ਦੂਜਾ ਰਾਜਿਆਂ 12:1-21
12 ਯੇਹੂ+ ਦੇ ਰਾਜ ਦੇ ਸੱਤਵੇਂ ਸਾਲ ਯਹੋਆਸ਼+ ਰਾਜਾ ਬਣਿਆ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਸਿਬਯਾਹ ਸੀ ਜੋ ਬਏਰ-ਸ਼ਬਾ ਦੀ ਰਹਿਣ ਵਾਲੀ ਸੀ।+
2 ਜਦੋਂ ਤਕ ਯਹੋਯਾਦਾ ਪੁਜਾਰੀ ਯਹੋਆਸ਼ ਨੂੰ ਸਿੱਖਿਆ ਦਿੰਦਾ ਰਿਹਾ, ਉਨ੍ਹਾਂ ਸਾਰੇ ਦਿਨਾਂ ਦੌਰਾਨ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।
3 ਪਰ ਉੱਚੀਆਂ ਥਾਵਾਂ+ ਢਾਹੀਆਂ ਨਹੀਂ ਗਈਆਂ ਅਤੇ ਲੋਕ ਹਾਲੇ ਵੀ ਉੱਚੀਆਂ ਥਾਵਾਂ ’ਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
4 ਯਹੋਆਸ਼ ਨੇ ਪੁਜਾਰੀਆਂ ਨੂੰ ਕਿਹਾ: “ਉਹ ਸਾਰਾ ਪੈਸਾ ਲਓ ਜੋ ਯਹੋਵਾਹ ਦੇ ਭਵਨ ਵਿਚ ਪਵਿੱਤਰ ਚੜ੍ਹਾਵਿਆਂ ਵਜੋਂ ਲਿਆਂਦਾ ਜਾਂਦਾ ਹੈ+ ਯਾਨੀ ਉਹ ਪੈਸਾ ਜੋ ਹਰ ਕਿਸੇ ਲਈ ਲਿਆਉਣਾ ਲਾਜ਼ਮੀ ਹੈ,+ ਉਹ ਪੈਸਾ ਜੋ ਕਿਸੇ ਸੁੱਖਣਾ ਸੁੱਖਣ ਵਾਲੇ ਤੋਂ ਲਿਆ ਜਾਂਦਾ ਹੈ ਅਤੇ ਉਹ ਸਾਰਾ ਪੈਸਾ ਜੋ ਕੋਈ ਆਪਣੀ ਦਿਲੀ ਇੱਛਾ ਅਨੁਸਾਰ ਯਹੋਵਾਹ ਦੇ ਭਵਨ ਵਿਚ ਲਿਆਉਂਦਾ ਹੈ।+
5 ਪੁਜਾਰੀ ਦਾਨ ਦੇਣ ਵਾਲਿਆਂ ਕੋਲੋਂ ਆਪ ਪੈਸਾ ਲੈਣਗੇ ਅਤੇ ਭਵਨ ਵਿਚ ਹੋਈ ਕਿਸੇ ਵੀ ਤਰ੍ਹਾਂ ਦੀ ਟੁੱਟ-ਭੱਜ* ਦੀ ਮੁਰੰਮਤ ਲਈ ਇਸ ਨੂੰ ਵਰਤਣਗੇ।”+
6 ਯਹੋਆਸ਼ ਨੂੰ ਰਾਜ ਕਰਦਿਆਂ 23 ਸਾਲ ਹੋ ਗਏ ਸਨ, ਪਰ ਹਾਲੇ ਤਕ ਪੁਜਾਰੀਆਂ ਨੇ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਨਹੀਂ ਕੀਤੀ ਸੀ।+
7 ਇਸ ਲਈ ਰਾਜਾ ਯਹੋਆਸ਼ ਨੇ ਯਹੋਯਾਦਾ+ ਪੁਜਾਰੀ ਅਤੇ ਹੋਰਨਾਂ ਪੁਜਾਰੀਆਂ ਨੂੰ ਬੁਲਾ ਕੇ ਕਿਹਾ: “ਤੁਸੀਂ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ? ਜੇ ਪੈਸੇ ਨੂੰ ਭਵਨ ਦੀ ਮੁਰੰਮਤ ਕਰਨ ਲਈ ਨਹੀਂ ਵਰਤਣਾ, ਤਾਂ ਦਾਨ ਦੇਣ ਵਾਲਿਆਂ ਕੋਲੋਂ ਹੋਰ ਪੈਸੇ ਲੈਣੇ ਬੰਦ ਕਰੋ।”+
8 ਇਹ ਸੁਣ ਕੇ ਪੁਜਾਰੀ ਸਹਿਮਤ ਹੋ ਗਏ ਕਿ ਉਹ ਲੋਕਾਂ ਕੋਲੋਂ ਹੋਰ ਪੈਸੇ ਨਹੀਂ ਲੈਣਗੇ ਤੇ ਨਾ ਹੀ ਭਵਨ ਦੀ ਮੁਰੰਮਤ ਦੀ ਜ਼ਿੰਮੇਵਾਰੀ ਚੁੱਕਣਗੇ।
