ਉਸ ਦੀਆਂ ਵੇਦੀਆਂ ਨੂੰ ਢਾਹ ਸੁੱਟਿਆ,+ ਉਸ ਦੀਆਂ ਮੂਰਤੀਆਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਵੇਦੀਆਂ ਦੇ ਸਾਮ੍ਹਣੇ ਬਆਲ ਦੇ ਪੁਜਾਰੀ ਮੱਤਾਨ ਨੂੰ ਮਾਰ ਦਿੱਤਾ।+ ਫਿਰ ਪੁਜਾਰੀ ਨੇ ਯਹੋਵਾਹ ਦੇ ਭਵਨ ਵਿਚ ਨਿਗਰਾਨ ਠਹਿਰਾਏ।+ 19  ਨਾਲੇ ਉਸ ਨੇ ਯਹੋਵਾਹ ਦੇ ਭਵਨ ਤੋਂ ਰਾਜੇ ਨੂੰ ਲਿਜਾਣ ਲਈ ਸੌ-ਸੌ ਦੇ ਮੁਖੀਆਂ,+ ਸ਼ਾਹੀ ਅੰਗ-ਰੱਖਿਅਕਾਂ, ਮਹਿਲ ਦੇ ਪਹਿਰੇਦਾਰਾਂ+ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਲਿਆ ਤੇ ਉਹ ਮਹਿਲ ਦੇ ਪਹਿਰੇਦਾਰਾਂ ਦੇ ਦਰਵਾਜ਼ੇ ਥਾਣੀਂ ਰਾਜੇ ਦੇ ਮਹਿਲ ਵਿਚ ਗਏ। ਫਿਰ ਯਹੋਆਸ਼ ਰਾਜਿਆਂ ਦੇ ਸਿੰਘਾਸਣ ’ਤੇ ਬੈਠ ਗਿਆ।+ 20  ਇਸ ਲਈ ਦੇਸ਼ ਦੇ ਸਾਰੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਸ਼ਹਿਰ ਵਿਚ ਸ਼ਾਂਤੀ ਕਾਇਮ ਹੋ ਗਈ ਕਿਉਂਕਿ ਉਨ੍ਹਾਂ ਨੇ ਰਾਜੇ ਦੇ ਮਹਿਲ ਵਿਚ ਅਥਲਯਾਹ ਨੂੰ ਤਲਵਾਰ ਨਾਲ ਮਾਰ ਸੁੱਟਿਆ ਸੀ। 21  ਯਹੋਆਸ਼+ ਸੱਤ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ।+

ਫੁਟਨੋਟ

ਇਬ, “ਰਾਜ ਦੇ ਸਾਰੇ ਬੀ।”
ਇਬ, “ਦੌੜਨ ਵਾਲਿਆਂ।”
ਇਬ, “ਜਦੋਂ ਉਹ ਬਾਹਰ ਜਾਵੇ ਤੇ ਜਦੋਂ ਉਹ ਅੰਦਰ ਆਵੇ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਸ਼ਾਇਦ ਉਹ ਪੱਤਰੀ ਜਿਸ ਉੱਤੇ ਪਰਮੇਸ਼ੁਰ ਦਾ ਕਾਨੂੰਨ ਲਿਖਿਆ ਸੀ।
ਜਾਂ, “ਘਰ।”