9 ਫਿਰ ਯਹੋਯਾਦਾ ਪੁਜਾਰੀ ਨੇ ਇਕ ਬਕਸਾ+ ਲੈ ਕੇ ਉਸ ਦੇ ਢੱਕਣ ਵਿਚ ਸੁਰਾਖ਼ ਕੀਤਾ ਅਤੇ ਇਸ ਨੂੰ ਯਹੋਵਾਹ ਦੇ ਭਵਨ ਵਿਚ ਦਾਖ਼ਲ ਹੋਣ ਵਾਲਿਆਂ ਦੇ ਸੱਜੇ ਪਾਸੇ ਵੇਦੀ ਕੋਲ ਰੱਖ ਦਿੱਤਾ। ਦਰਬਾਨਾਂ ਵਜੋਂ ਸੇਵਾ ਕਰਨ ਵਾਲੇ ਪੁਜਾਰੀ ਉਹ ਸਾਰਾ ਪੈਸਾ ਇਸ ਵਿਚ ਪਾ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸੀ।+
10 ਜਦੋਂ ਵੀ ਉਹ ਦੇਖਦੇ ਸਨ ਕਿ ਬਕਸਾ ਪੈਸਿਆਂ ਨਾਲ ਭਰ ਗਿਆ ਹੈ, ਤਾਂ ਰਾਜੇ ਦਾ ਸਕੱਤਰ ਅਤੇ ਮਹਾਂ ਪੁਜਾਰੀ ਆ ਕੇ ਯਹੋਵਾਹ ਦੇ ਭਵਨ ਵਿਚ ਲਿਆਂਦੇ ਪੈਸੇ ਨੂੰ ਇਕੱਠਾ ਕਰਦੇ* ਅਤੇ ਗਿਣਦੇ ਸਨ।+
11 ਉਹ ਗਿਣਿਆ ਹੋਇਆ ਪੈਸਾ ਯਹੋਵਾਹ ਦੇ ਭਵਨ ਵਿਚ ਹੋ ਰਹੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦੇ ਦਿੰਦੇ ਸਨ। ਉਹ ਅੱਗੋਂ ਇਹ ਪੈਸਾ ਉਨ੍ਹਾਂ ਨੂੰ ਦੇ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਵਿਚ ਲੱਕੜ ਦਾ ਕੰਮ ਕਰਦੇ ਸਨ, ਉਸਾਰੀ ਕਰਦੇ ਸਨ,+
12 ਰਾਜਗੀਰੀ ਕਰਦੇ ਸਨ ਅਤੇ ਪੱਥਰ ਕੱਟਦੇ ਸਨ। ਉਹ ਯਹੋਵਾਹ ਦੇ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਕਰਨ ਲਈ ਲੱਕੜਾਂ ਅਤੇ ਤਰਾਸ਼ੇ ਹੋਏ ਪੱਥਰ ਵੀ ਖ਼ਰੀਦਦੇ ਸਨ ਅਤੇ ਭਵਨ ਦੀ ਮੁਰੰਮਤ ’ਤੇ ਆਉਂਦੇ ਹੋਰ ਸਾਰੇ ਖ਼ਰਚਿਆਂ ਲਈ ਵੀ ਇਹ ਪੈਸਾ ਵਰਤਦੇ ਸਨ।
13 ਪਰ ਯਹੋਵਾਹ ਦੇ ਭਵਨ ਵਿਚ ਲਿਆਂਦਾ ਕੋਈ ਵੀ ਪੈਸਾ ਯਹੋਵਾਹ ਦੇ ਭਵਨ ਲਈ ਚਾਂਦੀ ਦੇ ਬਾਟੇ, ਬੱਤੀ ਕੱਟਣ ਵਾਲੀਆਂ ਕੈਂਚੀਆਂ, ਕਟੋਰੇ, ਤੁਰ੍ਹੀਆਂ+ ਜਾਂ ਸੋਨੇ-ਚਾਂਦੀ ਦੀ ਕੋਈ ਵੀ ਚੀਜ਼ ਬਣਾਉਣ ਲਈ ਨਹੀਂ ਵਰਤਿਆ ਗਿਆ।+
14 ਉਹ ਇਹ ਪੈਸਾ ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੰਦੇ ਸਨ ਅਤੇ ਇਸ ਨਾਲ ਉਹ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਦੇ ਸਨ।
15 ਉਹ ਉਨ੍ਹਾਂ ਆਦਮੀਆਂ ਕੋਲੋਂ ਕੋਈ ਹਿਸਾਬ ਨਹੀਂ ਮੰਗਦੇ ਸਨ ਜਿਨ੍ਹਾਂ ਨੂੰ ਇਹ ਪੈਸਾ ਕਾਮਿਆਂ ਨੂੰ ਦੇਣ ਵਾਸਤੇ ਦਿੱਤਾ ਜਾਂਦਾ ਸੀ ਕਿਉਂਕਿ ਉਹ ਆਦਮੀ ਭਰੋਸੇਯੋਗ ਸਨ।+
16 ਪਰ ਦੋਸ਼-ਬਲ਼ੀਆਂ+ ਅਤੇ ਪਾਪ-ਬਲ਼ੀਆਂ ਦਾ ਪੈਸਾ ਯਹੋਵਾਹ ਦੇ ਭਵਨ ਵਿਚ ਨਹੀਂ ਲਿਆਂਦਾ ਜਾਂਦਾ ਸੀ; ਇਹ ਪੁਜਾਰੀਆਂ ਲਈ ਹੁੰਦਾ ਸੀ।+
17 ਉਸ ਸਮੇਂ ਸੀਰੀਆ ਦਾ ਰਾਜਾ ਹਜ਼ਾਏਲ+ ਗਥ ਸ਼ਹਿਰ+ ਨਾਲ ਲੜਨ ਗਿਆ ਅਤੇ ਉਸ ਨੇ ਉਸ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਯਰੂਸ਼ਲਮ ’ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ।*+
18 ਇਸ ਲਈ ਯਹੂਦਾਹ ਦੇ ਰਾਜੇ ਯਹੋਆਸ਼ ਨੇ ਉਹ ਸਾਰੀਆਂ ਪਵਿੱਤਰ ਚੀਜ਼ਾਂ ਲਈਆਂ ਜੋ ਉਸ ਦੇ ਪਿਉ-ਦਾਦਿਆਂ ਯਾਨੀ ਯਹੂਦਾਹ ਦੇ ਰਾਜਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਯਾਹ ਨੇ ਪਵਿੱਤਰ ਕੀਤੀਆਂ ਸਨ ਤੇ ਆਪਣੇ ਪਵਿੱਤਰ ਚੜ੍ਹਾਵੇ ਅਤੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਦਾ ਸਾਰਾ ਸੋਨਾ ਲਿਆ ਅਤੇ ਇਹ ਸਾਰਾ ਕੁਝ ਸੀਰੀਆ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ।+ ਇਸ ਲਈ ਉਹ ਯਰੂਸ਼ਲਮ ਤੋਂ ਪਿੱਛੇ ਹਟ ਗਿਆ।
19 ਯਹੋਆਸ਼ ਦੀ ਬਾਕੀ ਕਹਾਣੀ ਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
20 ਪਰ ਉਸ ਦੇ ਸੇਵਕਾਂ ਨੇ ਮਿਲ ਕੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਉਨ੍ਹਾਂ ਨੇ ਸਿੱਲਾ ਨੂੰ ਜਾਂਦੇ ਰਾਹ ’ਤੇ ਪੈਂਦੇ ਟਿੱਲੇ*+ ਦੇ ਘਰ ਵਿਚ ਯਹੋਆਸ਼ ਨੂੰ ਮਾਰ ਦਿੱਤਾ।
21 ਉਸ ਦੇ ਸੇਵਕਾਂ ਯਾਨੀ ਸ਼ਿਮਾਥ ਦੇ ਪੁੱਤਰ ਯੋਜ਼ਾਕਾਰ ਅਤੇ ਸ਼ੋਮਰ ਦੇ ਪੁੱਤਰ ਯਹੋਜ਼ਾਬਾਦ ਨੇ ਉਸ ਉੱਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।+ ਉਨ੍ਹਾਂ ਨੇ ਦਾਊਦ ਦੇ ਸ਼ਹਿਰ ਵਿਚ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੀ ਜਗ੍ਹਾ ਰਾਜਾ ਬਣ ਗਿਆ।+
ਫੁਟਨੋਟ
^ ਜਾਂ, “ਦੀਆਂ ਤਰੇੜਾਂ।”
^ ਜਾਂ, “ਥੈਲੀਆਂ ਵਿਚ ਪਾਉਂਦੇ ਸਨ।” ਇਬ, “ਬੰਨ੍ਹ ਦਿੰਦੇ ਸਨ।”
^ ਇਬ, “ਖ਼ਿਲਾਫ਼ ਜਾਣ ਲਈ ਹਜ਼ਾਏਲ ਨੇ ਆਪਣਾ ਮੂੰਹ ਕੀਤਾ।”
^ ਜਾਂ, “ਬੈਤ-ਮਿੱਲੋ।”